ਖਬਰਨਾਮਾ

ਦਿੱਲੀ ਦੀ ਹਵਾ ਜ਼ਹਿਰੀਲੀ ਹੋਣ ਦਾ ਸੱਚੋ-ਸੱਚ: ਖੋਜ ਨਤੀਜੇ ਦੇ ਅੰਕੜਿਆਂ ਦੀ ਜ਼ੁਬਾਨੀ

By admin

November 09, 2022

ਹਰ ਸਾਲ ਸਿਆਲਾਂ ਦੀ ਆਮਦ ਉੱਤੇ ਦਿੱਲੀ ਦੀ ਹਵਾ ਦੇ ਪ੍ਰਦੂਸ਼ਣ ਦਾ ਮਸਲਾ ਬਹੁਤ ਚਰਚਾ ਵਿਚ ਰਹਿੰਦਾ ਹੈ। ਸੰਘਣੀ ਅਬਾਦੀ, ਆਵਾਜਾਈ ਸਾਧਨਾਂ ਦੀ ਭਰਮਾਰ, ਕਾਰਖਾਨਿਆਂ ਦੀਆਂ ਬਲਦੀਆਂ ਚਿਮਨੀਆਂ ਤੇ ਕੂੜੇ ਦੇ ਧੁਖਦੇ ਢੇਰਾਂ ਵਾਲੇ ਸ਼ਹਿਰ ਵਿਚ ਸਿਆਲਾਂ ਦੀ ਆਮਦ ਨਾਲ ਹਵਾ ਵਿਚ ਧੂਆਂ ਤੇ ਧੂੜ-ਕਣ ਮਿਲ ਕੇ ਅਜਿਹੀ ਪਰਤ ਬਣਾ ਦਿੰਦੇ ਹਨ ਕਿ ਜਿਸ ਸਾਰਾ ਅਸਮਾਨ ਤੇ ਆਲਾਦੁਆਲਾ ਹੀ ਧੁੰਦਲਾ ਹੋ ਜਾਂਦਾ ਹੈ ਅਤੇ ਸਾਹ ਲੈਣ ਦੇ ਪੱਖ ਤੋਂ ਹਵਾ ਦੀ ਗੁਣਵਤਾ “ਬੇਹੱਦ ਮਾੜੀ” (Very Poor) ਹੋ ਜਾਂਦੀ ਹੈ। 

ਲੰਘੇ ਕਈ ਸਾਲਾਂ ਤੋਂ ਦਿੱਲੀ ਦਰਬਾਰੀ ਖਬਰਖਾਨਾ ਤੇ ਦਿੱਲੀ ਦਰਬਾਰ (ਕੇਂਦਰ ਸਰਕਾਰ) ਦੇ ਹਾਕਮ ਤੇ ਦਿੱਲੀ ਦੇ ਸੂਬੇਦਾਰ ਇਹ ਦੁਹਾਈ ਮਚਾਉਂਦੇ ਹਨ ਕਿ ਦਿੱਲੀ ਦੀ ਹਵਾ ਨੂੰ ਦਿੱਲੀ ਦੇ ਗਵਾਂਡੀ ਸੂਬੇ (ਪੰਜਾਬ-ਹਰਿਆਣੇ) ਦੇ ਲੋਕ ਦੂਸ਼ਿਤ ਕਰਦੇ ਹਨ ਕਿਉਂਕਿ ਇਹਨਾ ਸੂਬਿਆਂ ਵਿਚ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ। ਬਿਨਾ ਸ਼ੱਕ ਪਰਾਲੀ ਸਾੜਨ ਨਾਲ ਹਵਾ ਵਿਚ ਪਰਦੂਸ਼ਣ ਫੈਲਦਾ ਹੈ ਪਰ ਕੀ ਪਰਾਲੀ ਹੀ ਦਿੱਲੀ ਸ਼ਹਿਰ ਵਿਚ ਹਵਾ ਦੇ ਪਰਦੂਸ਼ਣ ਲਈ ਜ਼ਿੰਮੇਵਾਰ ਹੈ? ਹਕੀਕਤ ਭਾਵੇਂ ਕਿ ਇਸ ਤੋਂ ਵੱਖਰੀ ਹੈ ਪਰ ਖਬਰਖਾਨੇ ਨੇ ਇਹ ਗੱਲ ਸਥਾਪਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਉੱਚੀ-ਉੱਚੀ ਅੜਿੰਗ ਕੇ ਸਨਸਨੀ ਫੈਲਾਉਣ ਨੂੰ ਪੱਤਰਕਾਰੀ ਦਾ ਨਾਂ ਦੇਣ ਵਾਲੇ ਦਰਬਾਰੀ ਪੱਤਰਕਾਰ ਇਸ ਵਾਰ ਵੀ ਲੰਘੇ ਸਾਲਾਂ ਵਾਙ ਹੀ ਦਿੱਲੀ ਵਿਚ ਹਵਾ ਦੇ ਪ੍ਰਦੂਸ਼ਤ ਹੋਣ ਲਈ ਪੰਜਾਬ ਵਿਚ ਸੜ ਰਹੀ ਪਰਾਲੀ ਨੂੰ ਹੀ ਜਿੰਮੇਵਾਰ ਮੰਨ ਰਹੇ ਹਨ, ਭਾਵੇਂ ਕਿ ਹੁਣ ਕਈ ਲੇਖੇ ਸਾਹਮਣੇ ਆ ਚੁੱਕੇ ਹਨ ਕਿ ਇਸ ਤੱਥ ਵਿਚ ਸੱਚਾਈ ਨਹੀਂ ਹੈ।

ਇਨ੍ਹੀ ਦਿਨੀਂ ਇਕ ਹੋਰ ਨਵਾਂ ਲੇਖਾ ਸਾਹਮਣੇ ਆਇਆ ਹੈ। ਦਿੱਲੀ ਅਧਾਰਤ “ਵਿਗਿਆਨ ਅਤੇ ਵਾਤਾਵਰਣ ਕੇਂਦਰ” (ਸੈਂਟਰ ਫਾਰ ਸਾਈਂਸ ਐਂਡ ਇਨਵਾਇਰਨਮੈਂਟ – ਸੀ.ਐਸ.ਈ.) ਨਾਮੀ ਸੰਸਥਾ ਵਲੋਂ ਦਿੱਲੀ ਦੀ ਹਵਾ ਦੇ ਪਰਦੂਸ਼ਣ ਦੇ ਅੰਕੜਿਆਂ ਦੀ ਪੜਚੋਲ ਕਰਕੇ ਦੱਸਿਆ ਗਿਆ ਹੈ ਕਿ 21 ਅਕਤੂਬਰ ਤੋਂ 26 ਅਕਤੂਬਰ ਤੱਕ, ਜਿਸ ਹਫਤੇ ਦਿੱਲੀ ਵਿਚ ਹਵਾ ਦੀ ਗੁਣਵਤਾ “ਬੇਹੱਦ ਮਾੜੀ” ਦਰਜ਼ ਕੀਤੀ ਗਈ ਉਦੋਂ ਦਿੱਲੀ ਵਿਚ ਹਵਾ ਦੇ ਪਰਦੂਸ਼ਣ ਦੇ ਪ੍ਰਮੁੱਖ ਕਾਰਨ ਸਥਾਨਕ ਹੀ ਸਨ, ਭਾਵ ਕਿ ਦਿੱਲੀ ਦੀ ਹਵਾ ਬੇਹੱਦ ਮਾੜੀ ਹੋਣ ਵਿਚ ਸਭ ਤੋਂ ਵੱਡਾ ਹੱਥ ਦਿੱਲੀ ਵਿਚ ਸਾਥਨਕ ਪੱਧਰ ਉੱਤੇ ਪੈਦਾ ਹੋ ਰਹੇ ਪ੍ਰਦੂਸ਼ਣ ਦਾ ਹੀ ਹੈ।

ਵਿਗਿਆਨ ਅਤੇ ਵਾਤਾਵਰਣ ਕੇਂਦਰ (ਵੀ.ਵਾ.ਕੇ./ਸੀ.ਐਸ.ਈ.) ਅਨੁਸਾਰ 21 ਤੋਂ 26 ਅਕਤੂਬਰ ਤੱਕ ਦਿੱਲੀ ’ਚ ਹਵਾ ਦੇ ਪਰਦੂਸ਼ਣ ਵਿਚ ਦਿੱਲੀ ਸ਼ਹਿਰ ਵਿਚੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਦਾ ਹਿੱਸਾ 32.9% ਰਿਹਾ। ਇਸ ਸਥਾਨਕ ਪ੍ਰਦੂਸ਼ਣ ਵਿਚ ਅੱਗੇ 51% ਹਿੱਸਾ ਆਵਾਜਾਈ ਸਾਧਨਾਂ ਤੋਂ ਨਿੱਕਲਣ ਵਾਲੇ ਧੂਏ ਦਾ ਹੈ; 13% ਹਿੱਸਾ ਰਿਹਾਇਸ਼ੀ/ਘਰੇਲੂ ਪ੍ਰਦੂਸ਼ਣ ਦਾ ਹੈ ਅਤੇ 11% ਹਿੱਸਾ ਕਾਰਖਾਨਿਆਂ ਤੋਂ ਹੋਣ ਵਾਲੇ ਪ੍ਰਦੂਸ਼ਣ ਦਾ ਹੈ। ਸਥਾਨਕ ਪ੍ਰਦੂਸ਼ਣ ਸਰੋਤਾਂ ਵਿਚ 7% ਹਿੱਸਾ ਉਸਾਰੀ ਕਾਰਜਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਦਾ ਹੈ ਅਤੇ 5% ਹਿੱਸਾ ਕੂੜੇ ਨੂੰ ਲਾਈ ਜਾਂਦੀ ਅੱਗ ਦਾ ਹੈ। ਸੜਕਾਂ ਤੋਂ ਉੱਡਦੀ ਧੂੜ ਦਿੱਲੀ ਵਿਚ ਸਥਾਨਕ ਪੱਧਰ ਉੱਤੇ ਪੈਦਾ ਹੋਣ ਵਾਲੇ ਪਰਦੂਸ਼ਣ ਵਿਚ 4% ਦੀ ਹਿੱਸੇਦਾਰ ਹੈ।

ਦਿੱਲੀ ਸ਼ਹਿਰ ਵਿਚ ਸਥਾਨਕ ਤੌਰ ਉੱਤੇ ਪੈਦਾ ਹੋਣ ਵਾਲੇ ਪਰਦੂਸ਼ਣ (32.9%) ਤੋਂ ਇਲਾਵਾ ਦਿੱਲੀ ਦੀ ਹਵਾ ਨੂੰ ਖਰਾਬ ਕਰਨ ਵਿਚ ਰਾਜਧਾਨੀ ਜਿਲ੍ਹਿਆਂ (‘ਨੈਸ਼ਨ ਕੈਪੀਟਲ ਰੀਜ਼ਨ ਡਿਸਟ੍ਰਿਕਟਸ) ਦਾ 32.8% ਹਿੱਸਾ ਹੈ ਅਤੇ ਦਿੱਲੀ ਦੇ ਦੂਜੇ ਜਿਲ੍ਹਿਆਂ ਤੋਂ ਪੈਦਾ ਹੋਣ ਵਾਲੇ ਪਰਦੂਸ਼ਣ ਦਾ ਹਿੱਸਾ 25.8% ਹੈ। 

ਵੀ.ਵਾ.ਕੇ/ਸੀ.ਐਸ.ਈ. ਦੇ ਇਸ ਲੇਖੇ ਨੇ ਸਪਸ਼ਟ ਕੀਤਾ ਹੈ ਕਿ ਦਿੱਲੀ ਦੇ ਗਵਾਂਡੀ ਸੂਬਿਆਂ ਵਿਚ ਫਸਲੀ ਰਹਿੰਦਖੂੰਦ (ਪ੍ਰਮੁੱਖ ਰੂਪ ਵਿਚ ਪਰਾਲੀ) ਨੂੰ ਅੱਗ ਲਾਉਣ ਕਾਰਨ ਹੋਣ ਵਾਲੇ ਪ੍ਰਦੂਸ਼ਣ ਦੀ ਦਿੱਲੀ ਦੀ ਹਵਾ ਦੇ ਖਰਾਬ ਹੋਣ ਵਿਚ ਹਿੱਸੇਦਾਰ 9.5% ਹੀ ਹੈ।

ਵਿ.ਵਾ.ਕੇ. ਨੇ ਸੁਝਾਅ ਦਿੱਤਾ ਹੈ ਕਿ ਦਿੱਲੀ ਦੀ ਹਵਾ ਦੀ ਗੁਣਵਤਾ ਠੀਕ ਰੱਖਣ ਲਈ ਸਥਾਨਕ ਕਾਰਨਾਂ ਨੂੰ ਦੂਰ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ। ਇਸ ਸੰਸਥਾ ਅਨੁਸਾਰ ਆਵਾਜਾਈ ਦੇ ਜਨਤਕ ਸਾਧਨਾਂ ਦੇ ਪ੍ਰਬੰਧ ਨੂੰ ਬਿਹਤਰ ਕਰਕੇ ਇਹਨਾ ਦੀ ਵਰਤੋਂ ਵਧਾਉਣ ਵੱਧ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਆਵਾਜਾਈ ਦੇ ਸਾਧਨਾਂ ਦੀ ਗਿਣਤੀ ਘਟਾਈ ਜਾ ਸਕੇ। ਦੂਜਾ, ਪ੍ਰਦੂਸ਼ਣ ਮੁਕਤ ਆਵਾਜਾਈ ਸਾਧਨ, ਖਾਸ ਕਰਕੇ ਬਿਜਲੀ ਉੱਤੇ ਚੱਲਣ ਵਾਲੇ ਸਾਧਨਾਂ, ਦੀ ਗਿਣਤੀ ਵਧਾਉਣ ਉੱਤੇ ਪਹਿਲ ਦੇ ਅਧਾਰ ਉੱਤੇ ਧਿਆਨ ਦੇਣਾ ਚਾਹੀਦਾ ਹੈ।