ਚੱਲ ਰਹੇ ਘਟਨਾਕ੍ਰਮ ਤੇ ਚਰਚਾ ਨਾਲ ਗੁਰੂ ਸਾਹਿਬਾਨ, ਸ਼ਹੀਦਾਂ ਤੇ ਇਤਿਹਾਸਕ ਵਰਤਾਰਿਆਂ ਦੀ ਪਵਿੱਤਰਤਾ ਨੂੰ ਢਾਹ ਲੱਗ ਰਹੀ ਹੈ: ਪੰਥਕ ਸੇਵਕ ਸ਼ਖ਼ਸੀਅਤਾਂ

ਚੱਲ ਰਹੇ ਘਟਨਾਕ੍ਰਮ ਤੇ ਚਰਚਾ ਨਾਲ ਗੁਰੂ ਸਾਹਿਬਾਨ, ਸ਼ਹੀਦਾਂ ਤੇ ਇਤਿਹਾਸਕ ਵਰਤਾਰਿਆਂ ਦੀ ਪਵਿੱਤਰਤਾ ਨੂੰ ਢਾਹ ਲੱਗ ਰਹੀ ਹੈ: ਪੰਥਕ ਸੇਵਕ ਸ਼ਖ਼ਸੀਅਤਾਂ

26 ਫਰਵਰੀ ਚੰਡੀਗੜ੍ਹ :- ਪੰਥ ਸੇਵਕ ਸ਼ਖ਼ਸੀਅਤਾਂ ਨੇ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ “ਇਸ ਵੇਲੇ ਜਦੋਂ ਸੰਸਾਰ, ਖਿੱਤੇ ਤੇ ਇੰਡੀਆ ਦੇ ਹਾਲਾਤ ਅਸਥਿਰਤਾ ਵੱਲ ਜਾ ਰਹੇ ਹਨ ਤਾਂ ਇਸ ਦਾ ਅਸਰ ਪੰਜਾਬ ਅਤੇ ਸਿੱਖਾਂ ਉੱਤੇ ਵੀ ਪੈ ਰਿਹਾ ਹੈ। ਦਿੱਲੀ ਦਰਬਾਰ ਸਿੱਖ ਸਫਾਂ ਵਿਚ ਆਏ ਖਿੰਡਾਓ ਨੂੰ ਵਧਾ ਰਿਹਾ ਹੈ। ਸਿੱਖਾਂ ਦੇ ਮਸਲਿਆਂ, ਸਿੱਖ ਸਫਾਂ ਵਿਚਲੇ ਮਤਭੇਦਾਂ ਅਤੇ ਵਿਵਾਦਤ ਮੁੱਦਿਆਂ ਨੂੰ ਇੱਕੋ ਵੇਲੇ ਹਵਾ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਦਿੱਲੀ ਦਰਬਾਰ ਦੀਆਂ ਏਜੰਸੀਆਂ ਤੇ ਮੀਡੀਆ ਲਗਾਤਾਰ ਪੰਜਾਬ ਤੇ ਸਿੱਖਾਂ ਬਾਰੇ ਨਕਾਰਾਤਮਿਕ ਬਿਰਤਾਂਤ ਖੜ੍ਹਾ ਕਰ ਰਿਹਾ ਹੈ”।

ਇਸ ਬਿਆਨ ਵਿਚ

ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਕਿਹਾ ਕਿ ਕਿਰਸਾਨੀ ਸੰਘਰਸ਼ ਦੌਰਾਨ ਪੰਜਾਬ ਤੇ ਸਿੱਖਾਂ ਵਲੋਂ ਦਰਸਾਈ ਸਮਰੱਥਾ ਤੋਂ ਦਿੱਲੀ ਦਰਬਾਰ ਵੱਲੋਂ ਮੋੜਵੀਂ ਵਿਓਂਤਬੰਦੀ ਤਹਿਤ ਸ਼ੁਰੂ ਹੋਇਆ ਇਹ ਵਰਤਾਰਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਸਦੀ ਪਹਿਲਾਂ ਸੰਘਰਸ਼ ਵਿਚੋਂ ਨਿੱਕਲੀਆਂ ਸਿੱਖ ਸੰਸਥਾਵਾਂ ਦਿੱਲੀ ਦਰਬਾਰ ਦੀ ਰਾਜਸੀ ਅਧੀਨਗੀ ਤੇ ਸਮੇਂ ਨਾਲ ਆਈਆਂ ਅੰਦਰੂਨੀ ਕਮਜ਼ੋਰੀਆਂ ਕਾਰਨ ਸਿੱਖਾਂ ਵਿਚ ਆਪਣੀ ਮਾਨਤਾ ਅਤੇ ਅਸਰ ਰਸੂਖ ਗਵਾ ਬੈਠੀਆਂ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਪ੍ਰਬੰਧ ਦੀ ਸਿੱਖਾਂ ਵਿਚ ਕੇਂਦਰੀ ਧੁਰੇ ਵਜੋਂ ਮਾਨਤਾ ਖੁਰਣ ਕਾਰਨ ਸਿੱਖ ਸਫਾਂ ਆਪੋ-ਧਾਪੀ ਦੀ ਮਾਰ ਝੱਲ ਰਹੀਆਂ ਹਨ। ਦਿੱਲੀ ਦਰਬਾਰ ਇਸ ਮਹੌਲ ਨੂੰ ਹੋਰ ਭੜਕਾਅ ਰਿਹਾ ਹੈ ਜਿਸ ਨਾਲ ਸਭ ਕੁਝ ਬਾਰੇ ਸ਼ੱਕ ਤੇ ਭੰਬਲਭੂਸਾ ਖੜ੍ਹਾ ਕੀਤਾ ਜਾ ਰਿਹਾ ਹੈ।

ਪੰਥ ਸੇਵਕ ਸ਼ਖ਼ਸੀਅਤਾਂ ਨੇ ਕਿਹਾ ਕਿ ਸਿੱਖਾਂ ਦੀਆਂ ਪਵਿੱਤਰ ਤੇ ਅਜ਼ੀਮ ਹਸਤੀਆਂ ਤੇ ਸੰਕਲਪਾਂ- ਜਿਵੇਂ ਕਿ ਗੁਰੂ, ਸ਼ਹੀਦ ਅਤੇ ਇਤਿਹਾਸਕ ਵਰਤਾਰੇ ਸਿੱਖ ਜੀਵਨ ਜਾਚ ਦਾ ਧੁਰਾ ਅਤੇ ਪ੍ਰੇਰਣਾ ਸਰੋਤ ਰਹੇ ਹਨ। ਇਹ ਸਿੱਖਾਂ ਲਈ ਰੂਹ ਦੀ ਖੁਰਾਕ ਹਨ ਜਿਸ ਆਸਰੇ ਸਿੱਖ ਬਿਖੜੇ ਤੋਂ ਬਿਖੜੇ ਸਮਿਆਂ ਦਾ ਸਾਹਮਣਾ ਕਰਦਿਆਂ ਗੁਰੂ ਆਸ਼ੇ ਅਨੁਸਾਰ ਵਿਚਰਦੇ ਰਹੇ ਹਨ। ਪਰ ਹੁਣ ਇਹਨਾਂ ਪਵਿੱਤਰ ਹਸਤੀਆਂ ਬਾਰੇ ਵਿਵਾਦ ਭੜਕਾਅ ਕੇ ਜਾਂ ਘਟਨਾਵਾਂ ਕਰਵਾ ਕੇ ਇਹਨਾਂ ਦੀ ਪਵਿੱਤਰਤਾ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸ਼ਹੀਦ ਦੇ ਸੰਕਲਪ ਨੂੰ ਧੁੰਧਲਾ ਕਰਨ ਦੇ ਯਤਨ ਅਤੇ ਇਤਿਹਾਸਕ ਵਰਤਾਰਿਆਂ ਦੀ ਨਕਲ ਲਾਹੁਣ ਦੀਆਂ ਕੋਸ਼ਿਸ਼ਾਂ ਇਸੇ ਦਾ ਹਿੱਸਾ ਹਨ। ਇਸ ਨਾਲ ਦਿੱਲੀ ਦਰਬਾਰ ਸਿੱਖਾਂ ਵਿਚ ਧੜੇਬੰਦੀ, ਬੇਵਿਸ਼ਵਾਸ਼ੀ ਅਤੇ ਆਪੋਧਾਪੀ ਨੂੰ ਵਧਾ ਰਿਹਾ ਹੈ।

ਉਹਨਾ ਕਿਹਾ ਕਿ

ਜਾਣੇ-ਅਣਜਾਣੇ ਵਿਚ ਕਈ ਸਿੱਖ ਹਿੱਸੇ ਵੀ ਇਹ ਸਭ ਦਾ ਹਿੱਸਾ ਬਣ ਰਹੇ ਹਨ। ਇਹੀ ਕਾਰਨ ਹੈ ਕਿ ਹਰ ਘਟਨਾਕ੍ਰਮ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ, ਸ਼ਹੀਦਾਂ ਅਤੇ ਇਤਿਹਾਸਕ ਵਰਤਾਰਿਆਂ ਬਾਰੇ ਜਿਸ ਤਰ੍ਹਾਂ ਦੀ ਚਰਚਾ ਸੋਸ਼ਲ ਮੀਡੀਆ ਤੇ ਚੈਨਲਾਂ ਸਮੇਤ ਸਾਡੇ ਸਮਾਜ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲਦੀ ਹੈ ਉਸ ਨਾਲ ਇਹਨਾ ਪਵਿੱਤਰ ਹਸਤੀਆਂ ਤੇ ਸੰਕਲਪਾਂ ਦੀ ਪਵਿੱਤਰਤਾ ਨੂੰ ਹੋਰ ਢਾਅ ਲੱਗਦੀ ਹੈ। ਹਾਲੀਆ ਕਈ ਘਟਨਾਕ੍ਰਮਾਂ ਸਮੇਤ ਅਜਨਾਲਾ ਘਟਨਾ ਤੋਂ ਬਾਅਦ ਚੱਲ ਰਹੀ ਚਰਚਾ ਇਸ ਦੀ ਪਰਤੱਖ ਤੇ ਅਫਸੋਸਨਾਕ ਮਿਸਾਲ ਹੈ।

ਸਾਂਝੇ ਬਿਆਨ ਵਿਚ ਅੱਗੇ ਇਹ ਕਿਹਾ ਗਿਆ ਹੈ ਕਿ ਇਹ ਸਮੁੱਚੇ ਹਾਲਾਤ ਇੰਨੇ ਗੰਭੀਰ ਹਨ ਕਿ ਇਨ੍ਹਾਂ ਦਾ ਨਤੀਜਾ ਦਿੱਲੀ ਦਰਬਾਰ ਵੱਲੋਂ ਪੰਜਾਬ ਤੇ ਸਿੱਖਾਂ ਨੂੰ ਇਕੱਲਿਆਂ ਨਿਖੇੜ ਕੇ ਸਿੱਧੇ ਨਿਸ਼ਾਨੇ ਉੱਤੇ ਲਿਆਉਣ ਵੱਲ ਹੀ ਨਿੱਕਲਦਾ ਨਜ਼ਰ ਆ ਰਿਹਾ ਹੈ।

ਪੰਥ ਸੇਵਕ ਸ਼ਖ਼ਸੀਅਤਾਂ ਨੇ ਅੱਗੇ ਕਿਹਾ ਕਿ ਆਪੋ ਧਾਪੀ ਦਾ ਮਹੌਲ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਹਿਤ ਵਿਚ ਨਹੀਂ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਅਜਿਹੇ ਹਾਲਾਤ ਵਿਚ ਆਪਸੀ ਸੰਵਾਦ ਰਾਹੀਂ ਏਕਾ ਬਣਾੳਣ ਦਾ ਮਾਰਗ ਬਖਸ਼ਿਸ਼ ਕੀਤਾ ਹੈ। ਇਸ ਵੇਲੇ ਗੁਰੂ ਖਾਲਸਾ ਪੰਥ ਅਤੇ ਗੁਰ-ਸੰਗਤ ਨੂੰ ਆਪਣੀ ਸਮੂਹਿਕ ਭਾਵਨਾ ਦੇ ਪ੍ਰਗਟਾਵੇ ਲਈ ਪੰਥਕ ਰਿਵਾਇਤ ਦਾ ਪੱਲਾ ਫੜਨ ਦੀ ਸਖਤ ਲੋੜ ਹੈ ਤਾਂ ਕਿ ਅਸੀਂ ਗੁਰਮਤੇ ਵੱਲ ਪਰਤ ਸਕੀਏ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਪੰਚ ਪ੍ਰਧਾਨੀ ਅਗਵਾਈ ਪ੍ਰਣਾਲੀ ਅਮਲ ਵਿਚ ਲਿਆ ਸਕੀਏ। ਇਹ ਅਸਥਿਰਤਾ ਦਾ ਸਮਾਂ ਚੁਣੌਤੀਆਂ ਭਰਪੂਰ ਹੈ। ਸਿਰਫ ਗੁਰੂ ਸਾਹਿਬ ਵੱਲੋਂ ਦਰਸਾਏ ਗੁਰਮਤਿ ਦੇ ਆਸ਼ੇ ਅਤੇ ਪੰਥਕ ਰਿਵਾਇਤ ਦੇ ਮਾਰਗ ਉੱਤੇ ਚੱਲ ਕੇ ਹੀ ਚਣੌਤੀਆਂ ਪਿੱਛੇ ਛੁਪੀਆਂ ਸੰਭਾਵਨਾਵਾਂ ਸਰ ਕੀਤੀਆਂ ਜਾ ਸਕਦੀਆਂ ਹਨ। ਇਸ ਵੇਲੇ ਸਿੱਖ ਜਗਤ ਨੂੰ ਇਸ ਬਾਰੇ ਗੰਭੀਰ ਉੱਦਮ ਕਰਨ ਦੀ ਲੋੜ ਹੈ।

0 0 votes
Article Rating
Subscribe
Notify of
0 ਟਿੱਪਣੀਆਂ
Oldest
Newest Most Voted
Inline Feedbacks
View all comments
0
Would love your thoughts, please comment.x
()
x