ਘੱਲੂਘਾਰਾ ਸ਼ਬਦ ਦੇ ਅਰਥ ਹਨ ਬਰਬਾਦੀ ਜਾਂ ਕਤਲੇਆਮ। 5 ਫਰਵਰੀ 1762 ਨੂੰ ਕੁੱਪ-ਰੁਹੀੜੇ ਦੇ ਇਲਾਕੇ ਵਿੱਚ ਅਫ਼ਗਾਨ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਅਤੇ ਸਿੱਖਾਂ ਵਿਚਾਲੇ ਜੰਗ ਹੁੰਦੀ ਹੈ। ਇਸ ਜੰਗ ਵਿੱਚ ਸਿੱਖ ਕੌਮ ਦੀ ਵੱਡੀ ਗਿਣਤੀ ਲਗਭਗ 15,000-20,000 ਸ਼ਹੀਦੀ ਪਾ ਜਾਂਦੀ ਹੈ। ਸਿੱਖ ਇਤਿਹਾਸ ਵਿਚ ਇਸ ਦਿਹਾੜੇ ਨੂੰ ਵੱਡੇ ਘੱਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ।
ਵੱਡੇ ਘੱਲੂਘਾਰੇ ਨੂੰ ਯਾਦ ਕਰਦਿਆਂ ਜ਼ਬਰ ਜ਼ੁਲਮ ਸ਼ਬਦਾਂ ਰਾਹੀਂ ਨਕਾਰਾਤਮਕ ਤਸਵੀਰ ਪੇਸ਼ ਕੀਤੀ ਜਾਂਦੀ ਰਹੀ ਹੈ ਜ਼ਬਰ ਅਤੇ ਜ਼ੁਲਮ ਦੀ ਦਾਸਤਾ ਕਹਿੰਦਿਆਂ ਇਸ ਢੰਗ ਸਮਝ ਬਣਦੀ ਹੈ ਜਿਵੇਂ ਸਿੱਖ, ਅਹਿਮਦ ਸ਼ਾਹ ਅਬਦਾਲੀ ਨਾਲ ਕਿਸੇ ਟਕਰਾਅ ਵਿੱਚ ਪੈਣਾ ਹੀ ਨਹੀਂ ਚਾਹੁੰਦੇ ਸਨ ਅਤੇ ਨਤੀਜੇ ਵਜੋਂ, ਇਸ ਵਿੱਚ ਸਿੱਖਾਂ ਦਾ ਵੱਡਾ ਨੁਕਸਾਨ ਹੋਇਆ। ਜਦਕਿ ਸਿੱਖੀ ਵਿਚ ਸ਼ਹੀਦੀਆਂ ਨੂੰ ਨੁਕਸਾਨ ਵਜੋਂ ਵੇਖਣ ਦਾ ਕੋਈ ਸਿਧਾਂਤ ਨਹੀਂ ਹੈ। ਵੱਡਾ ਘੱਲੂਘਾਰਾ ਜ਼ੁਲਮ ਦਾ ਨਹੀਂ ਬਲਕਿ ਅਠਾਰ੍ਹਵੀਂ ਸਦੀ ਦੇ ਸਿੱਖ ਸੰਘਰਸ਼ ਦਾ ਸਿਖਰ ਸੀ। ਉਹ ਸੰਘਰਸ਼ ਜੋ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸ਼ੁਰੂ ਹੁੰਦਾ ਹੈ। ਪਰ ਜਿਸ ਦਾ ਬੁਨਿਆਦੀ ਢਾਂਚਾ ਗੁਰੂ ਕਾਲ ਦੌਰਾਨ ਹੀ ਤਿਆਰ ਹੋ ਚੁੱਕਾ ਸੀ। ਸਿੱਖ ਯੋਧਿਆਂ ਵੱਲੋਂ ਜਿਸ ਸੂਰਬੀਰਤਾ ਤੇ ਬਹਾਦਰੀ ਨਾਲ ਅਬਦਾਲੀ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਗਿਆ ਕੇਵਲ ਉਨ੍ਹਾਂ ਘਟਨਾਵਾਂ ਨੂੰ ਯਾਦ ਕਰਨਾ ਹੀ ਘਲੂਘਾਰੇ ਨੂੰ ਯਾਦ ਕਰਨ ਦਾ ਉਦੇਸ਼ ਨਹੀਂ ਹੋਣਾ ਚਾਹੀਦਾ। ਵੱਡੇ ਘਲੂਘਾਰੇ ਦੀ ਜੰਗ ਦਾ ਹਾਲ ਜਾਨਣ ਤੋਂ ਪਹਿਲਾਂ ਇਹ ਸਮਝ ਅਤਿ ਜ਼ਰੂਰੀ ਹੈ ਕਿ ਜਿਸ ਸੰਘਰਸ਼ ਦੀ ਸਿਖਰ ਆਪਾਂ ਵੱਡੇ ਘਲੂਘਾਰੇ ਨੂੰ ਆਖ ਰਹੇ ਹਾਂ ਉਸ ਸੰਘਰਸ਼ ਦੀ ਬੁਨਿਆਦ ਅਤੇ ਮਨੋਰਥ ਕੀ ਸਨ।
ਸਿੱਖਾਂ ਦੇ ਰਾਜਸੀ ਸੰਘਰਸ਼ ਦਾ ਬੁਨਿਆਦੀ ਢਾਂਚਾ ਉਦੋਂ ਵਿਕਾਸ ਕਰਨਾ ਸ਼ੁਰੂ ਕਰ ਦਿੰਦਾ ਹੈ ਜਦੋਂ ਗੁਰੂ ਨਾਨਕ ਸਾਹਿਬ ਧਰਤੀ, ਜੋ ਮਨੁੱਖ ਤੋਂ ਲੈ ਕੇ ਸਾਰੇ ਜੀਵ ਜੰਤੂਆਂ ਨੂੰ ਆਪਣੀ ਬੁੱਕਲ ਵਿੱਚ ਸਮੋਈ ਬੈਠੀ ਹੈ, ਨੂੰ ਧਰਮਸਾਲ ਕਹਿੰਦੇ ਹਨ। ਧਰਮਸਾਲ, ਭਾਵ ਧਰਮ ਕਮਾਉਣ ਦੀ ਥਾਂ । ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮਸਾਲ॥ । ਸਮੁੱਚੇ ਬ੍ਰਹਿਮੰਡ ਦਾ ਮਾਲਕ ਆਪ ਅਕਾਲ ਪੁਰਖ ਹੈ ਇਹ ਸੰਸਾਰ ਅਕਾਲ ਪੁਰਖ ਦਾ ਘਰ ਹੈ ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥
ਪ੍ਰਚਲਤ ਧਾਰਨਾ ਅਨੁਸਾਰ ਧਰਤੀ ਕਿਸੇ ਬਲਦ ਦੇ ਸਿੰਗਾਂ ਤੇ ਟਿਕੀ ਹੋਈ ਹੈ। ਪਰ ਗੁਰਮਤਿ ਅਨੁਸਾਰ ਅਜਿਹਾ ਕੋਈ ਬਲਦ ਨਹੀਂ ਜਿਸ ਕਾਰਨ ਧਰਤੀ ਦਾ ਸੰਤੁਲਨ ਬਣਿਆ ਹੋਇਆ ਹੈ। ਬਲਕਿ ਅਸਲ ਧੌਲ ਤਾਂ “ਧਰਮ” ਹੈ ਜਿਸ ਆਸਰੇ ਧਰਤੀ ਦਾ ਸੰਤੁਲਨ ਕਾਇਮ ਹੈ। ਧੌਲੁ ਧਰਮੁ ਦਇਆ ਕਾ ਪੂਤੁ ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥ ਗੁਰਮਤਿ ਅਨੁਸਾਰ ਧਰਮ ਦੇ ਕਾਰਨ ਹੀ ਇਸ ਦੁਨੀਆਂ ਵਿਚ ਚੰਗੇ-ਮੰਦੇ ਵਿਵਹਾਰਾਂ ਦਾ ਸੰਤੁਲਨ ਕਾਇਮ ਹੈ ਅਤੇ ਧਰਮ ਹੀ ਇਸ ਧਰਮਸਾਲ ਦਾ ਮੁੱਢਲਾ ਨਿਯਮ ਹੈ
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥ ਪ੍ਰਮਾਤਮਾ ਨੇ ਧਰਤੀ ਨੂੰ ਆਪਣੀ ਰਜ਼ਾ ਅੰਦਰ ਪ੍ਰਗਟ ਕੀਤਾ ਹੈ, ਆਪਣੀ ਰਜ਼ਾ ਵਿਚ ਹੀ ਇਸ ਨੂੰ ਚਲਾ ਰਿਹਾ ਹੈ ਅਤੇ ਆਪਣੇ ਹੁਕਮ ਹੇਠ ਹੀ ਇਸ ਦੀ ਸੰਭਾਲ ਕਰ ਰਿਹਾ ਹੈ ਗੁਰੂ ਸਾਹਿਬ ਮਨੁੱਖ ਦਾ ਮੁੱਢਲਾ ਅਤੇ ਆਖ਼ਰੀ ਟੀਚਾ ਅਕਾਲ ਪੁਰਖ ਦੇ ਨਾਮ ਦੀ ਪ੍ਰਾਪਤੀ ਅਤੇ ਅੰਤ ਆਪਣਾ ਆਪ ਤਿਆਗ ਕੇ ਅਕਾਲ ਪੁਰਖ ਵਰਗਾ ਹੋ ਜਾਣਾ ਹੀ ਕਹਿੰਦੇ ਹਨ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ॥
ਧਰਤੀ ਦੇ ਸੰਤੁਲਨ ਨੂੰ ਬਣਾਈ ਰੱਖਣ ਹਿੱਤ ਅਤੇ ਆਪਣੇ ਨਿੱਜੀ ਅਧਿਆਤਮਿਕ ਮਨੋਰਥ ਦੀ ਪੂਰਤੀ ਲਈ ਧਰਮ ਦਾ ਅਭਿਆਸ ਅਤਿ ਜ਼ਰੂਰੀ ਹੈ ਇਸ ਪ੍ਰਕਿਰਿਆ ਦੀ ਪਹਿਲੀ ਇਕਾਈ ਮਨੁੱਖ ਹੀ ਹੈ ਚਾਹੇ ਉਹ ਕਿਸੇ ਵੀ ਜਾਤ ਜਾਂ ਖਿੱਤੇ ਨਾਲ ਸਬੰਧਤ ਹੋਵੇ। ਗੁਰਮਤਿ ਅਨੁਸਾਰ ਧਰਮ ਕਮਾਉਣਾ ਕਿਸੇ ਇਕ ਵਰਨ ਦੀ ਜ਼ਿੰਮੇਵਾਰੀ ਨਹੀਂ। ਖਤ੍ਰੀ ਬ੍ਰਾਹਮਣੁ ਸੂਦੁ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ ਮਨੁੱਖ ਦਾ ਜਨਮ ਪ੍ਰਮਾਤਮਾ ਦੀ ਰਹਿਮਤ ਹੈ ਹਰੇਕ ਜੀਵ ਵਿਚ ਅਕਾਲ ਪੁਰਖ ਪਰਮੇਸ਼ਰ ਆਪ ਹੈ ਸਾਧੀਆਂ ਹੋਈਆਂ ਰੱਬੀ ਰੂਹਾਂ ਵਿੱਚੋਂ ਪ੍ਰਮਾਤਮਾ ਦਾ ਝਲਕਾਰਾ ਪੈਂਦਾ ਹੈ । ਮਨੁੱਖੀ ਜਨਮ ਦਾ ਮਕਸਦ ਦਿਨ ਕੱਟੀ ਕਰਨ ਤੋਂ ਅੱਗੇ ਇੱਕ ਨਿਰਧਾਰਤ ਉਦੇਸ਼ ਦੀ ਪ੍ਰਾਪਤੀ ਹੈ ਜੋ ਕਿ ਆਪੇ ਦੀ ਖੋਜ ਕਰਨੀ ਅਤੇ ਅਕਾਲ ਪੁਰਖ ਵਿਚ ਅਭੇਦ ਹੋ ਜਾਣਾ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥
ਅਕਾਲ ਪੁਰਖ ਵਿਚ ਅਭੇਦ ਹੋ ਜਾਣ ਦਾ ਮੁੱਢਲਾ ਕਰਮ ਤਾਂ ਹੀ ਸੰਭਵ ਹੈ ਜੇਕਰ ਮਨੁੱਖ ਉੱਚੇ ਸੁੱਚੇ ਕਿਰਦਾਰ ਦਾ ਹੋਵੇਗਾ । ਧਰਮ ਕਮਾਉਂਦਿਆਂ ਅਤੇ ਸਮਾਜਿਕ ਫਰਜ਼ ਨਿਭਾਉਂਦਿਆਂ ਮਨੁੱਖ ਦੇ ਕੀਤੇ ਚੰਗੇ ਮਾੜੇ ਕੰਮਾਂ ਦਾ ਲੇਖਾ ਉਸ ਅਕਾਲ ਪੁਰਖ ਲੈਣਾ ਹੈ। ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥ ਮਨੁੱਖ ਦੇ ਸਾਰੇ ਕਰਮ ਉੱਚੇ ਅਤੇ ਸੁੱਚੇ ਕਿਰਦਾਰ ਦੇ ਹੋਣੇ ਚਾਹੀਦੇ ਹਨ ਤਾਂ ਹੀ ਧਰਮ ਕਮਾਇਆ ਜਾ ਸਕਦਾ ਹੈ ਅਤੇ ਤਾਂ ਹੀ ਧਰਮੀ ਅਖਵਾਇਆ ਜਾ ਸਕਦਾ ਹੈ ਜੋ ਕਿ ਧਰਤੀ ਦੇ ਸੰਤੁਲਨ ਲਈ ਮਨੁੱਖ ਦੀ ਨੈਤਿਕ ਜ਼ਿੰਮੇਵਾਰੀ ਹੈ।
ਗੁਰੂ ਸਾਹਿਬਾਨ ਅਨੁਸਾਰ ਸਮਾਜ ਕਰਤੇ ਦੀ ਕਿਰਤ ਹੈ ਮਨੁੱਖ ਇਸ ਸਮਾਜ ਤੋਂ ਭੱਜ ਨਹੀਂ ਸਕਦਾ ਸਿੱਖੀ ਨੇ ਇਹ ਜ਼ਰੂਰੀ ਬਣਾਇਆ ਕਿ ਮਨੁੱਖ ਸਮਾਜ ਦਾ ਹਿੱਸਾ ਬਣ ਕੇ ਰਹੇ ਇਸ ਦੇ ਸਮਾਜਿਕ ਵਰਤਾਰਿਆਂ ਦਾ ਹਿੱਸਾ ਬਣੇ। ਨਿੱਜੀ ਅਤੇ ਆਤਮਕ ਤਰੱਕੀ ਇੱਥੇ ਰਹਿ ਕੇ ਹੀ ਸੰਭਵ ਹੈ ਗੁਰੂ ਨਾਨਕ ਪਾਤਸ਼ਾਹ ਨੇ ਜੋਗੀ ਅਤੇ ਸਿੱਧਾਂ ਦੇ ਮਾਰਗ ਨੂੰ ਗਲਤ ਦੱਸਿਆ ਅਤੇ ਕਿਹਾ ਜੇਕਰ ਸਭ ਭਲੇ ਲੋਕ ਇਕਾਂਤ ਵਿਚ ਰਹਿਣ ਲੱਗ ਜਾਣ ਤਾਂ ਲੱਗ ਜਾਣ ਤਾਂ ਸਮਾਜ ਦਾ ਕੀ ਬਣੇਗਾ ਕਿਉਂਕਿ ਧਰਤੀ ਤੇ ਚੰਗੇ ਮੰਦੇ ਕਰਮਾਂ ਦਾ ਸੰਤੁਲਨ ਕਾਇਮ ਰਹਿਣਾ ਜ਼ਰੂਰੀ ਹੈ ਭਾਵ ਧਰਮੀ ਬੰਦਿਆਂ ਦੀ ਸਮਾਜ ਵਿੱਚ ਅਹਿਮ ਜਗ੍ਹਾ ਹੈ ਅੰਜਨ ਮਾਹਿ ਨਿਰੰਜਨਿ ਰਹੀਐ ਜੋਗੀ ਕਹੀਐ ਸੋਇ ॥
ਗੁਰੂ ਸਾਹਿਬਾਨ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਅਤੇ ਜਥੇਬੰਦੀਆਂ ਦਾ ਮਨੁੱਖ ਦੇ ਅਕਾਲ ਪੁਰਖ ਨਾਲ ਜੁੜਨ ਦੇ ਟੀਚੇ ਵਿੱਚ ਅਹਿਮ ਸਥਾਨ ਹੈ ਜਥੇਬੰਦੀਆਂ ਅਤੇ ਸੰਸਥਾਵਾਂ ਮਨੁੱਖ ਦੇ ਧਰਮੀ ਬਣਨ ਵਿਚ ਕਿਰਿਆਸ਼ੀਲ ਹੋਣੀਆਂ ਚਾਹੀਦੀਆਂ ਹਨ। ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਇਹ ਉਦੇਸ਼ ਤਾਂ ਹੀ ਸੰਭਵ ਹੈ ਜੇਕਰ ਰਾਜਨੀਤਿਕ ਸੰਸਥਾਵਾਂ ਇਹ ਯਕੀਨੀ ਬਣਾਉਣ ਕਿ ਸਮਾਜ ਵਿਚ ਸ਼ਾਂਤੀ, ਇਨਸਾਫ਼, ਬਰਾਬਰਤਾ, ਆਜ਼ਾਦੀ ਅਤੇ ਹਮਦਰਦੀ ਵਰਗੀਆਂ ਬਿਰਤੀਆਂ ਮੌਜੂਦ ਹੋਣ। ਜਾਤ-ਪਾਤ ਅਤੇ ਸਮਾਜਿਕ ਸ਼ੋਸ਼ਣ ਵਰਗੇ ਰੋਗਾਂ ਨਾਲ ਲਿਬਰੇਜ਼ ਸਮਾਜ ਸਰੱਬਤ ਦਾ ਭਲਾ ਕਰਨ ਤੋਂ ਅਸਮਰੱਥ ਹੋਵੇਗਾ । ਉਪਰੋਕਤ ਵਿਸ਼ੇਸ਼ਤਾਵਾਂ ਤੋਂ ਊਣਾ ਸਮਾਜ, ਮਨੁੱਖ ਵੱਲੋਂ ਪ੍ਰਮਾਤਮਾ ਦੀ ਅਰਾਧਨਾ ਕਰ ਸਕਣ ਦੇ ਅਨੁਕੂਲ ਵਾਤਾਵਰਨ ਨਹੀਂ ਸਿਰਜ ਸਕਦਾ।
ਗੁਰੂ ਨਾਨਕ ਪਾਤਿਸ਼ਾਹ ਨੇ ਬਾਬਰ ਦੇ ਜ਼ੁਲਮਾਂ ਖਿਲਾਫ਼ ਆਵਾਜ਼ ਚੁੱਕੀ ਅਤੇ ਕਿਹਾ ਰਾਜੇ ਸੀਹ ਮੁਕਦਮ ਕੁਤੇ॥ ਗੁਰੂ ਗੋਬਿੰਦ ਸਿੰਘ ਜੀ ਜਾਪੁ ਸਾਹਿਬ ਵਿਚ ਕਹਿੰਦੇ ਹਨ ਕਿ ਅਕਾਲ ਪੁਰਖ ਰਾਜਿਆਂ ਦਾ ਰਾਜਾ ਹੈ ਦੁਨਿਆਵੀ ਰਾਜੇ ਸਮਾਜ ਨੂੰ ਇਨਸਾਫ਼`ਅਤੇ ਬਰਾਬਰਤਾ ਦੇ ਦਾਤੇ ਹੋਣੇ ਚਾਹੀਦੇ ਹਨ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਇਸ ਤੋਂ ਮਾੜਾ ਹੋਰ ਕੀ ਹੋ ਸਕਦਾ ਹੈ। ਗੁਰੂ ਸਾਹਿਬ ਨੇ ਰਾਜਿਆਂ ਦੀਆਂ ਆਪ ਹੁਦਰੀਆਂ ਖਿਲਾਫ਼ ਕ੍ਰਾਂਤੀਕਾਰੀ ਆਵਾਜ਼ ਬੁਲੰਦ ਕੀਤੀ ਅਤੇ ਸਿੱਖਾਂ ਨੂੰ ਓਹਨਾਂ ਵਿਰੁੱਧ ਬਗ਼ਾਵਤ ਕਰਨ ਦਾ ਹੱਕ ਦਿੱਤਾ ਤਾਂ ਜੋ ਉਤਮ ਸਮਾਜ ਦੀ ਸਿਰਜਣਾ ਹੋ ਸਕੇ। ਅਜਿਹਾ ਸਮਾਜ ਜੋ ਮਨੁੱਖ ਦੀਆਂ ਨਿੱਜੀ ਅਤੇ ਅਧਿਆਤਮਿਕ ਲੋੜਾਂ ਦੀ ਪੂਰਤੀ ਕਰਨ ਦੇ ਅਨੁਕੂਲ ਹੋਵੇ। ਜਿਥੇ ਗੁਰੂ ਸਾਹਿਬ ਨੇ ਔਰੰਗਜੇਬ ਨੂੰ ਕਲਮ ਨਾਂ ਵੰਗਾਰਿਆ ਓਥੇ ਜ਼ੁਲਮ ਖਿਲਾਫ਼ ਕਿਰਪਾਨ ਦੀ ਵਰਤੋਂ ਵੀ ਕੀਤੀ। ਗੁਰੂ ਸਾਹਿਬ ਅਨੁਸਾਰ ਮਨੁੱਖੀ ਪਰਉਪਕਾਰ ਲਈ ਮੌਕੇ ਮੁਤਾਬਕ ਹਿੰਸਾ ਅਤੇ ਅਹਿੰਸਾ ਦੇ ਰਾਹ ਮੁਬਾਰਕ ਹਨ। ਚੂੰ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ॥
ਇਸ ਉਤਮ ਸਮਾਜ ਦੀ ਸਿਰਜਣਾ ਲਈ ਚੱਲੇ ਸੰਘਰਸ਼ ਦੌਰਾਨ 18ਵੀਂ ਸਦੀ ਵਿੱਚ ਅਨੇਕਾਂ ਜੰਗਾਂ ਹੋਈਆਂ। ਖਾਲਸਾ ਪੰਥ ਮੌਜੂਦਾ ਹਾਕਮਾਂ ਨੂੰ ਲਲਕਾਰਦਾ ਰਿਹਾ। ਅਹਿਮਦ ਸ਼ਾਹ ਅਬਦਾਲੀ ਨਾਲ ਇਹ ਜੰਗ ਓਸੇ ਸੰਘਰਸ਼ ਦਾ ਹੀ ਹਿੱਸਾ ਸੀ।
ਜੰਗ ਦਾ ਹਾਲ :
ਜਦੋਂ ਅਹਿਮਦ ਸ਼ਾਹ ਅਬਦਾਲੀ ਪਾਣੀਪਤ ਦੀ ਲੜਾਈ ਮਰਹੱਟਿਆਂ ਤੋਂ ਜਿੱਤ ਕੇ ਵਾਪਸ ਜਾ ਰਿਹਾ ਸੀ ਤਾਂ ਸਿੱਖ ਉਸ ਵੇਲੇ ਅਬਦਾਲੀ ਦੀ ਫ਼ੌਜ ਤੇ ਹਮਲਾ ਕਰਦੇ ਹਨ ਕਿਸੇ ਜੇਤੂ ਬਾਦਸ਼ਾਹ ਤੇ ਇਸ ਤਰ੍ਹਾਂ ਹਮਲਾ ਕਰਨ ਦੇ ਅਰਥ ਉਸ ਦੇ ਮਾਣ ਅਤੇ ਪ੍ਰਤਿਸ਼ਠਾ ਤੇ ਡੂੰਘੀ ਸੱਟ ਸੀ। ਅਬਦਾਲੀ ਲਈ ਇਸ ਲੁੱਟ ਦੇ ਅਰਥ ਆਰਥਿਕ ਨੁਕਸਾਨ ਤੋਂ ਕਿਤੇ ਵੱਧ ਸਨ।
ਦੂਸਰਾ, ਅਬਦਾਲੀ ਦੀ ਰਵਾਨਗੀ ਸ਼ਾਮ ਤੋਂ ਬਾਅਦ ਹੀ ਪੰਜਾਬ ਦੇ ਪ੍ਰਸ਼ਾਸਨਿਕ ਪ੍ਰਬੰਧਾਂ ਵਿੱਚ ਸਿੱਖਾਂ ਵੱਲੋਂ ਵਿਘਨ ਪਾਉਣ ਦੀਆਂ ਖ਼ਬਰਾਂ ਅਬਦਾਲੀ ਕੋਲ ਪਹੁੰਚ ਚੁੱਕੀਆਂ ਸਨ। ਹਕੂਮਤੀ ਪ੍ਰਬੰਧਾਂ ਵਿਚ ਸਿੱਖਾਂ ਵਲੋਂ ਰੁਕਾਵਟ ਪਾਉਣ ਦੀਆਂ ਕਾਰਵਾਈਆਂ ਇਕ ਸੰਕੇਤਕ ਪ੍ਰਤਿਕਰਮ ਸਨ ਕਿ ਪੰਜਾਬ ਵਿਚ ਕਿਸੇ ਬਾਹਰੀ ਬਾਦਸ਼ਾਹ ਵੱਲੋਂ ਕਾਇਮ ਕੀਤੀ ਹਕੂਮਤ ਸਾਨੂੰ ਕਦੇ ਚਿੱਤ ਮਨਜ਼ੂਰ ਨਹੀਂ।
ਤੀਜਾ, ਜਦੋਂ ਅਫ਼ਗਾਨ ਬਾਦਸ਼ਾਹ ਪੰਜਾਬ, ਕਸ਼ਮੀਰ ਅਤੇ ਸਿੰਧ ਨੂੰ ਦੁੱਰਾਨੀ ਹਕੂਮਤ ਹੇਠ ਲਿਆਉਣ ਲਈ ਯਤਨਸ਼ੀਲ ਸੀ ਤਾਂ ਸਿੱਖ ਪੰਜਾਬ ਵਿਚ ਮਿਸਲਾਂ ਅਧੀਨ ਛੋਟੇ ਆਜ਼ਾਦ ਰਾਜ ਪ੍ਰਬੰਧ ਸਿਰਜ ਰਹੇ ਸਨ ਰਾਖੀ ਪ੍ਰਬੰਧ ਹੇਠ ਬਿਨਾਂ ਕਿਸੇ ਭੇਦ-ਭਾਵ ਪੰਜਾਬ ਦੇ ਲੋਕਾਂ ਨੂੰ ਬਾਹਰੀ ਹਮਲਿਆਂ ਤੋਂ ਸੁਰੱਖਿਆ ਦੇਣ ਦੀ ਵਚਨਬੱਧਤਾ ਵੀ ਅਬਦਾਲੀ ਵਾਸਤੇ ਉਸ ਦੇ ਸਵੈਮਾਣ ਨੂੰ ਵੰਗਾਰ ਸੀ। ਸਿੱਖ ਸਰਦਾਰਾਂ ਵੱਲੋਂ ਛੋਟੀਆਂ ਆਜ਼ਾਦ ਹਕੂਮਤੀ ਸਟੇਟਾਂ ਦੀ ਸਥਾਪਨਾ ਜਿਥੇ ਅਬਦਾਲੀ ਲਈ ਸੈਨਿਕ ਪ੍ਰਤੀਰੋਧ ਤਾਂ ਸੀ ਉੱਥੇ ਅਜਿਹੀ ਹਿੰਮਤ ਉਸ ਦੇ ਗੌਰਵ ਨੂੰ ਠੇਸ ਪਹੁੰਚਾਉਂਦੀ ਸੀ।
ਸੋ, ਉਪਰੋਕਤ ਕਾਰਨਾਂ ਦੇ ਮੱਦੇਨਜ਼ਰ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਨਾਲ ਦੋ-ਦੋ ਹੱਥ ਕਰਨ ਲਈ ਉਤਾਵਲਾ ਸੀ।
27 ਅਕਤੂਬਰ 1761 ਨੂੰ ਦੀਵਾਲੀ ਦਾ ਦਿਹਾੜਾ ਸੀ। ਖ਼ਾਲਸਾ ਪੰਥ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਕੱਠਾ ਹੋਇਆ। ਸਰੱਬਤ ਖਾਲਸੇ ਨੇ ਅਗਲੇਰੀ ਰਣਨੀਤੀ ਲਈ ਗੁਰਮਤਾ ਕੀਤਾ ਕਿ ਪੰਜਾਬ ਵਿੱਚ ਦੁੱਰਾਨੀ ਬਾਦਸ਼ਾਹ ਦੇ ਮੁਖ਼ਬਰ ਅਤੇ ਭਾਈਵਾਲ ਮੌਜੂਦ ਹਨ। ਦੱਸਣਯੋਗ ਹੈ ਕਿ ਇਸ ਸਮੇਂ ਪੰਜਾਬ ਦਾ ਬਹੁਤ ਸਾਰਾ ਇਲਾਕਾ ਖ਼ਾਲਸੇ ਅਧੀਨ ਆ ਚੁੱਕਾ ਸੀ ਹੁਣ ਬਾਕੀ ਰਹਿੰਦੇ ਇਲਾਕੇ ਤੇ ਕਬਜ਼ਾ ਤਾਂ ਹੀ ਸੰਭਵ ਸੀ ਜੇਕਰ ਪੰਜਾਬ ਵਿਚੋਂ ਦੁੱਰਾਨੀ ਬਾਦਸ਼ਾਹ ਦੇ ਏਜੰਟ ਲਾਂਭੇ ਕੀਤੇ ਜਾਣ। ਜਿਨ੍ਹਾਂ ਵਿੱਚ ਮੁੱਖ ਤੌਰ ਤੇ ਜੰਡਿਆਲੇ ਦੇ ਨਿਰੰਜਨੀਏ ਮਹੰਤ ਆਕਿਲ ਦਾਸ, ਕਸੂਰੀਏ, ਮਲੇਰਕੋਟਲੇ ਦੇ ਅਫ਼ਗਾਨ ਅਤੇ ਸਰਹਿੰਦ ਦਾ ਫ਼ੌਜਦਾਰ ਜੈਨ ਖ਼ਾਂ ਸ਼ਾਮਿਲ ਸੀ। ਕਸੂਰੀ ਅਤੇ ਮਲੇਰਕੋਟਲੇ ਵਾਲੇ ਤਾਂ ਅਬਦਾਲੀ ਨਾਲ ਨਸਲੀ ਸਾਂਝ ਰੱਖਦੇ ਸਨ। ਜੈਨ ਖਾਂ ਨੂੰ ਉਸ ਨੇ ਸਰਹਿੰਦ ਦਾ ਫ਼ੌਜਦਾਰ ਨਿਯੁਕਤ ਕੀਤਾ ਹੋਇਆ ਸੀ ਅਤੇ ਨਿਰੰਜਨੀਆ ਆਕਿਲ ਦਾਸ ਸਿੱਖਾਂ ਨਾਲ ਵੈਸੇ ਹੀ ਨਫ਼ਰਤ ਰੱਖਦਾ ਸੀ।
ਸਰੱਬਤ ਖਾਲਸੇ ਵਿੱਚ ਗੁਰਮਤਾ ਹੋਇਆ। ਗੁਰਮਤੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੱਸਾ ਸਿੰਘ ਰਾਮਗੜ੍ਹੀਆ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ ਆਕਿਲ ਦਾਸ ਕੋਲ ਖ਼ਬਰ ਪਹੁੰਚਾ ਦਿੱਤੀ ਕਿ ਉਹ ਬਿਨਾਂ ਲੜਾਈ ਖ਼ਾਲਸੇ ਦੀ ਈਨ ਮੰਨ ਲਵੇ ਤਾਂ ਚੰਗਾ ਹੈ ਅਤੇ ਜੰਡਿਆਲੇ ਨੂੰ ਘੇਰਾ ਪਾ ਲਿਆ। ਪਰ ਹੰਕਾਰੀ ਆਕਿਲ ਦਾਸ ਨੇ ਇਸ ਗੱਲ ਤੇ ਗੌਰ ਕਰਨ ਦੀ ਥਾਂ ਤੇਜ਼ ਸੁਨੇਹਾ ਅਬਦਾਲੀ ਵੱਲ ਭੇਜ ਦਿੱਤਾ। ਤਾਰੀਖ਼-ਏ-ਪੰਜਾਬ ਦੇ ਕਰਤਾ ਘਨ੍ਹਈਆ ਲਾਲ ਲਿਖਦੇ ਹਨ ਕਿ “ਮਹੰਤ ਆਕਲ ਦਾਸ ਨੇ ਇਕ ਤੇਜ਼ ਊਠਣੀ-ਸਵਾਰ ਨੂੰ ਇਕ ਬੇਨਤੀ ਪੱਤਰ ਦੇ ਕੇ ਕਾਬਲ ਵੱਲ ਤੋਰਿਆ ਅਤੇ ਬਾਦਸ਼ਾਹ ਕੋਲੋਂ ਮਦਦ ਮੰਗੀ”। ਅਬਦਾਲੀ, ਜੋ ਕਿ ਪਹਿਲਾਂ ਤੋਂ ਹੀ ਹਿੰਦੋਸਤਾਨ ਵੱਲ ਚੜ੍ਹਿਆ ਆਉਂਦਾ ਸੀ ਅਤੇ ਸਿੱਖਾਂ ਨਾਲ ਲੜਾਈ ਲਈ ਪਹਿਲਾਂ ਹੀ ਇੱਛਾਵਾਨ ਸੀ। ਉਸ ਨੂੰ ਇਹ ਸੁਨੇਹਾ ਰੋਹਤਾਸ ਕੋਲ ਮਿਲਿਆ। ਉਹ ਤੇਜ਼ੀ ਨਾਲ ਜੰਡਿਆਲੇ ਵੱਲ ਵਧਿਆ।
ਇਸ ਸਮੇਂ ਸਰਦਾਰ ਜੱਸਾ ਸਿੰਘ ਨੂੰ ਅਬਦਾਲੀ ਦੇ ਆਉਣ ਦੀ ਸੂਹ ਲੱਗ ਚੁੱਕੀ ਸੀ। ਸਾਰੇ ਸਰਦਾਰਾਂ ਨੇ ਸਲਾਹ ਕਰਕੇ ਜੰਡਿਆਲੇ ਤੋਂ ਘੇਰਾ ਚੁੱਕ ਲਿਆ ਤਾਂ ਜੋ ਆਪਣੇ ਟੱਬਰਾਂ ਨੂੰ ਸਤਲੁਜ ਪਾਰ ਕਿਸੇ ਸੁਰੱਖਿਅਤ ਥਾਂ ਤੇ ਪਹੁੰਚਾਇਆ ਜਾ ਸਕੇ ਅਤੇ ਉਪਰੰਤ ਉਹ ਬੇਫਿਕਰੀ ਨਾਲ ਅਬਦਾਲੀ ਨਾਲ ਸਿੱਝ ਸਕਣ।
ਡਾ: ਗੰਡਾ ਸਿੰਘ ਘੇਰਾ ਚੁੱਕਣ ਦਾ ਦੂਜਾ ਕਾਰਨ ਇਹ ਲਿਖਦੇ ਹਨ ਕਿ ਸਿੱਖ ਸਰਦਾਰ ਇਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਅਬਦਾਲੀ ਦੀਆਂ ਪਿਛਲੀਆਂ ਲੜਾਈਆਂ ਮਥੁਰਾ, ਬ੍ਰਿੰਦਾਬਨ ਅਤੇ ਪਾਣੀਪਤ ਦੌਰਾਨ ਕਿਵੇਂ ਔਰਤਾਂ ਅਤੇ ਬੱਚਿਆਂ ਨੂੰ ਕੈਦ ਕਰਕੇ ਆਪਣੇ ਨਾਲ ਲੈ ਗਿਆ ਸੀ ਜਿਸ ਨੂੰ ਉਪਰੰਤ ਜੱਸਾ ਸਿੰਘ ਨੇ ਛਡਾਇਆ ਸੀ ਅਤੇ ਸਿੱਖ ਇਸ ਸਮੇਂ ਅਜਿਹੀ ਕਿਸੇ ਵੀ ਪਰਿਸਥਿਤੀ ਵਿੱਚ ਨਹੀਂ ਪੈਣਾ ਚਾਹੁੰਦੇ ਸਨ।
ਸਿੱਖਾਂ ਘੇਰਾ ਚੁੱਕਣ ਤੋਂ ਬਾਅਦ ਮਲੇਰਕੋਟਲੇ ਕੋਲ ਡੇਰਾ ਕੀਤਾ। ਇਸ ਸਮੇਂ ਵਹੀਰ ਵਿਚ ਛੋਟੇ ਬੱਚੇ ,ਬਜ਼ੁਰਗ ਅਤੇ ਔਰਤਾਂ ਸ਼ਾਮਿਲ ਸਨ। ਭੀਖਣ ਖਾਂ, ਮਲੇਰਕੋਟਲੇ ਦਾ ਅਫ਼ਗਾਨ ਹਾਕਮ, ਨੂੰ ਜਦੋਂ ਪਤਾ ਲੱਗਾ ਕਿ ਸਿੱਖ ਰਾਏਪੁਰ ਗੁੱਜਰਵਾਲੋਂ ਦੱਖਣ ਵੱਲ, ਮਲੇਰਕੋਟਲੇ ਤੋਂ ਅੱਠ-ਦੱਸ ਮੀਲ ਦੂਰੀ ਤੇ ਹਨ ਤਾਂ ਉਸ ਨੇ ਇਹ ਖ਼ਬਰ ਜੈਨ ਖਾਂ,ਸਰਹਿੰਦ ਦੇ ਫ਼ੌਜਦਾਰ, ਨੂੰ ਪਹੁੰਚਾ ਦਿੱਤੀ ਅਤੇ ਅਬਦਾਲੀ ਨੂੰ ਸੁਨੇਹਾ ਭੇਜ ਦਿੱਤਾ।
3 ਫਰਵਰੀ 1762 ਨੂੰ ਅਬਦਾਲੀ ਨੇ ਲਾਹੌਰੋਂ ਕੂਚ ਕੀਤਾ ਅਤੇ ਜੈਨ ਖ਼ਾਨ ਨੂੰ ਸੁਨੇਹਾ ਲਾ ਦਿੱਤਾ ਕਿ ਉਹ ਸਿੱਖਾਂ ਤੇ ਅਗਲੇ ਪਾਸਿਓਂ ਹਮਲਾ ਕਰੇ।
ਅਬਦਾਲੀ ਦਾ ਸੁਨੇਹਾ ਮਿਲਦੇ ਸਾਰ ਹੀ ਜੈਨ ਖਾਂ, ਭੀਖਣ ਖਾਂ, ਮੁਰਤਜ਼ਾ ਖਾਂ ਵੜਾਇਚ, ਕਾਸਿਮ ਖਾਂ, ਦੀਵਾਨ ਲਕਸ਼ਮੀ ਨਾਰਾਇਣ ਸਿੱਖਾਂ ਦੇ ਵਿਆਪਕ ਕਤਲੇਆਮ ਦੀ ਤਿਆਰੀ ਕਰਨ ਲੱਗੇ।
5 ਫਰਵਰੀ 1762 ਦੀ ਹਨ੍ਹੇਰੀ ਸਵੇਰ ਨੂੰ ਜੈਨ ਖਾਂ ਦੀਆਂ ਫ਼ੌਜਾਂ ਕੁੱਪ ਪਿੰਡ ਪਹੁੰਚ ਗਈਆਂ ਜਿਥੇ ਸਿੰਘ ਰੁਕੇ ਹੋਏ ਸਨ। ਜੈਨ ਖ਼ਾਂ ਦੇ ਕਮਾਂਡਰ ਕਾਸਿਮ ਖਾਂ ਨੇ ਸਿੱਖਾਂ ਤੇ ਪਹਿਲਾ ਹਮਲਾ ਕੀਤਾ। ਸਿੱਖਾਂ ਲਈ ਇਹ ਹਮਲਾ ਅਚੰਭਿਤ ਸੀ ਉਹ ਕਿਸੇ ਵੀ ਤਰ੍ਹਾਂ ਜੰਗ ਲਈ ਤਿਆਰ ਨਹੀਂ ਸਨ। ਅਚਨਚੇਤ ਹਮਲੇ ਬਾਰੇ ਜਦੋਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਸਰਦਾਰ ਚੜ੍ਹਤ ਸਿੰਘ ਨੂੰ ਹਮਲੇ ਦਾ ਪਤਾ ਲੱਗਾ ਤਾਂ ਉਹ ਤੇਜ਼ੀ ਨਾਲ ਵਹੀਰ ਦੀ ਸੁਰੱਖਿਆ ਲਈ ਅੱਗੇ ਵਧੇ। ਸਿੱਖ ਸਰਦਾਰਾਂ ਨੇ ਜਿਸ ਜੋਸ਼ ਅਤੇ ਸੂਰਬੀਰਤਾ ਨਾਲ ਜਵਾਬੀ ਹਮਲਾ ਕੀਤਾ ਉਸ ਨੂੰ ਤਹਿਮਾਸ ਨਾਮੇ ਦਾ ਕਰਤਾ ਇਉਂ ਲਿਖਦਾ ਹੈ, “ਕਾਸਿਮ ਖਾਂ ਸਿੱਖਾਂ ਦੇ ਹਮਲੇ ਅੱਗੇ ਨਾ ਖੜ੍ਹ ਸਕਿਆ। ਉਹ ਪਿੱਛੇ ਹਟਣ ਲੱਗਿਆ ਮੈਂ ਉਸ ਨੂੰ ਰੋਕਿਆ ਕਿ ਅਜਿਹਾ ਨਾ ਕਰੇ। ਪਰ ਉਸ ਨੇ ਮੇਰੀ ਸੁਣੀ ਨਹੀਂ। ਉਹ ਮਲੇਰਕੋਟਲੇ ਵੱਲ ਭੱਜ ਗਿਆ। ” ਤਹਿਮਾਸ ਖਾਂ ਨੇ ਫਿਰ ਆਪਣੀ ਫ਼ੌਜ ਨੂੰ ਮੁਰਤਜ਼ਾ ਖਾਂ ਵੜਾਇਚ ਨਾਲ ਮਿਲਾ ਲਿਆ ਜੋ ਕਿ ਪੰਜ ਸੌ ਫ਼ੌਜ ਦੀ ਟੁਕੜੀ ਨਾਲ ਉੱਥੇ ਮੌਜੂਦ ਸੀ।
ਸੂਰਜ ਦੀ ਟਿੱਕੀ ਚੜਨ ਨਾਲ ਅਹਿਮਦ ਸ਼ਾਹ ਅਬਦਾਲੀ ਵੀ ਜੰਗ ਵਿੱਚ ਪਹੁੰਚ ਚੁਕਿਆ ਸੀ ।
ਤਹਿਮਾਸ ਖਾਂ ਲਿਖਦਾ ਹੈ ਕਿ “ਅਬਦਾਲੀ ਨੇ ਸਾਡੀ ਫ਼ੋਜ ਨੂੰ ਘੇਰਾ ਪਾ ਲਿਆ। ਮੈਂ ਇਕੱਲਾ ਹੀ ਸੀ ਜਿਸਨੇ ਕੁਲ੍ਹਾ (ਮੁਸਲਮਾਨੀ ਕਵਚ) ਪਹਿਨਿਆ ਹੋਇਆ ਸੀ। ਮੈਂ ਸ਼ਾਹੀ ਫ਼ੌਜ ਨੂੰ ਸਮਝਾਇਆ ਕਿ ਅਸੀਂ ਸ਼ਾਹ ਦੇ ਮਦਦਗਾਰ ਹੀ ਹਾਂ। ਅਹਿਮਦ ਸ਼ਾਹ ਮੇਰੇ ਸਪਸ਼ਟੀਕਰਨ ਨਾਲ ਸੰਤੁਸ਼ਟ ਹੋ ਗਿਆ”। ਅਹਿਮਦ ਸ਼ਾਹ ਨੇ ਆਪਣੇ ਉਜਬਕ ਦਸਤਿਆਂ ਨੂੰ ਇਹ ਹੁਕਮ ਦਿੱਤਾ ਹੋਇਆ ਸੀ ਕਿ ਜਿੱਥੇ ਵੀ ਕੋਈ ਪੰਜਾਬੀ ਕੱਪੜਿਆਂ ਵਾਲਾ ਮਿਲੇ ਉਸ ਨੂੰ ਮਾਰ ਦਿਓ। ਜੈਨ ਖ਼ਾਂ ਨੇ ਆਪਣੇ ਸੈਨਿਕਾਂ ਨੂੰ ਦਰੱਖਤਾਂ ਦੇ ਹਰੇ ਪੱਤੇ ਆਪਣੇ ਸਿਰਾਂ ਤੇ ਟੰਗਣ ਦਾ ਹੁਕਮ ਦਿੱਤਾ ਤਾਂ ਜੋ ਲੜਾਈ ਵੇਲੇ ਉਨ੍ਹਾਂ ਦੀ ਪਹਿਚਾਣ ਆ ਸਕੇ।
ਸਿੱਖ ਸਰਦਾਰਾਂ ਨੇ ਵਿਚਾਰ ਕੀਤੀ ਕਿ ਡੱਟਵੀਂ ਲੜਾਈ ਤਾਂ ਹੀ ਸੰਭਵ ਹੈ ਜੇਕਰ ਉਹ ਬਜ਼ੁਰਗਾਂ ਬੱਚਿਆਂ ਅਤੇ ਔਰਤਾਂ ਨੂੰ ਸੁਰੱਖਿਅਤ ਥਾਂ ਤੇ ਪਹੁੰਚਾ ਸਕਣ। ਉਨ੍ਹਾਂ ਫੈਸਲਾ ਕੀਤਾ ਕਿ ਪਰਿਵਾਰਾਂ ਨੂੰ ਮਾਲਵੇ ਦੇ ਸਰਦਾਰਾਂ ਦੇ ਵਕੀਲਾਂ ਨਾਲ ਸੁਰੱਖਿਅਤ ਜਗ੍ਹਾ ਤੋਰ ਦਿੱਤਾ ਜਾਵੇ। ਕੈਥਲ ਦੇ ਵਕੀਲ ਸੰਗੂ ਸਿੰਘ, ਆਲਾ ਸਿੰਘ ਦੇ ਵਕੀਲ ਸੇਖੂ ਸਿੰਘ ਹੰਬਲਵਾਲੇ ਅਤੇ ਭਾਈ ਬੁੱਢਾ ਸਿੰਘ ਦੇ ਵਕੀਲ ਨੂੰ ਕਿਹਾ ਕਿ ਉਹ ਵਹੀਰ ਨੂੰ ਕਿਸੇ ਸੁਰੱਖਿਅਤ ਥਾਂ ਪੁਰ ਲੈ ਜਾਣ। ਵਹੀਰ ਅਜੇ ਕੇਵਲ ਤਿੰਨ-ਚਾਰ ਮੀਲ ਹੀ ਗਈ ਸੀ ਕਿ ਵਲੀ ਖਾਂ ਅਤੇ ਭੀਖਣ ਖ਼ਾਨ ਨੇ ਉਨ੍ਹਾਂ ਤੇ ਹਮਲਾ ਕਰ ਦਿੱਤਾ।
ਹੁਣ ਨਵੀਂ ਰਣਨੀਤੀ ਮੁਤਾਬਕ ਖਾਲਸਾ ਜੀ ਨੇ ਵਹੀਰ ਦੇ ਆਲੇ ਦੁਆਲੇ ਗੋਲ ਘੇਰਾ ਬਣਾ ਲਿਆ ਤਾਂ ਜੋ ਫ਼ੌਜ ਨਾਲ ਲੜਦੇ-ਲੜਦੇ ਹੀ ਵਹੀਰ ਦਾ ਬਚਾਅ ਕੀਤਾ ਜਾ ਸਕੇ। ਸਿੰਘ ਵਹੀਰ ਦੁਆਲੇ ਕੁੰਡਲ ਬਣਾਈ ਤੁਰਦੇ-ਤੁਰਦੇ ਲੜ ਰਹੇ ਸਨ। ਇਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਅਤੇ ਸਰਦਾਰ ਸ਼ਾਮ ਸਿੰਘ ਵਹੀਰ ਅਤੇ ਲੜਾਕੂ ਸਿੰਘਾਂ ਦੀ ਅਗਵਾਈ ਕਰ ਰਹੇ ਸਨ। ਉਹ ਵਹੀਰ ਦੇ ਆਲੇ ਦੁਆਲੇ ਇੱਕ ਕੁੰਡਲ ਬਣਾ ਕੇ ਉਹ ਸ਼ਾਹੀ ਫ਼ੌਜ ਦਾ ਮੁਕਾਬਲਾ ਕਰਦੇ ਅੱਗੇ ਵਧ ਰਹੇ ਸਨ । ਉਨ੍ਹਾਂ ਦਾ ਲਗਾਤਾਰ ਅੱਗੇ ਵਧੀ ਜਾਣਾ ਅਬਦਾਲੀ ਫੌਜ ਨੂੰ ਕੋਈ ਖ਼ਾਸ ਕਾਮਯਾਬੀ ਨਹੀਂ ਦੇ ਰਿਹਾ ਸੀ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਸਿੱਖਾਂ ਦਾ ਕੁੰਡਲ ਤੋੜਨ ਵਿਚ ਕਾਮਯਾਬ ਨਾ ਹੋ ਸਕੇ ਅਤੇ ਨਾ ਹੀ ਸਿੱਖਾਂ ਦੇ ਲਗਾਤਾਰ ਅੱਗੇ ਵਧਣ ਨੂੰ ਬੰਨ੍ਹ ਲਾਇਆ ਜਾ ਸਕਿਆ। ਖਿਝੇ ਹੋਏ ਅਬਦਾਲੀ ਨੇ ਜੈਨ ਖਾਂ ਅਤੇ ਲਕਸ਼ਮੀ ਨਾਰਾਇਣ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਸਿੱਖਾਂ ਨੂੰ ਅੱਗਿਓਂ ਰੋਕਦੇ ਕਿਉਂ ਨਹੀਂ ? ਸੁਨੇਹਾਕਾਰ ਨੇ ਕਿਹਾ, “ਜੇ ਤੁਸੀਂ ਉਨ੍ਹਾਂ ਦੀ ਚਾਲ ਨੂੰ ਅੱਗਿਓਂ ਡੱਕ ਲਵੋ ਅਸੀਂ ਸਿੱਖਾਂ ਨੂੰ ਖ਼ਤਮ ਕਰਨ ਵਿੱਚ ਬਹੁਤਾ ਸਾਮਾਨ ਨਹੀਂ ਲਾਵਾਂਗੇ ” ਜੈਨ ਖਾਂ ਨੇ ਜਵਾਬ ਦਿੱਤਾ, “ਪਰ ਇਹ ਸੰਭਵ ਨਹੀਂ ਕਿ ਉਨ੍ਹਾਂ ਨੂੰ ਅੱਗਿਓਂ ਰੋਕਿਆ ਜਾ ਸਕੇ”
ਵਹੀਰ ਲਗਾਤਾਰ ਅੱਗੇ ਵੱਧ ਰਹੀ ਸੀ। ਕਈ ਬਜ਼ੁਰਗ ਅਤੇ ਬੱਚੇ ਥੱਕ ਟੁੱਟ ਕੇ ਡਿੱਗ ਪਏ ਸਨ। ਕਈ ਪਿੰਡ ਲੰਘੇ ਪਰ ਕਿਸੇ ਨੇ ਠਾਹਰ ਨਾ ਦਿੱਤੀ। ਜਿਥੋਂ ਕਿਤੋਂ ਅਫ਼ਗਾਨੀ ਫ਼ੌਜ ਦਾ ਦਾਅ ਲੱਗਦਾ ਉਹ ਸਿੱਖਾਂ ਦਾ ਬਹੁਤ ਜਾਨੀ ਨੁਕਸਾਨ ਕਰਦੇ। ਹੁਣ ਕਿਤੋਂ-ਕਿਤੋਂ ਕੁੰਡਲ ਵਿਚ ਪਾੜ ਪੈ ਚੁੱਕਾ ਸੀ। ਫੇਰ ਵੀ ਸਿੱਖ ਪੂਰੀ ਸੂਰਬੀਰਤਾ ਨਾਲ ਲੜ ਰਹੇ ਸਨ।
ਦੁਪਹਿਰੋਂ ਬਾਅਦ ਸਿੱਖ ਕੁਤਬਾ ਅਤੇ ਬਾਹਮਣੀ ਪਿੰਡ ਪਹੁੰਚੇ ਤਾਂ ਜੋ ਭੁੱਖੇ ਤਿਹਾਇਆ ਨੂੰ ਕੋਈ ਠਾਹਰ ਮਿਲ ਸਕੇ। ਪਰ ਇਹ ਪਿੰਡ ਰੰਗੜਾਂ ਦੇ ਸਨ ਜੋ ਕਿ ਮਲੇਰਕੋਟਲੇ ਦੇ ਅਫ਼ਗਾਨਾਂ ਨਾਲ ਸਬੰਧ ਰੱਖਦੇ ਸਨ। ਠਾਹਰ ਦੀ ਬਜਾਏ ਰੰਗੜਾਂ ਨੇ ਵਹੀਰ ਤੇ ਹੱਲਾ ਬੋਲ ਦਿੱਤਾ ਅਤੇ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। ਰਤਨ ਸਿੰਘ ਭੰਗੂ ਲਿਖਦੇ ਹਨ ਚੜ੍ਹਤ ਸਿੰਘ ਉਨ੍ਹਾਂ ਦੇ ਬਚਾਅ ਲਈ ਅੱਗੇ ਵਧਿਆ ਅਤੇ ਹਮਲਾਵਰ ਰੰਗੜਾਂ ਨੂੰ ਪਿੱਛੇ ਧੱਕ ਦਿੱਤਾ।
ਇਸ ਸਮੇਂ ਤਕ ਕੁੰਡਲ ਕਈ ਥਾਂਵਾਂ ਤੋਂ ਟੁੱਟ ਚੁੱਕਾ ਸੀ। ਬਜ਼ੁਰਗ ਬੱਚਿਆਂ ਅਤੇ ਔਰਤਾਂ ਦੀਆਂ ਕਈ ਹਜ਼ਾਰ ਜਾਨਾਂ ਜਾ ਚੁੱਕੀਆਂ ਸਨ। ਪਰ ਲੜਾਈ ਓਸੇ ਤਰਾਂ ਜਾਰੀ ਸੀ। ਹਥਿਆਰਾਂ ਦੀ ਘਾਟ ਅਤੇ ਅਯੋਗ ਹਾਲਾਤਾਂ ਦੇ ਬਾਵਜੂਦ ਸਿੰਘ ਸੂਰਬੀਰਤਾ ਨਾਲ ਜੂਝੇ।
ਸ਼ਾਹ ਦੇ ਫ਼ੌਜੀ ਦਸਤੇ ਹੁਣ ਥੱਕ ਕੇ ਚੂਰ ਹੋ ਚੁੱਕੇ ਸਨ। ਪਿਛਲੇ 36 ਘੰਟਿਆਂ ਦੌਰਾਨ ਉਨ੍ਹਾਂ ਲਗਭਗ 240 ਕਿਲੋਮੀਟਰ ਦਾ ਪੰਧ ਦੁਸ਼ਮਣ ਨਾਲ ਲੜਦਿਆਂ ਕੱਢਿਆ ਸੀ। ਅਬਦਾਲੀ ਨੇ ਬਰਨਾਲੇ ਨੇੜੇ ਲੜਾਈ ਰੋਕਣ ਦੇ ਹੁਕਮ ਦਿੱਤੇ। ਅਹਿਮਦ ਸ਼ਾਹ ਸਿੱਖਾਂ ਦੇ ਹੱਥ ਦੇਖ ਚੁੱਕਾ ਸੀ ਉਹ ਜਾਣਦਾ ਸੀ ਕਿ ਸਿੱਖ ਅਚਨਚੇਤ ਹੱਲੇ ਹੇਠ ਆ ਫਸੇ ਹਨ। ਜਦੋਂ ਵੀ ਮੌਕਾ ਲੱਗਾ ਉਹ ਜ਼ਖ਼ਮੀ ਸ਼ੇਰ ਵਾਂਗ ਵੱਡਾ ਹੰਭਲਾ ਜ਼ਰੂਰ ਮਾਰਨਗੇ ਅਤੇ ਅਗਲਾ ਇਲਾਕਾ ਵੀ ਸਿੱਖ ਵਸੋਂ ਵਾਲਾ ਆ ਰਿਹਾ ਸੀ ਇਨ੍ਹਾਂ ਗੱਲਾਂ ਦੇ ਮੱਦੇਨਜ਼ਰ ਉਸ ਨੇ ਅੱਗੇ ਵੱਧਣਾ ਮੁਨਾਸਬ ਨਾ ਸਮਝਿਆ।
ਸਿੱਖ ਸਰਦਾਰਾਂ ਬੜੀ ਦਲੇਰੀ ਅਤੇ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਈ ਤੁਰਦੇ-ਤੁਰਦੇ ਲੜਦੇ ਰਹੇ। ਸਿੰਘ ਥੱਕ ਚੁੱਕੇ ਸਨ। ਘੋੜੇ ਨਿਢਾਲ ਸਨ। ਪਰ ਸਰਦਾਰ ਚੜ੍ਹਤ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਆਪਣੇ ਹੱਠ ਤੇ ਅੜੇ ਹੋਏ ਸਨ ਡਾ:ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਅਨੁਸਾਰ ਜੱਸਾ ਸਿੰਘ ਨੂੰ ਜੰਗ ਦੌਰਾਨ 22 ਜ਼ਖ਼ਮ ਅਤੇ ਚੜ੍ਹਤ ਸਿੰਘ 16 ਜ਼ਖ਼ਮ ਲੱਗੇ । ਕੋਈ ਵੀ ਸਰਦਾਰ ਅਜਿਹਾ ਨਹੀਂ ਸੀ ਜਿਸ ਨੂੰ 5-7 ਜ਼ਖ਼ਮ ਨਾ ਲੱਗੇ ਹੋਣ।
ਅਹਿਮਦ ਸ਼ਾਹ ਅਬਦਾਲੀ ਨੇ 15 ਫਰਵਰੀ ਤਕ ਸਰਹੱਦ ਟਿਕਾਣਾ ਕੀਤਾ। ਇੱਥੇ ਹੀ ਆਲਾ ਸਿੰਘ ,ਫੂਲਕੀਆ ਮਿਸਲ , ਅਬਦਾਲੀ ਅੱਗੇ ਪੇਸ਼ ਹੋਇਆ ਅਤੇ 6 ਲੱਖ 25 ਹਜ਼ਾਰ ਰੁਪਿਆ ਨਜ਼ਰਾਨੇ ਵਜੋਂ ਭੇਟ ਕੀਤਾ। ਦੱਸਣਯੋਗ ਯੋਗ ਹੈ ਕਿ ਆਲਾ ਸਿੰਘ ਨੇ ਅਬਦਾਲੀ ਦੇ ਪਿਛਲੇ ਹੱਲੇ ਦੌਰਾਨ ਉਸ ਦੀ ਅਧੀਨਗੀ ਕਬੂਲ ਲਈ ਸੀ
ਵਹੀਰ ਦੇ ਜਾਨੀ ਨੁਕਸਾਨ ਦਾ ਅੰਦਾਜ਼ਾ ਲਾਉਣਾ ਕਾਫੀ ਮੁਸ਼ਕਲ ਹੈ ਅਲੱਗ-ਅਲੱਗ ਵਿਦਵਾਨਾਂ ਵੱਲੋਂ ਵੱਖਰੇ-ਵੱਖਰੇ ਅੰਕੜੇ ਦਿੱਤੇ ਗਏ ਹਨ। ਪਰ ਇਸ ਪੱਧਰ ਦਾ ਜਾਨੀ ਨੁਕਸਾਨ ਸਿੱਖਾਂ ਦਾ ਪਹਿਲਾਂ ਕਦੀ ਨਹੀਂ ਸੀ ਹੋਇਆ। ਐਡਾ ਵੱਡਾ ਜਾਨੀ ਨੁਕਸਾਨ ਕਿਸੇ ਵੀ ਕੌਮ ਲਈ ਅਸਹਿ ਹੁੰਦਾ ਹੈ ਪਰ ਸਿੱਖ ਪਿਛਲੇ 50 ਸਾਲਾਂ ਤੋਂ ਕਈ ਕਤਲੇਆਮਾਂ ਵਿਚੋਂ ਲੰਘ ਚੁੱਕੇ ਸਨ। ਗੁਰੂ ਭਾਣੇ ਅੰਦਰ ਓਹ ਡੋਲੇ ਨਹੀਂ ਅਤੇ ਇਸ ਅਗੰਮੀ ਖੇਡ ਨੂੰ ਭਾਣਾ ਸਮਝ ਕੇ ਹੱਸ ਸਹਿ ਲਿਆ।
ਇਸ ਚੜ੍ਹਦੀ ਕਲਾ ਦਾ ਅਹਿਸਾਸ ਘਲੂਘਾਰੇ ਦੀ ਸ਼ਾਮ ਇਕ ਨਿਹੰਗ ਸਿੰਘ ਦੇ ਬੋਲਾਂ ਤੋਂ ਸਹਿਜੇ ਹੀ ਹੋ ਜਾਂਦਾ ਹੈ ਸਿੰਘ ਉੱਚੀ-ਉੱਚੀ ਕਹਿ ਰਿਹਾ ਸੀ।
ਤੱਤ ਖਾਲਸੋ ਸੋ ਰਹਯੋ, ਗਯੋ ਸੋ ਖੋਟ ਗਵਾਇ
ਭਾਵ, ਖਾਲਸਾ ਜਿਉਂ ਦਾ ਤਿਉਂ ਅਡੋਲ ਹੈ ਮੋਹ ਮਾਇਆ ਦੀ ਨਾਸਵਾਨ ਮੂਰਤ ਜੋ ਸੀ ਉਹ ਅਲੋਪ ਹੋ ਗਈ ਹੈ।
** ਸਹਾਇਤਾ ਸੂਚੀ :
∙ ਪੰਥ ਪ੍ਰਕਾਸ਼ -ਰਤਨ ਸਿੰਘ ਭੰਗੂ
∙ ਸਰਦਾਰ ਜੱਸਾ ਸਿੰਘ ਆਹਲੂਵਾਲੀਆ -ਗੰਡਾ ਸਿੰਘ
∙ ਸਿੱਖ ਪੰਥ ਵਿਸ਼ਵਕੋਸ਼ -ਡਾ: ਰਤਨ ਸਿੰਘ ਜੱਗੀ
∙ ਤਾਰੀਖ਼-ਏ-ਪੰਜਾਬ -ਘਨ੍ਹਈਆ ਲਾਲ
∙ The Sixth invasion of Ahmad Shah Durrani and Wadda Ghalughara -Harpreet Kaur
∙ Political ideas of the Sikhs during the 18th,19th and 20th centuries -Dr. Fauja Singh
∙ Tehmas Nama-Tehmas Khan