ਜਦੋਂ ਮਨੁੱਖ ਕੋਈ ਅਕੀਦੇ ਤੋਂ ਹੀਣੀ ਗੱਲ ਕਹੇ ਜਾਂ ਕਰੇ ਤਾਂ ਕਹਿੰਦੇ ਨੇ ਕਿ ਉਸ ਨੂੰ ਆਪਣੇ ਆਪ ਪਤਾ ਹੁੰਦਾ ਹੈ ਕਿ ਉਹ ਗਲਤ ਕਹਿ ਜਾਂ ਕਰ ਰਿਹਾ ਹੈ, ਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਸੇ ਕਰਕੇ ਉਹ ਆਪਣੇ ਆਪ ਅਤੇ ਦੂਜਿਆਂ ਅੱਗੇ ਸ਼ਰਮਸਾਰ ਮਹਿਸੂਸ ਕਰਦਾ ਹੈ। ਪਰ ਇਹ ਗੱਲ ਉਨ੍ਹਾਂ ਬਾਰੇ ਹੈ ਜਿਨ੍ਹਾਂ ਦਾ ਕੋਈ ਅਕੀਦਾ ਹੁੰਦਾ ਹੈ ਤੇ ਜਿਨ੍ਹਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਬੰਦੇ ਨੂੰ ਆਪਣਾ ਅਕੀਦਾ ਪਾਲਣਾ ਚਾਹੀਦਾ ਹੈ। ਜਦੋਂ ਕੋਈ ਸ਼ਰੇਆਮ ਹੀਣੀਆਂ ਗੱਲਾਂ ਵੀ ਕਰੀ ਜਾਵੇ ਤੇ ਉਸਨੂੰ ਆਪਣੇ ਕੀਤੇ ਉੱਤੇ ਕੋਈ ਸੰਗ-ਸ਼ਰਮ ਵੀ ਨਾ ਆਵੇ ਤਾਂ ਲੋਕ ਕਹਿੰਦੇ ਨੇ ਇਹ ਬੇਸ਼ਰਮ ਹੋ ਗਿਐ। ਅੱਜ ਕੱਲ੍ਹ ਸਿਆਸਤ ਅਜਿਹਾ ਧੰਦਾ ਬਣ ਗਈ ਹੈ ਕਿ ਜਿਸ ਦਾ ਸੰਗ-ਸ਼ਰਮ ਨਾ ਕੋਈ ਵਾਹ ਨਹੀਂ ਰਹਿ ਗਿਆ ਤੇ ਸਿਆਸੀ ਲੋਕ ਸੱਚੀਂ ਇਹੀ ਸਮਝਦੇ ਨੇ ਕਿ ਕੁਝ ਵੀ ਕਹਿ ਦਿਓ ਲੋਕਾਂ ਨੇ ਤਾਂ ਯਕੀਨ ਕਰ ਹੀ ਲੈਣਾ ਹੈ।
ਪੰਜਾਬ ਵਿੱਚ ਇਨ੍ਹੀਂ ਦਿਨੀਂ ਜੋ ਮਸਲੇ ਚਰਚਾ ਵਿੱਚ ਹਨ ਉਹ ਇਸ ਗੱਲ ਦੀ ਪ੍ਰਤੱਖ ਮਿਸਾਲ ਪੇਸ਼ ਕਰ ਰਹੇ ਹਨ।
ਪਹਿਲਾ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਾਪਤਾ ਹੋਣ ਦੇ ਮਾਮਲੇ ਵਿੱਚ ਵਿਖਾਈ ਜਾ ਰਹੀ ਢੀਠਤਾਈ ਦਾ ਹੈ। ਜਾਂਚ ਵਿੱਚ ਸਾਫ ਇਹ ਗੱਲ ਸਾਹਮਣੇ ਆ ਗਈ ਕਿ ਸ਼੍ਰੋ.ਗੁ.ਪ੍ਰ.ਕ. ਦੇ ਆਪਣੇ ਰਿਕਾਰਡ ਮੁਤਾਬਿਕ ਇਸ ਸੰਸਥਾ ਵੱਲੋਂ ਗੁਰੂ ਸਾਹਿਬ ਦੇ ਜੋ ਸਰੂਪ ਤਿਆਰ ਕੀਤੇ ਗਏ ਹਨ ਉਨ੍ਹਾਂ ਵਿਚੋਂ 328 ਸਰੂਪ ਘੱਟ ਹਨ। ਇਸ ਤੋਂ ਇਲਾਵਾ 61 ਅਤੇ 125 ਸਰੂਪ ਅਜਿਹੇ ਹਨ ਜੋ ਕਿ ਬਿਨਾ ਰਿਕਾਰਡ ਵਿੱਚ ਦਰਜ਼ ਕੀਤਿਆਂ ਹੀ ਤਿਆਰ ਕੀਤੇ ਗਏ। ਇਹ ਸਰੂਪ ਕਿੱਥੇ ਹਨ? ਸਿੱਖ ਜਗਤ ਨੂੰ ਕੁਝ ਵੀ ਨਹੀਂ ਦੱਸਿਆ ਜਾ ਰਿਹਾ।
ਪਹਿਲਾਂ ਜਦੋਂ ਇਹ ਮਾਮਲਾ ਉੱਠਿਆ ਤਾਂ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਬੰਧਕਾਂ, ਜਿਨ੍ਹਾਂ ਵਿੱਚ ਕਾਰਜਕਾਰਨੀ ਦੇ ਜੀਅ ਰਜਿੰਦਰ ਸਿੰਘ ਮਹਿਤਾ ਅਤੇ ਤਤਕਾਲੀ ਮੁੱਖ ਸਕੱਤਰ ਡਾ. ਰੂਪ ਸਿੰਘ ਸ਼ਾਮਿਲ ਸਨ, ਨੇ ਮਸਲਾ ਉਜਾਗਰ ਕਰਨ ਵਾਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਉੱਤੇ ਝੂਠ ਬੋਲਣ ਦੇ ਦੋਸ਼ ਲਾਏ। ਫਿਰ ਜਦੋਂ ਜਾਂਚ ਵਿੱਚ ਦੋਸ਼ ਸਿਰਫ ਸਹੀ ਹੀ ਨਹੀਂ ਸਾਬਿਤ ਹੋਏ ਸਗੋਂ ਮਾਮਲਾ ਹੋਰ ਵੀ ਗੰਭੀਰ ਰੂਪ ਵਿੱਚ ਜ਼ਾਹਿਰ ਹੋ ਗਿਆ ਤਾਂ ਸ਼੍ਰੋ.ਗੁ.ਪ੍ਰ.ਕ. ਨੇ ਮੁਲਾਜਮਾਂ ਤੇ ਅਧਿਕਾਰੀਆਂ ਵਿਰੁੱਧ ਕਾਰਵਾਈ ਦਾ ਐਲਾਨ ਕੀਤਾ ਤੇ ਇੰਝ ਕਾਰਵਾਈ ਦੇ ਨਾਂ ਹੇਠ ਸਾਰੇ ਮਾਮਲੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ। ਹੁਣ ਜਦੋਂ ਸਿੱਖ ਜਗਤ ਸਵਾਲ ਕਰ ਰਿਹਾ ਹੈ ਕਿ ਗੁਰੂ ਸਾਹਿਬ ਦੇ ਸਰੂਪ ਕਿੱਥੇ ਹਨ? ਤਾਂ ਸ੍ਰੋ.ਗੁ.ਪ੍ਰ.ਕ. ਚੁੱਪ ਹੈ। ਜਦੋਂ ਇਹ ਸਵਾਲ ਹੁੰਦਾ ਹੈ ਕਿ ਇਸ ਮਾਮਲੇ ਉੱਤੇ ਹੋਈ ਜਾਂਚ ਦਾ ਪੂਰਾ ਲੇਖਾ ਸੰਗਤਾਂ ਦੀ ਜਾਣਕਾਰੀ ਹਿੱਤ ਜਨਤਕ ਕਿਉਂ ਨਹੀਂ ਕੀਤਾ ਜਾ ਰਿਹਾ ਤਾਂ ਸ਼੍ਰੋ.ਗੁ.ਪ੍ਰ.ਕ. ਦੇ ਪ੍ਰਬੰਧਕ ਮੂੰਹ ਵਿੱਚ ਘੁੰਗਣੀਆਂ ਪਾਈ ਬੈਠੇ ਹਨ। ਇਸੇ ਤਰ੍ਹਾਂ ਦੀ ਢੀਠਤਾਈ ਭਰੀ ਚੁੱਪ ਸ਼੍ਰੋ.ਗੁ.ਪ੍ਰ.ਕ. ਨੇ ਪੀ.ਟੀ.ਸੀ. ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਹੁੰਦੇ ਗੁਰਬਾਣੀ ਕੀਰਤਨ ਦੇ ਪ੍ਰਵਾਹ ਅਤੇ ਹੁਕਮਨਾਮਾ ਸਾਹਿਬ ਨੂੰ ਆਪਣੀ ਮਲਕੀਅਤ ਅਤੇ ਬੌਧਿਕ ਜਗੀਰ ਦੱਸਣ ਦੇ ਮਾਮਲੇ ਵਿੱਚ ਵੀ ਧਾਰੀ ਸੀ। ਕੁਰਬਾਨੀਆਂ ਨਾਲ ਸਿਰਜੀ ਇਹ ਸੰਸਥਾ ਅੱਜ ਇੰਨੀ ਰਸਾਤਲ ਵਿੱਚ ਧਸ ਚੁੱਕੀ ਹੈ ਕਿ ਇਸ ਦੇ ਕਾਰਜ ਅਤੇ ਵਿਹਾਰ ਉਨ੍ਹਾਂ ਅਨਸਰਾਂ ਤੋਂ ਵੱਖਰੇ ਨਹੀਂ ਹਨ ਜਿਨ੍ਹਾਂ ਤੋਂ ਗੁਰਧਾਮਾਂ ਦਾ ਪ੍ਰਬੰਧ ਮੁਕਤ ਕਰਵਾਉਣ ਲਈ ਸਿਖਾਂ ਨੇ ਕੁਰਬਾਨੀਆਂ ਕੀਤੀਆਂ ਸਨ।
ਦੂਜਾ ਮਸਲਾ ਪੰਜਾਬ ਸਰਕਾਰ ਦੇ ਬੇਸ਼ਰਮੀ ਭਰੇ ਬਿਆਨਾਂ ਦਾ ਹੈ। ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਵਿਰੁੱਧ ਬਲਵੰਤ ਸਿੰਘ ਮੁਲਤਾਨੀ ਨੂੰ ਦਸੰਬਰ 1991 ਵਿੱਚ ਲਾਪਤਾ ਕਰਕੇ ਖਤਮ ਕਰ ਦੇਣ ਦੇ ਮਾਮਲੇ ਵਿੱਚ 29 ਸਾਲ ਬਾਅਦ ਲੰਘੇ ਮਈ ਮਹੀਨੇ ਕਤਲ ਦੇ ਇਰਾਦੇ ਨਾਲ ਅਗਵਾਹ ਕਰਨ ਲਈ ਧਾਰਾ 364 ਤਹਿਤ ਮਾਮਲਾ ਦਰਜ਼ ਹੋਇਆ। ਅਦਾਲਤ ਵਿਚੋਂ ਸੁਮੇਧ ਸੈਣੀ ਨੂੰ ਅਗਾਊਂ ਜਮਾਨਤ ਮਿਲ ਗਈ। ਹੁਣ ਜਦੋਂ ਸਹਿ-ਦੋਸ਼ੀਆਂ ਨੇ ਸਰਕਾਰੀ ਗਵਾਹ ਬਣਕੇ ਬਿਆਨ ਦਰਜ਼ ਕਰਵਾ ਦਿੱਤੇ ਹਨ ਕਿ ਬਲਵੰਤ ਸਿੰਘ ਮੁਲਤਾਨੀ ਨੂੰ ਸੁਮੇਧ ਸੈਣੀ ਨੇ ਅਣਮਨੁੱਖੀ ਤਸ਼ੱਦਦ ਕਰਕੇ ਖਤਮ ਕਰ ਦਿੱਤਾ ਸੀ ਤਾਂ ਦਰਜ਼ ਮਾਮਲੇ ਵਿੱਚ ਧਾਰਾ 302 (ਕਤਲ) ਦਾ ਵਾਧਾ-ਜੁਰਮ ਕੀਤਾ ਗਿਆ ਹੈ।
ਸੁਮੇਧ ਸੈਣੀ ਨੇ ਅਦਾਲਤ ਵਿੱਚ ਅਗਾਊਂ ਜਮਾਨਤ ਦੀ ਅਰਜੀ ਲਗਾਈ ਸੀ। ਦੋ ਦਿਨ ਪਹਿਲਾਂ (1 ਸਤੰਬਰ ਨੂੰ) ਇਹ ਅਰਜੀ ਰੱਦ ਹੋਣ ਤੋਂ ਪਹਿਲਾਂ ਹੀ ਉਹ ਆਪਣੇ ਪਰਿਵਾਰ ਸਮੇਤ ਭਗੌੜਾ ਹੋ ਗਿਆ। ਸੁਮੇਧ ਸੈਣੀ ਨੂੰ ਸਰਕਾਰ ਵੱਲੋਂ ਉਸਦੀ ਰਾਖੀ ਲਈ ਜ਼ੈਡ-ਪਲਸ ਸੁਰੱਖਿਆ ਦਿੱਤੀ ਗਈ ਹੈ, ਭਾਵ ਕਿ ਖਾਸਾ ਵੱਡਾ ਸਰਕਾਰੀ ਲਾਮ-ਲਸ਼ਕਰ ਉਹਦੀ ਰਾਖੀ ਲਈ ਹਰ ਵੇਲੇ ਉਸ ਦੇ ਨਾਲ ਤੈਨਾਲ ਰਹਿੰਦਾ ਹੈ। ਹੁਣ ਪੰਜਾਬ ਸਰਕਾਰ ਲੋਕਾਂ ਨੂੰ ਇਹ ਯਕੀਨ ਕਰਨ ਲਈ ਕਹਿ ਰਹੀ ਹੈ ਕਿ ਸੁਮੇਧ ਸੈਣੀ ਆਪਣੀ ਜ਼ੈਡ-ਪਲਸ ਸੁਰੱਖਿਆ ਨੂੰ ਬਿਨਾ ਪਤਾ ਲੱਗਣ ਦਿੱਤਿਆਂ ਹੀ ਆਪਣੇ ਪਰਿਵਾਰ ਸਮੇਤ ਭਗੌੜਾ ਹੋ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਦਾ ਕਹਿਣਾ ਹੈ ਕਿ “ਇਹ ਗੱਲ ਬਿਲਕੁਲ ਗਲਤ ਹੈ ਕਿ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਹਟਾ ਲਈ ਗਈ ਹੈ। ਤੱਥ ਇਹ ਹੈ ਕਿ ਗੈਰ-ਨਿਆਇਕ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਹੋਣ ਤੋਂ ਬਾਅਦ ਉਹ ਸਾਰੇ ਸੁਰੱਖਿਆ ਅਮਲੇ ਨੂੰ ਪਿੱਛੇ ਛੱਡ ਕੇ ਗਾਇਬ (ਅੰਡਰਗਰਾਉਂਡ) ਹੋ ਗਏ ਹਨ। ਉਹਦਾ ਸੁਰੱਖਿਆ ਅਮਲਾ ਅਜੇ ਵੀ ਉਸ ਦੀ ਰਿਹਾੲਸ਼ ਵਿਖੇ ਤਾਇਨਾਤ ਹੈ”।
ਕੋਈ ਆਪਣੀ ਨਾਕਾਮੀ ਦੀ ਵੀ ਫੜ੍ਹ ਮਾਰ ਸਕਦਾ ਹੈ ਇਹ ਗੱਲ ਮੁੱਖ ਮੰਤਰੀ ਦੇ ਸਲਾਹਕਾਰ ਦਾ ਇਹ ਬਿਆਨ ਪੜ੍ਹ ਕੇ ਹੀ ਪਤਾ ਲੱਗੀ ਹੈ।
ਦੋਵੇਂ ਮਾਮਲੇ ਭਾਵੇਂ ਵੱਖੋ-ਵੱਖਰੇ ਹਨ ਪਰ ਦੋਵੇਂ ਸਾਂਝੀ ਮਰਜ਼ ਵੱਲ ਵੀ ਇਸ਼ਾਰਾ ਕਰਦੇ ਹਨ ਕਿ ਕਿਵੇਂ ਸੱਤਾ ਦੇ ਨੇਮਾਂ ਵਿਚੋਂ ਨੈਤਿਕਤਾ ਖਤਮ ਹੋ ਚੁੱਕੀ ਹੈ। ਮੌਜੂਦਾ ਸਿਆਸਤ ਅਜਿਹੀਆਂ ਕਈ ਅਲਾਮਤਾਂ ਨਾਲ ਇਸ ਕਦਰ ਗਲਤਾਨ ਹੈ ਕਿ ਇੱਥੇ ਚਿਹਰੇ ਬਦਲਣ ਨਾਲ ਫਰਕ ਨਹੀਂ ਪੈਣਾ। ਲੋੜ ਉਸ ਮਰਜ਼ ਨੂੰ ਪਛਾਨਣ ਦੀ ਹੈ ਜਿਸ ਦਾ ਪ੍ਰਗਟਾਵਾ ਇਨ੍ਹਾਂ ਅਲਾਮਤਾਂ ਰਾਹੀਂ ਹੋ ਰਿਹਾ ਹੈ। ਤਾਂ ਹੀ ਇਸ ਦੇ ਹੱਲ ਬਾਰੇ ਸੋਚਿਆ ਜਾ ਸਕਦਾ ਹੈ।