ਸਮਾਜ ਦਾ ਵਰਤਾਰਾ ਕਦੇ ਸਥਿਰ ਨਹੀਂ ਹੁੰਦਾ। ਇਸ ਵਿਚ ਹਮੇਸ਼ਾਂ ਹਲਚਲ ਹੁੰਦੀ ਰਹਿੰਦੀ ਹੈ। ਸਿਧੇ ਲਫਜ਼ਾਂ ਵਿਚ ਸਮਾਜ ਤੋਂ ਭਾਵ ਸਾਡੇ ਆਲੇ ਦੁਆਲੇ ਤੋਂ ਹੈ, ਜਿਸ ਵਿਚ ਅਸੀਂ ਖੁਦ ਵੀ ਸ਼ਾਮਿਲ ਹੁੰਦੇ ਹਾਂ। ਸਾਡੀ ਜ਼ਿੰਦਗੀ ਵਿਚ ਕਈ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨਾਲ ਸਾਡੀ ਸੋਚ, ਸਮਝ ਅਤੇ ਮਾਨਸਿਕਤਾ ਪ੍ਰਭਾਵਿਤ ਹੁੰਦੀ ਰਹਿੰਦੀ ਹੈ। ਬਹੁਤ ਸਾਰੇ ਵਿਚਾਰ ਅਸੀਂ ਤਿਆਗਦੇ, ਅਪਨਾਉਂਦੇ ਅਤੇ ਘੋਖਦੇ ਰਹਿੰਦੇ ਹਾਂ। ਮਨੁੱਖ ਦਾ ਹਮੇਸ਼ਾ ਜਤਨ ਹੁੰਦਾ ਹੈ ਕਿ ਉਹ ਸੰਤੁਲਨ ਬਣਾ ਕੇ ਆਪਣੀ ਜ਼ਿੰਦਗੀ ਨੂੰ ਜੀਵੇ ਅਤੇ ਇਸ ਦਾ ਹਰ ਫੈਂਸਲਾ ਧਿਆਨ ਨਾਲ ਲਵੇ। ਆਪਣੀ ਨਿਜੀ ਜ਼ਿੰਦਗੀ ਦੇ ਨਾਲ ਸਮਾਜ ਦੇ ਵਿਚ ਮਨੁਖ ਦਾ ਇਕ ਖਾਸ ਸਥਾਨ ਹੁੰਦਾ ਹੈ; ਜਿਥੇ ਵਿਚਰਦਾ ਹੋਇਆ, ਉਹ ਆਪਣੇ ਆਲੇ ਦੁਆਲੇ ਨਾਲ ਮੇਲ ਬਣਾਉਂਦਾ ਹੋਇਆ ਪ੍ਰਭਾਵਿਤ ਹੁੰਦਾ ਅਤੇ ਦੂਜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਆਪਣੇ ਰੋਜ਼ਾਨਾ ਦੇ ਕਾਰ ਵਿਹਾਰ ਤੋਂ ਲੈ ਕੇ ਦਫਤਰੀ ਕੰਮ-ਕਾਜਾਂ ਅਤੇ ਮਿਹਨਤ ਮਜ਼ਦੂਰੀ ਕਰਨ ਵਾਲਿਆਂ ਥਾਵਾਂ ਤਕ ਉਸ ਦਾ ਸਥਾਨ ਅਤੇ ਭੂਮਿਕਾ ਤੈਅ ਹੁੰਦੀ ਹੈ।
ਸਮਾਜ ਅਤੇ ਸਾਡੀ ਜ਼ਿੰਦਗੀ ਦਾ ਤਾਣਾ ਬਾਣਾ ਅਜਿਹੀ ਤਰਤੀਬ ਧਾਰਨ ਕਰ ਲੈਂਦਾ ਹੈ ਕਿ ਸਾਡੀਆਂ ਬਹੁਤ ਸਾਰੀਆਂ ਗਤੀਵਿਧੀਆਂ ਤਹਿ ਹੋਣ ਲਗਦੀਆਂ ਹਨ। ਮਨੁਖੀ ਫੈਂਸਲੇ ਦਾ ਬਹੁਤ ਮਹਤਵ ਹੁੰਦਾ ਹੈ, ਫੈਂਸਲਾ ਹੀ ਮਨੁਖ ਦਾ ਵਿਵਹਾਰ, ਵਰਤਮਾਨ ਅਤੇ ਭਵਿਖ ਨੂੰ ਘੜਦਾ ਹੈ। ਸਾਡੇ ਆਲੇ ਦੁਆਲੇ ਜੋ ਵੀ ਵਾਪਰਦਾ ਹੈ, ਉਹ ਸਾਡੇ ਵਿਚਾਰ ਅਤੇ ਮਾਨਸਿਕਤਾ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਹਰ ਮਨੁਖ ਦਾ ਆਪਣਾ ਸੋਚਣ, ਸਮਝਣ ਅਤੇ ਗ੍ਰਹਿਣ ਕਰਨ ਦਾ ਢੰਗ ਅਤੇ ਸਮਰਥਾ ਹੁੰਦੀ ਹੈ। ਇਸ ਤਰ੍ਹਾਂ ਅਸੀਂ ਗ੍ਰਹਿਣ ਕਰਨ ਲਗਦੇ ਹਨ; ਇਹ ਮਨੁਖ ਅਤੇ ਸਮਾਜ ਦਾ ਆਪਸੀ ਸੰਬੰਧਿਤ ਇਕ ਸਹਿਜ ਵਰਤਾਰਾ ਹੁੰਦਾ ਹੈ।
ਸਮਾਜ ਅਤੇ ਮਨੁਖ ਦੇ ਰਿਸ਼ਤੇ, ਸੰਬੰਧ ਅਤੇ ਢਾਂਚੇ ਨੂੰ ਸਮਾਜ ਦੇ ਇਕ ਖਾਸ ਵਰਗ ਦੁਆਰਾ ਕਈ ਉਪਕਰਨਾਂ, ਔਜ਼ਾਰਾਂ ਅਤੇ ਗਤੀਵਿਧੀਆਂ ਦੂਸ਼ਿਤ ਅਤੇ ਪ੍ਰਭਾਵਿਤ ਕੀਤਾ ਜਾਂਦਾ ਹੈ। ਇਹ ਆਦਿ ਮਨੁਖ ਤੋਂ ਹੁੰਦਾ ਆਇਆ ਹੈ ਕਿ ਉਹ ਆਪਣੀ ਸ਼ਕਤੀ ਦੀ ਸਥਾਪਿਤ ਲਈ ਆਪਣੇ ਆਪ ਲਈ ਮਿੱਥਾਂ ਘੜਦਾ ਅਤੇ ਉਨ੍ਹਾਂ ਦੀ ਵਿਆਖਿਆ ਸਿਰਜਦਾ ਆਇਆ। ਲੋਕ ਸਮੂਹ ਨੂੰ ਆਪਣੇ ਨਾਲ ਰਖਣ ਅਤੇ ਜੋੜਨ ਲਈ ਉਹ ਡਰ ਪੈਦਾ ਕਰਦਾ ਜਾਂ ਉਨ੍ਹਾਂ ਦੀਆਂ ਭਾਵਨਾਵਾਂ ਦੀ ਵਰਤੋਂ ਕਰਦਾ। ਇਸ ਤਰ੍ਹਾਂ ਮਨੁਖ ਅਤੇ ਸਮਾਜ ਦਾ ਸਹਿਜ ਸੰਬੰਧ ਗੁੰਝਲਦਾਰ ਹੋ ਜਾਂਦਾ ਹੈ। ਵਰਤਮਾਨ ਵਿਚ ਵੀ ਅਸੀਂ ਅਜਿਹੀ ਸਥਿਤੀ ਵਿਚੋਂ ਗੁਜ਼ਰ ਰਹੇ ਹਾਂ। ਜਦੋਂ ਮਨੁਖ ਅਤੇ ਸਮਾਜ ਦਾ ਰਿਸ਼ਤਾ ਸਹਿਜ ਨਹੀਂ ਰਿਹਾ। ਹਰ ਮਨੁਖ ਪਾਸ ਸਮਾਜ ਲਈ ਸ਼ਿਕਾਇਤ ਹੈ, ਉਸ ਦੀ ਸਮਝ ਅਨੁਸਾਰ ਸਮਾਜ ਹੁਣ ਸਧਾਰਣ ਨਹੀਂ ਰਿਹਾ। ਤੇਜ਼ੀ ਦੇ ਇਸ ਦੌਰ ਵਿਚ ਮਨੁਖ ਬਹੁਤ ਤੇਜ਼ੀ ਨਾਲ ਆਪਣੇ ਫੈਂਸਲੇ ਲੈ ਰਿਹਾ ਹੈ ਅਤੇ ਆਪਣੀ ਰਾਇ ਬਣਾ ਰਿਹਾ ਹੈ। ਆਪਣੇ ਵਿਚਾਰ ਨੂੰ ਸਮਾਜ ਵਿਚ ਬਹੁਤ ਜਲਦੀ ਸਾਂਝਾ ਕਰਨ ਦੀ ਉਸ ਪ੍ਰਵਿਰਤੀ ਬਹੁਤ ਤੇਜ਼ ਹੋ ਗਈ ਹੈ। ਅਜਿਹੇ ਵਿਚ ਸੂਝ, ਸਮਝ, ਵਿਚਾਰ ਦਾ ਸੰਕਲਪ ਧੁੰਦਲਾ ਹੋ ਰਿਹਾ ਹੈ। ਸਾਡੇ ਫੈਂਸਲਿਆਂ ਅਤੇ ਵਿਚਾਰਾਂ ਨੂੰ ਸ਼ੋਸ਼ਲ ਮੀਡੀਆਂ, ਸਰਕਾਰੀ ਤੰਤਰ ਅਤੇ ਮਸ਼ੀਨਰੀ ਬਹੁਤ ਪ੍ਰਭਾਵਿਤ ਕਰ ਰਹੀ ਹੈ ਅਤੇ ਉਸ ਪ੍ਰਭਾਵ ਹੇਠ ਹੀ ਅਸੀਂ ਵਿਚਰ ਰਹੇ ਹਾਂ। ਸਾਡੇ ਆਪਸੀ ਤਕਰਾਰ ਵੀ ਇਸੇ ਕਾਰਨ ਉਪਜ ਰਹੇ ਹਨ ਕਿ ਅਸੀਂ ਬਿਨ੍ਹਾਂ ਸੋਚੇ ਸਮਝੇ ਕਿਸੇ ਪ੍ਰਭਾਵ ਹੇਠ ਆਪਣੇ ਫੈਂਸਲੇ ਲੈ ਰਹੇ ਹਾਂ ਅਤੇ ਉਨ੍ਹਾਂ ਲਈ ਲੜ ਰਹੇ ਹਾਂ। ਇਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਨਾ ਅਤੇ ਆਪਣੇ ਵਿਚਾਰ ਨੂੰ ਕਿਸੇ ਕਸਵੱਟੀ ‘ਤੇ ਪਰਖਣ ਦਾ ਸਾਡੇ ਪਾਸ ਸਮਾਂ ਨਹੀਂ ਹੈ। ਹਰ ਕੋਈ ਆਪਣੀ ਨਜ਼ਰ ਵਿਚ ਵਿਦਵਾਨ ਹੈ। ਸਮਾਜਿਕ ਵਹਾਅ ਨੂੰ ਮੀਡੀਆ ਘੜਦਾ ਹੈ, ਕੋਈ ਗੱਲ ਇਸ ਰਾਹੀਂ ਤੇਜ਼ੀ ਨਾਲ ਸਿਰਜ ਦਿਤੀ ਜਾਂਦੀ ਹੈ। ਜਿਹੜਾ ਬਿਰਤਾਂਤ ਪਹਿਲਾ ਸਿਰਜ ਗਿਆ; ਉਹੀ ਲੜ੍ਹਾਈ ਦਾ ਜੇਤੂ ਹੈ। ਸਰਕਾਰੀ ਤੰਤਰ ਇਸ ਲਈ ਪੂਰਾ ਸਰਗਰਮ ਰਹਿੰਦਾ ਹੈ। ਸਾਡਾ ਆਪਣਾ ਭਾਈਚਾਰਾ ਵੀ ਇਸ ਚੱਕਰਵਿਊ ਵਿਚ ਵਿਚਾਰ ਚਰਚਾ ਤੋਂ ਬਿਨ੍ਹਾਂ ਬਿਆਨ ਦੇਣੇ ਆਰੰਭ ਕਰ ਦਿੰਦਾ ਹੈ ਅਤੇ ਤੇਜ਼ੀ ਨਾਲ ਹੀ ਪ੍ਰਤੀਕਰਮ ਵਿਚ ਵਡੇ ਵਡੇ ਫੈਂਸਲੇ ਲੈ ਲਏ ਜਾਂਦੇ ਹਨ। ਇਸ ਤੇਜ਼ੀ ਵਿਚ ਸਾਡੀ ਸੁਹਿਰਦਤਾ ਕਿਤੇ ਗੁਆਚ ਜਾਂਦੀ ਹੈ। ਇਸ ਲਈ ਸਮਾਜਕ ਵਹਾਅ ਵਿਚ ਵਹਿਣ ਦੀ ਥਾਂ ਆਪਣੇ ਫੈਂਸਲਿਆਂ ਲਈ ਇਕ ਆਧਾਰ ਭੂਮੀ ਕਾਇਮ ਰਖਣੀ ਚਾਹੀਦੀ ਹੈ ਅਤੇ ਨਾਲ ਹੀ ਇਕ ਅਨੁਸ਼ਾਸਿਤ ਢੰਗ ਨਾਲ ਭਵਿਖਮੁਖੀ ਰੂਪ ਰੇਖਾ ਦੇਣ ਦੀ ਲੋੜ ਹੈ। ਸ਼ੋਸ਼ਲ ਮੀਡੀਆ ਦੀ ਜੰਗਾਂ ਕੁਝ ਨਹੀਂ ਦੇਣਗੀਆਂ।
ਇਸ ਲਈ ਮਨੁੱਖ ਨੂੰ ਹੁਣ ਕੁਝ ਠਹਿਰਣ ਦੀ ਲੋੜ ਹੈ ਅਤੇ ਸੋਚ, ਸਮਝ ਕੇ ਅਤੇ ਇਕ ਦੂਜੇ ਨਾਲ ਸਲਾਹ ਕਰਕੇ ਆਪਣੇ ਫੈਂਸਲੇ ਲੈਣੇ ਚਾਹੀਦੇ ਹਨ। ਨਹੀਂ ਤਾਂ ਸਮਾਜਕ ਵਹਾਅ ਸਾਨੂੰ ਵਹਾ ਕੇ ਲੈ ਜਾਵੇਗਾ।
ਵਿਕਰਮਜੀਤ ਸਿੰਘ ਤਿਹਾੜਾ
ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ