ਸ੍ਰੀ ਹਰਿਗੋਬਿੰਦਪੁਰ: ਪੰਥ ਸੇਵਕ ਸਖਸ਼ੀਅਤਾਂ ਵੱਲੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆਂ ਨੂੰ ਸੂਤਰਬੱਧ ਕਰਨ ਦੇ ਯਤਨਾਂ ਤਹਿਤ ਅੱਜ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ, ਸ੍ਰੀ ਹਰਿਹੋਬਿੰਦਪੁਰ ਵਿਖੇ ਗੁਰ-ਸੰਗਤ ਅਤੇ ਖਾਲਸਾ ਪੰਥ ਦੀ ਸੇਵਾ ਵਿਚ ਕਾਰਜਸ਼ੀਲ ਜਥਿਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਇਕੱਤਰਤਾ ਵਿਚ ਭਾਈ ਦਲਜੀਤ ਸਿੰਘ ਬਿੱਟੂ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਸ੍ਰੀ ਹਰਿਗੋਬਿੰਦਰਪੁਰ ਅਤੇ ਨੇੜਲੇ ਇੱਲਾਕੇ ਵਿੱਚ ਸਰਗਰਮ ਜਥਿਆਂ ਨਾਲ ਬੈਠਕ ਕੀਤੀ ਜਿਸ ਵਿਚ ਮੌਜੂਦਾ ਹਾਲਾਤ ਅਤੇ ਸਿੱਖ ਸਫਾਂ ਵਿਚਲੇ ਖਿੰਡਾਓ ਬਾਰੇ ਗੰਭੀਰ ਵਿਚਾਰਾਂ ਹੋਈਆਂ।
ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਖ ਸਫਾਂ ਵਿਚ ਆਪਸੀ ਸੰਵਾਦ ਦੀ ਕਮੀ ਕਾਰਨ ਸਾਡੇ ਮਸਲੇ ਉਲਝਦੇ ਜਾ ਰਹੇ ਹਨ। ਅਜਿਹੇ ਹਾਲਾਤ ਵਿਚ ਸਥਾਨਕ ਪੱਧਰ ਉੱਤੇ ਸਰਗਰਮ ਸਿੱਖ ਜਥਿਆਂ ਨੂੰ ਆਪਸ ਵਿਚ ਤਾਲਮੇਲ ਵਧਾਉਣਾ ਚਾਹੀਦਾ ਹੈ ਅਤੇ ਆਪਸੀ ਵਿਚਾਰ-ਚਰਚਾ ਕਰਕੇ ਸਾਂਝੇ ਫੈਸਲੇ ਲੈਣੇ ਚਾਹੀਦੇ ਹਨ।
ਪੰਥ ਸੇਵਕਾਂ ਨੇ ਕਿਹਾ ਕਿ ਉਹਨਾ ਵੱਲੋਂ ਪੰਥਕ ਪੱਧਰ ਉੱਤੇ ਆਪਸੀ ਵਿਚਾਰ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਗਿਆ ਸੀ ਉਸ ਤਹਿਤ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਸੱਦੀ ਗਈ ਹੈ ਜਿਸ ਵਿਚ ‘ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਿਚ ਪੰਚ ਪ੍ਰਧਾਨੀ ਅਗਵਾਈ ਅਤੇ ਗੁਰਮਤੇ ਦੀ ਬਹਾਲੀ’ ਬਾਰੇ ਸਾਂਝੀ ਰਾਏ ਬਣਾਉਣ ਦਾ ਯਤਨ ਕੀਤਾ ਜਾਵੇਗਾ। ਪੰਥਕ ਸਖਸ਼ੀਅਤਾਂ ਨੇ ਇਸ ਬੈਠਕ ਵਿੱਚ ਹਾਜਰ ਹੋਏ ਜਥੇ ਅਤੇ ਸਿੰਘਾਂ ਨੂੰ ਵਿਸ਼ਵ ਸਿੱਖ ਇਕੱਤਰਤਾ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ।
ਇਸ ਬੈਠਕ ਵਿਚ ਗਿਆਨੀ ਭਗਵੰਤ ਸਿੰਘ ਮਾੜੀਬੁੱਚਿਆਂ, ਭਾਈ ਸਤਮਾਨ ਸਿੰਘ ਸਮਸਾ, ਗਿਆਨੀ ਅਰੂੜ ਸਿੰਘ (ਦਲ ਬਾਬਾ ਬਿਧੀ ਚੰਦ), ਗਿਆਨੀ ਹਰਦੀਪ ਸਿੰਘ ਭਾਮ, ਭਾਈ ਪਰਮਵੀਰ ਸਿੰਘ ਲਾਡੀ ਪਰਤਾਪਗੜ੍ਹ, ਗਿਆਨੀ ਨਵਜੋਤ ਸਿੰਘ (ਗ੍ਰੰਥੀ, ਗ: ਦਮਦਮਾ ਸਾਹਿਬ, ਸ੍ਰੀ ਹਰਿਗੋਬਿੰਦਪੁਰ), ਭਾਈ ਸੰਤੋਖ ਸਿੰਘ ਮੱਲ੍ਹੋਵਾਲੀ, ਭਾਈ ਸੁਖਵਿੰਦਰ ਸਿੰਘ ਚੀਮਾ, ਭਾਈ ਬਲਵਿੰਦਰ ਸਿੰਘ, ਸ. ਗੁਰਮੇਜ ਸਿੰਘ ਰਸੀਵਰ, ਸੰਤੋਖ ਸਿੰਘ ਮਧਰਾ ਅਤੇ ਸੁਖਦੀਪ ਸਿੰਘ ਮੀਕੇ ਵੀ ਸ਼ਾਮਲ ਸਨ।
ਕੁੱਝ ਹੋਰ ਤਸਵੀਰਾਂ ਵੇਖੋ