ਸਿੱਖ ਅਵਾਮ ਦੇ ਵਲਵੱਲੇ ਜ਼ਖਮੀ ਸਨ ਤੇ ਪੰਜਾਬ ਦੀ ਹਵਾ ਵਿਚ ਇਹ ਖੋਫ ਨੇ ਘਰ ਬਣਾ ਰਖਿਆ ਸੀ। ਇਹ ਜੂਨ 1984 ਤੇ ਨਵੰਬਰ 1984 ਤੋਂ ਬਾਅਦ ਦਾ ਉਹ ਸਮਾਂ ਸੀ ਜਿਸ ਵੇਲੇ ਸਿੱਖਾਂ ਦੇ ਹੋਰਦੇ ਵਲੂਧਰੇ ਹੋਏ ਸਨ ਅਤੇ ਉਹ ਆਪਣੀ ਰੂਹ ਉੱਤੇ ਲੱਗੇ ਜ਼ਖਮਾਂ ਦੇ ਤਾਪ ਤੋਂ ਤੜਫ ਰਹੇ ਸਨ। ਸ਼੍ਰੀ ਹਰਮਿੰਦਰ ਸਾਹਿਬ ਵਿਚ ਚਲਦੀਆਂ ਗੋਲੀਆਂ, ਦਿੱਲੀ ਵਿਚ ਸੜਦੇ ਸਿੱਖ ਤੇ ਫਿਰ ਪੰਜਾਬ ਵਿਚ “ਬੁਲਿਟ ਫਾਰ ਬੁਲਿਟ” ਸੋਚ ਅਤੇ ਲੰਮੇ ਸਮੇ ਤੱਕ ਚਲਣ ਵਾਲਾ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ। ਇਹ ਸੱਭ ਇਕ ਸਾਜ਼ਿਸ਼ ਅਧੀਨ ਇੰਡੀਆ ਨੂੰ ਅਜਾਦ ਕਰਵਾਉਣ ਵਾਲੇ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ ਸੀ। 1984 ਵਿਚ ਪਹਿਲੀ ਵਾਰ ਮੇਰੀ ਸੋਚ ਉਮਰ ਦੀ ਇਕ ਦਹਿਲੀਜ ਨੂੰ ਟੱਪ ਕੇ ਵਿਹੜੇ ਤੋਂ ਬਾਹਰ ਆਈ ਸੀ। 1984 ਦਾ ਉਹ ਦਿਨ ਮੈਨੂੰ ਕਦੇ ਨਹੀਂ ਭੁਲੇਗਾ ਜਿਸ ਦਿਨ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ ਗਿਆ ਅਤੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਪਾ ਦਿਤਾ। ਉਸ ਦਿਨ ਪਹਿਲੀ ਵਾਰ ਮੈਂ ਪਿਤਾ ਜੀ ਨੂੰ ਬਹੁਤ ਬੇਚੇਨ ਵੇਖੀਆ ਸੀ। ਪਿਤਾ ਜੀ ਰੇਡੀਉ ਨੂੰ ਕੰਨ ਨਾਲ ਲਾਈ ਲਗਤਾਰ ਵਿਹੜੇ ਦੇ ਚਕਰ ਕੱਟ ਰਹੇ ਸਨ ਤੇ ਖਬਰਾਂ ਦੇ ਹਰ ਸ਼ਬਦ ਨੂੰ ਧਿਆਨ ਨਾਲ ਸੁਣ ਰਹੇ ਸਨ। ਉਸ ਰਾਤ ਪਿਤਾ ਜੀ ਨੇ ਰੋਟੀ ਨਹੀਂ ਸੀ ਖਾਦੀ ਤੇ ਮੈ ਬੈਂਤ ਦੀ ਚਿਟੀ ਕੁਰਸੀ ਤੇ ਬੈਠਾ ਆਪਣੇ ਘਰ ਦੇ ਵਿਹੜੇ ਵਿਚ ਲਗੇ ਬੱਲਬ ਤੇ ਵੱਜਦੇ ਭਮਕੜਾਂ ਵੱਲ ਵੇਖ ਰਿਹਾਂ ਸੀ ਕਿ ਕਿਸ ਤਰਾਂ ਰੋਸ਼ਨੀ ਦੇ ਪ੍ਰਵਾਨੇ ਰੌਸ਼ਨੀ ਖਾਤਰ ਆਪਣੀ ਜਾਣ ਗਵਾ ਰਹੇ ਸਨ।