‘ਪ੍ਰਵਾਸ’ ਸ਼ਬਦ ਆਰਥਕ ਜ਼ਰੂਰਤਾਂ ਲਈ ਭੂਗੋਲਿਕ ਸ਼ਕਲ ਤਬਦੀਲ ਕਰਨ ਦਾ ਸੂਚਕ ਹੈ। ਪ੍ਰਵਾਸ ਕਰਨ ਦਾ ਸਿਲਸਿਲਾ ਭਾਰਤੀ ਲੋਕਾਂ ਵਿਚ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਪਰ 1950 ਈ. ਦੇ ਇਰਦ ਗਿਰਦ ਪੂੰਜੀਵਾਦ ਦੀਆਂ ਲੋੜਾਂ ਅਤੇ ਲੋਕਾਂ ਵਿਚਲੀ ਪੈਸਾ ਇਕੱਤਰ ਕਰਨ ਦੀ ਲਾਲਸਾ ਹੋਇਆ। ਵਿਦੇਸ਼ਾਂ ਵਿਚ ਪ੍ਰਵਾਸੀਆਂ ਨੂੰ ਰਿਹਾਇਸ਼ੀ ਮੁਸੀਬਤਾਂ, ਭਾਸ਼ਾਈ ਸਮੱਸਿਆਵਾਂ, ਨਸਲੀ ਵਿਤਕਰਾ, ਸੱਭਿਆਚਾਰਕ ਅੜਚਨਾਂ, ਪ੍ਰਵਾਸੀ ਮਜ਼ਦੂਰਾਂ ਦਾ ਫੈਕਟਰੀ ਮਾਲਕਾਂ ਵਲੋਂ ਸ਼ੋਸ਼ਣ, ਬੱਚਿਆਂ ਨੂੰ ਪੜ੍ਹਾਉਣ ਅਤੇ ਧਰਮ ਆਦਿ ਦੇ ਆਧਾਰ `ਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਇਹ ਸਮੱਸਿਆਵਾਂ, ਹੋਰ ਦੇਸ਼ਾਂ ਵਿਚ ਪ੍ਰਵਾਸ ਕਰਨ ਦੀਆਂ ਹਨ। ਉਹ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਮੁਲਕ ਦੇ ਲੋਕਾਂ ਨੂੰ ਮੋਹਰਲੀ ਕਤਾਰ ਵਿਚ ਰੱਖਦੀਆਂ ਹਨ। ਪ੍ਰਵਾਸੀ ਉਥੇ ਛੇਤੀ ਤਾਕਤ ਹਾਸਲ ਨਹੀਂ ਕਰ ਸਕਦੇ।
ਇੱਕੋ ਦੇਸ਼ ਵਿਚ ਇਕ ਰਾਜ ਤੋਂ ਦੂਜੇ ਰਾਜ ਵਿਚ ਪ੍ਰਵਾਸ ਕਰਨ ਦੀਆਂ ਸਥਿਤੀਆਂ ਪ੍ਰਸਥਿਤੀਆਂ ਬਿਲਕੁਲ ਭਿੰਨ ਹਨ, ਖਾਸ ਕਰਕੇ ਉਹ ਦੇਸ਼ ਜਿਥੇ ਇਕੋ ਰਾਜਨੀਤਕ ਖਿੱਤੇ ਦੇ ਅੰਦਰ ਬਹੁ-ਕੌਮਾਂ ਅਤੇ ਬਹੁ-ਧਰਮਾਂ ਦੇ ਲੋਕ ਰਹਿ ਰਹੇ ਹੋਣ। ਅਜਿਹੀ ਹਾਲਤ ਵਿਚ ਪ੍ਰਵਾਸੀ ਦਾ ਬਹੁਗਿਣਤੀ-ਘੱਟਗਿਣਤੀ, ਕੇਂਦਰੀ ਤਾਕਤ ਜਾਂ ਮੁਖਧਾਰਾ ਦੇ ਧਰਮ ਦਾ ਜਾਂ ਘੱਟਗਿਣਤੀ ਦੇ ਧਰਮ ਦਾ ਹੋਣਾ ਇਕ ਮਹੱਤਵਪੂਰਨ ਸਥਿਤੀ ਨਿਰਧਾਰਕ ਤੱਥ ਹੈ। ਅਜਿਹੇ ਤੱਥ ਪਹਿਲਾਂ ਪਹਿਲ ਬੇਸ਼ੱਕ ਦਿਖਾਈ ਨਹੀਂ ਦਿੰਦੇ ਪਰ ਸਮਾਂ ਪੈਣ ‘ਤੇ ਇਹ ਪ੍ਰਗਟ ਹੋ ਜਾਂਦੇ ਹਨ। ਪ੍ਰਵਾਸੀਆਂ ਦੇ ਗਿਣਤੀ ਵਧਣ ਦੇ ਕਈ ਵਾਰ ਰਾਜਨੀਤਕ ਧਿਰਾਂ ਦੇ ਹਿਤ ਰਾਜ ਵਿਚ ਪ੍ਰਵਾਸੀ ਅਤੇ ਸਥਾਨਕ ਲੋਕਾਂ ਵਿਚ ਤਨਾਅ ਨੂੰ ਪੈਦਾ ਕਰ ਦਿੰਦੇ ਹਨ। ਅਜਿਹੀ ਸਥਿਤੀ ਵਿਚ ਜੇਕਰ ਕੇਂਦਰੀ ਤਾਕਤ ਪ੍ਰਵਾਸੀਆਂ ਦੇ ਹੱਕ ਵਿਚ ਭੁਗਤ ਜਾਵੇ ਤਾਂ ਹਾਲਾਤ ਵਿਗੜ ਵੀ ਸਕਦੇ ਹਨ।
ਪੰਜਾਬੀ ਖਿੱਤੇ ਦੇ ਸੰਦਰਭ ਵਿਚ ਨਜ਼ਰਸਾਨੀ ਕੀਤਿਆਂ ਪਤਾ ਲੱਗਦਾ ਹੈ ਕਿ ਹਰੀ ਕ੍ਰਾਂਤੀ ਸਮੇਂ ਹੋਰ ਰਾਜਾਂ ਦੇ ਲੋਕਾਂ ਨੇ ਪੰਜਾਬ ਵਿਚ ਆਉਣਾ ਸ਼ੁਰੂ ਕੀਤਾ। ਹਰੀ ਕ੍ਰਾਂਤੀ ਦੀ ਮੁੱਖ ਫਸਲ ਜੀਰੀ/ਧਾਨ ਦੀ ਖੇਤੀ ਸਬੰਧੀ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬੀਆਂ ਵਲੋਂ ਵਧੇਰੇ ਮੁਹਾਰਤ ਹਾਸਲ ਸੀ। ਗੰਨਾ/ਕਮਾਦ ਦੀ ਖੇਤੀ ਲਈ ਵੀ ਇਹ ਲੋਕ ਪੰਜਾਬੀ ਮਜ਼ਦੂਰਾਂ ਨਾਲੋਂ ਸਸਤਾ ਕੰਮ ਕਰਦੇ ਸਨ ਅਤੇ ਹਨ। ਮਜ਼ਦੂਰ ਦੀ ਲੋੜ ਪੰਜਾਬੀ ਕਿਸਾਨੀ ਲਈ ਅਹਿਮ ਹੈ, ਇਸ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਵਧੇਰੇ ਥਾਵਾਂ ‘ਤੇ ਪਹਿਲ ਦਿੱਤੀ ਗਈ। ਇਹ ਲੋਕ ਅਜੋਕੇ ਸਮੇਂ ਵਿਚ ਕਿਸਾਨੀ ਜਾਂ ਗ਼ੈਰ ਕਿਸਾਨੀ ਕੋਲ ਪੱਕੀ ਨੌਕਰੀ (ਸਲਾਨਾ) ਵੀ ਕਰਨ ਲੱਗ ਪਏ ਹਨ।
ਪੰਜਾਬ ਵਿਚ ਪ੍ਰਵਾਸੀ ਲੋਕਾਂ ਦੀ ਲਗਾਤਾਰ ਆਮਦ ਅਤੇ ਇਥੋਂ ਦੇ ਲੋਕਾਂ ਦਾ ਵਿਦੇਸ਼ਾਂ ਵੱਲ ਦਾ ਅੰਨ੍ਹਾ ਰੁਝਾਂਨ ਚਿੰਤਾਜਨਕ ਵਰਤਾਰਾ ਅਤੇ ਵਿਸ਼ਾ ਹੈ। ਮੰਡੀ ਸੱਭਿਆਚਾਰ ਦੇ ਵਿਕਸਤ ਹੋਣ ਨਾਲ ਵੱਧਦੀਆਂ ਲੋੜਾਂ ਦੀ ਤ੍ਰਿਪਤੀ ਲਈ ਇਥੋਂ ਵਿਦੇਸ਼ਾਂ ਵਿਚ ਅਤੇ ਹੋਰ ਰਾਜਾਂ ਤੋਂ ਇਥੇ ਪ੍ਰਵਾਸ ਦਾ ਅਮਲ ਵਧੇਰੇ ਤੇਜ਼ ਹੋ ਗਿਆ। ਪੰਜਾਬ ਵਿਚ ਚਲਦੀਆਂ ਵਧੇਰੇ ਫੈਕਟਰੀਆਂ, ਮੰਡੀਆਂ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਭਰਮਾਰ ਹੈ। ਉਹ ਨਿਰੰਤਰ ਆਪਣੇ ਸਕੇ ਸਬੰਧੀਆਂ ਨੂੰ ਇਥੇ ਬੁਲਾ ਰਹੇ ਹਨ ਅਤੇ ਪੱਕੇ ਤੌਰ ‘ਤੇ ਸਥਾਪਤ ਕਰਨ ਲਈ ਯਤਨਸ਼ੀਲ ਹਨ। ਕਿਉਂਕਿ ਉਨ੍ਹਾਂ ਨੂੰ ਇਥੇ ਆਪਣੇ ਰਾਜ ਨਾਲੋਂ ਵਧੀਆ ਖਾਣ ਪੀਣ, ਸੁਖ ਸੁਵਿਧਾਵਾਂ, ਸੰਚਾਰ ਸਾਧਾਨਾਂ ਦੀਆਂ ਸਹੂਲਤਾਂ ਅਤੇ ਭੂਗੋਲਿਕ ਤੇ ਸਮਾਜਿਕ ਵਾਤਾਵਰਣ ਮਿਲਿਆ। ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਧਿ੍ਰਕਾਰਿਆ ਨਹੀਂ, ਸਗੋਂ ਆਪਣੇ ਘਰਾਂ ਪਰਿਵਾਰਾਂ ਵਿਚ ਵੀ ਨੌਕਰੀਆਂ ਦਿੱਤੀਆਂ ਅਤੇ ਪੂਰਨ ਆਜ਼ਾਦੀ ਦਿੱਤੀ। ਪੰਜਾਬ ਵਿਚ ਹਰ ਬੰਦੇ ਦੇ ਆਜ਼ਾਦ ਵਿਚਰਨ ਪਿਛੇ ਸਿੱਖ ਪ੍ਰੰਪਰਾਵਾਂ ਦਾ ਸਿਧਾਂਤਕ ਇਤਿਹਾਸਕ ਪਿਛੋਕੜ ਕਾਰਜਸ਼ੀਲ ਹੈ। ਇਥੇ ਹਰ ਸਿੱਖ, ਗ਼ੈਰ-ਸਿੱਖ, ਪੰਜਾਬੀ ਤੇ ਗ਼ੈਰ-ਪੰਜਾਬੀ ਵਿਚ ਵਿਤਕਰਾ ਨਹੀਂ ਸਮਝਿਆ ਜਾਂਦਾ।
ਪ੍ਰਵਾਸੀ ਵਿਅਕਤੀ ਦੀ ਸਥਿਤੀ ਸਥਾਨਕ ਲੋਕਾਂ ਨਾਲੋਂ ਭਿੰਨ ਹੁੰਦੀ ਹੈ। ਉਹ ਕਿਸੇ ਹੋਰ ਸੱਭਿਆਚਾਰਕ ਖਿੱਤੇ ਦੀ ਉਪਜ ਹੁੰਦਾ ਹੈ, ਉਸਦਾ ਧਰਮ, ਕੌਮ, ਨਸਲ ਵੱਖਰੇ ਹੋਣ ਦੇ ਨਾਲ ਉਸਦੇ ਹਿਤ ਵੀ ਵੱਖਰੇ ਹੋ ਸਕਦੇ ਹਨ। ਉਸਦਾ ਨਾਤਾ ਕਿਸੇ ਹੋਰ ਭੂਗੋਲਿਕ ਖਿੱਤੇ ਦੇ ਲੋਕਾਂ ਨਾਲ ਜੁੜਿਆ ਹੁੰਦਾ ਹੈ। ਉਸ ਲਈ ਪੈਸਾ ਮੁੱਖ ਹੁੰਦਾ ਹੈ ਪਰ ਸਥਾਪਤ ਹੋ ਕੇ ਪ੍ਰਵਾਸੀ ਸਥਾਨਕ ਲੋਕਾਂ ਦੇ ਵਿਸ਼ਵਾਸਪਾਤਰ ਬਣ ਜਾਂਦੇ ਹਨ। ਵਿਸ਼ਵਾਸਪਾਤਰ ਬਣੇ ਲੋਕਾਂ ਵਿਚੋਂ ਕੁਝ ਅਪਰਾਧੀ ਬਿਰਤੀ ਦੇ ਵੀ ਹੁੰਦੇ ਹਨ ਜਾਂ ਸਥਿਤੀ ਅਨੁਸਾਰ ਉਨ੍ਹਾਂ ਦਾ ਅੰਦਰਲਾ ਅਪਰਾਧੀ ਬੰਦਾ ਬਾਹਰ ਆ ਜਾਂਦਾ ਹੈ।
ਅਜੋਕੇ ਹਾਲਾਤ ਵਿਚ ਪ੍ਰਵਾਸੀ ਲੋਕਾਂ ਦੀਆਂ ਨਿੱਤ ਉਧਾਲੇ, ਲੁੱਟ-ਮਾਰ, ਮਾਰ-ਧਾੜ ਆਦਿ ਖਬਰਾਂ ਸੁਣਨ ਪੜ੍ਹਨ ਨੂੰ ਮਿਲਦੀਆਂ ਹਨ । ਅਜਿਹੀਆਂ ਘਟਨਾਵਾਂ ਡਾਢੇ ਵਿਸ਼ਵਾਸ ਜਿਤਣ ਤੋਂ ਬਾਅਦ ਵਾਪਰਦੀਆਂ ਹਨ। ਪ੍ਰਵਾਸੀ ਲੋਕਾਂ ਦੇ ਮੂਲ ਰਾਜ ਨਾਲੋਂ ਪੰਜਾਬ ਦਾ ਵਾਤਾਵਰਣ ਤੁਲਨਾਤਮਕ ਘੱਟ ਅਪਰਾਧੀ ਤੇ ਘੱਟ ਭ੍ਰਿਸ਼ਟ ਹੈ। ਪੰਜਾਬੀ ਲੋਕਾਂ ਦੀ ਮਾਨਸਿਕਤਾ ਦੀ ਇਕ ਵਿਸ਼ੇਸ਼ ਸਥਿਤੀ ਹੈ, ਇਥੇ ਨੂੰਹ-ਧੀ ਪ੍ਰਤੀਇੱਜਤ ਅਹਿਮ ਹੈ। ਬਲਾਤਕਾਰ ਅਤੇ ਉਧਾਲੇ ਵਰਗੇ ਘਟੀਆ ਵਰਤਾਰੇ ਇਨ੍ਹਾਂ ਲਈ ਅਸਹਿ ਹਨ। ਪ੍ਰਵਾਸੀ ਵਿਅਕਤੀ ਦੁਆਰਾ ਵਰਤਾਈ ਘਟਨਾ ਨੂੰ ਪੰਜਾਬੀ ਵਧੇਰੇ ਦੁਖਦਾਈ ਮੰਨਦੇ ਹਨ। ਅਜਿਹੇ ਹਾਲਾਤ ਪੰਜਾਬ ਦੇ ਸਮਾਜਿਕ ਵਾਤਾਵਰਣ ਲਈ ਨੁਕਸਾਨਦਾਇਕ ਹਨ।
ਘਰਾਂ ਵਿਚਲੀਆਂ ਕੀਮਤੀ ਵਸਤਾਂ ਜਾਂ ਨਕਦੀ ਆਦਿ ਕਰਕੇ ਕਈ ਘਰ ਵਾਲਿਆਂ ਨੂੰ ਬੇਕਿਰਕੀ ਨਾਲ ਮਾਰਿਆ ਜਾਂਦਾ ਹੈ। ਪਿੰਡਾਂ ਦੇ ਮੁਕਾਬਲਤਨ ਸ਼ਹਿਰਾਂ ਜਾਂ ਮਹਾਂਨਗਰਾਂ ਵਿਚ ਅਜਿਹੇ ਅਪਰਾਧ ਵਧੇਰੇ ਹੋ ਰਹੇ ਹਨ। ਸ਼ਹਿਰਾਂ/ਮਹਾਨਗਰਾਂ ਦਾ ਵਾਤਾਵਰਣ ਵਧੇਰੇ ਅਪਰਾਧਕ ਅਤੇ ਪਲੀਤ ਹੁੰਦਾ ਹੈ. ਕਈ ਵਾਰ ਵੱਡੇ ਉਦਯੋਗਪਤੀ ਜਾਂ ਰਾਜਸੀ ਲੋਕ ਵੀ ਇਸਨੂੰ ਤੂ਼ਲ ਦਿੰਦੇ ਹਨ। ਪ੍ਰਵਾਸੀ ਗਰੀਬ ਲੋਕਾਂ ਕਾਰਨ ਸ਼ਹਿਰਾਂ ਵਿਚ ਇਸਤਰੀਆਂ/ਕੁੜੀਆਂ ਨੂੰ ਵੇਚਣ ਜਾਂ ਉਨਾਂ ਤੋਂ ਗਲਤ ਕੰਮ ਕਰਵਾਉਣ ਨਾਲ ਪੰਜਾਬ ਦਾ ਸਮਾਜਿਕ ਮਹੌਲ ਦੂਸ਼ਿਤ ਹੋ ਰਿਹਾ ਹੈ, ਜਿਸਦਾ ਪੰਜਾਬ ਵਿਚ ਕੋਈ ਪਿਛੋਕੜ ਨਹੀਂ ਹੈ।
ਪੰਜਾਬ ਅੰਦਰ ਵਿਚਰਦੇ ਜ਼ਿਆਦਾਤਰ ਲੋਕ ਹਿੰਦੂ ਬਹੁਗਿਣਤੀ ਤੇ ਗਰੀਬ ਲੋਕ ਹਨ। ਭਾਰਤ ਉਪਰ ਹਿੰਦੂ ਬਹੁਗਿਣਤੀ ਦਾ ਰਾਜ ਹੈ ਅਤੇ ਇਹ ਰਾਜ ਪੰਜਾਬ ਹਿਤਾਂ ਬਾਰੇ ਇਤਿਹਾਸਕ ਤੌਰ `ਤੇ ਅਵੇਸਲਾ ਰਿਹਾ ਹੈ। ਪੰਜਾਬ ਅੰਦਰ ਸਿਖਾਂ ਦੀ ਬਹੁਗਿਣਤੀ ਹੈ, ਜੋ ਸਿੱਖਾਂ ਨੇ ਵਧੇਰੇ ਜਾਂ ਅਤਿ ਦੇ ਸ਼ਕਤੀਸ਼ਾਲੀ ਰਹਿ ਕੇ ਪ੍ਰਾਪਤ ਕੀਤੀ ਹੈ। ਪਰ ਅੰਨ੍ਹੇਵਾਹ ਪ੍ਰਵਾਸ (ਪੰਜਾਬ ਤੋਂ ਵਿਦੇਸ਼ ਜਾਣ ਦਾ ਅਤੇ ਹੋਰ ਰਾਜਾਂ ਤੋਂ ਇਥੇ ਆਉਣ ਦਾ) ਕਾਰਨ ਸਿੱਖ ਬਹੁਗਿਣਤੀ ਘਟ ਵੀ ਸਕਦੀ ਹੈ। ਇਸ ਕਰਕੇ ਸਿੱਖਾਂ ਨੂੰ ਆਪਣੀ ਪਛਾਣ ਲਈ ਪੰਜਾਬ ਵਿਚ ਵੀ ਮੁਸ਼ਕਲ ਆ ਸਕਦੀ ਹੈ ਕਿਉਂਕਿ ਮੀਡੀਆ ਅਤੇ ਮੁੱਖਧਾਰਾ ਦੁਆਰਾ ਪ੍ਰਸਤੁਤ ਮਾਡਲ ਘੋਨ ਮੋਨ ਹੈ। ਅਜਿਹੀ ਸਥਿਤੀ ਟਕਰਾਅ ਜਾਂ ਵਿਰੋਧ ਦੀਆਂ ਸੰਭਾਵਨਾਵਾਂ ਤੋਂ ਮੁਕਤ ਨਹੀਂ ਹੈ ।
ਇਤਿਹਾਸਕ ਤੌਰ ‘ਤੇ ਪੰਜਾਬੀ ਕਿਰਦਾਰ ਨੇ ਸਰਦਾਰੀ ਨੂੰ ਆਪਣੀ ਜੀਵਨ ਸ਼ੈਲੀ ਦੇ ਪ੍ਰਮੁੱਖ ਅੰਗ ਵਜੋਂ’ ਰੱਖਿਆ ਹੈ। ਸਮਾਜਿਕ ਹੈਂਕੜ ਅਤੇ ਸਭਿਆਚਾਰਕ ਰਿਸ਼ਤਿਆਂ ਦੀ ਕਦਰ ਇਥੋਂ ਦੇ ਬੰਦੇ ਲਈ ਮੁੱਖ ਹਨ। ਗੁਰਬਾਣੀ ਦੀ ਵਿਚਾਰਧਾਰਾ ਵੀ “ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨਿ” ਦੀ ਹੈ। ਅਜਿਹੀ ਮਨੋ ਬਣਤਰ ਨਾਲ ਛੇੜਛਾੜ ਮਾਰੂ ਸਿੱਧ ਹੋ ਸਕਦੀ ਹੈ। ਪ੍ਰਵਾਸੀਆਂ ਦੀ ਵੱਡੀ ਆਮਦ ਸਰਦਾਰੀ ਅਤੇ ਪੰਜਾਬੀਆਂ ਦੀ ਵਿਕਦੀਆਂ ਜ਼ਮੀਨਾਂ ਭਵਿੱਖ ਲਈ ਬੁਰਾ ਸਿਗਨਲ ਹੈ। ਜੇ ਸਰਕਾਰ ਦੁਆਰਾ ਪ੍ਰਵਾਸੀਆਂ ਦੇ ਹਿਤਾਂ ਨੂੰ ਪਹਿਲ ਦਿੱਤੀ ਗਈ ਤਾਂ ਇਥੋਂ ਦੀ ਸਰਦਾਰੀ ਅਤੇ ਮੜ੍ਹਕ ਨੂੰ ਵੰਗਾਰ ਹੋ ਸਕਦੀ ਹੈ।
ਧਾਰਮਿਕ ਮਸਲੇ ਵੀ ਉਲਝ ਸਕਦੇ ਹਨ। ਪ੍ਰਵਾਸੀ ਮਰਦ-ਪੰਜਾਬੀ ਔਰਤ, ਪੰਜਾਬੀ ਮਰਦ-ਪ੍ਰਵਾਸੀ ਔਰਤ ਦੇ ਸਬੰਧਾਂ ਨਾਲ ਸਮਾਜਿਕ ਰਿਸਤਿਆਂ ਵਿਚ ਤੋੜ ਫੋੜ ਹੋ ਸਕਦੀ ਹੈ। ਸਮਾਜਿਕ ਰਿਸ਼ਤਿਆਂ ਦੀ ਵਿਚਲੀ ਛੇੜ ਡਰਾਵਣੀ ਸਥਿਤੀ ਨੂੰ ਦੇਣ ਵਾਲੀ ਹੁੰਦੀ ਹੈ।
ਪ੍ਰਵਾਸੀਆਂ ਵਿਚ ਸਥਾਨਕ ਲੋਕਾਂ ਨਾਲੋਂ ਹੀਣੇ ਹੋਣ ਦੀ ਗ੍ਰੰਥੀ ਭਾਰੂ ਹੁੰਦੀ ਹੈ। ਮਨੁੱਖ ਹਰ ਸਮੇਂ ਆਪਣੀ ਹੀਣਤਾ ਦੀ ਥਾਂ ਉੱਚਤਾ ਹਾਸਲ ਕਰਨ ਲਈ ਯਤਨਸ਼ੀਲ ਰਹਿੰਦਾ ਹੈ। ਪ੍ਰਵਾਸੀ ਲੋਕਾਂ ਦੇ ਹੱਥ ਵਿਚ ਆਈ ਤਾਕਤ ਕਾਰਨ ਉਹ ਆਪਣੀ ਹੀਣਤਾ ਨੂੰ ਖਾਰਜ ਕਰਨ ਲਈ ਜ਼ਾਲਮਾਨਾ ਵੀ ਹੋ ਸਕਦੇ ਹਨ। ਪੰਜਾਬੀਆਂ ਦੇ ਕੌਮ, ਨਸਲ, ਧਰਮ ਦੇ ਮਸਲੇ ਪ੍ਰਵਾਸੀ ਨਾਲ ਟਕਰਾਅ ਸਕਦੇ ਹਨ ਕਿਉਂਕਿ ਬਿਹਾਰ ਜਾਂ ਹੋਰ ਰਾਜਾਂ ਦਾ ਭੂਗੋਲ, ਵਿਹਾਰ, ਧਰਮ ਅਤੇ ਸੱਭਿਆਚਾਰ ਪੰਜਾਬ ਤੋਂ ਭਿੰਨਤਾ ਰੱਖਦੇ ਹਨ।
ਪੰਜਾਬੀ ਭਾਸ਼ਾ ਇਸ ਖਿੱਤੇ ਦੀ ਅੱਡਰੀ ਪਛਾਣ ਦਾ ਪ੍ਰਮੁੱਖ ਅੰਗ ਹੈ। ਗੁਰੂਆਂ ਨੇ ਇਸ ਨੂੰ ਆਧਾਰ ਬਖਸ਼ਿਆ ਅਤੇ ਇਸਦੀ ਲਿੱਪੀ ਨੂੰ ਸੁਧਾਰ ਕੇ ਮਹੱਤਤਾ ਦਿੱਤੀ। ਪ੍ਰਵਾਸੀ ਲੋਕਾਂ ਦੁਆਰਾ ਬੋਲੀ ਜਾਂਦੀ ਪੰਜਾਬੀ ਭਾਸ਼ਾ ਵਿਗਾੜ ਵਾਲੀ ਹੈ ਜਿਸ ਨੂੰ ਕੁਝ ਹਾਸ ਕਲਾਕਾਰਾਂ ਨੇ ਆਪਣੇ ਮੰਤਵ ਲਈ ਪੇਸ਼ ਕੀਤਾ ਪਰ ਇਸ ਮਸਲੇ ਲਈ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਜਾ ਰਿਹਾ।
ਕੇਂਦਰੀ ਰਾਜਨੀਤੀ ਵਿਚ ਹਿੰਦੂਤਵ ਦੇ ਮੁੱਦੇ ਨੂੰ ਉਭਾਰਿਆ ਜਾ ਰਿਹਾ ਹੈ। ਫਿਰਕਾਪ੍ਰਸਤ ਤਾਕਤਾਂ ਮਾਮੂਲੀ ਜਾਂ ਘਰੇਲੂ ਮਸਲੇ ਨੂੰ ਵੀ ਤੂਲ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਹਾਲਾਤ ਵਿਗਾੜਨ ਲਈ ਆਮ ਮੁੱਦਿਆਂ ਨੂੰ ਉਛਾਲਿਆ ਜਾ ਰਿਹਾ। ਪ੍ਰਵਾਸੀ ਮਜ਼ਦੂਰਾਂ ਦੀ ਆਬਾਦੀ ਦੇ ਹਿਤਾਂ ਨੇ ਫਿਰਕਾਪ੍ਰਸਤ ਤਾਕਤਾਂ ਆਪਣੇ ਨਾਲ ਜੋੜ ਕੇ ਪੇਸ਼ ਕਰ ਸਕਦੀਆਂ ਹਨ ਅਤੇ ਹਾਲਾਤ ਨੂੰ ਉਲਟੇ ਰੁਖ ਵੀ ਗੇੜ ਸਕਦੀਆਂ ਹਨ।
ਹੋਰ ਰਾਜਾਂ ਨਾਲੋਂ ਪੰਜਾਬ ਵਿਚ ਜਾਤਪਾਤ ਵਧੇਰੇ ਕਮਜ਼ੋਰ ਹੈ ਅਤੇ ਸਮਾਜਿਕ ਅਲਗਾਵ ਦੀ ਭਾਵਨਾ ਨਾਂਮਾਤਰ ਹੈ। ਨਿਮਨ ਜਾਤਾਂ ਦੇ ਲੋਕ ਅਤੇ ਕਿਸਾਨੀ ਬਿਲਕੁਲ ਕਰੀਬ ਵਿਚਰਦੇ ਹਨ। ਨਿਮਨ ਜਾਤਾਂ ਦੇ ਮਜ਼ਦੂਰ ਜਾਂ ਅਸਲ ਦਲਿਤ ਲੋਕਾਂ ਦਾ ਕੰਮਕਾਰ ਪ੍ਰਵਾਸੀ ਮਜ਼ਦੂਰਾਂ ਕਰਕੇ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਪੰਜਾਬ ਦੇ ਦਲਿਤ ਲੋਕਾਂ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੈ।
ਸਮੁੱਚੇ ਰੂਪ ਵਿਚ ਵੇਖਿਆ ਜਾ ਸਕਦਾ ਹੈ ਕਿ ਪ੍ਰਵਾਸੀ ਆਮਦ ਬਾਰੇ ਪੰਜਾਬ ਦਾ ਉੱਚ ਵਰਗ ਸਿਰਫ ਆਰਥਕ ਲਾਭ ਦੇ ਨਜ਼ਰੀਏ ਤੋਂ ਸੋਚਦਾ ਹੈ। ਪਰ ਆਰਥਿਕ ਲਾਭਾਂ ਦੇ ਉਹਲੇ ਸਭਿਆਚਾਰਕ ਘਾਟਾਂ, ਰਿਸ਼ਤਿਆਂ ਦੀ ਥਿੜਕਣ, ਸਮਾਜਿਕ ਰਾਜਨੀਤਕ ਸਰਦਾਰੀ ਨੂੰ ਹੋਣ ਵਾਲੀ ਵੰਗਾਰ, ਧਾਰਮਿਕ ਮਸਲਿਆਂ ਦੀ ਉਲਝਣ, ਆਦਿ ਮਸਲਿਆਂ ਦੇ ਅਗਲੇ ਨਤੀਜਿਆਂ ਤੋਂ ਅਣਜਾਣ ਹੈ। ਇਸ ਮਸਲੇ ਸਬੰਧੀ ਇਕ ਧਿਰ ਬਣਨ ਦੀ ਲੋੜ ਨਹੀਂ ਬਲਕਿ ਡੂੰਘੀ ਸੋਚ ਵਿਚਾਰ ਦੀ ਜਰੂਰਤ ਹੈ ।