ਗੁਰੂ ਨਾਨਕ ਦੇਵ ਜੀ ਦੇ ਜੀਵਨ ਕਾਲ ਦੇ ਕਰਤਾਰ ਪੁਰ ਵਿਚ ਗੁਜ਼ਾਰੇ ਆਖਰੀ ਦਿਨ ਉਨ੍ਹਾਂ ਦੇ ਪੁੱਤਰਾਂ ਵਲੋਂ, ਉਨ੍ਹਾਂ ਦੇ ਪਿਆਰੇ ਭਗਤ ਅੰਗਦ ਜੀ ਨਾਲ ਧਾਰੇ ਰਵੱਈਏ ਕਾਰਣ ਕਸੈਲੇ ਬਣ ਗਏ ਸਨ। ਗੁਰੂ ਨਾਨਕ ਦੇਵ ਜੀ ਨੇ ਅਧਿਆਤਮਕ ਗੁਰੂ ਦੇ ਨਾਤੇ ਆਪਣਾ ਪ੍ਰੇਮ ਆਪਣੇ ਸਭ ਤੋਂ ਵਧੀਕ ਪਿਆਰੇ ਸਿਖ ਨੂੰ ਬਖਸ਼ ਦਿੱਤਾ। ਜਿਸ ਕਾਰਣ ਪ੍ਰਵਾਰ ਵਿਚ ਪੈਦਾ ਹੋਈ ਈਰਖਾ ਦੀ ਭਾਵਨਾ ਨੇ ਉਸੇ ਤਰ੍ਹਾਂ ਦੀ ਗ਼ਲਤ ਭਾਵਨਾ ਪੈਦਾ ਕਰ ਦਿਤੀ ਜਿਸ ਦਾ ਜ਼ਿਕਰ ਗੈਲਟੀ ਦੇ ਜਾਗਰਣ ਨਾਂ ਦੀ ਕਥਾ ਵਿਚ ਮਿਲਦਾ ਹੈ। ਗੁਰੂ ਨਾਨਕ ਨੇ ਪਹਿਲਾਂ ਹੀ ਸ੍ਰੀ ਅੰਗਦ ਜੀ ਨੂੰ ਕਰਤਾਰ ਪੁਰ ਰਹਿਣ ਤੋਂ ਵਰਜ ਦਿਤਾ ਸੀ ਅਤੇ ਆਪਣੇ ਉਸ ਪਿਆਰੇ ਸੇਵਕ ਨੂੰ ਜਿਸ ਦਾ ਮਨ ਹਜ਼ੂਰੀ ਦਰਸ਼ਨ ਨਾਲ ਸਦਾ ਨਿਹਾਲ ਹੁੰਦਾ ਸੀ, ਆਪਣੇ ਪਿੰਡ ਖਡੂਰ ਜਾ ਕੇ ਰਹਿਣ ਲਈ ਹੁਕਮ ਕੀਤਾ। ਇਸ ਤੋਂ ਪਿਛੋਂ ਕਦੀ ਕਦਾਈਂ ਗੁਰੂ ਨਾਨਕ ਆਪ ਹੀ ਆਪਣੇ ਪਿਆਰੇ ਸੇਵਕ ਨੂੰ ਮਿਲਣ ਖਡੂਰ ਜਾਂਦੇ ਰਹੇ। ਇਹ ਗੁਰੂ ਨਾਨਕ ਦੀ ਨਵੇਂ ਸਰੂਪ ਵਿਚ ਯਾਤਰਾ ਸੀ।