ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਦੇ ‘ਪੰਥ’ ਦੀ ਵਡਿਆਈ ਇਹ ਹੈ ਕਿ ਸਿੱਖ ਪ੍ਰਤੀ ਗੁਰੂ ਨੂੰ ਹਾਜ਼ਰਾ ਹਜ਼ੂਰ ਤੇ ਜ਼ਾਹਰਾ ਜ਼ਹੂਰ ਰੂਪ ਵਿੱਚ ਪ੍ਰਗਟਾ ਦਿੱਤਾ ਗਿਆ ਹੈ। ਸਿੱਖ ਹਰ ਛਿਨ-ਪਲ ਜੇ ਆਪਣੀ ਬਿਰਤੀ ਨੂੰ ਸਥਿਰ ਰੱਖੇ ਤਾਂ ਗੁਰੂ ਉਸ ਦੇ ਅੰਗ-ਸੰਗ ਹੁੰਦਾ ਹੈ ਤੇ ਉਹ ਗੁਰੂ ਦੀ ਰਛਿਆ-ਰਿਆਇਤ ਵਿੱਚ ਰਹਿੰਦਾ ਹੈ। ਖਾਲਸਾ ਪੰਥ ਇਸੇ ਤੱਥ ਨੂੰ ਹਰ ਰੋਜ਼ ਆਪਣੇ ਦੋ ਵੇਲੇ ਦੀ ਅਰਦਾਸ ਵਿੱਚ ਦੁਹਰਾਉਂਦਾ ਹੈ, ਨਿੱਜੀ ਰੂਪ ਵਿੱਚ ਵੀ ਤੇ ਸਾਧ ਸੰਗਤਿ ਦੇ ਰੂਪ ਵਿੱਚ ਵੀ। ਖਾਲਸਾ ਪੰਥ ਦੀ ਅਰਦਾਸ ਵਿੱਚ ਦਸਾਂ ਸਤਿਗੁਰਾਂ ਦੀਆਂ ਸਕਾਰ ਯਾਦਾਂ ਜੋ ਮਾਨਵ ਇਤਿਹਾਸ ਵਿੱਚ ਅਮਰ ਜੋਤਾਂ ਵਾਂਗ ਸਦਾ ਚਾਨਣ ਬਖੇਰਦੀਆਂ ਹਨ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਜੁਗੋ ਜੁਗ ਅਟੱਲ ਸ੍ਰੀ ਗੁਰੂ-ਗ੍ਰੰਥ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਵਾਹਿਗੁਰੂ ਨਾਮ ਦਾ ਉਚਾਰਨ ਕੀਤਾ ਜਾਂਦਾ ਹੈ। ਵਾਹਿਗੁਰੂ ਨਾਮ ਵਿੱਚ ਆਪ ਵੱਸਦਾ ਹੈ, ਭਾਵ,
“ਨਾਵੈ ਅੰਦਰਿ ਹਉ ਵਸਾਂ, ਨਾਉ ਵਸੈ ਮਨਿ ਆਇ”॥ (ਸ੍ਰੀ ਰਾਗ ਮਹਲਾ ੧ ਅੰਗ ੫੫)
ਨਾਮ ਗੁਰੂ ਗ੍ਰੰਥ ਵਿੱਚ ਪ੍ਰਭੂ ਦੀ ਸਮੁੱਚੀ ਸ਼ਕਤੀ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ ਅਰਥਾਤ, “ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ” (ਅੰਗ ੨੮੩) ਵਾਹਿਗੁਰੂ ਨਾਮ ਕਹਿਣ ਨਾਲ ਪ੍ਰਮਾਤਮਾ ਦੀ ਸਰਬ-ਵਿਆਪੀ ਸ਼ਖਸ਼ੀਅਤ ਸਾਹਮਣੇ ਆ ਜਾਂਦੀ ਹੈ। ਗੁਰੂ-ਪੰਥ ਦੀ ਸਿਰਜਣਾ ਤੇ ਉਸਾਰੀ ਵਿੱਚ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਹਠੀ, ਜਪੀ, ਤਪੀ, ਨਾਮ ਜਪਣ ਵਾਲੇ, ਨੇਕ ਕਿਰਤ ਕਰਕੇ ਵੰਡ ਕੇ ਛਕਣ ਵਾਲੇ, ਦੂਜਿਆਂ ਦੇ ਔਗਣਾਂ ਨੂੰ ਅਣਡਿੱਠ ਕਰਨ ਵਾਲੇ, ਧਰਮ ਹੇਤ ਸੀਸ ਦੇਣ ਵਾਲੇ, ਬੰਦ ਬੰਦ ਕਟਵਾਉਣ ਵਾਲੇ, ਖੋਪਰੀਆਂ ਲੁਹਾਉਣ ਵਾਲੇ, ਚਰਖੜੀਆਂ ‘ਤੇ ਚੜ੍ਹਨ ਵਾਲੇ, ਆਰਿਆਂ ਨਾਲ ਚੀਰੇ ਜਾਣ ਵਾਲੇ, ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪੁਵਾਉਣ ਵਾਲੀਆਂ ਸਿੰਘਣੀਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਸ਼ਹੀਦੀਆਂ ਪਾਉਣ ਵਾਲੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਅਤੇ ਸਦਾ ਭਾਣੇ ਨੂੰ ਮਿੱਠਿਆਂ ਮੰਨ ਕੇ ਰਜ਼ਾ ਵਿੱਚ ਰਹਿਣ ਵਾਲੇ ਸਿੰਘਾਂ ਸਿੰਘਣੀਆਂ ਨੂੰ ਖਾਲਸਾ ਪੰਥ ਆਪਣੇ ਦੋ ਵੇਲੇ ਦੀ ਅਰਦਾਸ ਵਿੱਚ ਯਾਦ ਕਰਦਾ ਹੈ। ਖਾਲਸਾ ਪੰਥ ਦੀ ਅਰਦਾਸ ਵਿੱਚ ਗੁਰੂ-ਸਾਹਿਬਾਨ ਨਾਲ ਸੰਬੰਧਿਤ ਤਖ਼ਤ ਸਾਹਿਬਾਨ, ਗੁਰਧਾਮ, ਪਵਿੱਤਰ ਅਸਥਾਨ ਝੰਡਿਆਂ ਬੰਗਿਆਂ ਦੀ ਜੁਗੋ-ਜੁਗ ਅਟੱਲ ਰਹਿਣ ਦੀ ਯਾਦ ਕਰਾਉਣ ਵਾਲੇ ਅਸਥਾਨ ਆਉਂਦੇ ਹਨ। ਸਮੂਹ ਦੇਸਾਂ ਪ੍ਰਦੇਸਾਂ, ਖੰਡਾ, ਬ੍ਰਹਮੰਡਾਂ ਵਿੱਚ ਬਿਖਰੇ ਖਾਲਸੇ ਲਈ ਰਛਿਆ ਰਿਆਇਤ ਦੀ ਜਾਚਨਾ ਕਰਨ ਵਾਲੇ ਅਤੇ ਖਾਲਸਾ ਜੀ ਕੇ ਬੋਲ ਬਾਲੇ ਚਿਤਵਣ ਤੇ ਚਿਤਾਰਨ ਵਾਲਿਆਂ ਅਤੇ ਦੇਗ ਤੇਗ ਦੀ ਫਤਹਿ ਲੋਚਣ ਦੀ ਸਿਮਰਤੀ ਕੀਤੀ ਜਾਂਦੀ ਹੈ।
ਖਾਲਸਾ ਪੰਥ ਦੀ ਅਰਦਾਸ ਵਿੱਚ ਮਹਾਨ ਰਹਿਤਵਾਨ ਗੁਰਸਿੱਖਾਂ ਜੋ ਕੇਸ, ਸਿੱਖੀ ਸਿਦਕ, ਭਰੋਸਾ, ਬਿਬੇਕ ਦਾਨ, ਵਿਸਾਹ ਦਾਨ ਦਾਨਾ ਸਿਰ ਦਾਨ ਨਾਮ ਦਾਨ ਇਸ਼ਨਾਨ ਦੀ ਲੋਚਾ ਕਰਦੇ ਹਨ ਉਨ੍ਹਾਂ ਦੀ ਪਵਿੱਤਰ ਯਾਦ ਕੀਤੀ ਜਾਂਦੀ ਹੈ। ਉਹ ਮਹਾਨ ਨਿਮਰਤਾ ਦੇ ਪੁੰਜ ਜੋ ਆਪਣ ਮਤਿ ਨੂੰ ਨੀਵੀਂ ਸਮਝ ਕੇ ਸਦਾ ਗੁਰੂ ਸੱਚੇ ਪਾਤਸ਼ਾਹ ਦੀ ਸੁਮਤਿ ਦੀ ਜਾਚਨਾ ਕਰਦੇ ਹਨ ਅਤੇ ਖਾਲਸੇ ਦੀ ਮਤਿ ਤੇ ਪਤਿ ਦੇ ਰਾਖੇ ਸ੍ਰੀ ਅਕਾਲ ਪੁਰਖ ਨੂੰ ਚਿਤਾਰਦੇ ਤੇ ਪੁਕਾਰਦੇ ਰਹਿੰਦੇ ਹਨ ਨੂੰ ਯਾਦ ਕੀਤਾ ਜਾਂਦਾ ਹੈ। ਜੋ ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਨੂੰ ਰੁਸਾਉਣ ਅਤੇ ਪੰਜ ਗੁਣਾਂ ਸਤਿ, ਸੰਤੋਖ, ਦਯਾ, ਧਰਮ ਅਤੇ ਧੀਰਜ ਨੂੰ ਮਨਾਉਣ ਲਈ ਸਦਾ ਯਤਨਸ਼ੀਲ ਰਹਿੰਦੇ ਹਨ (ਸੇਈ ਪਿਆਰੇ ਮੇਲ ਜਿਨਾਂ ਮਿਲਿਆ ਤੇਰਾ ਨਾਮ ਚਿਤਆਵੇ) ਤੇ ਨਾਲ ਹੀ ਅਜਿਹੇ ਗੁਰਧਾਮਾਂ ਦੀ ਜਿਨ੍ਹਾਂ ਨੂੰ ਗੁਰੂ-ਪੰਥ ਤੋਂ ਵਿਛੋੜਿਆ ਗਿਆ ਹੈ, ਸੇਵਾ ਸੰਭਾਲ ਦੇ ਦਾਨ ਦੇ ਜਾਚਕ ਬਣੇ ਰਹਿੰਦੇ ਹਨ ਅਤੇ ਅੰਤ ਵਿੱਚ ਨਾਮ ਬਾਣੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਮੰਗ ਕਰਦੇ ਹਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ”।
ਖਾਲਸਾ
ਕੇਵਲ ਸਰਬੱਤ ਦਾ ਭਲਾ ਮੰਗਦਾ ਹੀ ਨਹੀਂ ਕਰਦਾ ਵੀ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਪੈਂਦੀ।
ਇਹ ਅਰਦਾਸ ਅਸਲ ਵਿੱਚ ਕਰਣ-ਕਾਰਣ ਸਮਰੱਥ ਵਾਹਿਗੁਰੂ, ਸੂਰਜ ਵਤ ਚਮਕਦੀ ਰੌਸ਼ਨੀ ਜੋ ਗੁਰੂ ਸਾਹਿਬਾਨ ਦੇ ਵਿਅਕਤੀਤਵ ਵਿੱਚ ਅਕਾਲ ਪੁਰਖ ਨਾਲ ਜਗਤ ਦੀ ਧੁੰਦ ਦੂਰ ਕਰਕੇ ਵਿਸ਼ਵ ਭਰ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਉੱਤਰੀ ਸੀ ਅਤੇ ਗੁਰਬਾਣੀ ਦੇ ਬੋਹਿਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖਾਲਸਾ ਪੰਥ ਵਿੱਚ ਸਮਾਈ ਦੀ ਸਦੀਵੀ ਯਾਦ ਵਿੱਚ ਓਤ ਪੋਤ ਹੋਣ ਲਈ ਕੀਤੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਰੱਬੀ-ਜੋਤਿ ਦਾ ਚਮਤਕਾਰ ਹੈ। ਵਿਸ਼ਵ ਭਰ ਦਾ ਹਰ ਪ੍ਰਾਣੀ ਸਾਰੀ ਉਮਰ ਸੁੱਖਾਂ ਦੀ ਪ੍ਰਾਪਤੀ ਲਈ ਹੀ ਯਤਨਸ਼ੀਲ ਰਹਿੰਦਾ ਹੈ, ਦੁੱਖ ਦੀ ਕਦੇ ਜਾਚਨਾ ਨਹੀਂ ਕਰਦਾ, ਪਰ ਹੁੰਦਾ ਉਹੀ ਹੈ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ। ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਕੋਪ ਨੂੰ ਵੀ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ ਅਰਥਾਤ: “ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ॥ (ਗੁਰੂ ਗ੍ਰੰਥ ਸਾਹਿਬ ਪੰਨਾ ੧੪੨੮) ਅਰਦਾਸ ਕਰਨ ਤੋਂ ਪਹਿਲਾਂ ਇਹ ਪੰਗਤੀਆਂ ਆਮ ਹੀ ਬੋਲੀਆਂ ਜਾਂਦੀਆਂ ਹਨ, “ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ॥ ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ॥
ਵਿਦਵਾਨਾਂ ਨੇ ਤਾਪ ਜਾਂ ਦੁੱਖ ਨੂੰ ਤਿੰਨ ਕਿਸਮਾਂ ਵਿੱਚ ਵੰਡਿਆ ਹੈ ਇਹ ਹਨ ਆਧਿ, ਬਿਆਧ ਅਤੇ ਉਪਾਧਿ। ਮਨ ਦੇ ਦੁੱਖ ਚਿੰਤਾ, ਫਿਕਰ, ਝੋਰਾ ਆਦਿ ਨੂੰ ਆਧਿ ਜਾਂ ਅਧਿਆਤਮਕ ਤਾਪ ਕਿਹਾ ਜਾਂਦਾ ਹੈ। ਤਨ ਦੇ ਬਾਹਰੀ ਦੁੱਖਾਂ ਨੂੰ ਬਿਆਧ ਜਾਂ ਅਧਿਭੌਤਿਕ ਤਾਪ ਕਿਹਾ ਜਾਂਦਾ ਹੈ। ਬਿਜਲੀ ਪੈਣ ਨਾਲ ਭਾਵ ਪ੍ਰਕ੍ਰਿਤੀ ਜਾਂ ਉਪਦੁੱਵਾ ਤੋਂ ਉਤਪੰਨ ਹੋਏ ਕਲੇਸ਼, ਅਤੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਰੋਗਾਂ ਨੂੰ ਉਪਾਧਿ ਜਾਂ ਅਧਿਦੈਵਿਕ ਤਾਪ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦਾ ਫੁਰਮਾਣ ਹੈ ਕਿ ਪ੍ਰਭੂ ਸਿਮਰਨ ਨਾਲ ਸਭ ਕਿਸਮ ਦੇ ਦੁੱਖ ਦੂਰ ਹੋ ਜਾਂਦੇ ਹਨ। ਅਰਥਾਤ – “ਆਧਿ ਬਿਆਧਿ ਉਪਾਧਿ ਸਭ ਨਾਸੀ ਬਿਨਸੇ ਤੀਨੈ ਤਾਪ॥ ਤ੍ਰਿਸਨਾ ਬੁਝੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ॥ (ਸ੍ਰੀ ਗੁਰੁ ਗ੍ਰੰਥ ਸਾਹਿਬ ਪੰਨਾ ੧੨੨੩)
ਦ੍ਰਿਸ਼ਟੀ ਨੂੰ ਚਲਾਉਣ ਵਾਲੇ ਅਕਾਲ ਪੁਰਖ ਵਾਹਿਗੁਰੂ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ। ਦੁਨਿਆਵੀ ਇਲਾਜ ਅਤੇ ਕੋਰੋਨਾ ਵਰਗੀ ਮਹਾਂ-ਮਾਰੀ ਦੇ ਖਾਤਮੇ ਲਈ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਅਰਦਾਸ ਹੀ ਕੀਤੀ ਜਾ ਸਕਦੀ ਹੈ, ਅਰਥਾਤ-“ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ॥ ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ॥ (ਗੁਰੂ ਗ੍ਰੰਥ ਸਾਹਿਬ ਪੰਨਾ ੪੭੪)
ਡਾ: ਜਸਵੰਤ ਸਿੰਘ ਨੇਕੀ ਮਨੋਵਿਗਿਆਨੀ ਸਨ। ਅਰਦਾਸ ਦੇ ਵਿਗਾਸ ਬਾਰੇ ਉਨ੍ਹਾਂ ਦੀ ਇਕ ਹੱਡ ਬੀਤੀ ਟਿੱਪਣੀ ਲਿਖ ਕੇ ਸਮਾਪਤੀ ਕਰਦਾ ਹਾਂ:
“ਬੱਚਿਆਂ ਦੇ ਵਾਰਡ ਵਿੱਚ ਮੇਰੀ ਫੇਰੀ ਸੀ। ਇਕ ਬੱਚਾ ਗੰਗਾ ਰਾਮ ਉਥੇ ਦਾਖਲ ਹੋਇਆ ਹੋਇਆ ਸੀ ਜਿਸ ਦੇ ਦਿਲ ਵਿੱਚ ਕੁਥਾਵੇਂ ਇਕ ਮੋਰੀ ਸੀ। ਉਸ ਦਾ ਓਪਰੇਸ਼ਨ ਹੋਣਾ ਸੀ। ਉਸ ਦੀ ਮਾਤਾ ਉਸ ਦੇ ਕੋਲ ਬੈਠੀ ਹੋਈ ਸੀ। ਪਹਿਲਾਂ ਉਹ ਉਸ ਦੇ ਕੋਲ ਬੈਠੀ ਰੋਂਦੀ ਰਹਿੰਦੀ ਸੀ। ਪਰ ਹੁਣ ਦੋ ਦਿਨ ਤੋਂ ਉਹ ਬੱਚੇ ਦਾ ਹੱਥ ਫੜ ਕੇ ਤੇ ਅੱਖਾਂ ਮੀਟ ਕੇ ਬੈਠੀ ਰਹਿੰਦੀ ਸੀ। ਡਾਕਟਰਾਂ ਨੇ ਸੋਚਿਆ ਉਸ ਨੂੰ ਉਦਾਸੀ ਰੋਗ ਹੋ ਗਿਆ ਹੈ ਤੇ ਉਸ ਨੂੰ ਵੇਖਣ ਲਈ ਮੈਨੂੰ ਬੁਲਾਇਆ ਗਿਆ ਸੀ। ਮੈਂ ਵੇਖਿਆ ਉਹ ਅੱਖਾਂ ਮੀਟੀ ਬਿਲਕੁੱਲ ਅਹਿਲ ਬੈਠੀ ਸੀ। ਬੱਚੇ ਦਾ ਹੱਥ ਉਸ ਨੇ ਆਪਣੇ ਹੱਥ ਵਿੱਚ ਲਿਆ ਹੋਇਆ ਸੀ। ਮੇਰੇ ਉਸ ਦੇ ਕੋਲ ਪਹੁੰਚਣ ‘ਤੇ ਵੀ ਓਹਨੇ ਅੱਖਾਂ ਨਹੀਂ ਖੋਲ੍ਹੀਆਂ। ਉਸ ਵਾਰਡ ਦੇ ਡਾਕਟਰ ਨੇ ਮੈਨੂੰ ਉਸ ਬਾਰੇ ਉਸ ਦੇ ਕੋਲ ਖੜਿਆਂ ਹੀ ਉਸ ਦਾ ਹਾਲ ਦੱਸਿਆ ਸੀ, ਪਰ ਉਸ ਨੇ ਅੱਖਾਂ ਨਹੀਂ ਖੋਲੀਆਂ। ਮੈਂ ਵਾਹਿਗੁਰੂ ਆਖ ਕੇ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, ਬੱਚੀਏ, ਕੀ ਆਪਣੇ ਬੱਚੇ ਦੀ ਜ਼ਿੰਦਗੀ ਵਾਸਤੇ ਅਰਦਾਸ ਕਰ ਰਹੀਂ ਏ ਉਸ ਨੇ ਅੱਖਾਂ ਖੋਲੀਆਂ ਤੇ ਕਿਹਾ – ਪਹਿਲੇ ਦਿਨ ਮੈਂ ਏਹੋ ਅਰਦਾਸ ਕੀਤੀ ਸੀ, ਅੱਜ ਨਹੀਂ। ਪਹਿਲੇ ਦਿਨ ਹੀ ਮੈਨੂੰ ਸਮਝ ਆ ਗਈ ਸੀ ਕਿ ਮੇਰੀ ਅਰਦਾਸ ਖੁਦਗਰਜ਼ੀ ਨਾਲ ਲਿਬੜੀ ਹੋਈ ਹੈ ਕਿਉਂਕਿ ਮੈਂ ਵੇਖਿਆ ਮੇਰੇ ਬੱਚੇ ਦੇ ਸੱਜੇ ਖੱਬੇ ਹੋਰ ਵੀ ਬੱਚੇ ਪਏ ਹੋਏ ਹਨ, ਜਿਨ੍ਹਾਂ ਦਾ ਓਪਰੇਸ਼ਨ ਹੋਣਾ ਸੀ। ਸੋ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਕੇਵਲ ਆਪਣੇ ਬੱਚੇ ਦੀ ਸਿਹਤਯਾਬੀ ਲਈ ਅਰਦਾਸ ਕਰਾਂ। ਫਿਰ ਮੈਂ ਰੱਬ ਨੂੰ ਕਹਿਣ ਲੱਗੀ, ਸੱਚੇ ਪਾਤਸ਼ਾਹ ਏਥੋਂ ਦੇ ਡਾਕਟਰਾਂ ਦੇ ਹੱਥ ਵਿੱਚ ਸ਼ਫਾ ਬਖਸ਼ੀ ਉਹ ਜਿਸ ਬੱਚੇ ਦਾ ਵੀ ਇਲਾਜ ਕਰਨ ਉਹ ਰਾਜ਼ੀ ਹੋ ਜਾਵੇ। ਪਰ ਇਸ ਅਰਦਾਸ ਵਿੱਚ ਵੀ ਮੈਨੂੰ ਆਪਣਾ ਸੁਆਰਥ ਨਜ਼ਰ ਆਉਣ ਲੱਗਾ। ਕੱਲ੍ਹ ਦੀ ਮੈਂ ਇਹ ਅਰਦਾਸ ਕਰ ਰਹੀ ਹਾਂ, ਸੱਚੇ ਪਾਤਸ਼ਾਹ ਸੰਸਾਰ ਦੇ ਸਭ ਡਾਕਟਰਾਂ ਦੇ ਹੱਥ ਵਿੱਚ ਸ਼ਫਾ ਬਖਸ਼ੀ ਤਾਂ ਜੁ ਕਿਸੇ ਵੀ ਮਾਂ ਦਾ ਕੋਈ ਵੀ ਰੋਗੀ ਬੱਚਾ ਤੇਰੀ ਰਹਿਮਤ ਤੋਂ ਵਾਂਝਾ ਨਾ ਰਹੇ। ਮੈਂ ਉਸ ਦੇ ਸਿਰ ਤੇ ਹੱਥ ਰੱਖਿਆ ਤੇ ਕਿਹਾ, ਬੱਚੀਏ, ਤੂੰ ਅੱਜ ਮੈਨੂੰ ਵੀ ਸਹੀ ਅਰਦਾਸ ਕਰਨੀ ਸਿਖਾ ਦਿੱਤੀ ਹੈ।