ਕਿਤਾਬ – ਵੱਖ ਵੱਖ ਗੁਰਦੁਆਰਿਆਂ ਉੱਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ

ਕਿਤਾਬ – ਵੱਖ ਵੱਖ ਗੁਰਦੁਆਰਿਆਂ ਉੱਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ

ਬਹੁਤੀ ਵਾਰ ਅਜਿਹਾ ਹੁੰਦਾ ਹੈ ਕਿ ਕਿਸੇ ਵਿਉਂਤਬੰਦੀ ‘ਚੋਂ ਨਿਕਲੀ ਗੱਲ ਉਨੀ ਕਾਰਗਰ ਨਹੀਂ ਹੁੰਦੀ ਜਿੰਨੀ ਕਿ ਆਪ ਮੁਹਾਰੇ ਸਹਿਜ ਨਾਲ ਹੋਈ। ‘ਮਲਕੀਤ ਸਿੰਘ ਭਵਾਨੀਗੜ੍ਹ’ ਦੁਆਰਾ ਲਿਖੀ ਗਈ ਕਿਤਾਬ “ਵੱਖ ਵੱਖ ਗੁਰਦੁਆਰਿਆਂ ਉੱਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ” ਵੀ ਅਜਿਹੀ ਹੀ ਇਕ ਰਚਨਾ ਹੈ ਜੋ ਕਿਸੇ ਹੋਰ ਪੰਥਕ ਵਿਉਂਤਬੰਦੀ ਵਿਚੋਂ ਨਿਕਲ ਕੇ ਕਿਤਾਬ ਰੂਪ ਵਿਚ ਆਈ ਹੈ।

ਮੂਲ ਰੂਪ ਵਿਚ ਉਪਰਾਲਾ ਸੀ ਉਨ੍ਹਾਂ ਚਸ਼ਮਦੀਦ ਗਵਾਹਾਂ ਨੂੰ ਮਿਲਣ ਦਾ ਤੇ ਉਨ੍ਹਾਂ ਦੇ ਬਿਆਨਾਂ ਦੀ ਪਰਦੇਕਾਰੀ ਕਰ ਕੇ ਜਾਂ ਅਵਾਜ ਰੂਪ ਵਿਚ ਸਾਂਭਣ ਦਾ ਜਿਨ੍ਹਾਂ ਨੇ ਜੂਨ 1984 ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਾਲ ਹੋਰ ਗੁਰਦੁਆਰਿਆਂ ਉੱਤੇ ਹੋਏ ਫੌਜੀ ਹਮਲਿਆਂ ਨੂੰ ਅੱਖੀਂ ਵੇਖਿਆ ਹੰਢਾਇਆ ਸੀ। ਜਿਕਰਯੋਗ ਹੈ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਅਕਾਲ ਤਖਤ ਸਾਹਿਬ ਤੋਂ ਬਿਨਾਂ ਵੀ ਬਹੁਤ ਸਾਰੇ ਹੋਰ ਗੁਰਦੁਆਰਿਆਂ ਉੱਤੇ ਭਾਰਤੀ ਫੌਜ ਨੇ ਹਮਲਾ ਕੀਤਾ ਪਰ ਇਸ ਗੱਲ ਦਾ ਕੋਈ ਪ੍ਰਮਾਣਿਕ ਸਰੋਤ ਨਾ ਹੋਣ ਕਰਕੇ ਅਤੇ ਇਹ ਸਾਰੀ ਜਾਣਕਾਰੀ ਕਿਸੇ ਇੱਕ ਥਾਂ ਇਕੱਠੀ ਨਾ ਹੋਣ ਕਰਕੇ ਇਹ ਪੱਖ ਅਣਗੌਲਿਆ ਹੀ ਰਿਹਾ।

ਗਵਾਹਾਂ ਦੇ ਬਿਆਨ ਰਿਕਾਰਡ ਕਰਦਿਆਂ ਤੇ ਸਾਂਭਦਿਆਂ ਮਹਾਰਾਜ ਨੇ ਇਹ ਫੁਰਨਾ ਮਲਕੀਤ ਸਿੰਘ ਨੂੰ ਬਖਸ਼ਿਆ ਕਿ ਇਹ ਸਭ ਜਾਣਕਾਰੀ ਕਿਤਾਬ ਰੂਪ ਵਿੱਚ ਲਿਆ ਕੇ ਪੰਥ ਦੀ ਝੋਲੀ ਪਾਈ ਜਾਵੇ ਤਾਂ ਜੋ ਇਨ੍ਹਾਂ ਵਿਸ਼ਿਆਂ ਉੱਤੇ ਅਧਿਅਨ ਕਰਨ ਵਾਲੇ ਸਿਖਿਆਰਥੀ ਇਸ ਉਪਰਾਲੇ ਦਾ ਲਾਹਾ ਲੈ ਸਕਣ।

ਲੇਖਕ ਬਾਰੇ ਇਹ ਗੱਲ ਦੱਸਣੀ ਜਰੂਰੀ ਹੈ ਕਿ ਮੂਲ ਰੂਪ ਵਿਚ ਉਹ ਇਕ ਨੌਜੁਆਨ ਕੰਪਿਊਟਰ ਸੌਫਟਵੇਅਰ ਇੰਜਨੀਅਰ ਸੀ ਤੇ ਕਿਸੇ ਕੰਪਨੀ ਵਿੱਚ ਕੰਮ ਕਰਦਾ ਸੀ। ਪੰਥ ਦੇ ਦਰਦ ਉਹਨੂੰ ਲਗਾਤਾਰ ਝੰਜੋੜਦੇ ਰਹੇ ਤੇ ਆਖਰ ਉਹ ਅਪਣਾ ਦੁਨਿਆਵੀ ਤੌਰ ਤੇ ਰੌਸ਼ਨ ਰਾਹ ਛੱਡ ਕੇ ਉਨ੍ਹਾਂ ਪੰਥਕ ਸਰੋਕਾਰਾਂ ਨਾਲ ਪੂਰੀ ਤਰ੍ਹਾਂ ਜੁੜ ਗਿਆ ਜਿੱਥੇ ਉਹਦਾ ਮਨ ਤੇ ਦਿਲ ਧੜਕਦਾ ਸੀ। ਕਰੀਬ ਦੋ ਸਾਲਾਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਕਿਤਾਬ ਰੂਪ ਵਿਚ ਇਹ ਕਿਰਤ ਪੰਥ ਦੀ ਝੋਲੀ ਪਈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਮਲਕੀਤ ਸਿੰਘ ਦੇ ਕਿੱਤਾਮੁਖੀ ਲੇਖਕ ਨਾ ਹੋਣ ਦੇ ਬਾਵਜੂਦ ਇਸ ਕਿਤਾਬ ਵਿੱਚ ਇਹ ਘਾਟ ਕਿਸੇ ਵੀ ਤਰ੍ਹਾਂ ਨਹੀਂ ਰਡ਼ਕਦੀ ਤੇ ਉਹਦੀ ਇਹ ਕਿਤਾਬ ਪੂਰੀ ਤਰ੍ਹਾਂ ਇਕ ਤਜਰਬੇਕਾਰ ਲੇਖਕ ਦੀ ਲਿਖੀ ਹੋਈ ਲਗਦੀ ਹੈ। ਇਸ ਪਿੱਛੇ ਮੁੱਢਲਾ ਕਾਰਨ ਸ਼ਾਇਦ ਉਸ ਦਾ ਤਨੋ ਮਨੋ ਪੰਥਕ ਸਰੋਕਾਰਾਂ ਨਾਲ ਜੁੜੇ ਹੋਣਾ ਹੈ। ਇਹ ਗੱਲ ਲੇਖਕ ਆਪ ਇਸ ਕਿਤਾਬ ਵਿੱਚ ਲਿਖਦਾ ਹੈ ਕਿ “ਇਸ ਜਾਣਕਾਰੀ ਨੂੰ ਕਿਤਾਬ ਰੂਪ ਦੇਣ ਦਾ ਬਿਲਕੁਲ ਵੀ ਕੋਈ ਖਿਆਲ ਨਹੀਂ ਸੀ, ਸ਼ਾਇਦ ਇਸ ਦਾ ਕਾਰਨ ਇਹ ਵੀ ਸੀ ਕਿ ਮੇਰਾ ਇਸ ਤਰ੍ਹਾਂ ਦਾ ਕੋਈ ਤਜਰਬਾ ਨਹੀਂ ਸੀ ਤੇ ਯਕੀਨਨ ਇਹ ਕਾਰਜ ਮੇਰੀ ਸਮਰੱਥਾ ਤੋਂ ਕਿਤੇ ਵੱਡਾ ਸੀ ਜੋ ਅੱਜ ਵੀ ਹੈ।” ਇਸ ਉਪਰਾਲੇ ਨੂੰ ਇਕ ਵਹਾਅ ਰੂਪ ਵਿੱਚ ਚੱਲ ਰਹੀ ਕਹਾਣੀ ਵਾਙ ਪੇਸ਼ ਕਰਨ ਦਾ ਯਤਨ ਲੇਖਕ ਨੇ ਕੀਤਾ ਹੈ, ਜਿਸ ਵਿਚ ਉਹ ਬਹੁਤ ਹੱਦ ਤਕ ਕਾਮਯਾਬ ਵੀ ਹੋਇਆ ਹੈ।

ਕਿਤਾਬ ਦੀ ਵੱਡੀ ਖੂਬੀ ਇਹ ਹੈ ਕਿ ਗਵਾਹਾਂ ਦੇ ਬਿਆਨਾਂ ਨੂੰ ਬਹੁਤੀ ਥਾਂ ਹੂ-ਬ-ਹੂ ਹੀ ਛਾਪਿਆ ਗਿਆ ਹੈ ਤਾਂ ਜੋ ਇਸ ਲਿਖਤ ਦੀ ਮੌਲਿਕਤਾ ਬਣੀ ਰਹੇ।

ਦੂਜਾ ਜਿਹੜਾ ਇੱਕ ਰੋਲ ਘਚੋਲਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਿਨਾਂ ਹੋਰ ਕਿੰਨੇ ਗੁਰਦੁਆਰਿਆਂ ਉੱਤੇ ਹਮਲਾ ਹੋਇਆ ਉਹ ਵੀ ਇਹ ਕਿਤਾਬ ਬਾਖ਼ੂਬੀ ਨਜਿੱਠਦੀ ਹੈ। ਕਈ ਥਾਵੇਂ ਇਹ ਗਿਣਤੀ 32 ਕਿਤੇ 36, 42 ਤੇ ਇੱਥੋਂ ਤਕ ਕਿ 72-75 ਤੱਕ ਵੀ ਮਿਲਦੀ ਸੀ। ਇਸ ਗੱਲ ਦਾ ਨਿਬੇੜਾ ਲੇਖਕ ਇਹ ਗੱਲ ਕਹਿ ਕੇ ਕਰਦਾ ਹੈ, “ਇੱਥੇ ਮਸਲਾ ਗਿਣਤੀਆਂ ਦਾ ਨਹੀਂ ਮਸਲਾ ਗੁਰੂ ਪਾਤਿਸਾਹ ਦੇ ਅਦਬ ਦਾ ਹੈ।” ਇਹ ਗੱਲ ਲੇਖਕ ਦੀ ਗੁਰਮਤਿ, ਗੁਰੂ ਗ੍ਰੰਥ ਅਤੇ ਗੁਰੂ ਪੰਥ ਪ੍ਰਤੀ ਸੁਹਿਰਦਤਾ ‘ਤੇ ਵੀ ਝਾਤ ਪਾਉਂਦੀ ਹੈ।

ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਕਿਤਾਬ ਰਾਹੀਂ ਰੋਣ-ਪਿੱਟਣ, ਤਾਹਨੇ-ਮਿਹਣੇ ਜਾਂ ਕੌਮ ਦਾ ਨਿਮਾਣੇ-ਨਿਤਾਣੇ ਹੋਣਾ ਨਹੀ ਦਰਸਾਇਆ। ਲੇਖਕ ਸਗੋਂ ਇਸ ਜਾਣਕਾਰੀ ਨੂੰ ਪੰਥ ਦੀ ਚੜ੍ਹਦੀ ਕਲਾ ਹਿਤ ਵਰਤਣ ਲਈ ਕਹਿੰਦਾ ਹੈ, “ਅਸੀਂ ਜੋ ਸੀ ਉਹ ਹਮੇਸ਼ਾਂ ਰਹਾਂਗੇ। ਜਿਹੜੇ ਸਾਡੇ ਗੁੰਬਦ ਢਾਹ ਦਿੱਤੇ ਗਏ ਉਹ ਅੱਜ ਵੀ ਚੜ੍ਹਦੀ ਕਲਾ ਵਿਚ ਹਨ ਸਹਿਜ ਵਿੱਚ ਹਨ, ਆਨੰਦ ਵਿਚ ਹਨ ਤੇ ਹੱਕ ਸੱਚ ਦੀ ਜੰਗ ਲਈ ਤਿਆਰ ਬਰ ਤਿਆਰ ਖੜ੍ਹੇ ਹਨ।”

ਕਿਤਾਬ ਦੀ ਮੌਲਿਕਤਾ ਇਸ ਗੱਲ ਵਿਚ ਵੀ ਹੈ ਕਿ ਬਹੁਤ ਥਾਂ ‘ਤੇ ਪੁਰਾਣੇ ਖਿਆਲਾਂ ਦੀ ਥਾਂ ਤੇ ਨਵੀਆਂ ਵਿਆਖਿਆਵਾਂ ਦਿੱਤੀਆਂ ਗਈਆਂ ਹਨ ਜਿਵੇਂ ਕਿ ਹਮਲੇ ਬਾਬਤ ਉਹ ਕਹਿੰਦਾ ਹੈ ਕਿ “ਜਦੋਂ ਕਿਸੇ ਸਿੱਖ ਨੂੰ ਜਬਰੀ ਗੁਰੂ ਕੋਲ ਜਾਣ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਵੀ ਇੱਕ ਕਿਸਮ ਦਾ ਹਮਲਾ ਹੀ ਹੈ।”

ਇਸੇ ਤਰ੍ਹਾਂ ਲੇਖਕ ਦੁਨਿਆਵੀ ਕੀਮਤ ਰਾਹੀਂ ਮੁੱਲ ਮਾਪ ਕਰਕੇ ਇਨ੍ਹਾਂ ਹਮਲਿਆਂ ਦਾ ਮੁਲਾਂਕਣ ਕਰਨਾ ਠੀਕ ਨਹੀਂ ਸਮਝਦਾ ਤੇ ਕਹਿੰਦਾ ਹੈ ਕਿ ਜਦੋਂ ਟੈਂਕ ਦਾ ਮੂੰਹ ਹੀ ਗੁਰੂ ਦੇ ਘਰ ਵੱਲ ਹੋ ਗਿਆ ਤਾਂ ਗੱਲ ਨਫ਼ੇ ਨੁਕਸਾਨਾਂ ਤੋਂ ਉਦੋਂ ਦੀ ਪਾਰ ਹੋ ਗਈ।

ਇਹ ਉਪਰਾਲਾ ਕਿੰਨਾ ਜ਼ਰੂਰੀ ਸੀ ਇਸ ਬਾਬਤ ਇਹ ਗੱਲ ਅੰਦਰ ਤਕ ਝੰਜੋੜ ਦਿੰਦੀ ਹੈ ਜਦੋਂ ਮਿਲਣ ਗਿਆਂ ਨੂੰ ਇਕ ਗਵਾਹ ਕਹਿੰਦਾ ਹੈ ਕਿ ਤੁਸੀਂ ਬਹੁਤ ਦੇਰ ਕਰ ਦਿੱਤੀ ਆਉਣ ਦੀ। ਸਿੱਖ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਇਹ ਕੰਮ ਸੰਸਥਾਵਾਂ ਤੇ ਜਥੇਬੰਦੀਆਂ ਦਾ ਸੀ ਜੋ ਕਿ ਮਲਕੀਤ ਸਿੰਘ ਨੇ ਕੀਤਾ ਹੈ।

 ਵੱਖ ਵੱਖ ਗੁਰਦੁਆਰਿਆਂ ਉੱਤੇ ਹੋਏ ਫ਼ੌਜੀ ਹਮਲਿਆਂ ਦੀ ਵਿਥਿਆ ਕਿਤਾਬ ਖਰੀਦੋ

ਇਹ ਕਿਤਾਬ ਕਿੰਨੀਆਂ ਨਵੀਂਆਂ ਡਾਈਮੈਂਸ਼ਨ ਇਸ ਵਿਸ਼ੇ ਉੱਪਰ ਖੋਲ੍ਹਦੀ ਹੈ ਇਹਦੇ ਬਾਰੇ ਕਹਿਣਾ ਜਾਂ ਇਸ ਦੀ ਗਿਣਤੀ ਦੇਣੀ ਬਹੁਤ ਕਾਹਲ ਨਾਲ ਕੀਤਾ ਕੰਮ ਹੋਵੇਗਾ ਕਿਉਂਕਿ ਵਾਰ ਵਾਰ ਪੜ੍ਹਦਿਆਂ ਨਵੀਂਆਂ ਤੋਂ ਨਵੀਆਂ ਗੱਲਾਂ ਮੂਹਰੇ ਆਉਂਦੀਆਂ ਹਨ। ਜਿਵੇਂ ਇਹ ਗੱਲ ਕਿਤਾਬ ਵਿਚ ਆਉਂਦੀ ਹੈ ਕਿ ਇਨ੍ਹਾਂ ਹਮਲਿਆਂ ਤੋਂ ਪਹਿਲਾਂ ਸਰਕਾਰ ਨੇ ਦੋ ਕਿਸਮ ਦੇ ਤਜਰਬੇ ਕੀਤੇ। ਕਿਸੇ ਜਗ੍ਹਾ ਪਹਿਲਾਂ ਗੁਰੂ ਘਰ ਨੂੰ ਘੇਰਾ ਪਾਇਆ ਗਿਆ ਤੇ ਬਾਅਦ ‘ਚ ਗੋਲੀ ਚਲਾ ਕੇ ਸਿੰਘ ਸ਼ਹੀਦ ਕੀਤੇ ਗਏ ਤੇ ਕਿਸੇ ਹੋਰ ਥਾਂ ਪਹਿਲਾਂ ਸਿੰਘ ਸ਼ਹੀਦ ਕੀਤੇ ਗਏ ਤੇ ਫੇਰ ਗੁਰੂ ਘਰ ਨੂੰ ਘੇਰਾ ਪਾਇਆ ਗਿਆ। ਇਹ ਗੱਲਾਂ ਪੁਖਤਾ ਸਬੂਤ ਹਨ ਕਿ ਇਹ ਸਾਰਾ ਕੰਮ ਪੂਰੀ ਵਿਉਂਤਬੰਦੀ ਨਾਲ ਕੀਤਾ ਗਿਆ ਨਾ ਕਿ ਕਿਸੇ ਹੋਰ ਘਟਨਾ ਦੀ ਜਵਾਬੀ ਕਾਰਵਾਈ ਵਜੋਂ।

ਵੱਖੋ ਵੱਖ ਜ਼ਿਲ੍ਹਿਆਂ ਦੇ ਵੱਖੋ ਵੱਖਰੇ ਗੁਰਦੁਆਰਿਆਂ ਦੇ ਵੱਖੋ ਵੱਖਰੇ ਗਵਾਹਾਂ ਦੇ ਬਿਆਨਾਂ ਨੂੰ ਜੇ ਇਕੱਠਾ ਪੜ੍ਹਦੇ ਹਾਂ ਤਾਂ ਬਹੁਤ ਸਾਂਝੀਆਂ ਗੱਲਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ ਜੋ ਇਸ ਵਿਸ਼ੇ ਉੱਤੇ ਖੋਜ ਕਰਨ ਵਾਲਿਆਂ ਲਈ ਨਵੇਂ ਰਾਹ ਖੋਲ੍ਹਦੀਆਂ ਹਨ। ਜਿਵੇਂ ਘੇਰਾ ਕਿੰਨੇ ਦਿਨ ਰਿਹਾ, ਤੋਪਾਂ ਬੰਦੂਕਾਂ ਦੇ ਮੂੰਹ ਗੁਰਦੁਆਰੇ ਵੱਲ ਕੀਤੇ ਗਏ ਜਾਂ ਨਾ ਕੀਤੇ ਗਏ, ਤਲਾਸ਼ੀਆਂ ਦਾ ਤਰੀਕਾ, ਪੁਲਸ ਟੁਕੜੀ ਦੇ ਮੁਖੀ ਦਾ ਚਿਹਰਾ ਮੋਹਰਾ (ਇਹ ਕਈ ਵੱਖੋ ਵੱਖਰੇ ਗਵਾਹਾਂ ਨੇ ਕਿਹਾ ਕਿ ਫੌਜੀ ਟੁਕੜੀ ਦਾ ਮੁਖੀ ਸਿੱਖ ਚਿਹਰੇ ਵਿਚ ਸੀ), ਫੌਜੀਆਂ ਵੱਲੋਂ ਗੁਰਦੁਆਰਿਆਂ ਦੇ ਦਰਬਾਰ ਹਾਲ ਅੰਦਰ ਕੀਤੀਆਂ ਬੇਹੁਰਮਤੀਆਂ ਜਿਵੇਂ ਕਿ ਬੀੜੀ ਪੀਣਾ, ਜੁੱਤੇ ਪਾ ਕੇ ਅੰਦਰ ਜਾਣਾ ਆਦਿ। ਗੱਲ ਕੀ ਬਹੁਤ ਸਾਰੇ ਗਵਾਹਾਂ ਦੇ ਬਿਆਨ ਇਹ ਸਾਂਝੀਆਂ ਗੱਲਾਂ ਕਰਦੇ ਹਨ।

ਕਿਤਾਬ ਦੀ ਸਿਫਤ ਇਸ ਗੱਲ ਵਿਚ ਹੈ ਕਿ ਹਰ ਇੱਕ ਗੁਰੂਘਰ ਦੀ ਵਿੱਥਿਆ ਲਿਖਣ ਲੱਗਿਆਂ ਪਹਿਲਾਂ ਸੰਖੇਪ ਰੂਪ ਵਿਚ ਉਸ ਗੁਰੂ ਘਰ ਦਾ ਇਤਿਹਾਸ ਲਿਖਿਆ ਗਿਆ ਹੈ ਅਤੇ ਓਸ ਦੀ ਸ੍ਰੀ ਅੰਮ੍ਰਿਤਸਰ ਸਾਹਿਬ, ਜਿੱਥੇ ਕਿ ਮੁੱਖ ਹਮਲਾ ਹੋਇਆ, ਉੱਥੋਂ ਦੂਰੀ ਲਿਖੀ ਗਈ ਹੈ। ਇਹ ਲੇਖਕ ਦੀ ਮਾਹਰਾਨਾ ਪਹੁੰਚ ਦਾ ਇਸ਼ਾਰਾ ਕਰਦੀ ਹੈ।

ਪਰਮ ਸਿੰਘ ਦਾ ਸਰਵਰਕ ਜਿਥੇ ਕਮਾਲ ਦਾ ਹੈ ਓਥੇ ਪ੍ਰਕਾਸ਼ਕ ਬਿਬੇਕਗੜ੍ਹ ਪ੍ਰਕਾਸ਼ਨ ਸ੍ਰੀ ਅਨੰਦਪੁਰ ਸਾਹਿਬ ਨੇ ਕਿਤਾਬ ਦੀ ਬਣਤਰ ਆਦਿ ਹੋਰ ਸਾਰੇ ਪੱਖਾਂ ਨਾਲ ਨਿਆ ਕੀਤਾ ਹੈ। 117 ਪੰਨਿਆਂ ਦੀ ਤੇ 350 ਰੁਪਏ ਮੁੱਲ ਦੀ ਜੂਨ 2021 ਦੀ ਪਹਿਲੀ ਛਾਪ ਮਹੀਨੇ ਵਿਚ ਹੀ ਸਾਰੀ ਦੀ ਸਾਰੀ ਸੰਗਤਾਂ ਤੱਕ ਪਹੁੰਚ ਗਈ ਤੇ ਹੁਣ ਦੂਜੀ ਛਾਪ ਸੰਗਤਾਂ ਲਈ ਤਿਆਰ ਹੈ। ਬਿਬੇਕਗੜ੍ਹ ਪ੍ਰਕਾਸ਼ਨ ਦੀ ਵੈਬਸਾਈਟ ਤੇ ਫੇਸਬੁਕ ਪੰਨੇ ਉੱਤੇ ਇਹ ਕਿਤਾਬ ਦੁਨੀਆ ਭਰ ਵਿਚ ਮੰਗਵਾਉਣ ਦੀ ਜਾਣਕਾਰੀ ਹੈ।

ਅੰਤ ਵਿਚ ਲੇਖਕ ਦਾ ਇਹ ਜਰੂਰੀ ਸੁਨੇਹਾ ਧਿਆਨ ਮੰਗਦਾ ਹੈ ਕਿ ਇਹ ਕਾਰਜ ਅਧੂਰਾ ਹੈ ਤੇ ਬਹੁਤ ਸਾਰੇ ਹੋਰ ਗੁਰਦੁਆਰੇ ਹਨ ਜਿਥੇ ਹਮਲੇ ਹੋਣ ਦੀਆਂ ਕਨਸੋਆਂ ਹਨ ਪਰ ਕੋਈ ਪੁਖਤਾ ਜਾਣਕਾਰੀ ਨਹੀ। ਇਸ ਬਾਬਤ ਲੇਖਕ ਇਸ ਉਪਰਾਲੇ ਵਿਚ ਵਾਧੇ ਦੀ ਗੁਹਾਰ ਲਾਉਂਦਾ ਹੈ ਤੇ ਸਿੱਖ ਸੰਗਤ ਦਾ ਫਰਜ ਬਣਦਾ ਹੈ ਕਿ ਜਿਥੇ ਤੱਕ ਹੋ ਸਕੇ ਇਸ ਵਿਚ ਸਹਿਯੋਗ ਦਿੱਤਾ ਜਾਵੇ।

0 0 votes
Article Rating
Subscribe
Notify of
1 ਟਿੱਪਣੀ
Oldest
Newest Most Voted
Inline Feedbacks
View all comments
1
0
Would love your thoughts, please comment.x
()
x