ਦਸਤਾਰ ਸਿੱਖ ਦੀ ਪਛਾਣ ਅਤੇ ਸਵੈਮਾਣ ਦਾ ਮਹੱਤਵਪੂਰਨ ਅੰਗ ਹੈ। ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਵੀ ‘ਦਸਤਾਰ’ ਤੋਂ ਬਗ਼ੈਰ ਨਹੀਂ ਦੇਖਿਆ ਜਾ ਸਕਦਾ। ਫ਼ਾਰਸੀ ਭਾਸ਼ਾ ਦੇ ਸ਼ਬਦ ਦਸਤਾਰ ਦਾ ਅਰਥ ਹੈ ‘ਪੱਗ’ ਜਾਂ ‘ਪਗੜੀ’। ਦਸਤਾਰ ਬੰਨ੍ਹਣ ਵਾਲੇ ਜਾਂ ਡਿਗਰੀ ਪ੍ਰਾਪਤ ਵਿਦਵਾਨ ਲਈ ਫ਼ਾਰਸੀ ਭਾਸ਼ਾ ਵਿਚ ‘ਦਸਤਾਰਬੰਦ’ ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਚ ਵੀ ਦਸਤਾਰ ਸ਼ਬਦ ਦੀ ਵਰਤੋਂ ਕੀਤੀ ਗਈ ਹੈ-”ਸਾਬਤ ਸੂਰਤਿ ਦਸਤਾਰ ਸਿਰਾ॥” ਭਾਈ ਗੁਰਦਾਸ ਜੀ ਦਸਤਾਰ ਦੀ ਤੁਲਨਾ ਸੱਚ ਨਾਲ ਕਰਦੇ ਹੋਏ ਕਹਿੰਦੇ ਹਨ ਕਿ ਸੱਚ ਸਿਰ ਦੀ ਪੱਗ ਵਾਂਗ ਸ਼ੋਭਦਾ ਹੈ-‘ਸਚੁ ਸੋਹੈ ਸਿਰ ਪਗ ਜਿਉ ਕੋਝਾ ਕੂੜੁ ਕੁਥਾਇ ਕਛੋਟਾ॥’ ਦਸਤਾਰ ਦੀ ਪਛਾਣ ਸਵੈਮਾਨ ਅਤੇ ਜਿਊਂਦੇ ਰਹਿਣ ਦਾ ਪ੍ਰਤੀਕ ਹੈ। ਵਿਭਿੰਨ ਰੂਪਾਂ ‘ਚ ਇਸ ਸ਼ਬਦ ਦੀ ਵਰਤੋਂ ਪੰਜਾਬੀ ਜੀਵਨ-ਜਾਚ ‘ਚ ਵੀ ਦੇਖਣ ਨੂੰ ਮਿਲਦੀ ਹੈ ਜਿਵੇਂ, ਪੱਗ ਵਟਾਉਣੀ, ਪੱਗ ਬਚਾਉਣੀ, ਦਸਤਾਰ ਸਜਾਉਣੀ, ਦਸਤਾਰਬੰਦੀ, ਰਸਮ ਪਗੜੀ ਆਦਿ। ਕਿਸੇ ਦੀ ਪੱਗ ਲਾਹੁਣ ਜਾਂ ਪੱਗ ਲੁਹਾਉਣ ਨੂੰ ਬਹੁਤ ਬੁਰਾ ਮੰਨਿਆ ਜਾਂਦਾ ਹੈ। ਇਥੋਂ ਤੱਕ ਕਿ ਜਦੋਂ ਨੌਜਵਾਨ ਮੁੰਡੇ ਜਾਂ ਕੁੜੀਆਂ ਘਰੋਂ ਬਾਹਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਪਿਤਾ ਦੀ ਪੱਗ ਨੂੰ ਦਾਗ਼ ਨਾ ਲਾਉਣ ਦੀ ਸਿੱਖਿਆ ਵੀ ਦਿੱਤੀ ਜਾਂਦੀ ਹੈ।
ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਬਾਰਾਂ ਸਾਲ ਸੇਵਾ ਕੀਤੀ। ਇਸ ਸੇਵਾ ਬਦਲੇ ਉਨ੍ਹਾਂ ਨੂੰ ਹਰ ਸਾਲ ਗੁਰੂ ਸਾਹਿਬ ਵਲੋਂ ਇਕ ਸਿਰੋਪਾ ਦਿੱਤਾ ਜਾਂਦਾ ਸੀ, ਜਿਸ ਨੂੰ ਉਹ ਸਤਿਕਾਰ ਸਹਿਤ ਸਿਰ ਉੱਤੇ ਬੰਨ੍ਹ ਲੈਂਦੇ ਸਨ। ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਸਮਾਉਣ ਦੀ ਰਸਮ ਗੋਇੰਦਵਾਲ ਸਾਹਿਬ ਵਿਖੇ ਹੋਈ ਤਾਂ ਉੱਥੇ ਵੀ ਪਗੜੀ ਦੀ ਰਸਮ ਕੀਤੀ ਗਈ ਸੀ। ਭਾਵੇਂ ਕਿ ਗੁਰੂ ਰਾਮਦਾਸ ਜੀ ਨੇ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਦਿੱਤੀ ਸੀ ਪਰ ਫਿਰ ਵੀ ਪ੍ਰਿਥੀ ਚੰਦ ਵੱਡਾ ਪੁੱਤਰ ਹੋਣ ਕਰਕੇ ਗੁਰਗੱਦੀ ‘ਤੇ ਆਪਣਾ ਹੱਕ ਸਮਝਦਾ ਸੀ। ਬਾਬਾ ਸ੍ਰੀ ਚੰਦ ਜੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਸਨ ਅਤੇ ਗੁਰੂ ਪੁੱਤਰ ਹੋਣ ਕਰਕੇ ਉਨ੍ਹਾਂ ਦਾ ਗੁਰੂ ਘਰ ‘ਚ ਸਤਿਕਾਰ ਸੀ। ਉਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਜੋਤੀ-ਜੋਤਿ ਸਮਾਉਣ ਸਮੇਂ ਪਗੜੀ ਦੀ ਰਸਮ ਮੌਕੇ ਇਕ ਨਹੀਂ ਬਲਕਿ ਦੋ ਪਗੜੀਆਂ ਭੇਜੀਆਂ ਸਨ। ਘਰ ‘ਚ ਦਿੱਤਾ ਪੁੱਤਰ ਹੋਣ ਕਰਕੇ ਇਕ ਪਗੜੀ ਪ੍ਰਿਥੀ ਚੰਦ ਲਈ ਸੀ ਅਤੇ ਗੁਰੂ ਦੇ ਸਤਿਕਾਰ ਵਜੋਂ ਇਕ ਪਗੜੀ ਗੁਰੂ ਅਰਜਨ ਦੇਵ ਜੀ ਨੂੰ ਭੇਟ ਕੀਤੀ ਗਈ ਸੀ। ਭਾਈ ਕੇਸਰ ਸਿੰਘ ਛਿੱਬਰ ਦੱਸਦੇ ਹਨ:
ਸਿਰੀ ਚੰਦ ਸਾਹਿਬ ਜੀ ਪੱਗ ਭਿਜਵਾਈ।
ਇਕ ਪ੍ਰਿਥੀਏ ਨੂੰ, ਇਕ ਅਰਜਨ ਨੂੰ ਆਈ।
ਮਰਨੇ ਦੀ ਪੱਗ ਪ੍ਰਿਥੀਏ ਬੱਧੀ।
ਗੁਰਿਆਈ ਦੀ ਪੱਗ ਗੁਰੂ ਅਰਜਨ ਬੱਧੀ।
(ਬੰਸਾਵਲੀਨਾਮਾ, ਪੰਨਾ 41)
ਪਾਉਂਟਾ ਸਾਹਿਬ ਵਿਖੇ ਦਸਤਾਰ ਅਸਥਾਨ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਮਿਲਦਾ ਹੈ। ਇਹ ਉਹ ਅਸਥਾਨ ਹੈ ਜਿੱਥੇ ਭੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਯੋਧਿਆਂ ਨੂੰ ਸਿਰੋਪੇ ਬਖ਼ਸ਼ਿਸ਼ ਕੀਤੇ ਸਨ। 1699 ਦੀ ਵਿਸਾਖੀ ਮੌਕੇ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੇ ਦਸਤਾਰ ਨੂੰ ਖ਼ਾਲਸੇ ਦੀ ਜੀਵਨ-ਜਾਚ ਦਾ ਅੰਗ ਬਣਾ ਦਿੱਤਾ ਸੀ। ਇਸ ਸੰਬੰਧੀ ਇਕ ਵਿਚਾਰ ਇਹ ਵੀ ਸਾਹਮਣੇ ਆਉਂਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਸੀ ਤਾਂ ਉਸ ਸਮੇਂ ਉੱਥੇ ਬਹੁਤ ਸਾਰੇ ਸਿੱਖ ਮੌਜੂਦ ਸਨ ਪਰ ਹਕੂਮਤ ਦੇ ਡਰ ਕਾਰਨ ਕੋਈ ਸਾਹਮਣੇ ਨਹੀਂ ਆਇਆ ਸੀ। ਗੁਰੂ ਜੀ ਨੇ ਉਸੇ ਸਮੇਂ ਇਹ ਦ੍ਰਿੜ੍ਹ ਸੰਕਲਪ ਕਰ ਲਿਆ ਸੀ ਕਿ ਉਹ ਅਜਿਹੇ ਪੰਥ ਦੀ ਸਿਰਜਣਾ ਕਰਨਗੇ ਜਿਹੜਾ ਲੁਕ ਨਹੀਂ ਸਕੇਗਾ। ਇਸ ਦ੍ਰਿਸ਼ਟੀ ਤੋਂ ਸਿੱਖ ਦੀ ਦਸਤਾਰ ਉਸ ਨੂੰ ਆਪਣੀ ਵੱਖਰੀ ਪਛਾਣ ਅਤੇ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਹੈ ਅਤੇ ਨਾਲ ਹੀ ਗੁਰੂ ਜੀ ਦੀ ਸਿੱਖਿਆ ਅਤੇ ਸੰਦੇਸ਼ ‘ਤੇ ਦ੍ਰਿੜ੍ਹਤਾਪੂਰਵਕ ਪਹਿਰਾ ਦੇਣ ਦੀ ਪ੍ਰੇਰਨਾ ਵੀ ਪੈਦਾ ਕਰਦੀ ਹੈ। ਖ਼ਾਲਸੇ ਦੀ ਸਿਰਜਣਾ ਸਮੇਂ ਖ਼ਾਲਸੇ ਲਈ ਵਿਸ਼ੇਸ਼ ਮਰਯਾਦਾ ਤਿਆਰ ਕੀਤੀ ਗਈ, ਜਿਸ ‘ਚ ‘ਪੰਜ ਕਕਾਰਾਂ’ ਨੂੰ ਧਾਰਨ ਕਰਨ ਤੋਂ ਇਲਾਵਾ ਹੋਰ ਵੀ ਦਿਸ਼ਾ-ਨਿਰਦੇਸ਼ ਪ੍ਰਦਾਨ ਕੀਤੇ ਗਏ ਸਨ। ਇਨ੍ਹਾਂ ਆਦੇਸ਼ਾਂ ‘ਚ ਦਸਤਾਰ ਦਾ ਜ਼ਿਕਰ ਕਰਦੇ ਹੋਏ ਭਾਈ ਰਤਨ ਸਿੰਘ ਭੰਗੂ ਦੱਸਦੇ ਹਨ:
ਪਹਿਰ ਕਛਹਿਰੇ ਸਿਰ ਬੰਧਯੋ ਪਾਗ॥
ਗੁਰ ਗ੍ਰੰਥ ਬਚਨ ਪਰ ਰਹਯੋ ਲਾਗ॥
ਸਿੱਖ ਪਰੰਪਰਾ ‘ਚ ਸਿੱਖ ਦੀ ਜੀਵਨ-ਜਾਚ ਦਾ ਅਟੁੱਟ ਅੰਗ ਬਣੀ ਦਸਤਾਰ ਸੰਬੰਧੀ ਵਰਣਨ ਕਰਦੇ ਹੋਏ ਭਾਈ ਨੰਦ ਲਾਲ ਜੀ ਕਹਿੰਦੇ ਹਨ:
ਕੰਘਾ ਦੋਵੇਂ ਵਕਤ ਕਰ ਪੱਗ ਚੁਣ ਕਰ ਬਾਂਧਈ॥
ਸਿੱਖ ਮਰਯਾਦਾ ਦਾ ਅੰਗ ਬਣ ਚੁੱਕੀ ਦਸਤਾਰ ਪ੍ਰਤੀ ਸਿੱਖ ਨੂੰ ਹਮੇਸ਼ਾ ਸੁਚੇਤ ਰਹਿਣ ਦੀ ਪ੍ਰੇਰਨਾ ਦਿੱਤੀ ਗਈ ਹੈ। ਪੁਰਾਤਨ ਸਿੱਖਾਂ ਦੀ ਮਰਯਾਦਾ ‘ਚ ਰੋਜ਼ਾਨਾ ਦੋ ਵਾਰੀ ਦਸਤਾਰ ਬੰਨ੍ਹਣ ਦਾ ਜ਼ਿਕਰ ਵੀ ਮਿਲਦਾ ਹੈ:
ਦੇਇ ਵੇਲੇ ਉਠ ਬੰਧਯੋ ਦਸਤਾਰੇ॥
ਪਹਰ ਆਠ ਰੱਖਯੋ ਸ਼ਸਤ੍ਰ ਸੰਭਾਰੇ॥
ਗੁਰੂ ਗੋਬਿੰਦ ਸਿੰਘ ਜੀ ਨੇ ਦਸਤਾਰ ਨੂੰ ਸਿੱਖ ਜੀਵਨ-ਜਾਚ ਦਾ ਅੰਗ ਬਣਾ ਦਿੱਤਾ ਸੀ ਪਰ ਦਸਤਾਰ ਬੰਨ੍ਹਣ ਦਾ ਰਿਵਾਜ ਪੰਜਾਬ ‘ਚ ਹੋਰਨਾਂ ਧਰਮਾਂ ਦੇ ਪੈਰੋਕਾਰਾਂ ‘ਚ ਵੀ ਪ੍ਰਚੱਲਿਤ ਸੀ। ਰਾਜ-ਭਾਗ ‘ਚ ਸ਼ਾਨ ਦਾ ਚਿੰਨ੍ਹ ਸਮਝੀ ਜਾਣ ਵਾਲੀ ਪਗੜੀ ਹਰ ਇਕ ਵਿਅਕਤੀ ਲਈ ਖਿੱਚ ਦਾ ਕਾਰਨ ਸੀ। ਮੁਗ਼ਲ ਬਾਦਸ਼ਾਹ, ਸੂਬੇਦਾਰ ਅਤੇ ਅਹਿਲਕਾਰ ਪਗੜੀ ਪਹਿਨ ਕੇ ਹੀ ਹਕੂਮਤ ਦਾ ਹਿੱਸਾ ਬਣ ਸਕਦੇ ਸਨ। ਅਠਾਰ੍ਹਵੀਂ ਸਦੀ ‘ਚ ਜਦੋਂ ਸਿੱਖਾਂ ‘ਤੇ ਸੰਕਟ ਦਾ ਸਮਾਂ ਆਇਆ ਤਾਂ ਉਨ੍ਹਾਂ ਦੀ ਪਛਾਣ ਦਸਤਾਰ ਤੋਂ ਕੀਤੀ ਜਾਣ ਲੱਗੀ ਸੀ। ਸਿੱਖ ਘੱਟ-ਗਿਣਤੀ ‘ਚ ਸਨ ਅਤੇ ਜਦੋਂ ਉਨ੍ਹਾਂ ‘ਚੋਂ ਕਦੇ ਕਿਸੇ ਨੂੰ ਮੁਗਲ ਹਕੂਮਤ ਦੇ ਅਹਿਲਕਾਰ ਨੂੰ ਸੌਂਪਣਾ ਹੁੰਦਾ ਤਾਂ ਮੁਗਲਈ ਭੇਖ ਧਾਰਨ ਕਰ ਲੈਂਦੇ ਸਨ ਅਤੇ ਉਨ੍ਹਾਂ ਵਰਗੀ ਦਸਤਾਰ ਸਜਾ ਕੇ ਆਪਣੀ ਕਾਰਵਾਈ ਕਰ ਜਾਂਦੇ ਸਨ। ਇਸ ਸੰਬੰਧੀ ਸਭ ਤੋਂ ਪ੍ਰਸਿੱਧ ਮਿਸਾਲ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਦੀ ਮਿਲਦੀ ਹੈ, ਜਿਨ੍ਹਾਂ ਨੇ ਮੁਗਲਈ ਭੇਸ ‘ਚ ਸ੍ਰੀ ਹਰਿਮੰਦਰ ਸਾਹਿਬ ਦੀ ਬੇਹੁਰਮਤੀ ਕਰ ਰਹੇ ਮੱਸਾ ਰੰਘੜ ਦਾ ਸਿਰ ਵੱਢ ਦਿੱਤਾ ਸੀ। ਇਸ ਤੋਂ ਇਲਾਵਾ ਜਦੋਂ ਮੁਗ਼ਲ ਹਕੂਮਤ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦੁਆਲੇ ਸਖ਼ਤ ਪਹਿਰਾ ਲਗਾ ਦਿੱਤਾ ਸੀ ਤਾਂ ਸਿੱਖਾਂ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਦੀਦਾਰ ਕਰਨੇ ਵੀ ਔਖੇ ਹੋ ਗਏ ਸਨ। ਸ਼ਹੀਦ ਹੋਣ ਦੀ ਪ੍ਰਵਾਹ ਕੀਤੇ ਬਗ਼ੈਰ ਸਿੱਖ ਕਦੇ-ਕਦਾਈਂ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚ ਇਸ਼ਨਾਨ ਕਰ ਜਾਂਦੇ ਸਨ। ਇਸ ਸੰਬੰਧੀ ਭਾਈ ਸੁੱਖਾ ਸਿੰਘ ਦੀ ਮਿਸਾਲ ਬਹੁਤ ਮਹੱਤਵਪੂਰਨ ਹੈ, ਜਿਸ ਨੇ ਮੁਗ਼ਲਾਂ ਵਾਂਗ ਸਿਰ ‘ਤੇ ਦਸਤਾਰ ਸਜਾਈ ਅਤੇ ਸਰਾਂ ਵਾਲੇ ਪਾਸਿਓਂ ਆ ਕੇ ਸਰੋਵਰ ‘ਚ ਇਸ਼ਨਾਨ ਕੀਤਾ ਤਾਂ ਮੁਗ਼ਲ ਸਿਪਾਹੀਆਂ ਨੇ ਉਸ ਨੂੰ ਫੜਨ ਦਾ ਯਤਨ ਕੀਤਾ ਪਰ ਉਸ ਦੀ ਤੇਗ ਦੀ ਧਾਰ ਦੇਖ ਕੇ ਉਹ ਭੱਜ ਗਏ ਸਨ, ਜਿਸ ਦਾ ਜ਼ਿਕਰ ਕਰਦਿਆਂ ਭਾਈ ਰਤਨ ਸਿੰਘ ਭੰਗੂ ਦੱਸਦਾ ਹੈ।
ਸਿੱਖਾਂ ‘ਚ ਸੰਕਟ ਦੇ ਸਮੇਂ ਤੋਂ ਲੈ ਕੇ ਰਾਜ ਦੀ ਪ੍ਰਾਪਤੀ ਤੱਕ ਦਸਤਾਰ ਦਾ ਮਹੱਤਵਪੂਰਨ ਸਥਾਨ ਅਤੇ ਸਤਿਕਾਰ ਰਿਹਾ ਹੈ। ਜਦੋਂ ਪੰਜਾਬ ‘ਤੇ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਤਾਂ ਉਨ੍ਹਾਂ ਰਾਹੀਂ ਸਮਾਜ ‘ਚ ਟੋਪੀ ਧਾਰਨ ਕਰਨ ਨੂੰ ਗੌਰਵ ਸਮਝਿਆ ਜਾਣ ਲੱਗਾ ਸੀ। ਫੌਜਾਂ ‘ਚ ਸੇਵਾ ਕਰਨ ਵਾਲੇ ਸਿਪਾਹੀ ਅਤੇ ਜਰਨੈਲ ਵੀ ਟੋਪੀ ਧਾਰਨ ਕਰਦੇ ਸਨ ਪਰ ਜਦੋਂ ਸਿੱਖ ਅੰਗਰੇਜ਼ੀ ਫ਼ੌਜ ਦਾ ਹਿੱਸਾ ਬਣੇ ਤਾਂ ਉਨ੍ਹਾਂ ਨੇ ਲੋਹ-ਟੋਪ ਪਹਿਨਣ ਦੀ ਬਜਾਏ ਦਸਤਾਰ ਧਾਰਨ ਕਰਨ ਨੂੰ ਹੀ ਤਰਜੀਹ ਦਿੱਤੀ ਸੀ, ਜਿਸ ਨੂੰ ਅੰਗਰੇਜ਼ਾਂ ਨੇ ਪ੍ਰਵਾਨ ਕਰ ਲਿਆ ਸੀ। ਦੂਜੀ ਸੰਸਾਰ ਜੰਗ ਦੌਰਾਨ ਸਿੱਖ ਜਿਸ ਵੀ ਮੁਲਕ ‘ਚ ਯੁੱਧ ਕਰਨ ਲਈ ਜਾਂਦੇ ਸਨ, ਇਨ੍ਹਾਂ ਦੀ ਦਸਤਾਰ ਖਿੱਚ ਦਾ ਕਾਰਨ ਬਣਦੀ ਸੀ। ਅੰਗਰੇਜ਼ਾਂ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਭਾਵੇਂ ਕੋਈ ਵੀ ਹਕੂਮਤ ਭਾਰਤ ‘ਤੇ ਰਾਜ ਕਰਦੀ ਰਹੀ ਸੀ ਪਰ ਕਿਸੇ ਨੇ ਵੀ ਪੰਜਾਬ ਦੇ ਲੋਕਾਂ ਜਾਂ ਸਿੱਖਾਂ ਦੀ ਦਸਤਾਰ ਦੇ ਮਹੱਤਵ ਨੂੰ ਅੱਖੋਂ ਪਰੋਖੇ ਨਹੀਂ ਕੀਤਾ। ਜਦੋਂ ਕੋਈ ਅਜਿਹੀ ਘਟਨਾ ਦੇਖਣ ਨੂੰ ਮਿਲਦੀ ਹੈ ਤਾਂ ਨਿੱਜੀ ਸੁਆਰਥਾਂ ਤੋਂ ਉੱਪਰ ਉੱਠ ਕੇ ਸਮੁੱਚੇ ਰੂਪ ਵਿਚ ਉਸ ਦਾ ਵਿਰੋਧ ਕੀਤਾ ਜਾਂਦਾ ਹੈ।
ਦਸਤਾਰ ਨੂੰ ਪੰਜਾਬ ਦੀ ਪਰੰਪਰਾ ਦਾ ਚਿੰਨ੍ਹ ਮੰਨਿਆ ਜਾਂਦਾ ਹੈ।
ਪੰਜਾਬੀਆਂ ਵਲੋਂ ਜਦੋਂ ਕੋਈ ਮਹੱਤਵਪੂਰਨ ਰਸਮ ਕੀਤੀ ਜਾਂਦੀ ਹੈ ਤਾਂ ਸਿਰ ‘ਤੇ ਦਸਤਾਰ ਸਜਾਉਣਾ ਗੌਰਵਮਈ ਸਮਝਿਆ ਜਾਂਦਾ ਹੈ। ਵਿਆਹ ਦੀ ਰਸਮ ਮੌਕੇ ਵਿਸ਼ੇਸ਼ ਤੌਰ ‘ਤੇ ਦਸਤਾਰਾਂ ਬੰਨ੍ਹਣ ਵਾਲੇ ਨੂੰ ਬੁਲਾਉਣ ਦਾ ਰਿਵਾਜ ਦਿਨੋ-ਦਿਨ ਜ਼ੋਰ ਫੜਦਾ ਜਾ ਰਿਹਾ ਹੈ। ਧਾਰਮਿਕ ਸਮਾਗਮਾਂ ਮੌਕੇ ਵੀ ਦਸਤਾਰ ਮੁਕਾਬਲੇ ਜਾਂ ਦਸਤਾਰ ਸਿਖਾਉਣ ਦੇ ਕੈਂਪ ਖਿੱਚ ਦਾ ਕੇਂਦਰ ਬਣਦੇ ਜਾ ਰਹੇ ਹਨ। ਦਿੱਲੀ ਦੀਆਂ ਬਰੂਹਾਂ ‘ਤੇ ਚੱਲੇ ਕਿਸਾਨ ਅੰਦੋਲਨ ਵਿਚ ਵੀ ਦਸਤਾਰਾਂ ਖਿੱਚ ਦਾ ਕੇਂਦਰ ਬਣੀਆਂ ਅਤੇ ਦੂਜੇ ਰਾਜਾਂ ਤੋਂ ਆਉਣ ਵਾਲੇ ਕਿਸਾਨ ਮੋਰਚੇ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਦਸਤਾਰ ਸਜਾਉਣ ਵਿਚ ਮਾਣ ਮਹਿਸੂਸ ਕਰਨ ਲੱਗੇ ਸਨ। ਜਿਸ ਸਿਰ ‘ਤੇ ਦਸਤਾਰ ਸਜਾਈ ਹੁੰਦੀ ਹੈ, ਉਸ ਨੂੰ ਹੈਲਮਟ ਪਾਉਣ ਤੋਂ ਛੋਟ ਦਿੱਤੀ ਗਈ ਹੈ। ਇਸ ਕਰਕੇ ਜਦੋਂ ਪੰਜਾਬ ‘ਚ ਹੈਲਮਟ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਤਾਂ ਨੌਜਵਾਨਾਂ ਨੇ ਹੈਲਮਟ ਦੀ ਬਜਾਏ ਦਸਤਾਰ ਬੰਨ੍ਹਣ ਨੂੰ ਤਰਜੀਹ ਦਿੱਤੀ।
ਪੰਜਾਬ ਤੋਂ ਪ੍ਰਵਾਸ ਕਰਨ ਵਾਲੇ ਸਿੱਖ ਵਿਦੇਸ਼ਾਂ ‘ਚ ਪਹੁੰਚ ਕੇ ਕੇਸਾਂ ਨੂੰ ਤਿਲਾਂਜਲੀ ਦੇਣ ਲੱਗੇ ਅਤੇ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਇਹ ਪ੍ਰਚਾਰ ਜ਼ੋਰ ਫੜ ਗਿਆ ਕਿ ਕੇਸ ਰੱਖਣ ਵਾਲਿਆਂ ਨੂੰ ਵਿਦੇਸ਼ਾਂ ਵਿਚ ਕੰਮ ਨਹੀਂ ਮਿਲਦਾ ਪਰ ਹੁਣ ਇਹ ਧਾਰਨਾ ਲਗਭਗ ਖ਼ਤਮ ਹੋ ਗਈ ਹੈ ਅਤੇ ਵਿਦੇਸ਼ਾਂ ਵਿਚ ਵਿਸਾਖੀ ਮੌਕੇ ‘ਅੰਤਰ-ਰਾਸ਼ਟਰੀ ਦਸਤਾਰ ਦਿਵਸ’ ਮਨਾਇਆ ਜਾਣ ਲੱਗਿਆ ਹੈ ਤਾਂ ਕਿ ਦਸਤਾਰ ਪ੍ਰਤੀ ਗੌਰਵਤਾ ਨੂੰ ਕਾਇਮ ਰੱਖਿਆ ਜਾ ਸਕੇ। ਮੌਜੂਦਾ ਸਮੇਂ ਵਿਚ ਬਹੁਤ ਸਾਰੇ ਦੇਸ਼ਾਂ ਵਿਚ ਸਿੱਖਾਂ ਦੇ ਦਸਤਾਰ ਬੰਨ੍ਹਣ ‘ਤੇ ਪਾਬੰਦੀਆਂ ਖ਼ਤਮ ਜਾਂ ਨਰਮ ਹੋ ਰਹੀਆਂ ਹਨ। ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੇ ਦਸਤਾਰ ਦਾ ਸਤਿਕਾਰ ਕਾਇਮ ਕਰਨ ਲਈ ਸ਼ਲਾਘਾਯੋਗ ਕਾਰਜ ਕੀਤਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਦਸਤਾਰ ਨਾਲ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਜੁੜੀ ਹੋਈ ਹੈ, ਜਿਸ ‘ਚੋਂ ਅਣਖ, ਸਵੈਮਾਨ, ਪ੍ਰੇਮ, ਭਾਈਚਾਰਾ, ਪਰਉਪਕਾਰ ਅਤੇ ਸਤਿਕਾਰ ਦੇ ਦਰਸ਼ਨ ਹੁੰਦੇ ਹਨ।