ਨਿਸ਼ਾਨ ਸਾਹਿਬ ਪੰਥ ਦਾ ਹੈ ਗੁਰੂ ਕਲਗੀਧਰ ਪਾਤਸ਼ਾਹ ਨੇ ਦੁਨਿਆਵੀ ਸ਼ਾਨ ਦੇ ਰੂਹਾਨੀ ਪ੍ਰਤੀਕ ਵਜੋਂ ਨਿਸ਼ਾਨ ਸਾਹਿਬ ਖ਼ਾਲਸਾ ਜੀ ਨੂੰ ਬਖਸ਼ਿਸ਼ ਕੀਤਾ ਹੈ।
ਨਿਸ਼ਾਨ ਸਾਹਿਬ ਨਾਲ ਇਤਿਹਾਸ, ਮਰਿਆਦਾ ਅਤੇ ਵਿਧੀ ਵਿਧਾਨ ਦਾ ਇੱਕ ਵੱਡਾ ਪਾਸਾਰ ਜੁੜਿਆ ਹੈ। ਜੰਗ ਵਿਚ ਨਿਸ਼ਾਨ ਸਾਹਿਬ ਲਈ ਇਕ ਸਿੰਘ ਨਿਯਤ ਕੀਤਾ ਜਾਂਦਾ ਸੀ ਜਦੋਂ ਖਾਲਸੇ ਦੀ ਗਿਣਤੀ ਥੋੜੀ ਰਹਿ ਗਈ ਤਾਂ ਦਸਤਾਰ ਦੇ ਫਰਲੇ ਨੂੰ ਵੀ ਨਿਸ਼ਾਨ ਸਾਹਿਬ ਦੀ ਥਾਂ ਮੰਨਿਆ ਜਾਂਦਾ ਰਿਹਾ। ਫਰਲਾ ਦਲ ਦੇ ਜਥੇਦਾਰ ਵਲੋਂ ਦਿੱਤਾ ਜਾਂਦਾ ਸੀ ਅਤੇ ਹੈ ਪਰ ਨਾਲ ਕਾਬਲੀਅਤ ਅਤੇ ਗੁਣ ਦੀ ਪਰਖ ਵੀ ਜੁੜੀ ਹੁੰਦੀ ਹੈ ਜਿਸ ਉਪਰੰਤ ਫਰਲਾ ਦਿੱਤਾ ਜਾਂਦਾ ਹੈ।
ਨਿਸ਼ਾਨ ਸਾਹਿਬ ਨਿਧਿਰਿਆਂ ਦੀ ਧਿਰ ਬਣਨ ਦਾ ਪ੍ਰਤੀਕ ਹੈ ਦੁਨਿਆਵੀ ਝੰਡੇ ਜਮੀਨ ਉੱਪਰ ਕਬਜਾ ਕਰਨ ਲਈ ਅਕਸਰ ਕੀਤੇ ਜਬਰ ਦੇ ਪ੍ਰਤੀਕ ਹੁੰਦੇ ਹਨ ਪਰ ਨਿਸ਼ਾਨ ਸਾਹਿਬ ਜਬਰ ਵਿਰੁੱਧ ਉੱਠਣ ਦਾ ਪ੍ਰਤੀਕ ਹੈ। ਇਤਿਹਾਸ ਵਿਚ ਜਬਰ ਦਾ ਸ਼ਿਕਾਰ ਹੋਣ ਵਾਲੇ ਲੋਕ ਨਿਸ਼ਾਨ ਸਾਹਿਬ ਵੱਲ ਨਿਆਂ ਦੀ ਆਸ ਨਾਲ ਤੱਕਿਆ ਕਰਦੇ ਸਨ ਅੱਜ ਵੀ ਖਾਲਸਾ ਇਸਦੇ ਸਮਰੱਥ ਹੈ। ਖਾਲਸਾ ਅਦਾਲਤ ਕਰਨ ਦੇ ਸਮਰੱਥ ਹੈ ਇਸਦੇ ਆਈਨ ਅਤੇ ਨਿਆਂ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਹੈ।
ਮੌਜੂਦਾ ਸਮੇਂ ਵੋਟ ਤੰਤਰ (democracy ) ਕਾਰਨ, ਨਿਸ਼ਾਨ ਸਾਹਿਬ ਨੂੰ ਇਸਦੇ ਵਸੀਹ ਅਰਥ ਪਾਸਾਰ ਦੀ ਥਾਂ ਇਕ ਰਾਜਨੀਤਕ ਝੰਡੇ ਅਤੇ ਝੰਡੀ ਵਜੋਂ ਵਰਤਣ ਦੇ ਰੁਝਾਨ ਪ੍ਰਚਲਤ ਹੋ ਰਹੇ ਹਨ ਪਰ ਇਹ ਵਕਤੀ ਰੁਝਾਨ ਹਨ ਜੋ ਪੰਥਕ ਰਾਜਨੀਤਕ ਜੁਗਤ ਦੀ ਗੈਰਹਾਜ਼ਰੀ ਅਤੇ ਪੰਥ ਦੇ ਨਾਮ ਤੇ ਪ੍ਰਚਲਤ ਅਖੌਤੀ ਦਲਾਂ ਵਿਚੋਂ ਖਾਲਸਾ ਸਪਿਰਿਟ ਦੀ ਅਣਹੋਂਦ ਕਾਰਨ ਪੈਦਾ ਹੋਏ ਹਨ ਅਤੇ ਖਾਲਸਾ ਜੀ ਦੇ ਬੋਲਬਾਲੇ ਹੋਣ ਨਾਲ ਇਹ ਠੀਕ ਹੋ ਜਾਣਗੇ ।
ਕੇਵਲ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਏਜੰਡੇ ਅਤੇ ਯੂਨੀਅਨ ਦੇ ਝੰਡਿਆਂ ਦੇ ਬਲਬੂਤੇ ਏਡਾ ਵੱਡਾ ਸੰਘਰਸ਼ ਖੜ੍ਹਾ ਨਹੀਂ ਸੀ ਹੋ ਸਕਦਾ ਅਤੇ ਨਾ ਹੀ ਕਿਸਾਨ ਯੂਨੀਅਨ ਦੇ ਆਗੂਆਂ ਵਿਚ ਇਸ ਸੰਘਰਸ਼ ਨੂੰ ਦਿੱਲੀ ਲਿਜਾਣ ਦੀ ਤਾਕਤ ਹੌਸਲੇ ਅਤੇ ਇੱਛਾ ਸੀ । ਸੰਘਰਸ਼ ਨੂੰ ਦਿੱਲੀ, ਨਿਸ਼ਾਨ ਸਾਹਿਬਾਂ ਦੇ ਵਾਰਸ ਲੈ ਕੇ ਗਏ।
ਨਿਹੰਗ ਸਿੰਘ ਪੁਰਾਤਨ ਨਿਸ਼ਾਨਾ ਲਈ ਏਨਾ ਸਤਿਕਾਰ ਰੱਖਦੇ ਹਨ ਜੇਕਰ ਉਹ ਨਿਸ਼ਾਨ ਕਿਸੇ ਅਜਿਹੇ ਕੋਲ ਵੀ ਹੋਣ ਜੋ ਖਾਲਸਾਈ ਅਕੀਦੇ ਅਤੇ ਮਾਪਦੰਡ ਦਾ ਹਾਣੀ ਨਾ ਵੀ ਹੋਵੇ ਤਾਂ ਵੀ ਉਸਨੂੰ ਜਥੇਦਾਰ ਮੰਨਦੇ ਹਨ।
ਨਿਸ਼ਾਨ ਸਾਹਿਬ ਗੱਡਣਾ, ਚੜ੍ਹਾਉਣਾ, ਝੁਲਾਉਣਾ ਵੱਖ ਸ਼ਬਦ ਅਤੇ ਵਰਤਾਰੇ ਵੀ ਹਨ ਕਿਸੇ ਵੀ ਹਾਲਤ ਵਿਚ ਨਿਸ਼ਾਨ ਸਾਹਿਬ ਝੁਲਾਇਆ ਜਾਵੇ ਤਾਂ ਉਸਦੀ ਸ਼ਾਨ ਬਹਾਲ ਰੱਖਣਾ ਝੁਲਾਉਣ ਵਾਲਿਆਂ ਲਈ ਵੱਡੀ ਜਿੰਮੇਵਾਰੀ ਰਹੀ ਹੈ ਖਾਲਸਾ ਕੇਵਲ ਨਿਸ਼ਾਨ ਝੁਲਦੇ ਰੱਖਣ ਲਈ ਸ਼ਹੀਦ ਹੁੰਦਾ ਰਿਹਾ ਹੈ ।ਸ਼ਹਾਦਤ ਤੋਂ ਬਾਅਦ ਪੰਥ ਦਸ਼ਮੇਸ਼ ਦਾ ਰਾਖਾ ਗੁਰੂ ਆਪ।
੨੬ ਜਨਵਰੀ ਟਰੈਕਟਰ ਰੈਲੀ ਜੋਗਿੰਦਰ ਯਾਦਵ ਦਾ ਏਜੰਡਾ ਸੀ ਜਿਸਦੀ ਕਾਟ ਕਰਨ ਵਿਚ ਕਿਸਾਨ ਯੂਨੀਅਨ ਆਗੂ ਬੁਰੀ ਤਰ੍ਹਾਂ ਫੇਲ੍ਹ ਹੋਏ ਪਰ ਇਹਨਾਂ ਵਿਚੋਂ ਕਿਸੇ ਵਿਚ ਏਨੀ ਕਰਤੂਤ ਨਹੀਂ ਕਿ ਇਹ ਜੋਗਿੰਦਰ ਯਾਦਵ ਨੂੰ ਪੁੱਛ ਸਕਣ ਕਿ ਤੂੰ ਕੀ ਜੋਗਦਾਨ ਪਾਇਆ (ਟਰੈਕਟਰ, ਬੰਦੇ ਜਾਂ ਹੋਰ ਕਿਸੇ ਕਿਸਮ ਦਾ) ਸਗੋਂ ਉਸਦੇ ਝੋਲੀ ਚੁੱਕ ਬਣਕੇ ਰਾਸ਼ਟਰਵਾਦ ਦੀ ਲੂਣੀ ਦਲਦਲ ਵਿਚ ਧਸਦੇ ਜਾ ਰਹੇ ਹਨ ਯੂਨੀਅਨ ਆਗੂ ਯਾਦ ਰੱਖਣ ਰਾਸ਼ਟਰਵਾਦ ਦੇ ਝੰਡਾਬਰਦਾਰ ਬਣਕੇ ਤੁਸੀਂ ਜੋਗਿੰਦਰ ਯਾਦਵ ਵਰਗਿਆਂ ਤੋਂ ਅਗਾਂਹ ਨਹੀਂ ਲੰਘ ਸਕਦੇ। ਪੰਥ ਦੀ ਸ਼ਰਨ ਆਉੰਦੇ ਤਾਂ ਪੰਥ ਜਾਨਾਂ ਨਿਸ਼ਾਵਰ ਕਰਦਾ ।
ਨਿਸ਼ਾਨ ਸਾਹਿਬ ਨੂੰ ਲੈ ਕੇ ਹਾਰੀ ਹੋਈ ਮਾਨਸਿਕਤਾ ਵਾਲਿਆਂ ਨੂੰ ਬਹੁਤਾ ਕੁਝ ਨਹੀਂ ਕਹਿਣਾ ਕੇਵਲ ਏਨੀ ਬੇਨਤੀ ਹੈ ਕਿ ਜਿੱਤ ਹਾਰ ਮਨ ਵਿਚ ਹੁੰਦੀ ਹੈ । ਚੜ੍ਹਦੀ ਕਲਾ ਵਿਚ ਰਿਹਾ ਕਰੋ, ਜੰਗ ਮਰਜੀਵੜਿਆਂ ਦੀ ਖੇਡ ਹੈ, ਤੁਹਾਨੂੰ ਤੱਤੀ ਵਾ ਨੀ ਲੱਗੀ ਤੇ ਪਿੱਟ ਸਿਆਪਾ ਘਰੇ ਬੈਠੇ ਈ ਕਰੀ ਜਾਨੇ ਓ। ਸੈਕੂਲਰਾਂ ਲਈ ਵੀ ਸੁਬਕ ਜਹੇ ਬੋਲ ਹਨ ਕਿ ਭਾਰਤੀ ਅਰਥਾਂ ਵਿਚ ਸੈਕੂਲਰ ਹੋ ਬੰਦਾ ਅੱਧਾ ਖਤਮ ਹੁੰਦਾ ਹੈ ਤੇ ਰਾਸ਼ਟਰਵਾਦੀ ਬਣਕੇ ਪੂਰਾ।
ਨਿਸ਼ਾਨ ਸਾਹਿਬ ਨਾਲ ਮੋਰਚਾ ਬੁਲੰਦ ਹੋਇਆ ਸੀ ਤੇ ਜਦੋਂ ਜਿੱਤ ਗਿਆ ਨਿਸ਼ਾਨਾ ਨਗਾਰਿਆਂ ਨਾਲ ਈ ਵਾਪਸ ਆਊ ਨਿਸ਼ਾਨ ਸਾਹਿਬ ਇਸ ਸੰਘਰਸ਼ ਦੀ ਤਾਕਤ ਹਨ ਜੇਕਰ ਹੋਰ ਕਿਸੇ ਝੰਡੇ ਵਿਚ ਸਿੱਖਾਂ ਦੀ ਜੰਗੀ ਤਾਕਤ ਖਿੱਚਣ ਦੀ ਤਾਕਤ ਹੁੰਦੀ ਤਾਂ ਸਿੱਖ ਰੈਜਮੈਂਟ ਦੇ ਝੰਡੇ ਹੋਰ ਹੁੰਦੇ ਇਹ ਗੱਲ ਮੁਤੱਸਬੀ ਬਾਹਮਣ ਬਾਣੀਆਂ ਤੇ ਮੌਲਾਣਿਆ ਨੂੰ ਪਤਾ ਹੈ ਪਰ ਆਪਣਿਆਂ ਦਾ ਕੀ ਕਰੀਏ?
ਮੋਰਚਾ ਚੜ੍ਹਦੀ ਕਲਾ ਵਿਚ ਹੈ
ਗੁਰੂ ਭਲਾ ਕਰੇ ।
ਕੰਵਲਜੀਤ ਸਿੰਘ