ਆਉਣ ਵਾਲੀ 6 ਸਤੰਬਰ ਨੂੰ ‘ਐਮਰਜੈਂਸੀ’ ਨਾਮੀ ਵਿਵਾਦਤ ਫਿਲਮ ਜਾਰੀ ਹੋਣ ਜਾ ਰਹੀ ਹੈ, ਜਿਸ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਵਿਰੋਧ ਕਰਨ ਵਾਲੇ ਇੱਕ ਹਿੱਸੇ ਦਾ ਕਹਿਣਾ ਹੈ ਕਿ ਸਟੇਟ ਵੱਲੋਂ ਆਪਣਾ ਬਿਰਤਾਂਤ ਮਜ਼ਬੂਤ ਕਰਨ ਦੇ ਲਈ ਫਿਲਮ ਵਿੱਚ ਸਿੱਖ ਸ਼ਹੀਦਾਂ ਅਤੇ ਖਾੜਕੂ ਸਿੰਘਾਂ ਦੀ ਗਲਤ ਪੇਸ਼ਕਾਰੀ ਕੀਤੀ ਗਈ ਹੈ, ਜੋ ਕਿ ਸੱਚ ਵੀ ਹੈ। ਇਸ ਸਬੰਧੀ ਫਿਲਮ ਨੂੰ ਬੰਦ ਕਰਵਾਉਣ ਲਈ ਲਗਾਤਾਰ ਬਿਆਨ ਵੀ ਆ ਰਹੇ ਹਨ।
″
ਇਹ ਗੱਲ ਠੀਕ ਹੈ ਕਿ ਫਿਲਮ ਬੰਦ ਹੋਣੀ ਚਾਹੀਦੀ ਹੈ ਪਰ ਇਹ ਮਸਲੇ ਦਾ ਹੱਲ ਨਹੀਂ ਹੈ। ਅੱਜ ਇਹ ਫਿਲਮ ਹੈ, ਕੱਲ੍ਹ ਕੋਈ ਹੋਰ ਬਣ ਜਾਣੀ ਹੈ ਅਤੇ ਪਰਸੋਂ ਹੋਰ, ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿਣਾ ਹੈ। ਸਾਡੀ ਊਰਜਾ ਕੁਝ ਉਸਾਰੂ ਕਰਨ ਦੀ ਥਾਂ ਨਿੱਤ ਦਿਨ ਅਜਿਹੇ ਪਾਸੇ ਲਗਦੀ ਰਹੇਗੀ।
ਸਾਨੂੰ ਇਸ ਮਸਲੇ ਦੀ ਜੜ੍ਹ ਸਮਝਣ ਦੀ ਲੋੜ ਹੈ। ਫਿਲਮ ਜਾਂ ਤਾਂ ਨਕਲ ਹੁੰਦੀ ਹੈ ਜਾਂ ਝੂਠ, ਇਸ ਤੋਂ ਬਿਨਾਂ ਕੁਝ ਨਹੀਂ। ਇਤਿਹਾਸ ਦੀ ਨਕਲ ਕਰਦਿਆਂ, ਤੱਥਾਂ ਨੂੰ ਸਹੀ ਪੇਸ਼ ਕੀਤਾ ਜਾਂ ਗਲਤ, ਇਸ ਗੱਲ ਤੋਂ ਵੀ ਪਹਿਲਾਂ ਸਾਨੂੰ ਸਿੱਖ ਵਜੋੰ ਪਿਛਲੀ ਗੱਲ ਸਮਝਣੀ ਚਾਹੀਦੀ ਹੈ ਕਿ ਇਤਿਹਾਸ ਦੀ ਨਕਲ ਦਾ ਰਾਹ ਕਿੱਥੋਂ ਖੁੱਲ੍ਹਿਆ ਹੈ ਅਤੇ ਕੀ ਇਹ ਰਾਹ ਖੁੱਲ੍ਹਣਾ ਸਹੀ ਹੈ?
ਗੁਰ ਇਤਿਹਾਸ ਦੀ ਨਕਲ ਪੇਸ਼ ਕਰਦੀਆਂ ਪਹਿਲਾਂ ਟੋਟਰੂ (ਕਾਰਟੂਨ) ਅਤੇ ਐਨੀਮੇਸ਼ਨ ਵਾਲੀਆਂ ਫਿਲਮਾਂ ਆਈਆਂ, ਜਿਸ ਵਿੱਚ ‘ਸਾਹਿਬਜ਼ਾਦੇ’, ‘ਬਾਬਾ ਮੂਲਾ ਖੱਤਰੀ’, ‘ਭਾਈ ਤਾਰੂ ਸਿੰਘ’ ਆਦਿ ਫ਼ਿਲਮਾਂ ਸ਼ਾਮਲ ਹਨ। ਇਹ ਰਾਹ ਫਿਰ ਹੋਰ ਵਧੇਰੇ ਖੋਲ੍ਹਿਆ ਗਿਆ, ਜਿਸ ਵਿੱਚ ਨਵੀਂ ਤਕਨੀਕ ਦੇ ਪਰਦੇ ਪਿੱਛੇ ਵੱਡੀ ਪੱਧਰ ’ਤੇ ਐਨੀਮੇਸ਼ਨ ਅਤੇ ਐਨੀਮੇਸ਼ਨ + ਲਾਈਵ ਫ਼ਿਲਮਾਂ ਆਈਆਂ, ਜਿਵੇਂ ‘ਚਾਰ ਸਾਹਿਬਜ਼ਾਦੇ’, ‘ਚਾਰ ਸਾਹਿਬਜ਼ਾਦੇ 2’, ‘ਨਾਨਕ ਸ਼ਾਹ ਫਕੀਰ’, ‘ਮਦਰਹੁੱਡ’, ‘ਦਾਸਤਾਨ-ਏ-ਮੀਰੀ ਪੀਰੀ’, ‘ਦਾਸਤਾਨ-ਏ-ਸਰਹਿੰਦ’। ਇਸਦੇ ਨਾਲ ਹੀ ਨੇੜਲੇ ਅਤੇ ਪੁਰਾਤਨ ਸਿੱਖ ਇਤਿਹਾਸ ਦੀ ਹੂ-ਬ-ਹੂ ਨਕਲ ਦਾ ਸਿਲਸਿਲਾ ਵੀ ਚਲਾਇਆ ਗਿਆ, ਜਿਸ ਤਹਿਤ ‘ਸਾਡਾ ਹੱਕ’, ‘ਜਿੰਦਾ ਸੁੱਖਾ’, ‘ਧਰਮ ਯੁੱਧ ਮੋਰਚਾ’, ‘ਤੂਫਾਨ ਸਿੰਘ’, ਜਸਵੰਤ ਸਿੰਘ ਖਾਲੜਾ ਬਾਰੇ ‘ਪੰਜਾਬ 95’ (ਜਾਰੀ ਨਹੀਂ ਹੋਈ), ‘ਮਸਤਾਨੇ’, ‘ਬੀਬੀ ਰਜਨੀ’ (ਅਜੇ ਜਾਰੀ ਹੋਣੀ ਹੈ), ਆਦਿ ਫ਼ਿਲਮਾਂ ਬਣਾਈਆਂ ਗਈਆਂ।
ਜਦੋਂ ਸਾਡੇ ਇਕ ਹਿੱਸੇ ਵੱਲੋਂ ਸਿੱਖ ਇਤਿਹਾਸ ਦੀ ਨਕਲ ਨੂੰ ਫਿਲਮਾਂ ਦੇ ਰੂਪ ਵਿਚ ਪ੍ਰਵਾਨ ਕਰ ਲਿਆ ਗਿਆ ਅਤੇ ਇਹ ਮੈਦਾਨ ਚੁਣ ਲਿਆ ਗਿਆ ਤਾਂ ਫਿਰ ਇਸ ਮੈਦਾਨ ਵਿਚ ਤਾਂ ਹਰ ਇੱਕ ਧਿਰ ਹੈ ਤੇ ਹਰ ਧਿਰ ਦੀ ਇਤਿਹਾਸ ਬਾਰੇ ਆਪਣੀ ਸਮਝ ਹੈ, ਅਪਣਾ ਸਤਿਕਾਰ ਅਤੇ ਨਜ਼ਰੀਆ ਹੈ ਜੋ ਬਿਰਤਾਂਤ ਉਨ੍ਹਾਂ ਨੇ ਇਸ ਰਾਹੀਂ ਮਜ਼ਬੂਤ ਕਰਨਾ ਹੈ। ਸਿੱਖਾਂ ਵਲੋਂ ਨਕਲ ਦੀ ਇਸੇ ਪ੍ਰਵਾਨਗੀ ਨੇ ਇਤਿਹਾਸਕ ਘਟਨਾਵਾਂ ਨੂੰ ਦੂਜੇ ਦੇ ਪੱਖ ਤੋਂ ਪੇਸ਼ ਕਰਨ ਦੇ ਰਾਹ ਖੋਲ੍ਹ ਦਿੱਤੇ ਹਨ, ਜਿਸ ਕਰਕੇ ਸਮੇਂ ਸਮੇਂ ‘ਤੇ ਇਤਿਹਾਸ ਦੀ ਗਲਤ ਪੇਸ਼ਕਾਰੀ ਅਤੇ ਗੁਰੂ ਸਾਹਿਬਾਨ, ਸਾਹਿਬਜ਼ਾਦੇ ਅਤੇ ਸਿੱਖ ਸ਼ਹੀਦਾਂ ਦੀਆਂ ਨਕਲਾਂ ਵਾਲੀਆਂ ਫ਼ਿਲਮਾਂ, ਨਾਟਕ ਆਦਿ ਲਗਾਤਾਰ ਬਣ ਰਹੇ ਹਨ। ਇਸੇ ਰਾਹ ਨੇ ਪਹਿਲਾਂ ‘ਚਮਕੀਲਾ’ ਤੇ ਹੋਰ ਅਨੇਕਾਂ ਫਿਲਮਾਂ ਅਤੇ ਹੁਣ ‘ਐਮਰਜੈਂਸੀ’ ਵਰਗੀ ਫਿਲਮ ਵਿੱਚ ਇਤਿਹਾਸ ਦੀ ਗਲਤ ਪੇਸ਼ਕਾਰੀ ਅਤੇ ਸਿੱਖ ਸ਼ਹੀਦਾਂ ਦੀ ਨਕਲ ਦੀ ਖੁੱਲ੍ਹ ਦਿੱਤੀ ਹੈ।
ਇਹ ਗੱਲ ਇਥੇ ਹੀ ਨਹੀਂ ਮੁੱਕਣੀ, ਇਹ ਸਿਲਸਿਲਾ ਤਾਂ ਸਦਾ ਜਾਰੀ ਰਹਿਣਾ ਹੈ। ਇਸ ਲਈ ਸਾਨੂੰ ਹਰ ਵਾਰ ਕਿਸੇ ਖਾਸ ਫਿਲਮ ਦਾ ਵਿਰੋਧ ਕਰਨ ਦੀ ਥਾਂ ਇਸ ਰਾਹ ਨੂੰ ਪੱਕਾ ਬੰਦ ਕਰਨ ਵਾਲੇ ਪਾਸੇ ਪੈਣਾ ਚਾਹੀਦਾ ਹੈ। ਸਾਡੀ ਪਰੰਪਰਾ ਝਾਕੀ ਦੀ ਨਹੀਂ ਹੈ ਸਾਖੀ ਦੀ ਹੈ, ਇਸ ਸਬੰਧੀ ਭਾਈ ਰਣਧੀਰ ਸਿੰਘ, ਭਾਈ ਵੀਰ ਸਿੰਘ, ਪ੍ਰੋ: ਪੂਰਨ ਸਿੰਘ, ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਅਤੇ ਪ੍ਰੋ: ਹਰਿੰਦਰ ਸਿੰਘ ਮਹਿਬੂਬ ਜਿਹੇ ਵਿਦਵਾਨਾਂ ਅਤੇ ਗੁਰਮੁਖਾਂ ਦੇ ਬੋਲਾਂ ਤੋਂ ਸੇਧ ਲੈਣ ਦੀ ਲੋੜ ਹੈ। ਗੁਰੂ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਇਸ ਰਾਹ ਬਾਰੇ ਗੰਭੀਰ ਤੌਰ ਤੇ ਚਿੰਤਨ ਕਰਕੇ ਗੁਰਮਤਾ ਪਕਾਉਣਾ ਚਾਹੀਦਾ ਹੈ ਅਤੇ ਸਿੱਖ ਇਤਿਹਾਸ ਦੀ ਨਕਲ ਹਰ ਰੂਪ ਵਿੱਚ ਮੁਕੰਮਲ ਬੰਦ ਕਰਨੀ ਚਾਹੀਦੀ ਹੈ।
ਸਿੱਖ ਜਥਾ ਮਾਲਵਾ
ਗੁਰੂ ਖਾਲਸਾ ਪੰਥ ਦੀ ਸੇਵਾ ਵਿਚ