ਸੂਰਮੇ ਤੇ ਸਾਊ ਉਹ ਅਖਵਾਉਂਦੇ ਹਨ, ਜੋ ਵੱਡੀ ਤੋਂ ਵੱਡੀ ਮੁਸੀਬਤ ਸਿਰ ਆ ਪੈਣ ਤੇ ਆਪਣਾ ਮਾਨਸਿਕ ਸੰਤੁਲਨ ਕਾਇਮ ਰੱਖਣ ਤੇ ਮੁਸੀਬਤ ਨੂੰ ਖਿੜੇ ਮੱਥੇ ਝੱਲਣ। ਜੋ ਜ਼ਿੰਦਗੀ ਦੇ ਅਸੂਲਾਂ ਨੂੰ ਨਾ ਛੱਡਣ ਤੇ ਆਪਣੀ ਅਣਖ ਤੇ ਆਂਚ ਨਾ ਆਉਣ ਦੇਣ। ਸੰਕਟ ਸਦਾ ਕੌਮਾਂ ਦੇ ਸਿਰ ਨਹੀਂ ਟਿਕੇ ਰਹਿੰਦੇ। ਮਰਦਾਂ ਨੂੰ ਤਾਂ ਸੁਆਦ ਹੀ ਔਕੜਾਂ ਨਾਲ ਭਿੜਨ ਵਿਚ ਆਉਂਦਾ ਹੈ। ਉਸ ਵੇਲੇ (18ਵੀਂ ਸਦੀ) ਦੇ ਸਿੰਘ ਸੱਚੇ ਤੇ ਸੁੱਚੇ ਪਿਆਰ-ਪ੍ਰੇਮ ਦੀ ਦੁਨੀਆਂ ਵਿਚ ਵਿਚਰਦੇ ਸਨ। ਇੱਕ ਦੂਸਰੇ ਨੂੰ ਆਪਣੀ ਦੇਹ ਜਾਨ ਸਮਝਦੇ। ਨੀਚ-ਊਚ, ਅਮੀਰ-ਗਰੀਬ, ਜਾਤ-ਪਾਤ ਦਾ ਨਾਮੋ-ਨਿਸ਼ਾਨ ਤਕ ਵੀ ਨਹੀਂ ਸੀ । ਸਭ ਆਪਣੇ ਆਪ ਨੂੰ ਮਾਤਾ ਸਾਹਿਬ ਦੇਵਾਂ (ਸਾਹਿਬ ਕੌਰ) ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ, ਇਕ ਰੂਪ ਖ਼ਾਲਸਾ ਮੰਨਦੇ ਸਨ। ਜੋ ਕੁਝ ਕਮਾਉਂਦੇ, ਗੁਰੂ ਕੇ ਖ਼ਜ਼ਾਨੇ ਵਿੱਚ ਪਾਉਂਦੇ ਤੇ ਸਾਰੇ ਭਾਈ ਰਲ ਕੇ ਛਕਦੇ, ਵੱਧ ਘੱਟ ਲੈਣ ਦਾ ਕਿਸੇ ਨੂੰ ਖ਼ਿਆਲ ਹੀ ਨਾ ਫੁਰਦਾ। ਨਵਾਬ ਕਪੂਰ ਸਿੰਘ, ਸ: ਹਰੀ ਸਿੰਘ ਆਦਿਕ ਮੁਖੀ ਸਿੰਘ ਜੋ ਵਰਤਾਉਂਦੇ, ਓਸੇ ’ਤੇ ਪ੍ਰਸੰਨ ਰਹਿੰਦੇ ਤੇ ਅਨੰਦ ਮਾਣਦੇ। ਇਕ ਅਕਾਲ ਪੁਰਖ ਵਾਹਿਗੁਰੂ, ਗੁਰੂ ਗ੍ਰੰਥ ਸਾਹਿਬ ‘ਤੇ ਅਡੋਲ ਨਿਸਚਾ ਰੱਖਦੇ, ਦਿਨ ਰਾਤ ਗੁਰੂ ਦੀ ਬਾਣੀ ਪੜ੍ਹਦੇ। ਘੋੜਿਆਂ ਤੇ ਸ਼ਸਤ੍ਰਾਂ ਨਾਲ ਬਹੁਤ ਪਿਆਰ ਕਰਦੇ, ਇਨ੍ਹਾਂ ਦੀ ਤੇ ਲੰਗਰ ਦੀ ਟਹਿਲ ਵਿਚ ਲੀਨ ਰਹਿੰਦੇ। ਬਾਣੀ ਪੜਦੇ ਹੋਏ ਸਾਰੇ ਕਾਰਜ ਕਰਦੇ ਤੇ ਇਕ ਦੂਜੇ ਤੋਂ ਸ਼ਸਤ੍ਰ-ਵਿਦਿਆ ਸਿੱਖਦੇ ਸਿਖਾਉਂਦੇ। ਨੇਜ਼ੇਬਾਜ਼ੀ ਤੇ ਗਤਕਾ ਖੇਡਣਾ ਉਨਾਂ ਦੀ ਮਨ-ਭਾਉਂਦੀ ਕਸਰਤ ਸੀ। ਸਭ ਜਵਾਨ ਬਿਰਧ ਇਸ ਵਿਚ ਹਿੱਸਾ ਲੈਂਦੇ। ਨਵੇਂ ਨਵੇਂ ਗੜਗੱਜ ਬੋਲੇ ਘੜਦੇ। ਲੰਗਰ ਦਾ ਸਜਾਉਣਾ ਤੇ ਛਕਣ ਛਕਾਉਣ ਸਭ ਸਰਬ ਲੋਹ ਦੇ ਬਰਤਨਾਂ ਵਿਚ ਹੁੰਦਾ। ਕਿਸੇ ਵੀ ਐਸ਼ੋ-ਇਸ਼ਰਤ ਵਾਲੀ ਮਸਨੂਈ ਸ਼ੈਅ ਵੱਲ ਨਜ਼ਰ ਭਰ ਕੇ ਵੀ ਨਾ ਤੱਕਦੇ। ਮੁਗ਼ਲਾਂ ਦੀ ਨਖ਼ਰੇ ਟਖ਼ਰੇ, ਆਰਾਮ-ਤਲਬੀ ਤੇ ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਨੂੰ ਟਿੱਚਰਾਂ ਹੀ ਨਾ ਕਰਦੇ, ਸਗੋਂ ਵੱਡੀ ਲਾਅਨਤ ਸਮਝਦੇ। ਜੇ ਕਿਸੇ ਵੰਡ ਵਿਚ ਕਿਸੇ ਨੂੰ ਦੁਸ਼ਾਲਾ ਮਿਲ ਜਾਂਦਾ ਤਾਂ ਆਪ ਵਰਤਣ ਦੀ ਥਾਂ ਘੋੜੇ ਉੱਤੇ ਪਾਉਂਦਾ ਤੇ ਖ਼ੁਸ਼ ਹੁੰਦਾ। ਆਪਣੇ ਭੂਰੇ-ਭੂਰੀ ਨੂੰ ਹੀ ਬਾਦਸ਼ਾਹੀ ਖ਼ਿਲਅਤ ਤੋਂ ਕੀਮਤੀ ਅਤੇ ਸੰਜੋਅ ਚਿਲਤੇ ਨਾਲੋਂ ਮਜ਼ਬੂਤ ਸਮਝਦਾ। ਸਬਰ, ਸ਼ੁਕਰ, ਸੰਤੋਖ, ਧੀਰਜ ਤੇ ਗੁਰੂ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੁਰਬਾਨੀ ਲਈ ਤਿਆਰ ਰਹਿਣਾ, ਉਨ੍ਹਾਂ ਦੀ ਜ਼ਿੰਦਗੀ ਦੇ ਕੀਮਤੀ ਜੌਹਰ ਸਨ। ਜੇ ਕਿਸੇ ਤੋਂ ਕੋਈ ਖੁਨਾਮੀ ਹੋ ਜਾਂਦੀ, ਮੁਆਮਲਾ ਖ਼ਾਲਸੇ ਦੇ ਦੀਵਾਨ ਵਿਚ ਪੇਸ਼ ਹੁੰਦਾ ਅਤੇ ਦੀਵਾਨ ਦੀ ਆਗਿਆ ਨਾਲ ਭਾਈ ਮਨੀ ਸਿੰਘ ਜੀ ਉਸ ਨੂੰ ਤਨਖ਼ਾਹ ਲਾ ਦੇਂਦੇ। ਉਹ ਵੀ ਬਿਨਾਂ ਚੂੰ-ਚਰਾਂ, ਸਿਰ ਝੁਕਾ ਕੇ ਮੰਨਦਾ ਤੇ ਲਾਈ ਤਨਖ਼ਾਹ ਪੂਰੀ ਕਰਦਾ। ਇਸ ਵਿਚ ਕਿਸੇ ਦਾ ਵੀ ਲਿਹਾਜ਼ ਨਹੀਂ ਸੀ ਕੀਤਾ ਜਾਂਦਾ। ਸਾਰਾ ਪੰਥ ਪਰਸਪਰ ਪਿਆਰ ਤੇ ਇਤਫ਼ਾਕ-ਏਕਤਾ ਦੇ ਡਾਢੇ ਮਜ਼ਬੂਤ ਧਾਗੇ ਵਿਚ ਬੱਝਾ ਸੀ। ਇਹੋ ਉਨ੍ਹਾਂ ਦੀ ਤਾਕਤ ਦਾ ਰਾਜ਼ ਸੀ। ਦਿੱਲੀ ਤੇ ਲਾਹੌਰ ਦੀ ਸਰਕਾਰ ਨਵਾਬੀ ਥਾਲ ਵਿਚ ਰੱਖ ਕੇ ਖ਼ਾਲਸੇ ਦੇ ਮਗਰ ਤੁਰੀ ਫਿਰਦੀ ਸੀ, ਜਿਸਨੂੰ ਖ਼ਾਲਸਾ ਠੇਡਿਆਂ ਨਾਲ ਰੇੜੀ ਫਿਰਦਾ ਸੀ। ਸਰਕਾਰ ਆਪਣੀ ਭੇਟਾ ਕਬੂਲ ਕਰਾਉਣ ਲਈ ਲਿਲਕੜੀਆਂ ਲੈਂਦੀ ਪਈ ਸੀ। ਕਿਉਂ? ਸਰਕਾਰ ਉਨ੍ਹਾਂ ਦੇ ਇਤਫ਼ਾਕ ਦੀ ਤਾਕਤ ਤੇ ਆਚਰਣ ਦੀ ਉੱਚਤਾ ਤੋਂ ਕੰਬਦੀ ਸੀ। ਉਹ ਅਣਖੀ ਸੂਰਮੇ ਤੇ ਧਰਮੀ ਬੀਰ ਬਹਾਦਰ ਸਨ।
ਪੁਰਾਤਨ ਸਿੰਘ ਜੋ ਗੁਰਮਤਾ ਸੋਧ ਲੈਂਦੇ, ਉਸ ਨੂੰ ਪੂਰਾ ਕਰ ਕੇ ਹੀ ਛੱਡਦੇ। ਗੁਰਮਤਾ ਕੀਤਾ ਕਿ ਮੁਗਲ ਰਾਜ ਦੀ ਜੜ ਪੁੱਟ ਦੇਣੀ ਹੈ, ਤਲਾ-ਮੂਲ ਪੁੱਟ ਕੇ ਰੱਖ ਦਿੱਤਾ।
ਅਰਦਾਸਾ ਸੋਧਿਆ ਕਿ ਸਿੱਖ ਰਾਜ ਸਥਾਪਤ ਕਰਨਾ ਹੈ, ਬੰਦਾ ਸਿੰਘ ਦੀ ਅਗਵਾਈ ਵਿਚ ਰਾਜ ਕਾਇਮ ਕਰ ਦਿੱਤਾ। ਪ੍ਰਣ ਕੀਤਾ ਕਿ “ਕਾਬਲੀ ਬਿੱਲਾ”— ਅਹਿਮਦ ਸ਼ਾਹ ਅਬਦਾਲੀ ਨੂੰ ਹਿੰਦੁਸਤਾਨ ਵਿਚ ਨਹੀਂ ਵੜਨ ਦੇਣਾ। ਉਸ ਨੂੰ ਐਸਾ ਕੁਟਾਪਾ ਚਾੜਿਆ ਕਿ ਮੁੜ ਏਧਰ ਮੂੰਹ ਨਹੀਂ ਕਰ ਸਕਿਆ।
ਉਹ ਕੀ ਨਜ਼ਾਰਾ ਸੀ! ਹਿੰਦੁਸਤਾਨ ਦੀਆਂ ਸ਼ਾਹੀ ਫ਼ੌਜਾਂ, ਮਰਹੱਟੇ, ਭਰਤਪੁਰੀਏ ਜਾਟ ਅੱਗੇ ਅੱਗੇ ਤੇ ਅਬਦਾਲੀ ਮਗਰ ਮਿਲ ਮਿਲ ਤਲਵਾਰਾਂ ਮਾਰ ਰਿਹਾ ਹੈ, ਪਰ ਪੰਜਾਬ ਵਿਚ ਅਬਦਾਲੀ ਮੂਹਰੇ ਹੈ ਤੇ ਸਿੱਖ ਸ਼ਿਕਾਰੀਆਂ ਵਾਂਗ ਪਿੱਛੇ ਪਿੱਛੇ। ਏਸ਼ੀਆ ਭਰ ਵਿਚ ਅਬਦਾਲੀ ਦਾ ਡੰਕਾ ਵੱਜ ਰਿਹਾ, ਰਾਜੇ, ਨਵਾਬ, ਜਾਗੀਰਦਾਰ ਵੱਡੇ ਵੱਡੇ ਤਾਨਾਸ਼ਾਹ, ਉਸ ਅੱਗੇ ਦੂਹਰੇ ਹੋ ਹੋ ਸਲਾਮਾਂ ਕਰਦੇ ਹਨ, ਉਸ ਪਾਸੋਂ ਅਧੀਨਗੀ ਦੇ ਪਟੇ ਲੈਂਦੇ ਹਨ, ਅਣਖ ਗੁਆ ਕੇ ਉਸ ਨਾਲ ਦੋਸਤੀਆਂ ਗੰਢਣ ਵਿਚ ਮਾਣ ਸਮਝਦੇ ਹਨ; ਕਾਬਲੋਂ ਅਬਦਾਲੀ ਦੇ ਹਿੰਦੁਸਤਾਨ ਵੱਲ ਚੜ੍ਹਨ ਦੀ ਅਫ਼ਵਾਹ ਉੱਡਦੀ ਹੈ, ਸਾਰੇ ਜਹਾਨ ਵਿਚੋਂ ਸਭ ਤੋਂ ਵੱਡੀ ਬਰਤਾਨੀਆ ਦੇ ਸੂਰਮੇ, ਦਿੱਲੀ, ਅਲਾਹਾਬਾਦ, ਕਾਨਪੁਰ, ਲਖਨਊ ਤੇ ਮੁਰਸ਼ਦਾਬਾਦ ਵਿਚ ਆਪਣੇ ਬੰਗਲੇ ਸੁੰਵੇ ਛੱਡ ਦੁੰਮ ਦਬਾ ਕੇ ਨੱਸ ਜਾਂਦੇ ਹਨ ਤੇ ਕਲਕੱਤੇ ਦੇ ਵਿਲੀਅਮ ਡੋਰਟ ਵਿਚ ਸਿਰੀਆਂ ਜਾ ਲੁਕਾਉਂਦੇ ਹਨ, ਆਪਣੀਆਂ ਥੋਥਨੀਆਂ ਕੰਧਾਂ ਉਤੋਂ ਚੁੱਕ ਚੁੱਕ ਵੇਂਹਦੇ ਹਨ ਕਿ ਅਫ਼ਗਾਨ ਕਲਕੱਤੇ ਵੱਲ ਤਾਂ ਨਹੀਂ ਆ ਰਿਹਾ। ਹੁਗਲੀ ਵਿਚ ਜਹਾਜ਼ ਤਿਆਰ ਰੱਖੇ ਜਾਂਦੇ ਹਨ, ਕਿ ਜੇ ਉਹ ਬੰਗਾਲ ਵਿਚ ਆ ਵੜੇ ਤਾਂ ਛਾਲਾਂ ਮਾਰ ਜਹਾਜ਼ਾਂ ਵਿਚ ਚੜ੍ਹ ਕੇ ‘ਮਹਾਨ ਬਰਤਾਨੀਆ’ ਦੀ ਕੱਛ ਵਿਚ ਜਾ ਲੁਕੀਏ। ਇਹ ਡਰ ਹੁੰਦੈ ਬੇਗਾਨਿਆਂ ਪੁੱਤਾਂ ਦਾ।
ਪਰ ਇਹੋ ਅਬਦਾਲੀ, ਜੋ ਸਿੱਖਾਂ ਨੂੰ ਮਲੀਆਮੇਟ ਕਰਨ ਲਈ ਘੱਲੂਘਾਰੇ ਮਚਾ ਥੱਕਿਆ, ਸਿੱਖਾਂ ਦੇ ਜੌਹਰ ਤੇ ਉਨ੍ਹਾਂ ਦੀ ਤਲਵਾਰ ਦੀ ਕਾਟ ਨੂੰ ਵੇਖ ਅਜ਼ਮਾ ਕੇ ਅਨੁਭਵ ਕਰ ਲੈਂਦਾ ਹੈ ਕਿ ਉਸ ਦੇ ਦੁਰਾਨੀ ਸਿਪਾਹੀ ਸਿੱਖਾਂ ਨਾਲ ਪੁੱਗ ਨਹੀਂ ਸਕਣਗੇ, ਸਿੱਖਾਂ ਨਾਲ ਯਾਰਾਨਾ ਗੰਢਣ ਲਈ ਹੱਥ ਵਧਾਉਂਦਾ ਹੈ। ਉਨ੍ਹਾਂ ਨੂੰ ਨਜ਼ਰ ਨਿਆਜ਼ ਘੱਲਦਾ ਹੈ, ਪੰਜਾਬ ਦੀ ਸਰਦਾਰੀ ਲਈ ਮੋਹਰਾਂ ਕਰਕੇ ਦੇਣ ਨੂੰ ਤਿਆਰ ਹੈ, ਕਹਿੰਦੇ ਕਿ ਉਹ ਪੰਜਾਬ ਵਿਚ ਦੀ ਦਿੱਲੀ ਨੂੰ ਲੰਘੇਗਾ ਵੀ ਨਹੀਂ, ਸਿਰਫ਼ ਮੁਲਤਾਨ ਵਲੋਂ ਉਸਦਾ ਰਸਤਾ ਨਾ ਰੋਕਿਆ ਜਾਵੇ। ਆਓ ਖ਼ਾਲਸਾ ਜੀ, ਮੇਰੇ ਨਾਲ ਸੁਲਹ ਕਰ ਲਵੋ। ਆਓ ਦੋਸਤ ਬਣ ਜਾਈਏ। ਪਰ ਸਿੰਘ ਉਸ ਦੀ ਬਾਦਸ਼ਾਹ ਤੇ ਦੋਸਤੀ ਨੂੰ ਜੁੱਤੀ ਦੀ ਨੋਕ ਨਾਲ ਠੁਕਰਾਉਂਦੇ ਹੋਏ ਕਹਿੰਦੇ ਹਨ: ਸਾਨੂੰ ਬਾਦਸ਼ਾਹੀ ਤਾਂ ਕਲਗੀਧਰ ਨੇ ਬਖ਼ਸ਼ੀ ਹੈ, ਤੂੰ ਕੌਣ ਹੈਂ ਸਾਨੂੰ ਬਾਦਸ਼ਾਹੀ ਦੇਣ ਵਾਲਾ? ਰਹੀ ਗੱਲ ਦੋਸਤੀ ਤੇ ਸੁਲਹ ਦੀ। ਤੇਰਾ ਸਾਡਾ ਮਿਲਾਪ ਬਰੂਦ ਤੇ ਅੱਗ ਵਾਲਾ ਹੈ। ਤੇਰੀ ਸਾਡੀ ਸੁਲਹ ਖ਼ੈਬਰ ਵਿਚ ਤਲਵਾਰੀਂ ਹੋਵੇਗੀ। ਸੁਲਹ ਦੀਆਂ ਸ਼ਰਤਾਂ, ਤਲਵਾਰਾਂ ਤੁਹਾਡੇ ਦੁਰਾਨੀਆਂ ਦੇ ਖੂਨ ਵਿਚ ਡੋਬ ਡੋਬ ਲਿਖਾਂਗੇ। ਜ਼ਰਾ ਸਮੇਂ ਨੂੰ ਉਡੀਕੋ ਕਿ ਗੈਬ ’ਚੋਂ ਕੀ ਆਵਾਜ਼ ਆਉਂਦੀ ਹੈ। ਸਾਡੇ ਨਾਲ ਸੁਲਹ ਕਰ ਕੇ ਹਿੰਦੁਸਤਾਨ ਦੀ ਲੁੱਟ ਲਈ ਰਸਤਾ ਸਾਫ਼ ਕਰਦੈਂ? ਮੁਲਤਾਨ ਵਾਲੇ ਪਾਸਿਓਂ ਤਾਂ ਕੀ, ਤੈਨੂੰ ਕਿਸੇ ਪਾਸਿਓਂ ਵੀ ਹਿੰਦੁਸਤਾਨ ਵੱਲ ਝਾਕਣ ਤਕ ਨਹੀਂ ਦੇਣਾ। ਤੇਰੀ ਸਾਡੀ ਅਹਿਮਦਾ, ਤਲਵਾਰਬਾਜ਼ੀ! ਮੁਗਲ, ਮਰਹੱਟੇ ਤੇ ਜਾਟ ਨਹੀਂ ਜੋ ਤਲੀਏ ਭਰ ਲਵੇਗਾ। ਇਹ ਕਲਗੀਧਰ ਦਾ ਫ਼ੌਲਾਦੋਂ ਵਧ ਮਜ਼ਬੂਤ ਖ਼ਾਲਸਾ ਹੈ, ਜੋ ਤੇਰੇ ਵਰਗੇ ਜਰਵਾਣਿਆਂ ਲਈ ਮਲਕੁਲ-ਮੌਤ (ਮੌਤ ਦਾ ਫ਼ਰਿਸ਼ਤਾ) ਦਾ ਰੂਪ ਹੈ। ਤੇਰਾ ਭਲਾ, ਜੇ ਤੂੰ ਮਨੋਂ ਚਾਹੁੰਦਾ ਹੋਵੇਂ, ਇਸੇ ਵਿਚ ਹੈ ਕਿ ਹਿੰਦੁਸਤਾਨ ਵੱਲ ਕਦੀ ਅੱਖ ਵੀ ਨਾ ਕਰੀਂ।
ਸੰਮਤੀ-ਭੇਤ ਉਨ੍ਹਾਂ ਵਿਚ ਵੀ ਸੀ। ਪਰ ਅੱਜ-ਕੱਲ ਵਰਗਾ ਮਾਰੂ ਕਿਸਮ ਦਾ ਨਹੀਂ ਸੀ। ਅੱਡ-ਅੱਡ ਵਿਚਾਰ ਰੱਖਦੇ ਹੋਏ ਵੀ ਇੱਕ ਸੀ। ਜੋ ਗੁਰਮਤਾ ਪਾਸ ਕਰਦੇ, ਉਸ ’ਤੇ ਪੂਰਾ ਪਹਿਰਾ ਦੇਂਦੇ। ਬਾਹਰਲੇ ਦੁਸ਼ਮਣ ਵਿਰੁੱਧ ਇਕ ਹੋ ਕੇ ਲੜਦੇ। ਅਜੋਕੇ ਆਗੂਆਂ ਵਾਲਾ ਮੰਦਾ ਹਾਲ ਨਹੀਂ ਸੀ।