ਬਹੁਤੀ ਪੁਰਾਣੀ ਗੱਲ ਨਹੀਂ ਹੈ ਕਿ ਸਮਾਜ ਦੀ ਬਹੁਤੀ ਵਸੋਂ ਨੂੰ ਲਿਖਣਾ-ਪੜ੍ਹਨਾ ਨਹੀਂ ਸੀ ਆਉਂਦਾ। ਕਿਸੇ ਦੀ ਚਿੱਠੀ ਆਉਣੀ ਤਾਂ ਉਹ ਚਿੱਠੀ ਕਿਸੇ ਪੜ੍ਹੇ-ਲਿਖੇ ਕੋਲ ਲੈ ਜਾਂਦਾ ਸੀ ਤੇ ਅਗਲੇ ਨੇ ਪੜ੍ਹ ਕੇ ਸੁਣਾ ਦੇਣੀ। ਇਸੇ ਤਰ੍ਹਾਂ ਹੀ ਚਿੱਠੀਆਂ ਤੇ ਜਵਾਬ ਲਿਖਵਾਏ ਵੀ ਜਾਂਦੇ ਸਨ। ਆਪਾਂ ਆਪਣੇ ਸਮਿਆਂ ਵਿੱਚ ਵੀ ਵੇਖਿਆ ਕਿ ਨਿੱਜੀ ਚਿੱਠੀਆਂ ਵੀ ਲੋਕ ਕਿਸੇ ਕੋਲੋਂ ਲਿਖਵਾਉਂਦੇ ਤੇ ਪੜ੍ਹਵਾਉਂਦੇ ਸਨ। ਕਿਸੇ ਤੀਜੇ ਸਾਹਮਣੇ ਚਿੱਠੀ ਲਿਖੀ ਜਾਂ ਪੜ੍ਹੀ ਨਹੀਂ ਸੀ ਜਾਂਦੀ। ਦੂਜਿਆਂ ਲਈ ਇੰਝ ਚਿੱਠੀਆਂ ਲਿਖਣ-ਪੜ੍ਹਨ ਵਾਲੇ ਕਈ ਗੱਲਾਂ ਲਈ ਉਨ੍ਹਾਂ ਦੇ ਰਾਜਦਾਰ ਬਣ ਜਾਂਦੇ ਸਨ ਤੇ ਉਨ੍ਹਾਂ ਦੀਆਂ ਗੱਲਾਂ ਕਿਸੇ ਹੋਰ ਕੋਲ ਜਾਹਿਰ ਨਹੀਂ ਸਨ ਕਰਦੇ। ਤੁਸੀਂ ਵੀ ਜਿੰਦਗੀ ਵਿੱਚ ਕਿਸੇ ਨਾ ਕਿਸੇ ਨੂੰ ਇਹ ਕਹਿੰਦਿਆਂ ਸੁਣਿਆ ਹੋਣੈ ਕਿ ਕਿਸੇ ਦੀ ਚਿੱਠੀ ਨਹੀਂ ਪੜ੍ਹੀਦੀ।
ਪਰ ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਅਜੇ ਸਮਾਜ ਨੂੰ ਰਾਜ ਨੇ ਬਹੁਤਾ ਸੱਭਿਅਕ ਨਹੀਂ ਸੀ ਕੀਤਾ। ਹੁਣ ਸਮਾਜ ਸੱਭਿਅਕ ਹੋ ਗਿਆ ਹੈ ਤੇ ਨਿੱਜਤਾ ਦੀ ਰਾਖੀ ਲਈ ਕਾਨੂੰਨ ਬਣੇ ਹੋਏ ਹਨ। ਜਿਹੜਾ ਕਿਸੇ ਦੀ ਨਿੱਜਤਾ ਭੰਗ ਕਰੇਗਾ ਉਸਨੂੰ ਰਾਜ ਦਾ ਕਾਨੂੰਨ ਸਜਾ ਦੇਵੇਗਾ। ਅਜਿਹਾ ਅਸਲ ਵਿੱਚ ਕਿਹਾ ਜਾਂਦਾ ਹੈ ਤੇ ਜੇ ਕੋਈ ਹਮਾਤੜ-ਤੁਮਾਤੜ ਕਦੇ ਕਿਸੇ ਦੀ ਗੱਲ ਜਾਣ ਲਵੇ ਤਾਂ ਉਸ ਨੂੰ ਕਾਨੂੰਨ ਰਗੜ ਵੀ ਜਰੂਰ ਦਿੰਦਾ ਹੋਵੇਗਾ। ਪਰ ਇਸ ਸੱਭਿਅਕ ਸਮੇਂ ਵਿੱਚ ਬਹੁਤੀਆਂ ਗੱਲਾਂ ਕਹਿਣ ਨੂੰ ਹੁੰਦੀਆਂ ਹਨ ਕਰਨ ਨੂੰ ਨਹੀਂ। ਖਾਸ ਕਰਕੇ ਰਾਜ ਕਰਨ ਵਾਲਿਆਂ ਲਈ।
ਅੱਜ ਗੱਲ ਕਰਾਂਗੇ ਐਡਵਰਡ ਸਨੋਡਨ ਬਾਰੇ ਜਿਹੜਾ ਕਿ ਸੂਖਮ ਮਸ਼ੀਨੀ ਤੰਤਰ ਲਈ ਮੰਤਰ ਲਿਖਦਾ ਸੀ, ਭਾਵ ਕਿ ਕੰਪਿਊਟਰ ਦਾ ਪ੍ਰੋਗਰਾਮਰ ਸੀ। ਅਮਰੀਕਾ ਦੀਆਂ ਵੱਡੀਆਂ ਖੂਫੀਆਂ ਏਜੰਸੀਆਂ ਸੀ.ਆਈ.ਏ ਅਤੇ ਐਨ.ਐਸ.ਏ, ਜਿਨ੍ਹਾਂ ਦੇ ਆਪਾਂ ਤਾਂ ਨਾਂ ਹੀ ਸੁਣੇ ਹੁੰਦੇ ਨੇ, ਉਸ ਤੱਕ ਪਹੁੰਚ ਕਰਦੀਆਂ ਸਨ ਤੇ ਆਪਣੇ ਕੰਮ ਇਸ ਨੂੰ ਠੇਕੇ ਉੱਤੇ ਦਿੰਦੀਆਂ ਸਨ।
ਇਹ ਏਜੰਸੀਆਂ, ਅਤੇ ਇਨ੍ਹਾਂ ਦੇ ਕਈ ਹੋਰ ਭਾਈਬੰਦ, ਲੋਕਾਂ ਦੀਆਂ ਨਿੱਜੀ ਗੱਲਾਂ ਚੋਰੀਓਂ ਪੜ੍ਹਦੇ, ਸੁਣਦੇ ਤੇ ਵੇਖਦੇ ਹਨ। ਇਨ੍ਹਾਂ ਸਾਹਮਣੇ ਵੱਡਾ ਅੜਿੱਕਾ ਸੀ ਕਿ ਸਾਰੇ ਭਾਈਬੰਦਾ ਵੱਲੋਂ ਇਕੱਠੀ ਕੀਤੀ ਜਾਣਕਾਰੀ ਇਕ ਥਾਂ ਨਹੀਂ ਸੀ। ਹੁਣ ਇਹ ਕੰਮ ਸੌਖਾ ਵੀ ਨਹੀਂ ਸੀ ਕਿਉਂਕਿ ਇੱਥੇ ਕਿਸੇ ਆਡੀ-ਗਵਾਂਡੀ ਉੱਤੇ ਨਿਗ੍ਹਾ ਰੱਖਣ ਵਾਲੀ ਗੱਲ ਨਹੀਂ ਸੀ, ਗੱਲ ਕਰੋੜਾਂ ਅਰਬਾਂ ਲੋਕਾਂ ਤੇ ਰੱਖੀ ਜਾ ਰਹੀ ਨਿਗ੍ਹਾ ਦੀ ਸੀ।
ਜਦੋਂ ਸਨੋਡਨ ਨੇ ਇਸ ਸਾਰੀ ਜਾਣਕਾਰੀ ਨੂੰ ਇਕ ਥਾਂ ਕਰਨ ਵਾਲਾ ਤੰਤਰ ਬਣਾਉਣਾ ਸ਼ੁਰੂ ਕੀਤਾ ਤਾਂ ਉਸ ਨੂੰ ਪਤਾ ਲੱਗਾ ਕਿ ਅਮਰੀਕੀ ਏਜੰਸੀਆਂ ਅਮਰੀਕਾ ਦੇ ਆਮ ਲੋਕਾਂ ਸਣੇ ਤਕਰੀਬਨ ਸਾਰੀ ਦੁਨੀਆ ਦੀ ਹੀ ਜਸੂਸੀ ਕਰ ਰਹੀਆਂ ਹਨ। ਸਨੋਡਨ ਜਿਸ ਜਗ੍ਹਾ ਉੱਤੇ ਇਹ ਕੰਮ ਕਰਨ ਜਾਂਦਾ ਸੀ ਉਹ ਅਤਿ ਕੜੀ ਸੁਰੱਖਿਆ ਵਾਲੀ ਥਾਂ ਸੀ ਅਤੇ ਕਹਿੰਦੇ ਨੇ ਕਿ ਉੱਥੋਂ ਸੁਈ ਵੀ ਬਾਹਰ ਨਹੀਂ ਸੀ ਜਾ ਸਕਦੀ। ਭਾਰੀ ਖਤਰਾ ਸਹੇੜਦਿਆਂ ਐਡਵਰਡ ਸਨੋਡਨ ਨੇ ਉੱਥੋਂ ਇਸ ਜਾਣਕਾਰੀ ਦੇ ਵੇਰਵੇ ਤੇ ਸਬੂਤ ਬਾਹਰ ਲੈ ਆਂਦੇ।
ਉਸ ਨੇ ਇਹ ਜਾਣਕਾਰੀ ਦੁਨੀਆ ਦੇ ਨਾਮੀ ਖਬਰ ਅਦਾਰੇ ਗਾਰਡੀਅਨ ਨਾਲ ਸਾਂਝੀ ਕੀਤੀ ਜਿਨ੍ਹਾਂ ਦੁਨੀਆ ਨੂੰ ਦੱਸਿਆ ਕਿ ਕਿਵੇਂ ਨਿੱਜਤਾ ਦੀ ਰਾਖੀ ਲਈ ਕਾਨੂੰਨ ਬਣਾਉਣ ਵਾਲੇ ਸੰਸਾਰ ਵਿੱਚ ਨਿੱਜਤਾ ਖਤਮ ਹੋ ਚੁੱਕੀ ਹੈ। ਕਿਵੇਂ ਸਰਕਾਰਾਂ ਸਭ ਕਾਸੇ ਤੇ ਨਿਗ੍ਹਾ ਰੱਖ ਰਹੀਆਂ ਹਨ। ਕਿਵੇਂ ਹਕੀਕੀ ਤੌਰ ਉੱਤੇ ਹਰ ਕਿਸੇ ਦੀਆਂ ਗੱਲਾਂ ਚੋਰੀ ਭਰੀਆਂ ਤੇ ਸੁਣੀਆ ਜਾ ਰਹੀਆਂ ਹਨ।
ਐਡਵਰਡ ਸਨੋਡਨ ਨੇ ਜੋ ਕੀਤਾ ਉਸ ਨਾਲ ਉਹਦੀ ਜਿੰਦਗੀ ਦਾ ਸਮੁੱਚਾ ਮੁਹਾਣ ਹੀ ਬਦਲ ਗਿਆ। ਅਮਰੀਕਾ ਦੀ ਸਰਕਾਰ ਨੇ ਉਸ ਨੂੰ ਗੱਦਾਰ ਅਤੇ ਮੁਜਰਮ ਐਲਾਨ ਦਿੱਤਾ ਤੇ ਜਿਹੜੀਆਂ ਏਜੰਸੀਆਂ ਲਈ ਉਹ ਕੰਮ ਕਰਦਾ ਸੀ ਉਹੀ ਉਸ ਦੇ ਪਿੱਛੇ ਪੈ ਗਈਆਂ। ਕਈ ਖਤਰਿਆਂ ਤੋਂ ਬਾਅਦ ਉਹ ਹਾਂਗਕਾਂਗ ਰਾਹੀਂ ਰੂਸ ਪੁੱਜਾ ਜਿੱਥੇ ਉਸ ਨੂੰ ਸਿਆਸੀ ਸ਼ਰਨ ਮਿਲੀ।
ਜਦੋਂ ਉਸ ਨੇ ਖੁਲਾਸੇ ਕੀਤੇ ਸਨ ਉਦੋਂ ਬਰਾਕ ਓਬਾਮਾ ਅਮਰੀਕਾ ਦਾ ਰਾਸ਼ਟਰਪਤੀ ਸੀ ਅਤੇ ਉੱਥੇ ਡੈਮੋਕਰੈਟ ਪਾਰਟੀ ਦੀ ਸਰਕਾਰ ਸੀ। ਅਮਰੀਕਾ ਦਾ ਮੌਜੂਦਾ ਰਾਸ਼ਟਰਪਤੀ ਡੌਨਲਡ ਟਰੰਪ ਰਿਪਬਲਿਕਨ ਪਾਰਟੀ ਨਾਲ ਸੰਬੰਧਤ ਹੈ। ਦੋਵਾਂ ਸਿਆਸੀ ਵਿਰੋਧੀਆਂ ਦੀ ਸਨੋਡਨ ਬਾਰੇ ਰਾਏ ਤਕਰੀਬਨ ਸਾਂਝੀ ਸੀ ਕਿ ਉਸ ਨੂੰ ਆਪਣੇ ਕੀਤੇ ਦੀ ਸਜਾ ਮਿਲਣੀ ਚਾਹੀਦੀ ਹੈ।
ਦੂਜੇ ਬੰਨੇ ਉਹ ਲੋਕ ਹਨ ਜੋ ਮਨੁੱਖੀ ਹੱਕਾਂ ਨੂੰ ਅਹਿਮੀਅਤ ਦਿੰਦੇ ਹਨ ਅਤੇ ਇਹ ਮੰਨਦੇ ਹਨ ਕਿ ਕਿਸੇ ਦੀ ਨਿੱਜੀ ਜਿੰਦਗੀ ਵਿੱਚ ਝਾਕਣਾ ਮਾੜੀ ਗੱਲ ਹੁੰਦੀ ਹੈ। ਇਹਨਾਂ ਲੋਕਾਂ ਦੀ ਰਾਏ ਹੈ ਕਿ ਸਨੋਡਨ ਵਿਰੁੱਧ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਤੇ ਉਸ ਦੇ ਮਾਮਲੇ ਨੂੰ ‘ਅਮਨੈਸਟੀ’ (ਹਮਦਰਦੀ) ਨਾਲ ਵਿਚਾਰਦਿਆਂ ਉਸ ਨੂੰ ‘ਪਾਰਡਨ’ (ਆਮ ਮਾਫੀ) ਮਿਲਣੀ ਚਾਹੀਦੀ ਹੈ।
ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਦਾ ਹਾਲ ਵਿੱਚ ਹੀ ਇਹ ਬਿਆਨ ਆਇਆ ਹੈ ਕਿ ਉਹ ਐਡਵਰਡ ਸਨੋਡਨ ਦਾ ਮਾਮਲਾ ਵਿਚਾਰਦਿਆਂ ਉਸ ਨੂੰ ਆਮ ਮਾਫੀ ਦੇਣ ਬਾਰੇ ਗੌਰ ਕਰੇਗਾ।
ਸਥਿਤੀ ਇਹ ਹੈ ਕਿ ਸਟੇਟ ਨੇ ਸਮਾਜ ਨੂੰ ਅਜਿਹੇ ਤਰੀਕੇ ਨਾਲ ਸੱਭਿਅਕ ਕਰ ਲਿਆ ਹੈ ਕਿ ਕਰੋੜਾਂ ਲੋਕਾਂ ਦੀ ਨਿੱਜਤਾ ਦੀ ਉਲੰਘਣਾ ਕਰਨ ਵਾਲੇ ਰਾਜ ਤੰਤਰ ਦਾ ਮੁਖੀ ਰਾਜ ਵੱਲੋਂ ਕੀਤੇ ਜੁਰਮਾਂ ਨੂੰ ਉਜਾਗਰ ਕਰਨ ਵਾਲੇ ਨੂੰ ਉਸਦੇ ਕੀਤੇ ਕਥਿਤ ਜੁਰਮ ਲਈ ‘ਆਮ ਮਾਫੀ’ ਦੇਣ ਦੀ ਗੱਲ ਕਰ ਰਿਹਾ ਹੈ ਅਤੇ ਜੇਕਰ ਕੱਲ੍ਹ ਨੂੰ ਅਜਿਹਾ ਹੋ ਜਾਂਦਾ ਹੈ ਤਾਂ ਸਟੇਟ ਦਾ ਸੱਭਿਅਕ ਕੀਤਾ ਹੋਇਆ ਸਮਾਜ ਇਸ ਨੂੰ ਵੱਡੀ ਫਰਾਖ ਦਿਲੀ ਕਹਿ ਕੇ ਵਡਿਆਏਗਾ। ਕੀ ਚਿੱਠੀ ਪੜ੍ਹਨ-ਲਿਖਵਾਉਣ ਦੇ ਸਮੇਂ ਦੇ ਨਾਲ-ਨਾਲ ਉਨ੍ਹਾਂ ਵੇਲਿਆਂ ਦੀਆਂ ਕਦਰਾਂ ਕੀਮਤਾਂ ਵੀ ਗਏ ਬੀਤੇ ਦੀ ਗੱਲ ਹੋ ਗਈਆਂ ਹਨ?