ਸੰਘਰਸ਼ ਨਾਲ ਜੁੜੀਆਂ ਕਿਤਾਬਾਂ ਤਾਂ ਕਈ ਪੜੀਆਂ ਹਨ ਪਰ ਇਹ ਕਿਤਾਬ ਪੜਦਿਆਂ ਮੈਂ ਆਪਣੇ ਆਪ ਨੂੰ ਓਸ ਸਮੇਂ ਵਿਚ ਤੁਰਦਾ ਫਿਰਦਾ ਅੱਖੀਂ ਵੇਖਦਾ ਮਹਿਸੂਸ ਕੀਤਾ ਹੈ। ਮੈਂ ਹਰ ਪਲ ਕਿਤਾਬ ਵਿਚਲੀਆਂ ਘਟਨਾਵਾਂ ਨੂੰ ਆਪਣੀਆਂ ਅੱਖਾਂ ਨਾਲ ਹੁੰਦਿਆਂ ਵੇਖਿਆ ਮਹਿਸੂਸ ਕੀਤਾ ਹੈ। ਇੰਝ ਪ੍ਰਤੀਤ ਹੋਇਆ ਹੈ ਕਿ ਮੇਰੇ ਸਾਹਮਣੇ ਸਭ ਕੁਝ ਵਾਪਰ ਰਿਹਾ ਹੋਵੇ। ਹੋਵੇ ਵੀ ਕਿਓਂ ਨਾ, ਇਹ ਕਿਸੇ ਲਿਖਾਰੀ ਵੱਲੋਂ ਇਧਰੋਂ ਓਧਰੋਂ ਇਕੱਠੇ ਕੀਤੇ ਵੇਰਵੇ ਨਹੀਂ ਹਨ ਇਹ ਓਸ ਸੰਘਰਸ਼ ਦੀ ਰੂਹ ਦੇ ਨਾਲ ਇਕਮਿਕ ਦਰਵੇਸ਼ ਸੂਰਮੇ ਦੇ ਸੁਨਿਹਰੀ ਪਲ ਹਨ।
ਸ਼ਸਤਰਾਂ ਨਾਲ ਸਿੰਘ ਦਾ ਅਥਾਹ ਪ੍ਰੇਮ ਅਤੇ ਸ਼ਸਤਰਾਂ ਦੀ ਕਿਰਪਾ ਹੁੰਦੀ ਮੈ ਪ੍ਰਤੱਖ ਵੇਖੀ ਹੈ ਇਸ ਕਿਤਾਬ ਵਿੱਚ ਪਰ ਇਹਨਾਂ ਸ਼ਸਤਰਾਂ ਨੂੰ ਪ੍ਰਾਪਤ ਕਰਣ ਵਾਸਤੇ ਜਾਨਾਂ ਹੂਲਦੇ ਸਿੰਘ ਕਿਵੇਂ ਗੁਰੂ ਪ੍ਰੇਮ ਵਿੱਚ ਭਿੱਜੇ ਸ਼ਸਤਰਾਂ ਨੂੰ ਪ੍ਰਾਪਤ ਕਰਣ ਵੇਲੇ ਅਰਦਾਸ ਕਰਦੇ ਹਨ ਓਹ ਵੀ ਪ੍ਰਤੱਖ ਦਰਸ਼ਨ ਕੀਤੇ ਮੈਂ ਇਸ ਕਿਤਾਬ ਵਿੱਚ । ਕਿਵੇ ਕੱਛ ਦੇ ਮਾਰੂਥਲਾਂ ਵਿੱਚ ਸਬਰ ਸੰਤੋਖ ਨਾਲ ਮੌਤ ਨਾਲ ਦੋ ਹੱਥ ਹੋਕੇ ਅਤਿ ਲੋੜੀਂਦੇ ਜਾਨ ਤੋਂ ਪਿਆਰੇ ਸ਼ਸਤਰ ਸਿੰਘਾਂ ਦੇ ਵਾਸਤੇ ਪੀਰ ਰੂਪ ਹਨ, ਓਸਦੇ ਮੈਂ ਪ੍ਰਤੱਖ ਦਰਸ਼ਨ ਇਸੇ ਕਿਤਾਬ ਵਿੱਚੋਂ ਕੀਤੇ ।
ਸਰਹੱਦ ਪਾਰ ਕਰਨ ਦੀਆਂ ਸਾਖੀਆਂ ਤੇ ਇੰਝ ਹਨ ਜਿਵੇਂ ਕਿਸੇ ਨੇ ਮੇਰੀਆਂ ਅੱਖਾਂ ਸਾਹਮਣੇ ਕੋਈ ਫਿਲਮ ਚਲਾ ਦਿੱਤੀ ਹੋਵੇ ਪਰ ਮੈਂ ਓਸ ਫਿਲਮ ਦਾ ਕੋਈ ਕਿਰਦਾਰ ਹੀ ਹੋਵਾਂ।ਕਈ ਵਾਰ ਤਾਂ ਮੈਂ ਨਾਲ ਨਾਲ ਹੀ ਚੱਲ ਪਿਆ, ਕਦੀ ਮੈਂ ਕੱਛ ਦੇ ਰਣ ਵਿਚ ਆਪਣੇ ਆਪ ਨੂੰ ਮਹਿਸੂਸ ਕੀਤਾ ਤੇ ਕਦੇ ਗੰਗਾ ਨਗਰ ਦੇ ਓਸ ਖੇਤ ਵਿਚ ਜਿੱਥੇ ਭਾਈ ਸਾਹਬ ਡਾਕਟਰ ਸੋਹਣ ਸਿੰਘ ਨਾਲ ਕੁਝ ਸਮਾਂ ਲੁਕੇ ਰਹੇ, ਕਦੀ ਮੈਂ ਸਰਹੱਦ ਪਾਰ ਦੀ ਚੌਂਕੀ ਆਪਣੇ ਸਾਹਮਣੇ ਹੀ ਵੇਖੀ ਤੇ ਕਦੇ ਮੇਰੇ ਸਾਹਮਣੇ ਸਰਹੱਦ ਪਾਰ ਕਰਨ ਵਾਲੇ ਸਿੰਘ ਮੁਕਾਬਲਾ ਕਦੇ ਪ੍ਰਤੀਤ ਹੋਏ ।ਗੱਲ ਕੀ ਮੈਂ ਨਾਲ ਨਾਲ ਹਰ ਘਟਨਾ ਨੂੰ ਜੀਵਿਆ ।ਸਿੰਘਾ ਦਾ ਆਪਸ ਵਿਚ ਕਿਸ ਕਦਰ ਪ੍ਰੇਮ ਸੀ ਅਤੇ ਕਿਵੇਂ ਓਹਨਾ ਇਕ ਦੂਜੇ ਤੋਂ ਵਧ ਵਧ ਕੇ ਜਾਨਾ ਹੂਲੀਆਂ ਓਸ ਦੇ ਦਰਸ਼ਨ ਕਰਕੇ ਬਸ ਸਿਜਦਾ ਹੀ ਕਰਨਾ ਬਣਦਾ ਹੈ ।
ਮੈਂ ਇਸ ਕਿਤਾਬ ਵਿਚ ਭਾਈ ਹਰਜਿੰਦਰ ਸਿੰਘ ਜਿੰਦੇ ਦੇ ਹੱਸਦੇ ਚਿਹਰੇ ਦੇ ਦਰਸ਼ਨ ਕੀਤੇ ਤੇ ਭਾਈ ਸੁਖਦੇਵ ਸਿੰਘ ਸੁੱਖੇ ਨੂੰ ਨਾਲ ਬੈਠਿਆਂ ਭਾਈ ਜਿੰਦੇ ਦੀ ਕਿਸੇ ਗੱਲ ਤੇ ਬਸ ਹੋਲੀ ਜਿਹੀ ਮੁਸਕੁਰਾਓਂਦਾ ਵੇਖਿਆ । ਮੈਂ ਇਸ ਕਿਤਾਬ ਵਿਚ ਭਾਈ ਚਰਨਜੀਤ ਸਿੰਘ ਤਲਵੰਡੀ ਹੁਣਾ ਦੇ ਅਲੋਕਿਕ ਦਰਸ਼ਨ ਕੀਤੇ ਕਿ ਕਿਵੇਂ ਓਹ ਫ਼ੌਜ ਦੇ ਅਫ਼ਸਰਾਂ ਨਾਲ ਨਾਕਿਆਂ ਤੇ ਜਾ ਕਿ ਕੁਝ ਪਲ ਗੱਲਾਂ ਕਰ ਕੇ ਨਾਲ ਦੋ ਗੰਨਮੈਨ ਲੈ ਆਏ ਓਹਨਾ ਦੇ ਕੌਤਕ ਵੇਖ ਕੇ ਮੈਂ ਮੁਸਕੁਰਾਓਂਦਾ ਵੀ ਰਿਹਾ। ਓਹਨਾ ਦਾ ਗੁਰੂ ਨਾਲ ਅਥਾਹ ਪ੍ਰੇਮ ਅਤੇ ਮੋਹਾਲੀ ਵਾਲੀ ਓਹਨਾਂ ਦੀ ਠਾਹਰ ਤੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਅਤੇ ਰੰਗ ਰੱਤੜਿਆਂ ਸਿੰਘਾ ਦਾ ਓਥੇ ਗੁਰਬਾਣੀ ਤੇ ਨਾਮ ਦੇ ਪ੍ਰਵਾਹ ਚੱਲਦੇ ਵੇਖ ਕਿ ਮੇਰਾ ਚਿੱਤ ਨਾਲ ਬਹਿਣ ਨੂੰ ਕਰਦਾ ਰਿਹਾ ਅਤੇ ਮੈਂ ਆਪਣੇ ਓਥੇ ਹੋਣ ਦੀ ਕਲਪਨਾ ਕਰਦਾ ਰਿਹਾ ।
ਭਾਈ ਦਲਜੀਤ ਸਿੰਘ ਨੇ ਇਸ ਕਿਤਾਬ ਵਿੱਚ ਪੰਜਾਬ ਪੁਲਸ ਦੇ ਨਾਲ ਵੀ ਨਿਰਪੱਖ ਨਿਆਂ ਕੀਤਾ ਹੈ ਅਤੇ ਓਹਨਾ ਦੇ ਚੰਗੇ ਅਤੇ ਮਾੜੇ ਸਭ ਕਿਰਦਾਰ ਸਭ ਸਾਹਮਣੇ ਲੈ ਕੇ ਆਓਣ ਵਾਸਤੇ ਵੀ ਬਹੁਤ ਵੱਡਾ ਹੌਂਸਲਾ ਚਾਹੀਦਾ ਹੈ ਨਹੀਂ ਤਾਂ ਨਫ਼ਰਤ ਦੇ ਇਸ ਭਰੇ ਦੌਰ ਵਿੱਚ ਇਹੋ ਜਿਹਾ ਨਿਰਪੱਖ ਨਿਆਂ ਕਰਨਾ ਲਗਭਗ ਅਸੰਭਵ ਹੈ । ਇਹ ਵਡਿਆਈ ਭਾਈ ਸਾਹਬ ਦੇ ਹਿੱਸੇ ਹੀ ਆਈ ਹੈ । ਗੁਰੂ ਸਾਹਬ ਨੇ ਭਾਈ ਸਾਹਬ ਤੇ ਅਥਾਹ ਕਿਰਪਾ ਕੀਤੀ ਹੈ ।
ਪੰਜਾਬ ਜਮੀਨੀ ਇਲਾਕਾ ਹੈ ਅਤੇ ਇਥੇ ਦੇ ਲੋਕ ਹੀ ਸੰਘਰਸ਼ੀ ਸਿੰਘਾਂ ਲਾਈ ਜੰਗਲ ਨਿਆਈੰ ਸਨ ।ਇਸ ਦਾ ਪ੍ਰਤੱਖ ਦਰਸ਼ਨ ਠਾਹਰਾਂ ਵਾਲੇ ਪਰਿਵਾਰ ਜਾਂ ਹੋਰ ਠਾਹਰਾਂ ਦੀ ਦਾਸਤਾਨ ਚੋ ਨਜ਼ਰ ਆਉੰਦਾ ਹੈ । ਠਾਹਰਾਂ ਵਾਲੇ ਪਰਿਵਾਰਾਂ ਦੇ ਸਿਦਕ ਦੀ ਦਾਸਤਾਨ ਭਾਅ ਜੀ ਦੀ ਪਹਿਲੀ ਕਿਤਾਬ ਵਿੱਚ ਵੀ ਸੀ ਪਰ ਇਸ ਕਿਤਾਬ ਵਿੱਚ ਠਾਹਰਾਂ ਅਤੇ ਓਹਨਾ ਦੇ ਨਾਲ ਜੁੜੇ ਪਰਿਵਾਰਾਂ ਦੇ ਸਿਦਕ ਦਾ ਦ੍ਰਿਸ਼ ਹੋਰ ਵੀ ਪ੍ਰਤੱਖ ਨਜਰੀਂ ਪੈਂਦਾ ਹੈ । ਪਰ ਨਾਲ ਨਾਲ ਜੋ ਠਾਹਰਾਂ ਬਣਾਉਣ ਵਾਸਤੇ ਜਿਹੜੀ ਜੱਦੋ ਜਹਿਦ ਸਿੰਘ ਨੇ ਕੀਤੀ ਇਸ ਨਾਲ ਸੰਘਰਸ਼ ਦੀ ਸਥਿਤੀ ਵੀ ਨਜ਼ਰ ਪੈਂਦੀ ਹੈ ਕਿ ਕਿੱਡੇ ਔਖੇ ਹਲਾਤਾਂ ਵਿੱਚ ਸਿੰਘਾ ਨੇ ਇਹ ਸੰਘਰਸ਼ ਲੜਿਆ ।
ਜਰਨਲ ਸੁਬੇਗ ਸਿੰਘ ਜੀ, ਜਰਨਲ ਨਰਿੰਦਰ ਸਿੰਘ ਜੀ ਅਤੇ ਹੋਰ ਅਗੰਮੀ ਸ਼ਖਸ਼ੀਅਤਾਂ ਦੇ ਦਰਸ਼ਨ ਵੀ ਇਸ ਕਿਤਾਬ ਵਿੱਚ ਹੋਏ।ਮੈਨੂੰ ਇਸੇ ਕਿਤਾਬ ਵਿੱਚੋਂ ਹੀ ਭਾਈ ਮਨਵੀਰ ਸਿੰਘ ਚਹੇੜੂ ਅਤੇ ਬਾਬਾ ਦਲਵਿੰਦਰ ਸਿੰਘ ਬਾਬਾ ਚੁੱਪ, ਬਾਬਾ ਅਜੀਤ ਸਿੰਘ ਅਤੇ ਬਾਬਾ ਧੰਨਾ ਸਿੰਘ ਜਿਹੀਆਂ ਗੁਰੂ ਪ੍ਰੇਮ ਵਿੱਚ ਰੰਗ ਰੱਤੜੀਆਂ ਰੂਹਾਂ ਦੇ ਦਰਸ਼ਨ ਪਰਸਨ ਵੀ ਹੋਏ।ਮੇਰਾ ਨਿਹਚਾ ਇਹਨਾਂ ਦੀ ਜੀਵਨ ਜਾਚ ਨੂੰ ਵੇਖ ਕੇ ਹੋਰ ਵੀ ਦ੍ਰਿੜ ਹੋ ਗਿਆ ਹੈ ਕਿ
ਸਲੋਕੁ ਮਃ ੧ ॥ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥ (ਅੰਗ ੧੪੪)
ਭਾਈ ਦਲਜੀਤ ਸਿੰਘ ਸੀਕਰੀ ਹੁਣਾ ਦੀ ਲਹਿਰ ਬਾਰੇ ਖਾਲਸਤਾਨ ਦੇ ਨਿਸ਼ਾਨੇ ਬਾਰੇ ਸਮਝ ਅਤੇ ਪੈਂਤੜਾ ਓਹਨਾ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ ਹੈ ਜੋ ਅੱਜ ਤੀਕ ਵਧੇਰੇ ਵੀਰਾਂ ਭੈਣਾਂ ਦੇ ਓਨੀ ਬਰੀਕੀ ਨਾਲ ਸਮਝ ਨਹੀ ਪਿਆ।ਇਹਨਾ ਸਭਨਾਂ ਦੀਆਂ ਸ਼ਹੀਦੀਆਂ ਵੀ ਲਾਸਾਨੀ ਹਨ। ਇਹ ਵਾਕਿਆ ਹੀ ਸ਼ਹੀਦੀ ਫੌਜਾਂ ਹਨ ਜੋ ਸਦਾ ਗੁਰੂ ਸਾਹਿਬ ਦੇ ਦਰਬਾਰ ਵਿੱਚ ਹਾਜ਼ਰ ਨਾਜ਼ਰ ਰਹਿੰਦੀਆਂ ਹਨ ਤੇ ਜਦੋਂ ਜਦੋਂ ਸਿੱਖਾਂ ਦੀ ਅਰਦਾਸ ਹਿਰਦੇ ਦੇ ਸ਼ੁੱਧ ਸਥਾਨ ਵਿੱਚੋਂ ਨਿਕਲਦੀ ਹੈ ਇਹ ਸ਼ਹੀਦੀ ਫੌਜਾਂ ਹਾਜ਼ਰ ਹੋ ਜਾਂਦੀਆਂ ਹਨ।ਇਸੇ ਲਈ ਮੈਂ ਕਿਤਾਬ ਪੜਦਿਆਂ ਇਹਨਾ ਦਾ ਅਹਿਸਾਸ ਕਰਦਾ ਰਿਹਾ ।
ਕਿਤਾਬ ਦੇ ਸਬੱਬ ਸਿਰਲੇਖ ਵਾਲੇ ਹਿੱਸੇ ਵਿੱਚ ਤੇ ਮੈਂ ਗੁਰੂ ਸਾਹਿਬ ਦੀ ਆਪਣੇ ਨਾਦੀ ਪੁੱਤਰਾਂ ਉੱਤੇ ਆਣ ਵਰਤਦੀ ਕਿਰਪਾ ਪ੍ਰਤੱਖ ਵੇਖੀ। ਇਸ ਵਿੱਚ ਕੋਈ ਸ਼ੱਕ ਨਹੀ ਕਿ ਸ਼ਹੀਦੀ ਫੌਜਾਂ ਆਪ ਅੰਗ ਸੰਗ ਹੀ ਸਨ। ਗੁਰੂ ਸਾਹਿਬ ਓਹਨਾ ਦੀ ਅਗਵਾਈ ਆਪ ਕਰ ਰਹੇ ਸਨ ਕਿਵੇਂ ਠਾਹਰਾਂ ਤੇ ਸਿੰਘਾ ਨੂੰ ਸੁੱਤਿਆਂ ਜਗਾ ਕਿ ਓਹਨਾ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ।ਇਹ ਸਭ ਵਿਚ ਗੁਰੂ ਸਾਹਿਬ ਹੀ ਤਾਂ ਹਨ। ਭਾਈ ਦਲਜੀਤ ਸਿੰਘ ਜੀ ਨੇ ਇਸ ਕਿਤਾਬ ਵਿਚ ਬਿਆਨ ਕੀਤਾ ਹੈ ਕਿ ਕਿਵੇਂ ਓਹਨਾ ਨੂੰ ਕਈ ਮੌਕਿਆਂ ਤੇ ਕਿਸੇ ਨੇ ਹਲੂਣਾ ਦਿੱਤਾ ਤੇ ਕਈ ਵਾਰ ਓਹ ਐਨ ਮੌਤ ਦੇ ਮੂੰਹ ਵਿੱਚੋਂ ਬਿਨਾ ਕਿਸੇ ਸੇਕ ਲੱਗੇ ਨਿਕਲ ਆਏ। ਚੰਡੀਗੜ ਵਿੱਚ ਸੁੱਤਿਆਂ ਹਲੂਣਾ ਦੇ ਕਿ ਕਿਸ ਨੇ ਉਠਾਇਆ ਪਜਾਮੇ ਤੇ ਬਨੈਣ ਵਿੱਚ ਨੰਗੇ ਪੈਰ ਅਰਾਮ ਨਾਲ ਨਿਕਲ ਗਏ ? ਸੈਕਲ ਤੇ ਜਾਂਦਿਆਂ ਪੁਲਸ ਕੈਟਾਂ ਦੀ ਵੈਨ ਕੋਲ਼ੋਂ ਨਿਕਲ ਗਈ ਤੇ ਓਹਨਾਂ ਪਛਾਣ ਵੀ ਲਿਆ ਪਰ ਕੁਝ ਵੀ ਨਾ ਕਰ ਸਕੇ। ਕਿਵੇ ਐਨ ਮੌਕੇ ਤੇ ਪਿੰਕੀ ਕੈਂਟ ਵਰਗਿਆਂ ਦੀ ਗੱਡੀ ਚਲਾਓਣ ਵਾਲੇ ਬੰਦੇ ਤੋਂ ਗੱਡੀ ਹੀ ਨਹੀ ਚੱਲੀ ਤੇ ਫਿਰ ਗੱਡੀ ਚੱਲ ਕੇ ਬੰਦ ਹੋ ਗਈ ? ਕਿਵੇਂ ਰੋਪੜ ਵਾਲੇ ਪਸ਼ੂ ਹਸਪਤਾਲ ਵਿੱਚ ਅਚਨਚੇਤ ਪਿਛਲਾ ਰਾਹ ਡਾਕਟਰ ਵੱਲੋਂ ਦੱਸਿਆ ਗਿਆ ਤੇ ਫਿਰ ਓਸੇ ਰਾਹ ਕਰਕੇ ਪਿੰਕੀ ਕੈਂਟ ਵਰਗਿਆਂ ਕੋਲੇ ਐਣ ਮੌਕੇ ਤੇ ਬਚ ਗਏ ? ਕਿਵੇਂ ਸਾਰੇ ਸਿੰਘ ਇਕੱਠੇ ਹੀ ਸੁੱਤੇ ਸੀ ਤੇ ਪਹਿਰੇਦਾਰ ਸਿੰਘ ਦੀ ਵੀ ਅੱਖ ਲੱਗ ਗਈ ਤੇ ਇੱਕੋ ਦਮ ਓਸ ਨੂੰ ਹਲੂਣਾ ਦੇ ਕਿ ਕਿਸੇ ਨੇ ਉਠਾਇਆ ? ਇਹ ਸਾਰੇ ਸਬੱਬ ਕੇਵਲ ਗੁਰੂ ਸਾਹਿਬ ਆਪਣੀਆਂ ਸ਼ਹੀਦੀ ਫੌਜਾਂ ਉੱਤੇ ਹੀ ਕਰ ਸਕਦੇ ਹਨ ।
ਸਿੰਘਾਂ ਨੇ ਗੁਰੂ ਸਾਹਿਬ ਦੇ ਹੁਕਮ ਵਿਚ ਰਹਿੰਦਿਆਂ ਓਹਨਾ ਸਭਨਾਂ ਜਰਵਾਣਿਆਂ ਦਾ ਪਿੱਛਾ ਕੀਤਾ ਤੇ ਓਹਨਾ ਨੂੰ ਖਾਲਸਾਈ ਰਵਾਇਤਾਂ ਮੁਤਾਬਕ ਸੋਧਣ ਦਾ ਜਤਨ ਕੀਤਾ ਪਰ ਜੋ ਗੁਰੂ ਨੂੰ ਭਾਇਆ ਓਹੀ ਹੋਇਆ।ਇਸ ਗੱਲ ਨੂੰ ਇਸ ਕਿਤਾਬ ਵਿੱਚ ਬਾਖੂਬੀ ਬਿਆਨ ਕੀਤਾ ਹੋਇਆ ਹੈ ਜਿਸ ਨੂੰ ਪੜ ਕੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਕਿ ਖ਼ਾਲਸਾ ਜੀ ਉੱਤੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ ਹੈ ।
ਸ਼ਹਾਦਤ ਵਾਲਾ ਭਾਗ ਪੜਦਿਆਂ ਮੈਂ ਬਹੁਤ ਇਕਾਗਰ ਚਿੱਤ ਹੋ ਗਿਆ।ਰਹਿਰਾਸ ਦਾ ਵੇਲਾ ਸੀ ਸੋ ਮੈਂ ਨਿਤਨੇਮ ਉਪਰੰਤ ਪੜਨ ਬੈਠਾ ਜਿਓਂ ਜਿਓੰ ਮੈ ਪੜ ਰਿਹਾ ਸੀ, ਮੇਰਾ ਰੋਮ ਰੋਮ ਜਾਗ ਰਿਹਾ ਸੀ।ਜਥੇਦਾਰ ਗੁਰਦੇਵ ਸਿੰਘ ਕਾਓਂਕੇ ਤੋਂ ਲੈ ਕੇ ਮਨਜੀਤ ਸਿੰਘ ਪਲਾਹੀ ਅਤੇ ਸਮੁੱਚੇ ਸਿੰਘਾ ਦੀਆਂ ਸ਼ਹਾਦਤਾਂ ਨੂੰ ਮੈਂ ਬੜੇ ਫਕਰ ਨਾਲ ਪੜਿਆ। ਭਾਈ ਅਨੋਖ ਸਿੰਘ ਬੱਬਰ, ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ, ਭਾਈ ਜਿੰਦਾ ਸੁੱਖਾ ਨੇ ਮੇਰਾ ਰੋਮ ਰੋਮ ਜਗਾ ਦਿੱਤਾ।ਭਾਈ ਮਥਰਾ ਸਿੰਘ ਜੀ ਨੇ ਜਦੋਂ ਬੁੱਚੜ ਪੁਲਸ ਵਾਲੇ ਦਾ ਪਸਤੌਲ ਚੁੱਕਿਆ ਤੇ ਮੇਰਾ ਜੀ ਕਰੇ ਕਿ ਇਤਿਹਾਸ ਮੁੜ ਕਿ ਦੁਹਰਾਇਆ ਜਾਵੇ ਤੇ ਇਸ ਵਾਰ ਓਸਦਾ ਲੌਕ ਖੁਲਾ ਹੋਵੇ ਤੇ ਓਸ ਪੁਲਸੀਏ ਨੂੰ ਗੋਲੀ ਵੀ ਭਾਈ ਸਾਹਿਬ ਹੀ ਮਾਰਣ । ਭਾਈ ਬਲਵਿੰਦਰ ਸਿੰਘ ਰਾਜੂ, ਭਾਈ ਰਾਜਵਿੰਦਰ ਸਿੰਘ ਰਾਜੀ, ਭਾਈ ਚਰਨਜੀਤ ਸਿੰਘ ਤਲਵੰਡੀ ਹੁਣਾ ਦੀ ਦ੍ਰਿੜਤਾ ਅਤੇ ਹੱਸ ਹੱਸ ਕਿ ਤਸੀਹੇ ਜਰਦਿਆਂ ਵੇਖ ਕਿ ਮੇਰਾ ਚਿੱਤ ਇਕ ਵੱਖਰੇ ਅਹਿਸਾਸ ਨਾਲ ਭਰ ਗਿਆ ਜੋ ਮੈਂ ਦੱਸ ਨਹੀ ਸਕਦਾ । ਭਾਈ ਅਵਤਾਰ ਸਿੰਘ ਦਾਊਮਾਜਰਾ, ਭਾਈ ਗੁਰਪ੍ਰੀਤ ਸਿੰਘ ਵਿਰਕ ਅਤੇ ਹੋਰ ਸਿੰਘਾਂ ਨੇ ਵੀ ੧੮ਵੀਂ ਸਦੀ ਦਾ ਇਤਿਹਾਸ ਅਤੇ ਅਰਦਾਸ ਦੇ ਜਿੰਨਾਂ ਸਿੰਘਾ ਸਿੰਘਣੀਆੰ ਨੇ ਬੰਦ ਬੰਦ ਕਟਾਏ ਬੋਲ ਮੇਰੀਆਂ ਅੱਖਾਂ ਅੱਖੇ ਐਣ ਪ੍ਰਤੱਖ ਕਰ ਦਿੱਤੇ ।
ਬਾਬਾ ਅਜੀਤ ਸਿੰਘ, ਭਾਈ ਸੁੱਲਖਣ ਸਿੰਘ ਬੱਬਰ, ਭਾਈ ਰਛਪਾਲ ਸਿੰਘ ਛੰਦੜਾ, ਭਾਈ ਦਰਸ਼ਨ ਸਿੰਘ ਢੱਲਾ, ਭਾਈ ਗੁਰਦੇਵ ਸਿੰਘ ਦੇਬੂ, ਭਾਈ ਮਨਵੀਰ ਸਿੰਘ ਚਹੇੜੂ ਅਤੇ ਸਮੁੱਚੇ ਸਿੰਘਾਂ ਦੇ ਉੱਤੇ ਹੋਏ ਤਸੀਹੇ ਵੇਖ ਕਿ ਮੇਰਾ ਸਿਰ ਆਪ ਮੁਹਾਰੇ ਕਿਤਾਬ ਦੇ ਵਰਕਿਆਂ ਨੂੰ ਝੁਕ ਗਿਆ ਕਿਓੰਕਿ ਮੈਂ ਕਿਤਾਬ ਪੜ ਨਹੀ ਸੀ ਰਿਹਾ, ਮੈ ਕਿਤਾਬ ਦੇ ਵਿਚ ਸੀ।ਮੈਂ ਭਾਈ ਗੁਰਦੇਵ ਸਿੰਘ ਦੇਬੂ ਨੂੰ ਦੇਗ ਵਿਚ ਉਬਲਦਿਆਂ ਵੇਖ ਰਿਹਾ ਸੀ ਅਤੇ ਭਵਿੱਖ ਲਈ ਪ੍ਰੇਰਣਾ ਲੈ ਰਿਹਾ ਸੀ ਮੈਂ ਅਰਦਾਸ ਵਿੱਚ ਸੀ ਕਿ ਕਿਤੇ ਇਹੋ ਦਾਤਾਂ ਸਾਨੂੰ ਵੀ ਪ੍ਰਾਪਤ ਹੋ ਜਾਣ ।
ਅੰਤ ਵਿੱਚ ਮੈਂ ਕਿਤਾਬ ਨੂੰ ਚੁੰਮ ਕੇ ਮੱਥੇ ਨਾਲ ਲਾਇਆ ਤੇ ਇੰਝ ਮਹਿਸੂਸ ਹੋਇਆ ਕਿ ਇਹ ਸਭ ਸ਼ਹੀਦ ਸਿੰਘ ਸਾਡੇ ਅੰਗ ਸੰਗ ਹਨ ।
ਇਸ ਕਿਤਾਬ ਨੇ ਮੇਰੇ ਇਸ ਨਿਸਚੇ ਨੂੰ ਹੋਰ ਦ੍ਰਿੜ ਕੀਤਾ ਹੈ। ਮੇਰੇ ਨਿਹਚੇ ਨੂੰ ਕਿ “ਗੁਰੂ ਲਿਵ ਤੋਂ ਬਿਨਾ ਕਿਸੇ ਵੀ ਕਿਸਮ ਦਾ ਸੰਘਰਸ਼ ਚਿਤਵਿਆ ਵੀ ਨਹੀਂ ਜਾ ਸਕਦਾ” ਨੂੰ ਬਹੁਤ ਦ੍ਰਿੜ ਕਰ ਦਿੱਤਾ ਹੈ ।
ਇਹ ਕਿਤਾਬ ਕੇਵਲ ਸੰਘਰਸ਼ ਦਾ ਇਤਿਹਾਸ ਹੀ ਨਹੀ ਹੈ, ਇਹ ਕਿਤਾਬ ਆਓਣ ਵਾਲੇ ਸਿੰਘ ਸੰਘਰਸ਼ ਦਾ ਮਾਰਗ ਦਰਸ਼ਨ ਹੈ। ਇਸ ਕਿਤਾਬ ਤੋਂ ਆਓਣ ਵਾਲੇ ਸਿੱਖ ਸੰਘਰਸ਼ ਜੋ ਕਿ ਨਿਸਚਿਤ ਹੈ, ਦੀ ਸੇਧ ਲਈ ਜਾਣੀ ਅਤਿ ਜ਼ਰੂਰੀ ਹੈ ।
ਅੰਤ ਵਿੱਚ ਮੈਂ ਭਾਈ ਦਲਜੀਤ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾ ਨੂੰ ਸਿਜਦਾ ਕਰਦਾ ਹਾਂ ਅਤੇ ਗੁਰੂ ਸਾਹਿਬ ਅੱਗੇ ਦੋਇ ਕਰ ਜੋੜ ਕੇ ਅਰਦਾਸ ਕਰਦਾਂ ਹਾਂ ਕਿ ਹੇ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦੀ ਬਹੁੜੀ ਕਰੋ ਤੇ ਸਾਨੂੰ ਸਿਦਕ ਭਰੋਸਾ ਵਿਸਾਹ ਤੇ ਨਾਮ ਦਾਨ ਬਖਸ਼ੋ ।
ਭਾਈ ਸੁਰਿੰਦਰਪਾਲ ਸਿੰਘ ਠਰੂਆ ਦੀ ਪ੍ਰੇਰਣਾ ਸਦਕਾ
ਦਲਜੀਤ ਸਿੰਘ (ਰਾਣਾ)