ਪਿਛਲੇ ਕੁਝ ਸਮੇਂ ਤੋਂ ਥੋੜ੍ਹੇ-ਥੋੜ੍ਹੇ ਵਕਫੇ ਦੇ ਨਾਲ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਿੱਖਾਂ ਦੇ ਅੰਦਰੂਨੀ ਮਸਲਿਆਂ ਬਾਰੇ ਲਗਾਤਾਰ ਚਰਚਾ ਚੱਲਣ ਲੱਗ ਪਈ ਹੈ। ਕਦੀ ਇਸ ਤਰ੍ਹਾਂ ਦੀਆਂ ਚਰਚਾਵਾਂ ਵਿੱਚ ਵਿਵਾਦਤ ਮੁੱਦੇ ਉਭਾਰੇ ਜਾਂਦੇ ਹਨ, ਕਦੀ ਗੁਰ ਇਤਿਹਾਸ ਉੱਤੇ ਟੀਕਾ ਟਿੱਪਣੀ ਕੀਤੀ ਜਾਂਦੀ ਹੈ, ਕਦੀ ਸਿੱਖ ਇਤਿਹਾਸ ਵਿਚਲੀਆਂ ਉਹ ਗੱਲਾਂ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਜਿੰਨ੍ਹਾਂ ਉੱਤੇ ਸਾਰੇ ਸਿੱਖ ਇਕਮੱਤ ਨਹੀਂ ਹਨ, ਕਦੀ ਖਾੜਕੂ ਸੰਘਰਸ਼ ਦੇ ਫੈਸਲਿਆਂ ਬਾਰੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ, ਕਦੀ ਸੰਘਰਸ਼ ਲੜ੍ਹਨ ਵਾਲੇ ਖਾੜਕੂ ਸਿੰਘਾਂ ਨੂੰ ਬਦਨਾਮ ਕਰਨ ਦੀਆਂ ਕੋਜੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਜਾਂ ਕਦੀ ਇਕ ਦੂਸਰੇ ਧੜੇ ਨੂੰ ਗਲਤ ਸਾਬਤ ਕਰਨ ਲਈ ਸ਼ਬਦੀ ਜੰਗ ਸ਼ੁਰੂ ਹੋ ਜਾਂਦੀ ਹੈ। ਥਾਂ, ਵਿਸ਼ਾ, ਤਰੀਕਾ ਅਤੇ ਮਰਿਯਾਦਾ ਸਭ ਨੂੰ ਛੋਟਾ ਜਾਣ ਆਪੋ ਆਪਣੀ ਸਮਝ ਅਤੇ ਆਪੋ ਆਪਣੀ ਜਾਣਕਾਰੀ ਅਨੁਸਾਰ ਆਪੋ ਆਪਣੇ ਧੜੇ ਨੂੰ ਜਾਂ ਆਪੋ ਆਪਣੇ ਸੱਚ ਨੂੰ ਵੱਡਾ ਦਰਸਾਉਣ ਉੱਤੇ ਜ਼ੋਰ ਲਾਇਆ ਜਾਂਦਾ ਹੈ। ਅੱਜ ਜਦੋਂ ਲਹਿਰ ਨਾਲ ਸਬੰਧਿਤ ਸਖਸ਼ੀਅਤਾਂ ਨੂੰ ਲੈ ਕੇ ਹੋ ਰਹੀ ਚਰਚਾ ਦਿਨੋ-ਦਿਨ ਘਾਤਕ ਰੂਪ ਅਖਤਿਆਰ ਕਰ ਰਹੀ ਹੈ ਤਾਂ ਇਸ ਮੌਕੇ ਕੁਝ ਗੱਲਾਂ ਬਾਰੇ ਗੌਰ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ। ਜਿਆਦਾਤਰ ਇਸ ਤਰ੍ਹਾਂ ਦੀਆਂ ਬਹਿਸਾਂ ਵਿੱਚ ਬਿਜਲ ਸੱਥ ਉੱਤੇ ਹੀ ਸਮਾਂ ਬਤੀਤ ਕਰਨ ਵਾਲੇ ਵਿਅਕਤੀ ਸ਼ਾਮਿਲ ਹੁੰਦੇ ਰਹੇ ਹਨ ਪਰ ਪਿਛਲੇ ਦਿਨਾਂ ਤੋਂ ਇਹ ਬਹਿਸਾਂ ਆਪਣਾ ਘੇਰਾ ਵਧਾਉਂਦੀਆਂ ਪ੍ਰਤੀਤ ਹੋ ਰਹੀਆਂ ਹਨ। ਇਹਨਾਂ ਬਹਿਸਾਂ ਨੇ ਹੁਣ ਕਈ ਕੱਦਵਾਰ ਸਖਸ਼ੀਅਤਾਂ ਨੂੰ ਵੀ ਆਪਣੇ ਵਲੇਵੇਂ ਵਿੱਚ ਲੈ ਲਿਆ ਹੈ ਜਿਹੜਾ ਕਿ ਇਸ ਗਲਤ ਰੁਝਾਨ ਦੇ ਹੋਰ ਘਾਤਕ ਬਣ ਜਾਣ ਦਾ ਸੰਕੇਤ ਹੈ।
ਬਿਜਲ ਸੱਥ ਉੱਤੇ ਤਟਫਟ ਪ੍ਰੀਕਿਰਿਆ ਦੇਣ ਦਾ ਅਮਲ ਭਾਵੇਂ ਨਵਾਂ ਨਹੀਂ ਹੈ ਪਰ ਇਹ ਕਾਹਲ ਬਹੁਤ ਤੇਜ਼ ਰਫਤਾਰ ਨਾਲ ਵਧ-ਫੁਲ ਰਹੀ ਹੈ। ਇਸ ਕਾਹਲ ਵਿੱਚ ਮਨੁੱਖ ਬਿਨ੍ਹਾਂ ਵਿਚਾਰੇ ਕਿਸੇ ਬਹੁਤ ਸੰਜੀਦਾ ਮਸਲੇ ਉੱਤੇ ਕੋਈ ਵੀ ਹਲਕੀ ਟਿੱਪਣੀ ਕਰ ਦਿੰਦਾ ਹੈ ਜਾਂ ਸਮੇਂ ਅਤੇ ਹਲਾਤਾਂ ਨੂੰ ਨਾ ਸਮਝਦਿਆਂ ਨਿੱਜੀ ਤੌਰ ਉੱਤੇ ਕਰਨ ਵਾਲੀ ਗੱਲ ਦੀਆਂ ਬਹਿਸਾਂ ਜਨਤਕ ਤੌਰ ‘ਤੇ ਕਰਨ ਲੱਗ ਜਾਂਦਾ ਹੈ। ਇਸ ਰਫਤਾਰ ਕਾਰਨ ਹੀ ਲਗਾਤਾਰ ਹਾਂ-ਪੱਖੀ ਪ੍ਰਚਾਰ ਦੀ ਥਾਂ ਨਾ-ਪੱਖੀ ਪ੍ਰਚਾਰ ਜ਼ੋਰ ਫੜਦਾ ਜਾ ਰਿਹਾ ਹੈ। ਇਸ ਤਰ੍ਹਾਂ ਮਨੁੱਖ ਜਿੱਥੇ ਆਪਣਾ ਸਮਾਂ ਅਤੇ ਆਪਣੀ ਊਰਜਾ ਅਜਾਈਂ ਗਵਾ ਰਿਹਾ ਹੈ ਉੱਥੇ ਅਹਿਮ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਵੱਧ ਉਲਝਾ ਰਿਹਾ ਹੈ। ਇਹੀ ਕਾਰਨ ਹੈ ਕਿ ਬਿਜਲ ਸੱਥ ਦਾ ਉਭਾਰ ਸਿੱਖ ਸੰਗਤ ਅੰਦਰਲੇ ਮਤਭੇਦਾਂ ਨੂੰ ਵਧਾਉਣ ਦਾ ਕਾਰਜ ਕਰ ਰਿਹਾ ਹੈ। ਬਹੁਤੇ ਮੀਡੀਆ ਚੈਨਲਾਂ ਦਾ ਵੀ ਇਸ ਸਾਰੇ ਵਰਤਾਰੇ ਵਿੱਚ ਬਹੁਤ ਵੱਡਾ ਯੋਗਦਾਨ ਹੈ। ਗੱਲ ਦੀ ਗੰਭੀਰਤਾ ਨੂੰ ਸਮਝੇ ਬਿਨਾਂ ਕਿਸੇ ਵੀ ਗੱਲ ਨੂੰ ਲੋਕਾਂ ਵਿੱਚ ਲੈ ਕੇ ਜਾਣ ਦੀ ਕਾਹਲ ਉਹਨਾਂ ਲਈ ਭਾਵੇਂ ਟੀ.ਆਰ.ਪੀ ਦਾ ਮਸਲਾ ਹੋਵੇ ਭਾਵੇਂ ਆਪਣੀ ਪਹਿਚਾਣ ਬਣਾਉਣ ਜਾਂ ਵਧਾਉਣ ਦਾ ਮਸਲਾ ਹੋਵੇ ਜਾਂ ਕੋਈ ਹੋਰ ਪਰ ਉਹਨਾਂ ਦਾ ਇਹ ਵਤੀਰਾ ਲਗਾਤਾਰ ਸਟੇਟ ਦੇ ਹੱਕ ਵਿੱਚ ਭੁਗਤ ਰਿਹਾ ਹੈ ਅਤੇ ਸਟੇਟ ਇਹਨਾਂ ਨੂੰ ਬੜੀ ਸੌਖਿਆਂ ਵਰਤ ਰਹੀ ਹੈ। ਚੈਨਲਾਂ ਵਾਲਿਆਂ ਨੂੰ ਇਸ ਮਸਲੇ ਉੱਤੇ ਆਪਣੇ ਅਮਲਾਂ ਦੀ ਇਮਾਨਦਾਰੀ ਅਤੇ ਗੰਭੀਰਤਾ ਨਾਲ ਪੜਚੋਲ ਕਰਨੀ ਚਾਹੀਦੀ ਹੈ।
ਬਿਜਲ ਸੱਥ ਅੰਦਰੂਨੀ ਮਸਲਿਆਂ ਉੱਤੇ ਗੱਲ ਕਰਨ ਦੀ ਸਹੀ ਥਾਂ ਨਹੀਂ ਹੈ। ਜਦੋਂ ਗੱਲ ਖਾੜਕੂ ਸੰਘਰਸ਼ ਦੀ ਆਉਂਦੀ ਹੈ ਤਾਂ ਸਿੱਖਾਂ ਦਾ ਵੱਡਾ ਹਿੱਸਾ ਇਸ ਗੱਲ ਨਾਲ ਸਿਰਫ ਸਹਿਮਤ ਹੀ ਨਹੀਂ ਸਗੋਂ ਵਾਰ ਵਾਰ ਦੁਹਰਾਉਂਦਾ ਹੈ ਕਿ ਇਹ ਲੜਾਈ ਅਜੇ ਖਤਮ ਨਹੀਂ ਹੋਈ, ਇਹ ਜਾਰੀ ਹੈ। ਜੇਕਰ ਲੜਾਈ ਅਜੇ ਜਾਰੀ ਹੈ ਫਿਰ ਚੱਲਦੀ ਲੜਾਈ ਨਾਲ ਸਬੰਧਿਤ ਅੰਦਰੂਨੀ ਗੱਲਾਂ ਉੱਤੇ ਬਹਿਸ ਕਿੰਨੀ ਕੁ ਜਾਇਜ਼ ਹੈ? ਉਹ ਵੀ ਜਨਤਕ ਥਾਂ ‘ਤੇ? ਜਿਨ੍ਹਾਂ ਨੂੰ ਇਸ ਗੱਲ ਦਾ ਥੋੜ੍ਹਾ ਬਹੁਤ ਵੀ ਅਹਿਸਾਸ ਹੈ ਉਹਨਾਂ ਨੂੰ ਤਾਂ ਬਿਲਕੁਲ ਹੀ ਇਲਜ਼ਾਮਤਰਾਸ਼ੀ ਤੋਂ ਬਾਹਰ ਨਿਕਲ ਆਉਣਾ ਚਾਹੀਦਾ ਹੈ। ਭਾਵੇਂ ਉਹ ਠੀਕ ਵੀ ਹੋਣ ਪਰ ਉਨ੍ਹਾਂ ਨੂੰ ਇਹ ਸਮਝਣਾ ਪਵੇਗਾ ਕਿ ਇਹੋ ਜਿਹੀਆਂ ਗੱਲਾਂ ਪੰਥ ਵਾਸਤੇ ਨੁਕਸਾਨਦੇਹ ਹਨ ਅਤੇ ਇਸ ਤਰ੍ਹਾਂ ਕਰਕੇ ਉਹ ਪੰਥ ਨੂੰ ਜਵਾਬਦੇਹ ਹਨ। ਇਸ ਤੋਂ ਅਗਾਂਹ ਇੱਕ ਹੋਰ ਅਹਿਮ ਗੱਲ ਇਹ ਵੀ ਹੈ ਕਿ ਇਹ ਸਾਰੀਆਂ ਬਹਿਸਾਂ ਜਨਤਕ ਥਾਵਾਂ ਉੱਤੇ ਕੀਤੀ ਜਾਣ ਵਾਲੀ ਗੱਲਬਾਤ ਦੀ ਮਰਿਯਾਦਾ ‘ਤੇ ਵੀ ਪੂਰੀਆਂ ਨਹੀਂ ਉਤਰਦੀਆਂ। ਇਹ ਸਭ ਕਰ ਕੇ ਅਸੀਂ ਭਵਿੱਖ ਵਿੱਚ ਕਿਸ ਤਰ੍ਹਾਂ ਦੇ ਰਾਹ ਖੋਲ੍ਹ ਰਹੇ ਹਾਂ? ਅਸੀਂ ਆਪਣੇ ਅਮਲਾਂ ਰਾਹੀਂ ਆਪਣੀ ਵਿਸ਼ਵਾਸ਼ਯੋਗਤਾ ਵਧਾਉਣ ਦੀ ਥਾਂ ਦੂਸਰੇ ਦੀ ਵਿਸ਼ਵਾਸ਼ਯੋਗਤਾ ਘਟਾਉਣ ਦੇ ਰਾਹ ਕਿਉਂ ਪੈ ਰਹੇ ਹਾਂ? ਜੇਕਰ ਇਹਨਾਂ ਬਹਿਸਾਂ ਵਿੱਚ ਕੋਈ ਇੱਕ ਧੜਾ ਜਿੱਤ ਵੀ ਜਾਂਦਾ ਹੈ, ਫਿਰ ਕੀ ਹਾਸਲ ਹੋ ਜਾਣਾ ਹੈ? ਕੀ ਫਿਰ ਸਿੱਖ ਸੰਗਤ ਸਿਰਫ ਇਸੇ ਗੱਲ ਕਰਕੇ ਤੁਹਾਡੇ ਧੜੇ ਦੀ ਅਗਵਾਈ ਕਬੂਲ ਲਵੇਗੀ?
ਜਿੰਨ੍ਹਾਂ ਅੰਦਰ ਕੁਝ ਜਾਣਨ ਦੀ ਪਵਿੱਤਰ ਇੱਛਾ ਹੁੰਦੀ ਹੈ ਉਹਨਾਂ ਦਾ ਤਰੀਕਾ ਇਹ ਨਹੀਂ ਹੁੰਦਾ, ਉਹ ਮਿਹਨਤਾਂ ਦੇ ਆਸ਼ਕ, ਤਿਆਗ ਦਿਲ ਅਤੇ ਸਬਰਾਂ ਦੇ ਹਾਣੀ ਬੜੇ ਪਾਕ ਰਾਹਾਂ ਦੇ ਪਾਂਧੀ ਹੁੰਦੇ ਹਨ। ਉਹਨਾਂ ‘ਤੇ ਸਭ ਕੁਝ ਨੂੰ ਜਾਣਨ ਦਾ ਭੂਤ ਸਵਾਰ ਨਹੀਂ ਹੁੰਦਾ, ਉਹਨਾਂ ਨੇ ‘ਜਾਣਨਾ ਕਿਉਂ?’ ਦੇ ‘ਕਿਉਂ’ ਨੂੰ ਬੁੱਝ ਲਿਆ ਹੁੰਦਾ ਹੈ ਅਤੇ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਸਾਰੀਆਂ ਗੱਲ ਸਭ ਨੂੰ ਪਤਾ ਹੋਵਣ ਇਹ ਜਰੂਰੀ ਨਹੀਂ ਹੁੰਦਾ। ਇਹ ਬਹਿਸਾਂ ਕਰਨ ਵਾਲਿਆਂ ਨੂੰ ਪਤਾ ਨਹੀਂ ਕਿਉਂ ਇਸ ਗੱਲ ਦੀ ਜ਼ਰੂਰਤ ਜਾਪਦੀ ਹੈ ਕਿ ਅਸੀਂ ਸਾਰਿਆਂ ਨੂੰ ਸਭ ਕੁੱਝ ਦੱਸਣਾ ਹੈ। ਭਾਵੇਂ ਕਿਸੇ ਦੀ ਇਮਾਨਦਾਰੀ ਉੱਤੇ ਸ਼ੱਕ ਨਾ ਵੀ ਹੋਵੇ ਪਰ ਸਿਆਣਪ ਅਤੇ ਦੂਰਅੰਦੇਸ਼ੀ ਉੱਤੇ ਸਵਾਲੀਆ ਚਿੰਨ੍ਹ ਜਰੂਰ ਖੜ੍ਹਾ ਹੁੰਦਾ ਹੈ। ਗੁਰੂ ਪਾਤਿਸਾਹ ਨੇ ਸਾਨੂੰ ਗੁਣਾਂ ਦੀ ਸਾਂਝ ਕਰਨ ਅਤੇ ਮਿਲ ਬੈਠ ਕੇ ਦੁਬਿਧਾ ਦੂਰ ਕਰਨ ਦੀ ਗੱਲ ਕਹੀ ਹੈ ਪਰ ਅਸੀਂ ਇਹਨਾਂ ਦੋਵਾਂ ਵਿੱਚ ਹੀ ਅਸਫ਼ਲ ਹੋ ਰਹੇ ਹਾਂ। ਇਸ ਨਾਜੁਕ ਦੌਰ ਵਿੱਚ ਸਾਨੂੰ ਆਪਣੀ ਅੰਦਰੂਨੀ ਹਾਲਤ ਬਾਰੇ ਆਤਮ ਚੀਨਣ ਦੀ ਲੋੜ ਹੈ। ਸਾਡੇ ਅਮਲਾਂ ਦੀ ਇਮਾਨਦਾਰੀ ਨਾਲ ਕੀਤੀ ਪੜਚੋਲ ਸਾਨੂੰ ਸਹਿਜੇ ਹੀ ਸਾਡੀ ਦਿਸ਼ਾ ਅਤੇ ਦਸ਼ਾ ਬਾਰੇ ਵਿਸਥਾਰ ਵਿੱਚ ਚਾਨਣਾ ਪਾ ਦਵੇਗੀ।
ਗੁਰੂ ਪਾਤਿਸਾਹ ਮਿਹਰ ਕਰਨ
ਅਸੀਂ ਇਹ ਇੱਕ ਦੂਜੇ ਨੂੰ ਜਿੱਤਣ ਦੀ ਜੰਗ ਤੋਂ ਬਾਹਰ ਨਿਕਲ ਸਕੀਏ ਅਤੇ ਆਪਣੀ ਰਵਾਇਤ ਅਤੇ ਮਰਿਯਾਦਾ ਅਨੁਸਾਰ ਸਮੇਂ ਅਤੇ ਹਲਾਤ ਨੂੰ ਸਮਝਦਿਆਂ ਆਪਣੇ ਅੰਦਰਲੇ ਮਸਲੇ ਵਿਚਾਰਨ ਦੀ ਜੁਗਤ ਤੋਂ ਜਾਣੂ ਹੋ ਸਕੀਏ।