(ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਦੇ ਸਮੇਂ ਦੇ ਹਾਲਾਤ ਦਾ ਜ਼ਿਕਰ ਕਰਦਿਆਂ ਇਤਿਹਾਸਕਾਰ ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ੍ਹ ਲਿਖਦੇ ਹਨ ਕਿ) ਹੁਣ ਤਕ ਸਿੱਖਾਂ ਦੇ ਨਿਸਚੇ ਤੇ ਆਪਣੇ ਆਗੂ ਲਈ ਆਪਣਾ ਸਭ ਨਿਛਾਵਰ ਕਰ ਦੇਣ ਲਈ ਸਦਾ ਤਤਪਰ ਰਹਿਣ ਦੀਆਂ ਕਈ ਕਹਾਣੀਆਂ ਸੁਣੀਆਂ ਜਾਂਦੀਆਂ ਸਨ। ਉਨ੍ਹਾਂ ਵਿੱਚੋਂ ਕੁਝ ਇਹੋ ਜਿਹੀਆਂ ਅਸਚਰਜ ਤੇ ਚਕ੍ਰਿਤ ਕਰ ਦੇਣ ਵਾਲੀਆਂ ਸਨ ਕਿ ਜਿਨ੍ਹਾਂ ਨੂੰ ਸਿੱਖਾਂ ਬਾਰੇ ਬਹੁਤਾ ਗਿਆਨ ਨਹੀਂ ਸੀ ਤੇ ਉਨ੍ਹਾਂ ਬਾਰੇ ਕੁਝ ਅੱਖੀਂ ਵੇਖਿਆ ਡਿੱਠਾ ਨਹੀਂ ਸੀ, ਉਹ ਇਨ੍ਹਾਂ ਗੱਲਾਂ ਨੂੰ ਅਲਫ਼-ਲੇਲਾ ਦੀ ਕਹਾਣੀਆਂ ਹੀ ਸਮਝੀ ਬੈਠੇ ਸਨ, ਉਨ੍ਹਾਂ ਨੂੰ ਰਤਾ ਭਰ ਵੀ ਯਕੀਨ ਨਹੀਂ ਸੀ ਕਿ ਕਿਧਰੇ ਇਹ ਸੱਚ ਵੀ ਹੋਣਗੀਆਂ। ਖ਼ਾਫ਼ੀ ਖ਼ਾਨ ਵੀ ਸਿੱਖਾਂ ਦੇ ਦੋਖੀਆਂ ‘ਚੋਂ ਇੱਕ ਸੀ। ਸਿੱਖਾਂ ਬਾਰੇ ਉਸ ਨੇ ਵੀ ਬਹੁਤ ਕੁਝ ਸੁਣ ਰੱਖਿਆ ਸੀ। ਉਹ ਆਪਣੀ ਪੁਸਤਕ ਮੁਨਤਖ਼ਬੁਲ-ਲਬਾਬ ਦੇ ਦੂਸਰੇ ਭਾਗ ਦੇ ਪੰਨਾ 766 ਉੱਤੇ ਇਕ ਕਹਾਣੀ ਦੇਂਦਾ ਹੈ:
“ਮੈਂ ਇਨ੍ਹਾਂ ਸਿੰਘਾਂ ਦੇ ਨਿਸਚੇ ਦੀਆਂ ਐਸੀਆਂ ਐਸੀਆਂ ਕਹਾਣੀਆਂ ਸੁਣੀਆਂ ਹਨ, ਜਿਨ੍ਹਾਂ ਨੂੰ ਅਕਲ ਲਈ ਸੱਚ ਪ੍ਰਵਾਨ ਕਰਨਾ ਮੁਸ਼ਕਲ ਹੈ, ਪਰ ਜੋ ਕੁਝ ਮੈਂ ਆਪ ਆਪਣੀ ਅੱਖੀਂ ਪਰਤੱਖ ਵੇਖਿਆ ਹੈ, ਉਹ ਲਿਖਦਾ ਹਾਂ: “ਇਨ੍ਹਾਂ ਕਤਲ ਕੀਤੇ ਜਾਣ ਵਾਲੇ ਸਿੰਘਾਂ ਵਿਚ ਇਕ ਦਾੜ੍ਹੀ-ਮੁੱਛ-ਫੁੱਟਦਾ ਮੁੰਡਾ ਵੀ ਸੀ। ਉਹ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤਰ ਸੀ। ਹੁਣੇ ਹੀ ਉਸ ਦਾ ਵਿਆਹ ਹੋਇਆ ਸੀ ਤੇ ਵਿਆਹ ਦੇ ਸ਼ਗਨ ਦਾ ਗਾਨਾ ਅਜੇ ਉਸ ਦੇ ਹੱਥ ਬੱਧਾ ਹੋਇਆ ਸੀ। ਦਿੱਲੀ ਜਾ ਕੇ ਸਾਰੇ ਸਿੰਘ ਕਤਲ ਕੀਤੇ ਜਾਣਗੇ, ਇਹ ਸੁਣ ਕੇ ਉਸ ਗੱਭਰੂ ਦੀ ਮਾਂ ਵਾਹੋ-ਦਾਹੀ ਦਿੱਲੀ ਪੁੱਜੀ ਤੇ ਸ਼ਾਹੀ ਵਜ਼ੀਰ ਸੱਯਦ ਅਬਦੁੱਲਾ ਦੇ ਦੀਵਾਨ ਰਤਨ ਚੰਦ ਪਾਸ ਪਹੁੰਚੀ, ਜੋ ਇਕ ਹਿੰਦੂ ਸੀ। ਇਸ ਦੀਵਾਨ ਨੂੰ ਆਪਣੀ ਵਿਥਿਆ ਸੁਣਾਈ ਤੇ ਫਿਰ ਉਸ ਦੀ ਸਹਾਇਤਾ ਨਾਲ ਸ਼ਾਹੀ ਵਜ਼ੀਰ ਅਬਦੁੱਲਾ ਅਤੇ ਫ਼ਰੁਖ਼ਸੀਅਰ ਪਾਸ ਕੂਕ ਕੂਕ ਕੇ ਫ਼ਰਿਆਦ ਕੀਤੀ। ਬਾਦਸ਼ਾਹ ਦੇ ਹੁਕਮ ਵਿਚ ਇਹ ਰਿਆਇਤ ਸੀ ਕਿ ਜੋ ਮੁਸਲਮਾਨ ਧਰਮ ਕਬੂਲ ਕਰ ਲਵੇ, ਉਹ ਕੈਦੀ ਛੱਡ ਦਿੱਤਾ ਜਾਵੇ, ਦੀ ਓਟ ਲੈ ਕੇ, ਇਸ ਬਿਰਧ ਮਾਤਾ ਨੇ, ਸੰਭਵ ਹੈ ਕਿ ਦੀਵਾਨ ਰਤਨ ਚੰਦ ਨੇ ਹੀ ਇਹ ਪੱਟੀ ਪੜ੍ਹਾਈ ਹੋਵੇ, ਬੇਨਤੀ ਕੀਤੀ ਕਿ ਮੇਰਾ ਪੁੱਤਰ ਫੜ ਕੇ ਲਿਆਂਦੇ ਹੋਏ ਸਿੱਖਾਂ ਪਾਸ ਪਹਿਲਾ ਹੀ ਕੈਦ ਸੀ, ਉਹ ਆਪ ਬਿਲਕੁਲ ਸਿੱਖ ਨਹੀਂ ਹੈ। ਉਨ੍ਹਾਂ ਦੇ ਨਾਲ ਸ਼ਾਹੀ ਫੌਜ ਦੀ ਕੈਦ ਵਿਚ ਇਥੇ ਆਇਆ ਹੈ ਤੇ ਹੁਣ ਬੇਗੁਨਾਹ ਉਨ੍ਹਾਂ ਸਿੱਖਾਂ ਨਾਲ ਮਾਰਿਆ ਜਾ ਰਿਹਾ ਹੈ। ਮਾਤਾ ਦਾ ਵਿਰਲਾਪ ਸੁਣ ਕੇ ਫ਼ਰੁਖ਼ਸ਼ੀਅਰ ਦੇ ਦਿਲ ਵਿਚ ਤਰਸ ਆ ਗਿਆ ਤੇ ਉਸ ਨੂੰ ਛੱਡ ਦੇਣ ਦਾ ਹੁਕਮ ਇਕ ਅਫ਼ਸਰ ਨੂੰ ਦੇ ਕੇ ਉਸ ਬੁੱਢੀ ਮਾਂ ਨਾਲ ਸਰਬਰਾਹ ਖ਼ਾਨ ਵੱਲ ਤੋਰਿਆ। ਮਾਤਾ ਇਹ ਹੁਕਮ ਲੈ ਕੇ ਕਤਲ ਵਾਲੀ ਥਾਂ ਉਸ ਵੇਲੇ ਪਹੁੰਚੀ ਜਦ ਕਤਲ ਹੋਣ ਵਾਲੇ ਸਿੰਘਾਂ ਦੀ ਕਤਾਰ ਦੇ ਸਿਰੇ ਤੇ ਜੱਲਾਦ ਲਹੂ-ਚੋਂਦੀ ਤਲਵਾਰ ਲੈ ਕੇ ਉਸ ਮੁੰਡੇ ਦਾ ਪਾਸ ਖੜਾ ਸੀ। ਮਾਤਾ ਨੇ ਦੁਹਾਈ ਪਾਈ ਕਿ ਵੇਖਿਓ ਲੋਹੜਾ ਨਾ ਮਾਰ ਦਿਓ, ਇਹ ਹੁਕਮ ਵੇਖ ਲਵੋ। ਅਫ਼ਸਰ ਨੇ ਕੋਤਵਾਲ ਨੂੰ ਹੁਕਮ ਵਿਖਾਇਆ। ਉਸ ਨੇ ਲੜਕੇ ਨੂੰ ਉਠਾ ਕੇ ਬਾਹਰ ਲੈ ਆਂਦਾ ਤੇ ਕਿਹਾ, ਜਾ ਤੈਨੂੰ ਬਾਦਸ਼ਾਹ ਵਲੋਂ ਛੱਡ ਦਿੱਤਾ ਗਿਆ ਹੈ, ਕਿਉਂਕਿ ਇਸ ਮਾਤਾ ਨੇ ਬਾਦਸ਼ਾਹ ਪਾਸ ਫ਼ਰਿਆਦ ਕੀਤੀ ਸੀ ਕਿ ਮੇਰਾ ਲੜਕਾ ਸਿੱਖ ਨਹੀਂ ਤੇ ਇਹ ਬੇਗੁਨਾਹ ਹੀ ਮਾਰਿਆ ਜਾ ਰਿਹਾ ਹੈ, ਕਤਲ ਹੋਣ ਵਾਲੇ ਸਿੱਖਾਂ ਨਾਲ ਇਸ ਦਾ ਦੂਰ ਦਾ ਵੀ ਸੰਬੰਧ ਨਹੀਂ । ਤੂੰ ਬੜੀ ਖ਼ੁਸ਼ੀ ਨਾਲ ਜਾ ਸਕਦੈ। ਅੱਲਾ ਪਾਕ ਤੇ ਜ਼ਿੱਲ-ਏ-ਇਲਾਹੀ (ਬਾਦਸ਼ਾਹ) ਦਾ ਲੱਖ ਲੱਖ ਸ਼ੁਕਰ ਕਰੋ ਕਿ ਐਨ ਮੌਕੇ ਉਤੇ ਤੈਨੂੰ ਮੌਤ ਦੇ ਪੰਜੇ ‘ਚੋਂ ਬਚਾ ਲਿਆ ਹੈ। ਪਰ ਉਸ ਲੜਕੇ ਨੇ ਇਸ ਹੁਕਮ ਨੂੰ ਮੰਨ ਕੇ ਰਿਹਾ ਹੋਣੋਂ ਇਨਕਾਰ ਕਰ ਦਿੱਤਾ ਤੇ ਉੱਚੀ ਉੱਚੀ ਕਹਿਣ ਲੱਗਾ:
ਮੇਰੀ ਮਾਂ ਝੂਠ ਬੋਲਦੀ ਹੈ,
ਮੈਂ ਸੱਚੇ ਦਿਲੋਂ ਆਪਣੇ ਗੁਰੂ ਦਾ ਸਿਦਕ ਭਰੋਸੇ ਵਾਲਾ ਤੇ ਉਸ ਤੋਂ ਜਾਨ ਵਾਰਨ ਵਾਲਾ ਸਿੱਖ ਹਾਂ। ਮੈਂ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ। ਦੇਰ ਨਾ ਕਰੋ ਮੈਨੂੰ ਜਲਦੀ ਮੇਰੇ ਗੁਰ-ਭਾਈਆਂ ਪਾਸ ਪਹੁੰਚਾਉ।
ਬੁੱਢੜੀ ਦੇ ਵਿਰਲਾਪ, ਮਿੰਨਤਾਂ ਤੇ ਸਮਝਾਉਣੀਆਂ, ਕੋਤਵਾਲ ਤੇ ਹੋਰ ਦੂਸਰੇ ਅਫ਼ਸਰਾਂ ਦੀਆਂ ਨਸੀਹਤਾਂ ਦਾ ਲੜਕੇ ਨੇ ਕੋਈ ਅਸਰ ਨਾ ਕਬੂਲਿਆ। ਕੁਲ ਦਰਸ਼ਕ ਮੂੰਹ ਵਿਚ ਉਂਗਲਾਂ ਪਾਈ ਹੈਰਾਨਗੀ ਦੀ ਮੂਰਤ ਬਣ ਗਏ, ਜਦ ਉਹ ਮੁੰਡਾ ਮੁੜ ਕੇ ਆਪਣੀ ਥਾਂ ਉੱਤੇ ਜਾ ਬੈਠਾ ਤੇ ਕਤਲ ਹੋਣ ਲਈ ਧੌਣ ਜਲਾਦ ਅੱਗੇ ਕਰ ਦਿੱਤੀ”।
ਉਕਤ ਲਿਖਤ ਇਤਿਹਾਸਕਾਰ ਪ੍ਰਿੰਸੀਪਲ ਸਵਰਨ ਸਿੰਘ ਜੀ ਦੀ ਕਿਤਾਬ “ਭੂਰਿਆਂ ਵਾਲੇ ਰਾਜੇ ਕੀਤੇ” ਦੇ ਪੰਨਾ 184-85 ਉੱਤੇ ਛਪੀ ਹੈ। ਇਹ ਲਿਖਤ ਤੇ ਇਸਦਾ ਬੋਲਦਾ ਰੂਪ ਤੁਹਾਡੇ ਨਾਲ ਸਾਂਝਾ ਕਰਨ ਦਾ ਉਪਰਾਲਾ ਸਿੱਖ ਪੱਖ ਵੱਲੋਂ ਕੀਤਾ ਗਿਆ ਹੈ। ਅਜਿਹੀਆਂ ਹੋਰਨਾਂ ਲਿਖਤਾਂ ਅਤੇ ਬੋਲਦੀਆਂ ਲਿਖਤਾਂ ਲਈ ਸਾਡੀ ਵੈਬਸਾਈਟ ਸਿੱਖ ਪੱਖ ਡਾਟ ਕਾਮ ਵੇਖੋ ਜੀ।