ਬਦਲਦੇ ਸਮਿਆਂ ਨਾਲ ਮਨੁੱਖ ਦੇ ਗੱਲਬਾਤ ਕਰਨ ਦੇ ਸਾਧਨ ਵੀ ਬਦਲਦੇ ਰਹਿੰਦੇ ਹਨ ਅਤੇ ਤਕਨੀਕ ਇਹਨਾਂ ਸਾਧਨਾਂ ਨੂੰ ਦਿਨ ਪਰ ਦਿਨ ਹੋਰ ਸੁਖਾਲੇ ਕਰਦੀ ਜਾ ਰਹੀ ਹੈ। ਹੁਣ ਦੇ ਸਮੇਂ ਬਿਜਲ ਸੱਥ (ਸੋਸ਼ਲ ਮੀਡੀਆ) ਦਾ ਬੋਲਬਾਲਾ ਹੈ, ਕਿਸੇ ਵੀ ਉਮਰ, ਕਿੱਤੇ ਜਾ ਵੰਨਗੀ ਦਾ ਮਨੁੱਖ ਬਿਜਲ ਸੱਥ ਦੇ ਵੱਖ ਵੱਖ ਮੰਚਾਂ ਉੱਤੇ ਆਪਣੀ ਗੱਲ ਬੋਲ ਕੇ ਜਾ ਲਿਖ ਕੇ ਸਾਂਝੀ ਕਰ ਸਕਦਾ ਹੈ। ਬਿਜਲ ਸੱਥ ਦੀ ਵਰਤੋਂ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ, ਮੱਕੜ ਜਾਲ (ਇੰਟਰਨੈੱਟ) ਸੇਵਾਵਾਂ ਦੀ ਤਕਰੀਬਨ ਹਰ ਵਿਅਕਤੀ ਤੱਕ ਸੌਖਿਆਂ ਪਹੁੰਚ ਹੋ ਗਈ ਹੈ ਜਿਸ ਕਾਰਨ ਜਾਣਕਾਰੀ ਦੀ ਰਫਤਾਰ ਬਹੁਤ ਜਿਆਦਾ ਤੇਜ਼ ਹੋ ਗਈ ਹੈ। ਦੁਨੀਆਂ ਦੇ ਇੱਕ ਹਿੱਸੇ ਵਿੱਚ ਵਾਪਰੀ ਕੋਈ ਵੀ ਘਟਨਾ ਮਿੰਟਾਂ-ਸਕਿੰਟਾਂ ਵਿੱਚ ਹੀ ਸੰਸਾਰ ਦੇ ਸਾਰੇ ਹਿੱਸਿਆਂ ਵਿੱਚ ਪਹੁੰਚ ਜਾਂਦੀ ਹੈ। ਇਸ ਸਾਰੀ ਰਫਤਾਰ ਨੇ ਮਨੁੱਖ ਦੇ ਵਿਹਾਰ ਵਿੱਚ ਬਹੁਤ ਜਿਆਦਾ ਪੱਖਾਂ ਉੱਤੇ ਅਸਰ ਪਾ ਦਿੱਤੇ ਹਨ। ਕਾਹਲ ਵੀ ਇਹਨਾਂ ਵਿੱਚੋਂ ਹੀ ਇਕ ਹੈ, ਕਾਹਲ ਦਾ ਸ਼ਿਕਾਰ ਵਿਅਕਤੀ ਕਿਸੇ ਵੀ ਮਸਲੇ ਦੀ ਪੂਰੀ ਸਹੀ ਜਾਣਕਾਰੀ ਹੋਏ ਬਿਨਾ ਉਸ ਮਸਲੇ ਵਿੱਚ ਸ਼ਮੂਲੀਅਤ ਕਰ ਲੈਂਦਾ ਹੈ ਅਤੇ ਆਪਣੀ ਸਮਝ ਮੁਤਾਬਿਕ ਓਹਦੇ ਚ ਆਪਣੀ ਊਰਜਾ ਲਾਉਣ ਲੱਗ ਜਾਂਦਾ ਹੈ। ਇੱਥੇ ਅਹਿਮ ਗੱਲ ਇਹ ਹੈ ਕਿ ਉਹ ਇਹ ਵੀ ਨਿਖੇੜਾ ਨਹੀਂ ਕਰ ਪਾਉਂਦਾ ਕਿ ਇਹ ਮਸਲਾ ਕਿਸ ਵੰਨਗੀ ਦੇ ਵਿਅਕਤੀਆਂ ਦੇ ਵਿਚਾਰਨ ਵਾਸਤੇ ਹੈ? ਉਹ ਆਪ ਇਸ ਵੰਨਗੀ ਚ ਆਉਂਦਾ ਵੀ ਹੈ ਜਾ ਨਹੀਂ? ਓਹਦੀ ਸ਼ਮੂਲੀਅਤ ਇਸ ਮਸਲੇ ਦਾ ਕੁਝ ਸਵਾਰ ਸਕਦੀ ਹੈ ਜਾ ਨਹੀਂ? ਇਸ ਤਰ੍ਹਾਂ ਮਨੁੱਖ ਜਿੱਥੇ ਆਪਣਾ ਸਮਾਂ ਅਤੇ ਆਪਣੀ ਊਰਜਾ ਅਜਾਈਂ ਗਵਾ ਰਿਹਾ ਹੈ ਉੱਥੇ ਅਹਿਮ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਉਲਝਾ ਰਿਹਾ ਹੈ।
ਬਿਜਲ ਸੱਥ ਨੂੰ ਵਰਤਣ ਵਾਲੇ ਮੋਟੇ ਰੂਪ ਵਿੱਚ ਤਕਰੀਬਨ ਇਹ ਪੰਜ ਵੰਨਗੀਆਂ ਦੇ ਹੁੰਦੇ ਹਨ – ਵਿਦਵਾਨ, ਵਿਸ਼ਲੇਸ਼ਕ, ਵਿਆਖਿਆਕਾਰ, ਪ੍ਰਚਾਰਕ ਅਤੇ ਕਾਰਕੁੰਨ। ਆਪਾਂ ਸਾਰੇ ਇਹਨਾਂ ਵਿੱਚੋਂ ਹੀ ਕਿਸੇ ਨੇ ਕਿਸੇ ਵੰਨਗੀ ਚ ਆਉਂਦੇ ਹਾਂ, ਕੋਈ ਅਜਿਹਾ ਵੀ ਹੋਵੇਗਾ ਜਿਹੜਾ ਇਕ ਤੋਂ ਵੱਧ ਵੰਨਗੀ ਚ ਵੀ ਆਉਂਦਾ ਹੋਵੇ ਪਰ ਉਹ ਕੋਈ ਵਿਰਲਾ ਹੀ ਹੋਵੇਗਾ। ਵਿਦਵਾਨ ਕਿਸੇ ਵਰਤਾਰੇ ਨੂੰ ਵੇਖ ਸਮਝ ਕੇ ਓਹਨੂੰ ਸੂਤਰਬੱਧ ਕਰਦਾ ਹੈ। ਵਿਸ਼ਲੇਸ਼ਕ ਕੁਝ ਘਟਨਾਵਾਂ ਨੂੰ ਜੋੜ ਕੇ ਸਿਧਾਂਤ ਨਾਲ ਤੁਲਨਾ ਕਰ ਕੇ ਕੋਈ ਸਿੱਟਾ ਕੱਢਦਾ ਹੈ। ਵਿਆਖਿਆਕਾਰ ਇਹਨਾਂ ਸਿੱਟਿਆਂ ਅਤੇ ਸੂਤਰਬੱਧ ਕੀਤੇ ਵਰਤਾਰੇ ਦੀ ਸਰਲ ਵਿਆਖਿਆ ਕਰਦਾ ਹੈ। ਪ੍ਰਚਾਰਕ ਬਹੁਤ ਸਾਰੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਦਾ ਪ੍ਰਚਾਰ ਕਰਦਾ ਹੈ ਅਤੇ ਸਮਾਜ ਨੂੰ ਹਾਂ ਪੱਖੀ ਪ੍ਰਚਾਰ ਨਾਲ ਚੜ੍ਹਦੀਕਲਾ ਚ ਰਹਿਣ ਦਾ ਸੁਨੇਹਾ ਵੀ ਦਿੰਦਾ ਹੈ। ਕਾਰਕੁੰਨ ਪ੍ਰਚਾਰੀਆਂ ਗਈਆਂ ਸਮੱਸਿਆਵਾਂ ਨੂੰ ਧਿਆਨ ਚ ਰੱਖ ਕੇ ਓਹਨਾ ਨੂੰ ਹੱਲ ਕਰਨ ਲਈ ਸਰਗਰਮੀ ਕਰਦਾ ਹੈ। ਓਹਦੇ ਕੋਲ ਇਸ ਕਾਰਜ ਦੀ ਜੁਗਤ ਵੀ ਹੁੰਦੀ ਅਤੇ ਸਮਰੱਥਾ ਵੀ। ਬਿਜਲ ਸੱਥ ਦੀ ਸਭ ਤੋਂ ਜਿਆਦਾ ਵਰਤੋਂ ਵੀ ਤਕਰੀਬਨ ਕਾਰਕੁੰਨ ਵਰਗ ਹੀ ਕਰਦਾ ਹੈ।
ਪਰ ਜਦੋਂ ਅਸੀਂ ਇਸ ਗੱਲ ਤੋਂ ਅਣਜਾਣ ਹੋ ਕੇ ਕਿ ਅਸੀਂ ਕਿਸ ਵੰਨਗੀ ਚ ਆਉਂਦੇ ਹਾਂ ਤੇ ਸਾਡਾ ਕਿੰਨਾ ਮਸਲਿਆਂ ਉੱਤੇ ਕਿਸ ਤਰ੍ਹਾਂ ਦਾ ਦਖਲ ਹੋਣਾ ਚਾਹੀਦਾ ਹੈ, ਬਿਜਲ ਸੱਥ ਦੀ ਵਰਤੋਂ ਕਰਦੇ ਹਾਂ ਉਦੋਂ ਅਸੀਂ ਚੱਲ ਰਹੀਆਂ ਸਾਰੀਆਂ ਹੀ ਬਹਿਸਾਂ ਵਿੱਚ ਆਪਣੀ ਸ਼ਮੂਲੀਅਤ ਕਰਨ ਲੱਗ ਜਾਂਦੇ ਹਾਂ। ਜਿਸ ਨਾਲ ਕਿਸੇ ਮਸਲੇ ਨੂੰ ਸਹੀ ਦਿਸ਼ਾ ਚ ਲੈ ਕੇ ਜਾਣ ਦੀ ਥਾਂ ਅਸੀਂ ਕਈ ਵਾਰ ਇਸ ਤੋਂ ਬਿਲਕੁਲ ਪੁੱਠਾ ਕਰ ਬੈਠਦੇ ਹਾਂ। ਜੋ ਕੰਮ ਵਿਦਵਾਨ ਵਰਗ ਦਾ ਹੈ, ਓਹਦੇ ਚ ਵੀ ਸਾਰੇ ਬਹਿਸ ਰਹੇ ਹੁੰਦੇ ਨੇ, ਵਿਸ਼ਲੇਸ਼ਕ ਦੇ ਕੰਮ ਵਿੱਚ ਵੀ ਅਤੇ ਇਸੇ ਤਰ੍ਹਾਂ ਬਾਕੀ ਸਾਰਿਆਂ ਦੇ ਵੀ। ਕਾਰਕੁੰਨ ਦਾ ਅਸਲੀ ਕੰਮ ਜਮੀਨੀ ਪੱਧਰ ਤੇ ਸਰਗਰਮੀ ਕਰਨ ਦਾ ਹੈ, ਉਹ ਵੀ ਬਿਜਲ ਸੱਥ ਦੀਆਂ ਬਹਿਸਾਂ ਵਿੱਚ ਵਿਅਸਤ ਰਹਿੰਦਾ ਹੈ ਤੇ ਸਮਝਦਾ ਹੈ ਕਿ ਮੇਰੀ ਸਰਗਰਮੀ ਹੋ ਰਹੀ ਹੈ। ਇਹ ਇਕ ਵੱਡਾ ਕਾਰਨ ਹੈ ਕਿ ਸਾਡੇ ਮਸਲੇ ਕਿਸੇ ਥਾਂ ਪੱਤਣ ਨਹੀਂ ਲੱਗ ਰਹੇ। ਮਸਲਿਆਂ ਦੀ ਸਿਰਫ ਚਰਚਾ ਹੈ ਪਰ ਹੱਲ ਵੱਲ ਨੂੰ ਕੋਈ ਠੋਸ ਪ੍ਰਾਪਤੀ ਨਹੀਂ।
ਇਸੇ ਸਮਝ ਤੋਂ ਸੱਖਣੇ ਹੋਣ ਕਰਕੇ ਕਈ ਵਾਰ ਤਾਂ ਅਸੀਂ ਕਿਸੇ ਮਸਲੇ ਵਿੱਚ ਸਿਰਫ ਓਹਦਾ ਨਾ-ਪੱਖੀ ਨੁਕਤਾ ਹੀ ਪ੍ਰਚਾਰਨ ਲੱਗ ਜਾਂਦੇ ਹਾਂ, ਸਿਰਫ ਪ੍ਰਚਾਰਨ ਨਹੀਂ ਓਹਦੇ ਤੇ ਵੱਡੀਆਂ ਵੱਡੀਆਂ ਅਤੇ ਕਈ ਕਈ ਦਿਨਾਂ ਲਈ ਬਹਿਸਾਂ ਵੀ ਕਰਦੇ ਹਾਂ ਜਦ ਕਿ ਓਹਦੇ ਚ ਜੋ ਹਾਂ-ਪੱਖੀ ਨੁਕਤਾ ਸਮਝਣ ਅਤੇ ਪ੍ਰਚਾਰਨ ਵਾਲਾ ਹੁੰਦੈ ਉਹ ਅਸੀਂ ਸਾਰੀ ਗੱਲਬਾਤ ਵਿਚੋਂ ਮਨਫ਼ੀ ਹੀ ਕਰ ਦਿੰਦੇ ਹਾਂ। ਮਸਲਨ ਪਿਛਲੇ ਦਿਨਾਂ ਚ ਰਾਮ ਮੰਦਰ ਵਾਲੇ ਮਸਲੇ ਵਿੱਚ ਅਸੀਂ ਸਿਰਫ ਦੋ ਗੱਲਾਂ ਉੱਤੇ ਆਪਣੀ ਸਾਰੀ ਊਰਜਾ ਲਾਈ ਰੱਖੀ, ਪਹਿਲੀ ਉੱਥੇ ਸਾਡੇ ਕੌਣ ਬੰਦੇ ਪਹੁੰਚੇ ਅਤੇ ਉੱਥੇ ਕਿਸ ਨੇ ਕੀ ਬੋਲਿਆ। ਜਦੋਂ ਕਿ ਪ੍ਰਚਾਰ ਇਸ ਗੱਲ ਦਾ ਹੋਣਾ ਚਾਹੀਦਾ ਸੀ ਕਿ ਇੰਨੇ ਯਤਨਾਂ ਦੇ ਬਾਵਜੂਦ ਇਹ ਸਾਡੇ ਵਿਰੋਧ ਅਤੇ ਸਾਡੇ ਪ੍ਰਭਾਵ ਕਰਕੇ ਸਾਡੀਆਂ ਅਹਿਮ ਸਖਸ਼ੀਅਤਾਂ ਨੂੰ ਸੱਦਣ ਵਿੱਚ ਨਾ-ਕਾਮਯਾਬ ਰਹੇ। ਜੋ ਉੱਥੇ ਪਹੁੰਚਿਆਂ ਉਹ ਪਹਿਲਾਂ ਹੀ ਸਾਡੇ ਵੱਲੋਂ ਰੱਦ ਕੀਤਾ ਹੋਇਆ ਹੈ। ਪਰ ਅਸੀਂ ਆਪਣੀ ਕਾਹਲ ਅਤੇ ਘੱਟ ਸਮਝ ਕਾਰਨ ਆਪਣੀ ਨੈਤਿਕ ਜਿੱਤ ਦਾ ਸਹੀ ਤਰੀਕੇ ਪ੍ਰਚਾਰ ਨਹੀਂ ਕਰ ਸਕੇ। ਇਸੇ ਤਰ੍ਹਾਂ ਮਹੀਨੇ – ਦੋ ਮਹੀਨੇ ਬਾਅਦ ਕੋਈ ਨਾ ਕੋਈ ਮਸਲਾ ਖੜਾ ਰਹਿੰਦਾ ਹੈ। ਭਾਵੇਂ ਉਹ ਵਿਦਵਾਨਾਂ ਦੇ ਵਿਚਾਰਨ ਵਾਲਾ ਹੀ ਕਿਉਂ ਨਾ ਹੋਵੇ ਪਰ ਅਸੀਂ ਸਾਰੇ ਜਨਤਕ ਥਾਵਾਂ ਉੱਤੇ ਓਹਦੇ ਚ ਉਲਝਦੇ ਰਹਿੰਦੇ ਹਾਂ।
ਸਮੇਂ ਅਤੇ ਤਕਨੀਕ ਨੇ ਜੇਕਰ ਸਾਨੂੰ ਕੁਝ ਅਜਿਹੇ ਸਾਧਨ ਮੁਹਈਆ ਕਰਵਾ ਦਿੱਤੇ ਨੇ ਜਿਹਨਾਂ ਨਾਲ ਅਸੀਂ ਆਪਣੀ ਗੱਲ ਸੰਸਾਰ ਦੇ ਹਰ ਇਕ ਹਿੱਸੇ ਤੱਕ ਪਹੁੰਚਾ ਸਕਦੇ ਹਾਂ ਤਾਂ ਸਾਨੂੰ ਉਹ ਸਾਧਨਾਂ ਦੀ ਠੀਕ ਵਰਤੋਂ ਕਰਨ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਆਪਣੀ ਥਾਂ ਬਾਰੇ ਸਪਸ਼ੱਟ ਹੋਣਾ ਚਾਹੀਦੈ ਕਿ ਅਸੀਂ ਕਿਸ ਵੰਨਗੀ ਵਿੱਚ ਕਿਹੜੇ ਮਸਲਿਆਂ ਉੱਤੇ ਕਿਸ ਤਰੀਕੇ ਆਪਣੀ ਗੱਲ ਰੱਖ ਸਕਦੇ ਹਾਂ ਫਿਰ ਹੀ ਸਾਨੂੰ ਆਪਣੀ ਸਰਗਰਮੀ ਕਰਨੀ ਚਾਹੀਦੀ ਹੈ। ਜੇਕਰ ਇਸ ਤਰ੍ਹਾਂ ਨਹੀਂ ਕਰਦੇ ਤਾਂ ਮਸਲਿਆਂ ਨੂੰ ਹੋਰ ਤਾਂ ਉਲਝਾ ਸਕਦੇ ਹਾਂ ਪਰ ਉਹਨਾਂ ਦੇ ਹੱਲ ਵੱਲ ਨੂੰ ਜਾਣ ਚ ਅਸੀਂ ਕਾਮਯਾਬ ਨਹੀਂ ਹੋ ਪਾਵਾਂਗੇ।