ਬੀਤੇ ਦਿਨੀਂ ਬਰਤਾਨੀਆਂ ਦੇ ਕੌਮਾਂਤਰੀ ਖਬਰ ਅਦਾਰੇ ਬੀ.ਬੀ.ਸੀ. ਵੱਲੋਂ ਇਕ ਖਬਰ ਨਸ਼ਰ ਕੀਤੀ ਗਈ ਕਿ ਬਿਜਲ ਸੱਥ ਦੇ ਜਾਅਲੀ ਖਾਤਿਆਂ ਦਾ ਇਕ ਅਜਿਹਾ ਤਾਣਾ-ਪੇਟਾ (ਨੈਟਵਰਕ) ਸਾਹਮਣੇ ਆਇਆ ਹੈ ਜਿਸ ਵੱਲੋਂ ਕਿਰਸਾਨੀ ਸੰਘਰਸ਼ ਦੌਰਾਨ ਸਿੱਖਾਂ ਵਿਰੁੱਧ ਮਿੱਥ ਕੇ ਨਫਰਤ ਫੈਲਾਈ ਜਾ ਰਹੀ ਸੀ। ਬੀ.ਬੀ.ਸੀ. ਨੇ ਇਹ ਖਬਰ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਨਾਮੀ ਸੰਸਥਾ ਵੱਲੋਂ ਜਾਰੀ ਕੀਤੇ ਜਾਣ ਵਾਲੇ ਇਕ ਲੇਖੇ ਦੇ ਅਧਾਰ ਉੱਤੇ ਨਸ਼ਰ ਕੀਤੀ ਸੀ, ਜਿਸ ਲੇਖੇ ਦੀ ਨਕਲ ਬੀ.ਬੀ.ਸੀ. ਦੇ ਕਹੇ ਮੁਤਾਬਿਕ ਵਾਹਿਦ ਤੌਰ ਉੱਤੇ ਇਸ ਖਬਰ ਅਦਾਰੇ ਨਾਲ ਜਨਤਕ ਕਰਨ ਤੋਂ ਪਹਿਲਾਂ ਸਾਂਝੀ ਕੀਤੀ ਗਈ ਸੀ। ਹੁਣ ‘ਸੈਂਟਰ ਫਾਰ ਇਨਫਰਮੇਸ਼ਨ ਰਿਸੀਲੀਐਂਸ’ ਦਾ ਪੂਰਾ ਲੇਖਾ ਵੀ ਜਨਤਕ ਕਰ ਦਿੱਤਾ ਗਿਆ ਹੈ।