ਨਜ਼ਰੀਆ

ਪੰਜਾਬ ਵਿੱਚ ਗੈਂਗਸਟਰ ਵਰਤਾਰਾ, ਸਟੇਟ ਦਾ ਪ੍ਰਤੀਕਰਮ ਅਤੇ ਪੰਜਾਬ ਲਈ ਸੁਨੇਹਾ

By ਸਿੱਖ ਪੱਖ ਜਥਾ

September 30, 2022

ਮੁਲਾਕਾਤ ਭਾਈ ਮਨਧੀਰ ਸਿੰਘ (ਪੰਥ ਸੇਵਕ ਜਥਾ ਦੋਆਬਾ) ਪੰਜਾਬ ਵਿੱਚ ਗੈਂਗਸਟਰ ਵਰਤਾਰਾ, ਸਟੇਟ ਦਾ ਪ੍ਰਤੀਕਰਮ ਅਤੇ ਪੰਜਾਬ ਲਈ ਸੁਨੇਹਾ

ਪਿਛਲੇ ਸਮੇਂ ਦੌਰਾਨ, ਖਾਸ ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ, ਗੈਂਗਸਟਰ ਵਰਤਾਰੇ ਦੀ ਚਰਚਾ ਛਿੜੀ ਹੈ। ਅਸੀਂ ਇਹ ਲੋੜ ਮਹਿਸੂਸ ਕਰਦੇ ਹਾਂ ਕਿ ਪੰਜਾਬ ਵਿੱਚ ਗੈਂਗਸਟਰ ਵਰਤਾਰੇ ਦੀ ਜੜ੍ਹ ਅਤੇ ਇਸ ਵਰਤਾਰੇ ਨੂੰ ਬਰੀਕੀ ਨਾਲ ਸਮਝਿਆ ਜਾਵੇ। ‘ਸਿੱਖ ਸ਼ਹਾਦਤ’ ਰਸਾਲੇ ਵਲੋਂ ਸਿੱਖ ਵਿਚਾਰਕ ਅਤੇ ਖਾਲਸਾ ਪੰਥ ਦੀਆਂ ਸਫਾਂ ਵਿੱਚ ਕਾਰਜਸ਼ੀਲ ਭਾਈ ਮਨਧੀਰ ਸਿੰਘ ਹੁਰਾਂ ਨਾਲ ਗੱਲਬਾਤ ਕੀਤੀ ਗਈ ਜੋ ਕਿ ਪਾਠਕਾਂ ਲਈ ਹੇਠਾਂ ਪੇਸ਼ ਹੈ।

ਸਵਾਲ – ਕੀ ਪੰਜਾਬ ਵਿੱਚ ਗੈਂਗਸਟਰ ਵਰਤਾਰੇ ਨੂੰ ਇੱਕ ਪਰਿਭਾਸ਼ਾ ’ਚ ਬੰਨ੍ਹਿਆ ਜਾ ਸਕਦਾ ਹੈ ? ਇਸਦੀਆਂ ਕਿਹੜੀਆਂ ਗੌਲੀਆਂ ਤੇ ਅਣਗੌਲੀਆਂ ਪਰਤਾਂ ਹਨ?

ਜਵਾਬ – ਇਸ ਨੂੰ ਪ੍ਰਭਾਸ਼ਿਤ ਕਰਨ ਦਾ ਮਸਲਾ ਏਨਾ ਸੌਖਾ ਨਹੀ ਹੈ, ਇਸ ਖਿਤੇ ਵਿੱਚ ਪਹਿਲਾ ਧਾੜਵੀ, ਡਾਕੂ, ਲੁਟੇਰੇ, ਠੱਗ, ਬਦਮਾਸ਼ ਰਹੇ ਹਨ ਪਰ ਗੈਂਗਸਟਰ ਵਰਤਾਰਾ ਪੰਜਾਬ ’ਚ ਕਦੇ ਇਸ ਵਰਤਮਾਨ ਰੂਪ ’ਚ ਪ੍ਰਚਲਤ ਨਹੀਂ ਰਿਹਾ । ਵਰਤਮਾਨ ਗੈਂਗਸਟਰ ਵਰਤਾਰਾ ਪੰਜਾਬ ਵਿੱਚ ਪ੍ਰਚਲਤ ਪਹਿਲੇ ਹਿੰਸਾ ਦੇ ਵਰਤਾਰਿਆਂ ਨਾਲੋਂ ਵੱਧ ਪੇਚੀਦਾ ਅਤੇ ਬਹੁਪਰਤੀ ਹੈ । ਇੱਕ ਤਾਂ ਇਸ ਵਿੱਚ ਧਾੜਵੀ, ਡਾਕੂ, ਲੁਟੇਰੇ, ਠੱਗ, ਬਦਮਾਸ਼ ਆਦਿ ਸਭ ਦੇ ਅੰਸ਼ ਇਕ ਜਗ੍ਹਾ ਹੀ ਰਲ-ਮਿਲ ਗਏ ਹਨ । ਦੂਜਾ ਇਹ ਇਕ ਪੇਸ਼ਾਵਰ ਕਿੱਤਾ ਬਣ ਗਿਆ ਹੈ । ਤੀਜਾ ਸਮਰੱਥਾ ਪੱਖੋਂ ਇਹ ਬਹੁਤ ਵਿਆਪਕ ਖਿਤੇ ਤੱਕ ਮਾਰ ਕਰਨ ਵਾਲੇ, ਮਾਰੂ ਹਥਿਆਰਾਂ ਨਾਲ ਲੈਸ ਅਤੇ ਕਈ ਸੈਂਕੜੇ ਮੈਂਬਰ ਦੀ ਸ਼ਮੂਲੀਅਤ ਵਾਲੇ ਵੱਡੇ ਗਿਰੋਹ ਬਣ ਗਏ ਹਨ।

ਜੇਕਰ ਹਿੰਸਾ ਦੇ ਕਾਰਣ ਦੇਖਣੇ ਹੋਣ ਤਾਂ ਪੰਜਾਬ ਵਿੱਚ ਬਹੁਤ ਵੱਖਰੇ-ਵੱਖਰੇ ਹਨ.. ਜਿਨ੍ਹਾ ਕਰਕੇ ਲੜਾਈਆਂ ਹੁੰਦੀਆਂ ਹਨ । ਪੰਜਾਬ ’ਚ ਬੜੀ ਪੁਰਾਣੀ ਮਨੌਤ ਹੈ ਕਿ ਜਰ, ਜੋਰੂ, ਜਮੀਨ ਕਰਕੇ ਮਨੁੱਖ ਲੜਦੇ ਹਨ । ਇਹਨਾ ਮਸਲਿਆਂ ਕਾਰਨ ਸ਼ੁਰੂ ਹੋਈਆਂ ਲੜਾਈਆਂ ਕਈ ਵਾਰ ਪੁਸ਼ਤ ਦਰ ਪੁਸ਼ਤ ਪਰਿਵਾਰਕ ਦੁਸ਼ਮਣੀਆਂ ਵਿੱਚ ਬਦਲ ਜਾਂਦੀਆਂ ਹਨ । ਕਈ ਵਾਰ ਹਿੰਸਾ ਬਹੁਤ ਆਰਜੀ ਕਾਰਨਾਂ ਕਰਕੇ ਵੀ ਹੁੰਦੀ ਹੈ ਅਤੇ ਮੌਕੇ ਉਤੇ ਵਾਪਰੇ ਝਪਟ-ਝਗੜੇ ਕਰਕੇ ਵੀ ਕਤਲ ਹੋ ਜਾਂਦੇ ਨੇ । ਕੁਛ ਕਤਲ ਸਭਿਆਚਾਰ ਵਿੱਚ ਪ੍ਰਚਲਤ ਅਣਖ ਦੇ ਮਾਪ-ਦੰਡਾਂ ਅਨੁਸਾਰ ਵੀ ਹੁੰਦੇ ਸਨ ।

ਪਰ ਹੁਣ ਮਸਲਾ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਛੋਟੀ-ਵੱਡੀ ਹਿੰਸਾ ਹੁੰਦੀ ਹੈ ਉਹ ਨੂੰ ਇੱਕ ਵਰਤਾਰੇ ਦਾ ਹੀ ਹਿੱਸਾ ਮੰਨਿਆ ਜਾ ਰਿਹਾ । ਜਿਸ ਸਮਾਜ(ਪੱਛਮੀ) ਤੋਂ ਇਹ ਵਰਤਾਰਾ ਆਇਆ ਹੈ ਉਸ ਤਰ੍ਹਾਂ ਦੇ ਗੈਂਗ ਏਥੇ ਵੱਧ ਤਾਂ ਰਹੇ ਹਨ ਪਰ ਨਿਰੋਲ ਉਸ ਕਿਸਮ ਦੇ ਨਹੀਂ ਹਨ, ਇਸ ਕਰਕੇ ਇਸ ਨੂੰ ਪੱਕੇ ਰੂਪ ’ਚ ਇੱਕੋ ਤਰ੍ਹਾਂ ਪਰਿਭਾਸ਼ਤ ਕਰਨਾ ਸਹੀ ਨਹੀਂ ਹੈ।

ਇਸ ਵਰਤਾਰੇ ਸੰਬੰਧੀ ਇਕ ਅਹਿਮ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਲੜਾਕੂਪਣ ਮਨੁੱਖ ਸੁਭਾਅ ਦਾ ਅਹਿਮ ਪੱਖ ਹੈ । ਇਹ ਮਨੁੱਖ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਇਕ ਬੁਨਿਆਦੀ ਜਜ਼ਬਾ ਹੈ। ਲੜਾਕੂਪਣ ਨੂੰ ਕਾਬੂ ਅਤੇ ਸੇਧਤ ਕਰਨ ਲਈ ਧਾਰਮਿਕ ਰਹਿਤ-ਬਹਿਤ, ਸੱਭਿਆਚਾਰਿਕ ਕਦਰਾ ਕੀਮਤਾਂ ਅਤੇ ਅਦਾਲਤੀ ਸੰਸਥਾਵਾਂ ਕਾਨੂੰਨ ਰਾਹੀਂ ਇਕ ਭੂਮਿਕਾ ਨਿਭਾਉਂਦੀਆਂ ਹਨ । ਏਹਦੇ ਸੰਰਚਨਾਤਮਕ (structural) ਕਾਰਨ ਸਾਡੇ ਸਮਾਜ ਵਿੱਚ ਹੀ ਮੌਜੂਦ ਹਨ । ਗੁਰਮਤਿ ਦੇ ਪਰਿਪੇਖ ਤੋਂ ਇਸਦੀ ਬੁਨਿਆਦ ਲੱਭਣੀ ਹੋਵੇ ਤਾਂ ਯਤਨ ਕੀਤਾ ਜਾ ਸਕਦਾ ਹੈ… ਜਿਹੜਾ ਮਨੁੱਖ ਮਨਮਤ ਦੇ ਰਾਹ ਭਾਵ ਹਉਂ ਤੇ ਪੰਜ ਵਿਕਾਰਾਂ ਨੂੰ ਭੋਗਣ ਦੇ ਰਸਤੇ ਉੱਤੇ ਚੱਲਦਾ ਹੈ ਉਸ ਦਾ ਲੜਾਕੂਪਣ ਨੁਕਸਾਨਦੇਹ ਨਤੀਜੇ ਪੈਦਾ ਕਰਦਾ ਹੈ।

ਗੁਰਮਤਿ ਅਨੁਸਾਰ ਮਨੁੱਖ ਦੀ ਹੋਂਦ ਤਾਂ ਹਉਂ ਕਰਕੇ ਹੀ ਹੈ, ਹਮਲਾਵਰ/ਲੜਾਕੂ ਬਿਰਤੀ ਦਾ ਜਨਮ ਹਉਮੈ ਦੇ ਵਿੱਚ ਹੈ । ਜੇਕਰ ਬਾਣੀ ਅਤੇ ਗੁਰ-ਸੰਗਤ ਜ਼ਰੀਏ ਪੰਜ ਵਿਕਾਰ ਬੰਨ੍ਹ/ਕਾਬੂ ਕਰ ਲਏ ਜਾਣ ਤਾਂ ਇਸ ਲੜਾਕੂਪਨ ਨੂੰ ਸਮਾਜਿਕ ਭਲਾਈ ਲਈ ਚੰਗੇ ਪਾਸੇ ਭਾਵ ਸੇਵਾ, ਪਰਉਪਕਾਰ, ਹੱਕ ਤੇ ਸੱਚ ਦੇ ਜੰਗ ਲਈ ਵੀ ਵਰਤਿਆ ਜਾ ਸਕਦਾ ਹੈ।

ਮੈਂ ਸਮਝਦਾ ਹਾਂ ਕਿ ਅਜੋਕੇ ਗੈਂਗਸਟਰ ਵਰਤਾਰੇ ਦਾ ਵੱਡਾ ਹਿੱਸਾ ਮਨਮਤ ’ਤੇ ਚੱਲ ਕੇ ਨਿੱਜ ਦੇ ਫਾਇਦੇ ਲਈ ਇਸਦਾ ਹਿੱਸਾ ਬਣਦਾ ਹੈ.. ਬਹੁਤ ਥੋੜ੍ਹਾ ਹਿੱਸਾ ਕੁਝ ਚੰਗਾ ਕਰਨ ਲਈ ਆਉਂਦਾ ਹੈ।

ਸਵਾਲ- ਜੁਰਮ ਤੇ ਅਪਰਾਧੀ ਬਾਰੇ ਅੱਜ-ਕੱਲ ਭਾਰੂ ਅਹਿੰਸਾਵਾਦੀ ਬਿਰਤਾਂਤ, ਕਿ ਹਿੰਸਾ ਹਰ ਕਿਸਮ ਦੀ ਮਾੜੀ ਹੀ ਹੁੰਦੀ ਹੈ, ਕੀ ਇਹ ਸਿੱਖ ਸਿਧਾਂਤਾਂ ਦੇ ਅਨੁਕੂਲ ਹੈ?

ਜਵਾਬ – ਗੁਰਮਤਿ ਦੇ ਅਨੁਸਾਰ ਜਾਂ ਜਿਸ ਤਰੀਕੇ ਦੇ ਨਾਲ ਸਿੱਖ ਇਤਿਹਾਸ ਦਾ ਵਹਿਣ ਰਿਹਾ ਹੈ ਉਹਦੇ ਵਿੱਚ ਹਿੰਸਾ ਤੇ ਅਹਿੰਸਾ ਇਹ ਕੋਈ ਵੱਖਰੀਆਂ ਚੀਜਾਂ ਨਹੀਂ.. ਸਿੱਖ ਲਈ ਤਾਂ ਸੱਚ ’ਤੇ ਖੜ੍ਹਨਾ, ਸੱਚ ਲਈ ਗਵਾਹੀ ਦੇਣਾ ਜਿਆਦਾ ਮਹੱਤਵਪੂਰਨ ਆ । ਸੱਚ ਦੀ ਗਵਾਹੀ ਕੁਦਰਤੀ ਤੌਰ ’ਤੇ ਦਲੀਲ ਤੋਂ ਈ ਸ਼ੁਰੂ ਹੁੰਦੀ ਹੈ । ਦਲੀਲ ਤੋਂ ਬਾਆਦ ਅਪੀਲ ਹੁੰਦੀ ਹੈ ਪਰ ਜੇਕਰ ਸਾਹਮਣੇ ਵਾਲਾ ਸੱਚ ਨੂੰ, ਸੱਚ ਦੀ ਗਵਾਹੀ ਨੂੰ, ਦਲੀਲ ਜਾਂ ਅਪੀਲ ਰਾਹੀਂ ਨਹੀਂ ਮੰਨਦਾ ਤਾਂ ਸ਼ਸਤਰ ਤੋਂ ਬਿਨਾ ਕੋਈ ਹੋਰ ਹੀਲਾ ਨਹੀਂ ਬਚਦਾ । ਇਸ ਕਰਕੇ ਗੁਰਮਤਿ ਜਾਂ ਸਿੱਖ ਇਤਿਹਾਸ ਵਿੱਚ ਵੀ ਸ਼ਸਤਰ ਤੇ ਸ਼ਾਸਤਰ ਨੂੰ, ਹਿੰਸਾ ਤੇ ਅਹਿੰਸਾ ਨੂੰ ਵੱਖਰੀਆਂ ਵੱਖਰੀਆਂ ਚੀਜ਼ਾਂ ਨਹੀਂ ਮੰਨਿਆ ਗਿਆ।

ਹਿੰਸਾ ਆਪਣੇ ਆਪ ਵਿੱਚ ਕੋਈ ਠੀਕ ਜਾਂ ਗਲਤ ਚੀਜ਼ ਨਹੀਂ ਹੈ ਹਿੰਸਾ ਸਹੀ ਹੈ ਜਾਂ ਗਲਤ ਉਹ ਇਸ ਗੱਲ ਨਾਲ ਤਹਿ ਹੁੰਦੀ ਹੈ ਕਿ ਹਿੰਸਾ ਕਿਸ ਮੰਤਵ ਲਈ ਕੀਤੀ ਗਈ ਹੈ।

ਸਵਾਲ- ਪਿਛਲੀਆਂ ਕੁਝ ਕੁ ਘਟਨਾਵਾਂ ਕਰਕੇ ਜਨਤਕ ਰਾਏ ਭਾਵਨਾਤਮਕ ਤੌਰ ’ਤੇ ਇਹ ਬਣ ਰਹੀ ਹੈ ਕਿ ਸਾਰੇ ਗੈਂਗਸਟਰ ਇਸ ਖਿੱਤੇ ਵਿੱਚ ਨਿਆਂ ਦੀ ਜੋ ਸਥਿਤੀ ਹੈ ਉਸ ਕਰਕੇ ਇਸ ਵੱਲ੍ਹ ਆਏ ਹਨ, ਕੀ ਇਹ ਰਾਏ ਸਹੀ ਹੈ?

ਜਵਾਬ – ਬੇਸ਼ੱਕ ਸਮਾਜ ਦੇ ਵਿੱਚ ਜਰੂਰ ਇਹਦਾ ਇੱਕ ਹਿੱਸਾ ਹੋਵੇਗਾ ਜਿਹੜਾ ਬੇਇਨਸਾਫੀ ਕਰਕੇ ਇਸ ਰਸਤੇ ’ਤੇ ਚਲਿਆ ਜਾਂਦਾ ਹੈ । ਜਦੋਂ ਸਟੇਟ ਦੇ ਸਮੁੱਚੇ ਨਿਆਂ ਪ੍ਰਬੰਧ ਉਸ ਨੂੰ ਨਿਆਂ ਨਹੀਂ ਦਿੰਦੇ, ਤਾਂ ਉਹ ਆਪ ਨਿਆਂ ਲੈ ਲੈਂਦਾ ਹੈ । ਪਰ ਇਹ ਤੁਸੀਂ ਸਾਰਿਆਂ ’ਤੇ ਲਾਗੂ ਨਹੀਂ ਕਰ ਸਕਦੇ।

ਬਹੁਤ ਹਿੱਸਾ ਅਜਿਹਾ ਹੁੰਦਾ ਹੈ ਜਿਸ ਨੂੰ ਸਟੇਟ ਆਪਣੀਆਂ ਜਰੂਰਤਾਂ ਦੇ ਲਈ ਪਾਲਦੀ ਹੈ । ਜਿਹਨਾਂ ਦੇ ਵਿੱਚ ਇਹ ਪਰਵਿਰਤੀਆਂ ਹੁੰਦੀਆਂ ਹਨ ਉਹ ਸਟੇਟ ਨਾਲ ਰਲ ਜਾਂਦੇ ਹਨ। ਸਟੇਟ ਦੇ ਨਸ਼ਿਆਂ ਦੇ ਨੈੱਟਵਰਕ, ਸਟੇਟ ਦੇ ਜ਼ਮੀਨਾਂ ਦੇ ਕਬਜੇ ਕਰਾਉਣ ਦੇ ਨੈੱਟਵਰਕ, ਰਾਜਨੀਤੀ ਦੇ ਵਿੱਚ ਹੋਰ ਬਹੁਤ ਸਾਰੀਆਂ ਜਰੂਰਤਾਂ ਹੁੰਦੀਆਂ ਹਨ ਜਿਸ ਨੂੰ ਇਹ ਲੋਕ ਪੂਰਾ ਕਰਦੇ ਹਨ, ਇਸ ਕਰਕੇ ਬਹੁਤ ਸਾਰੇ ਹਿੱਸੇ ਸਟੇਟ ਆਪ ਹੀ ਪਾਲਦੀ ਹੈ । ਉਸ ਤੋਂ ਅੱਗੇ ਕੁੱਝ ਹਿੱਸਾ ਆਪਣੀ ਸ਼ੌਹਰਤ ਕਰਕੇ ਵੀ ਇਹਦੇ ਵਿੱਚ ਹੁੰਦਾ ਹੈ, ਕੁੱਝ ਬੰਦਿਆਂ ਦੀ ਬਿਰਤੀ, ਸੁਭਾਵਿਕ ਤੌਰ ’ਤੇ ਲੜਾਈ ਝਗੜੇ ਦੀ ਹੁੰਦੀ ਹੈ । ਸੋ ਇਹ ਪੱਕਾ ਨਹੀਂ ਕਿਹਾ ਜਾ ਸਕਦਾ ਕਿ ਸਾਰੇ ਅਨਿਆਂ ਦੇ ਕਰਕੇ ਹੀ ਇਸਦਾ ਹਿੱਸਾ ਬਣਦੇ ਹਨ ਪਰ ਇਹ ਬਹੁਤ ਡੂੰਘਾ ਮਸਲਾ ਹੈ।

ਸਵਾਲ – ਬਹੁਤ ਨਾਮੀ ਗੈਂਗਸਟਰ ਸੰਤ ਜਰਨੈਲ ਸਿੰਘ ਜੀ ਨੂੰ ਆਪਣਾ ਪ੍ਰੇਰਣਾ ਸਰੋਤ ਦੱਸਦੇ ਹਨ, ਇਸ ਪਿੱਛੇ ਕੀ ਕਾਰਣ ਹੈ ?

ਜਵਾਬ – ਜਿਹੜਾ ਬੰਦਾ ਸ਼ਸਤਰ ਦੇ ਰਸਤੇ ਦੇ ਉੱਤੇ ਚੱਲਦਾ ਹੈ ਉਹ ਕੁਦਰਤੀ ਤੌਰ ’ਤੇ ਪੰਜਾਬ ਦੇ ਵਿੱਚ ਜਿੰਨੇ ਵੀ ਹਥਿਆਬੰਦ ਸੰਘਰਸ਼ ਦੇ ਵੱਡੇ ਬਿੰਬ ਹਨ ਉਹਨਾਂ ਨੂੰ ਆਪਣਾ ਪ੍ਰੇਰਣਾਸ੍ਰੋਤ ਮੰਨਦਾ ਹੀ ਹੁੰਦੈ। ਪਰ ਸੰਤਾਂ ਦਾ ਇਕੱਲਾ ਇੱਕ ਪੱਖ ਕਿ ਉਹਨਾ ਨੇ ਇੱਕ ਲੜਾਈ ਲੜੀ ਹੈ ਇੱਕ ਸੂਰਬੀਰ ਦੇ ਤੌਰ ’ਤੇ, ਇਕੱਲਾ ਉਸੇ ਤੱਕ ਮਹਿਦੂਦ ਰਹਿਣ ਨੂੰ ਅਸੀਂ ਇਹ ਨਹੀਂ ਮੰਨ ਸਕਦੇ ਕਿ ਗੈਂਗਸਟਰਾਂ ਨੇ ਸੰਤਾਂ ਦੀ ਸ਼ਖਸੀਅਤ ਤੋਂ ਪ੍ਰੇਰਣਾ ਲਈ ਹੈ।

ਸੰਤਾਂ ਦੀ ਸਖਸ਼ੀਅਤ ਵਿੱਚ ਸੰਤਾਈ ਭਾਵ ਸੁਰਤਿ ਦੀ ਉੱਚਤਾ ਦਾ ਪੱਖ ਮੋਹਰੀ ਤੇ ਜਿਆਦਾ ਵੱਡਾ ਸੀ ਇਸ ਕਰਕੇ ਸੰਤਾਂ ਦੀ ਜੰਗ ਸਤਿ, ਸੰਤੋਖ ਤੇ ਵਿਚਾਰ ਦੇ ਆਸਰੇ ਸੁਤੰਤਰਤਾ, ਨਿਆਰਾਪਨ, ਸਵੈ ਤੇ ਨਿਤਾਣੇ ਦੀ ਰੱਖਿਆ ਅਤੇ ਜਰਵਾਣੇ ਦੀ ਭੱਖਿਆ ਦਾ ਸੰਘਰਸ਼ ਸੀ। ਦੁਨਿਆਵੀ ਜੰਗ ਦੇ ਨਾਲ ਨਾਲ ਸੰਤ ਜੀ ਆਪਣੀ ਸੁਰਤਿ-ਮਤ-ਮਨ-ਬੁੱਧ ਘੜਣਨ ਦੀ ਅੰਦਰੂਨੀ ਜੰਗ ਵੀ ਲੜ ਰਹੇ ਸਨ। ਸਿੱਖ ਸ਼ਹੀਦਾਂ ਨੇ ਜੋ ਸੂਰਬੀਰਤਾ ਦੇ ਵੱਡੇ ਕਾਰਨਾਮੇ ਕੀਤੇ ਹੁੰਦੇ ਹਨ ਉਹਦੇ ਤੋਂ ਪਹਿਲਾਂ ਉਹਨਾਂ ਨੇ ਕਿਸ ਤਰ੍ਹਾਂ ਦਾ ਜੀਵਨ ਜੀਵਿਆ, ਉਹਦੇ ਜੀਵਨ ਦੇ ਆਦਰਸ਼, ਤਜ਼ਰਬੇ, ਜ਼ਿੰਦਗੀ ਕਿਸ ਤਰ੍ਹਾਂ ਦੀ ਸੀ, ਉਹ ਵੀ ਓਨੀ ਹੀ ਮਹੱਤਵਪੂਰਨ ਹੁੰਦੀ ਹੈ।

ਮੈਂ ਜਿੰਨੇ ਇਸ ਵਰਤਾਰੇ ਨਾਲ ਜੁੜੇ ਨੌਜਵਾਨ ਹਨ ਉਹਨਾਂ ਦੀਆਂ ਜ਼ਿੰਦਗੀਆਂ ਬਾਰੇ ਤਾਂ ਨਹੀਂ ਜਾਣਦਾ ਪਰ ਮੈਂ ਇਹ ਜਰੂਰ ਕਹਿਣਾ ਚਾਹੁੰਦਾ ਹਾਂ ਕਿ ਸੰਤਾਂ ਤੋਂ ਅਸਲ ਦੇ ਵਿੱਚ ਪ੍ਰੇਰਣਾ ਲੈਣ ਵਾਲਾ ਮਨੁੱਖ ਉਹੀ ਹੋਵੇਗਾ ਜਿਸ ਦੀ ਸਮੁੱਚੀ ਤਰਜ-ਏ-ਜਿੰਦਗੀ ਵੀ ਬਦਲੇਗੀ । ਜੇ ਤੁਹਾਡੀ ਆਪਣੀ ਜ਼ਿੰਦਗੀ ਹੀ ਗੁਰਮਤਿ ਆਸ਼ੇ ਅਨੁਸਾਰ ਨਹੀਂ ਚੱਲ ਰਹੀ ਤਾਂ ਮੇਰੇ ਖਿਆਲ ਦੇ ਵਿੱਚ ਅਸੀਂ ਕਹਿ ਨਹੀਂ ਸਕਦੇ ਕਿ ਉਨ੍ਹਾਂ ਨੇ ਸੰਤਾਂ ਤੋਂ ਪ੍ਰੇਰਣਾ ਲਈ ਹੈ।

ਸਵਾਲ – ਪੰਜਾਬ ਵਿੱਚ ਪਿਛਲੇ ਸਾਲਾਂ ਵਿੱਚ ਕਈਂ ਗੈਂਗਸਟਰਾਂ ਦੇ ਮੁਕਾਬਲੇ ਬਣਾਏ ਗਏ ਹਨ ਜੇਕਰ ਮੁਕਾਬਲਿਆਂ ਦੇ ਵਰਤਾਰੇ ਨੂੰ ਦੇਖੀਏ ਤਾਂ ਪਹਿਲਾਂ ਕਿਸੇ ਵਿਚਾਰਧਾਰਾ ਨਾਲ ਜੁੜੇ ਲੋਕਾਂ ਦੇ ਹੀ ਬਣਾਏ ਜਾਂਦੇ ਸਨ ਹੁਣ ਦੀ ਸਰਕਾਰੀ ਨੀਤੀ ਵਿੱਚ ਇਸ ਬਦਲਾਅ ਤੋਂ ਕੀ ਸੁਨੇਹਾ ਮਿਲਦਾ ਹੈ?

ਜਵਾਬ – ਇਸਦੇ ਦੋ ਕਾਰਣ ਹੋ ਸਕਦੇ ਹਨ । ਇੱਕ ਕਾਰਣ ਇਹ ਕਿ ਇੰਡੀਆ ਦੇ ਵਿੱਚ ਪਹਿਲਾਂ ਇਸ ਤਰੀਕੇ ਦੇ ਪੇਸ਼ੇਵਰ ਗੈਂਗ ਖਾਸਕਰ ਬੰਬੇ ਵਰਗੇ ਸ਼ਹਿਰਾਂ ’ਚ, ਉਥੇ ਵੀ ਜਿੰਨਾ ਸਮਾਂ ਇਹ ਵਰਤਾਰਾ ਸਟੇਟ ਦੇ ਕੰਟਰੋਲ ਵਿੱਚ ਚੱਲਦਾ ਉਨਾ ਸਮਾਂ ਪੁਲਿਸ ਮੁਕਾਬਲਾ ਨਹੀਂ ਸੀ ਬਣਾਇਆ ਜਾਂਦਾ ਪਰ ਜਦੋਂ ਗੈਂਗਸਟਰ ਵਰਤਾਰਾ ਕਾਫੀ ਫੈਲ ਜਾਂਦਾ ਹੈ ਤਾਂ ਉਹਦੇ ਬਾਅਦ ਸਟੇਟ ਇਸ ਵਰਤਾਰੇ ਨੂੰ ਕਾਬੂ ਵਿੱਚ ਰੱਖਣ ਲਈ ਜਿਹੜਾ ਕੋਈ ਬੰਦਾ ਆਪਣੀ ਫਿਤਰਤ ਕਰਕੇ ਬਾਗੀ ਹੁੰਦਾ ਹੈ ਜਾਂ ਜਿਹੜਾ ਸਰਕਾਰ ਦੇ ਪ੍ਰਬੰਧ ਦੇ ਦਾਇਰੇ ’ਚੋਂ ਬਾਹਰ ਜਾਣ ਦੀ ਇੱਛਾ ਰੱਖਦਾ ਹੁੰਦਾ ਜਾਂ ਜਿਹਦੇ ਵਿੱਚ ਅਜਿਹਾ ਮਾਦਾ ਹੁੰਦਾ ਹੈ ਉਹਨਾਂ ਦਾ ਫਿਰ ਮੁਕਾਬਲਾ ਬਣਾਉਣ ਦੀ ਪੁਲਿਸ ਨੂੰ ਖੁੱਲ ਦੇ ਦਿੰਦੀ ਹੈ । ਮੁਕਾਬਲੇ ਵਿੱਚ ਗੈਂਗਸਟਰ ਨੂੰ ਮਾਰਨਾ ਜੰਗਲ ਦੀ ਅੱਗ ਦੀ ਨਿਆਈਂ ਹੈ ਜੋ ਜੰਗਲ਼ ਨੂੰ ਖਤਮ ਕਰਨ ਲਈ ਨਹੀਂ ਸਗੋਂ ਜੰਗਲ ਦੇ ਫਾਇਦੇ ਲਈ ਲਾਈ ਜਾਂਦੀ ਹੈ, ਜਦੋਂ ਵੱਡੇ ਬੂਟੇ ਪੂਰੀ ਤਰ੍ਹਾਂ ਫੈਲ ਜਾਂਦੇ ਹਨ ਤਾਂ ਜੰਗਲ ’ਚ ਅੱਗ ਲਾਈ ਜਾਂਦੀ ਹੈ ਤਾਂ ਕਿ ਜਿਹੜੀਆਂ ਹੋਰ ਛੋਟੀਆਂ ਝਾੜੀਆਂ ਹਨ ਉਹ ਜਲ ਜਾਣ । ਇਸ ਨਾਲ ਜੰਗਲ ਦਾ ਵਾਧਾ ਸਹੀ ਤਰੀਕੇ ਹੁੰਦਾ ਹੈ । ਇਸੇ ਪ੍ਰਕਾਰ ਕੁਛ ਗੈਂਗਸਟਰ ਨੂੰ ਮਾਰਨ ਦਾ ਮੰਤਵ ਇਸ ਵਰਤਾਰੇ ਨੂੰ ਖਤਮ ਕਰਨਾ ਨਹੀਂ ਹੁੰਦਾ ਸਗੋਂ ਆਪਣੇ ਕਾਬੂ ਵਿਚ ਕਰਨਾ ਹੁੰਦਾ ਹੈ।

ਮੁਕਾਬਲੇ ਬੰਬੇ ਵੀ ਬਣਾਏ ਗਏ, ਯੂ.ਪੀ. ਵੀ ਬਹੁਤ ਬਣਾਏ ਗਏ, ਪੰਜਾਬ ਦੇ ਵਿੱਚ ਇਸ ਤਰੀਕੇ ਦੇ ਪੇਸ਼ੇਵਰ ਗੈਂਗਾ ਆਲਾ ਕੰਮ ਨਵਾਂ ਹੈ । ਮੇਰੇ ਖਿਆਲ ਦੇ ਵਿੱਚ ਏਥੇ ਵੀ ਇਹਨਾਂ ਨੇ ਜਿਹੜੇ ਬੰਦੇ ਸਟੇਟ ਦੇ ਦਾਇਰੇ ਤੋਂ ਬਾਹਰ ਜਾਂਦੇ ਸੀ ਉਹਨਾਂ ਦਾ ਮੁਕਾਬਲਾ ਬਣਾ ਕੇ ਬਾਕੀਆਂ ਨੂੰ ਕੰਟਰੋਲ ਕਰਨ ਦਾ ਇੱਕ ਦੌਰ ਚਲਾਇਆ ਹੈ।

ਦੂਜਾ ਇੱਕ ਕਾਰਨ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਕੁਝ ਬੰਦੇ ਪ੍ਰੇਰਣਾ ਸੰਤਾਂ ਦੇ ਸੰਘਰਸ਼ ਤੋਂ ਲੈਂਦੇ ਹਨ ਅਤੇ ਦੂਸਰਾ ਉਹ ਲੜ੍ਹਨ ਵਾਲੇ ਵੀ ਹਨ, ਸੋ ਇਸ ਕਰਕੇ ਜਿਸ ਤਰੀਕੇ ਦਾ ਪੰਜਾਬ ’ਚ ਰਾਜਨੀਤਕ ਖਲਾਅ ਹੈ, ਇੰਡੀਆ ਦੇ ਵਿੱਚ ਵੀ ਰਾਜਨੀਤਕ ਅਸਥਿਰਤਾ ਵਧ ਰਹੀ ਹੈ ਉਹਦੇ ਚਲਦੇ ਸਟੇਟ ਨੂੰ ਡਰ ਹੋ ਸਕਦਾ ਹੈ ਕਿ ਇਹ ਕਿਤੇ ਸਿੱਖ ਜੁਝਾਰੂ ਲਹਿਰ ਵਾਲੇ ਪਾਸੇ ਨੂੰ ਨਾਂ ਚਲੇ ਜਾਣ । ਜਿੰਨਾ ਦੇ ਵਿੱਚ ਉਨ੍ਹਾਂ ਨੂੰ ਲਗਦਾ ਹੋਣਾ ਕਿ ਇਹ ਅੰਸ਼ ਹਨ, ਮੇਰੇ ਖਿਆਲ ਉਨ੍ਹਾਂ ’ਚ ਮੁਕਾਬਲਾ ਕਰਨ ਦੇ ਪਲੈਨ ਬਣੇ ਹੋਣਗੇ।

ਸਵਾਲ – ਜੇਕਰ ਆਪਾਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕਿੰਨੇ ਜਿਆਦਾ ਗੈਂਗਸਟਰਜ਼, ਇੰਡੀਆ ਦੀਆਂ ਕਿੰਨੀਆਂ ਸਟੇਟਾਂ ਤੋਂ ਸਨ ਪਰ ਪੰਜਾਬ ਈ ਅਜਿਹੀ ਸਟੇਟ ਆ ਜਿੱਥੇ ਪੰਜਾਬ ਦੇ ਗੈਂਗਸਟਰਾਂ ਦਾ ਮੁਕਾਬਲਾ ਬਣਿਆਂ ਤੇ ਫੋਟੋਆਂ ਵੀ ਅਜਿਹੀਆਂ ਸਾਹਮਣੇ ਆਈਆਂ ਜਿਸਦੇ ਵਿੱਚ ਲਗਦਾ ਸੀ ਕਿ ਇਹ ਮੁਕਾਬਲਾ ਸਹੀ ਨਹੀਂ ਹੈ ਤੇ ਬਹੁਤ ਸਾਰੇ ਗਵਾਹ ਵੀ ਹਨ ਜਿਹੜੇ ਇਸ ਨੂੰ ਸਧਾਰਨ ਨਹੀਂ ਦੱਸਦੇ, ਇਸ ਨੂੰ ਕਿਵੇਂ ਸਮਝਣਾ ਚਾਹੀਦਾ ਹੈ?

ਜਵਾਬ – ਮੈਂ ਇਸ ਗੱਲ ਦੇ ਜਵਾਬ ’ਚ ਨਹੀਂ ਪੈਂਦਾ ਕਿ ਮੁਕਾਬਲਾ ਅਸਲੀ ਸੀ ਜਾਂ ਨਹੀਂ ਪਰ ਇਹ ਗੱਲ ਬੜੀ ਸਧਾਰਨ ਹੈ ਕਿ ਜੇ ਸਰਕਾਰ ਜਾਂ ਪੁਲਿਸ ਚਾਹੁੰਦੀ ਕਿ ਉਹ ਬੰਦੇ ਜਿਉਂਦੇ ਫੜਨੇ ਹਨ ਤਾਂ ਉਹ ਕੋਈ ਮੁਸ਼ਕਿਲ ਨਹੀਂ ਸੀ । ਉਨ੍ਹਾਂ ਕੋਲ ਇੱਕ ਏ.ਕੇ. 47 ਸੀ ਤੇ ਗਿਣਤੀ ਦੇ ਕਾਰਤੂਸ ਸੀ । ਸਰਕਾਰ ਕੋਲ ਤਾਂ ਹੁਣ ਬਹੁਤ ਜਿਆਦਾ ਹਥਿਆਰ ਹੁੰਦੇ ਹਨ । ਸਰਕਾਰ ਬੜੇ ਅਰਾਮ ਨਾਲ ਦੂਰੀ ’ਤੇ ਮਾਰ ਕਰਨ ਵਾਲੇ ਹਥਿਆਰਾਂ ਨਾਲ ਉਹਨਾਂ ਨੂੰ ਮੁਕਾਬਲੇ ’ਚ ਬੰਨ੍ਹ ਕੇ ਰੱਖ ਸਕਦੀ ਸੀ । ਪਰ ਮੇਰੇ ਖਿਆਲ ਨਾਲ ਸਰਕਾਰ ਦੀ ਨੀਤੀ ਉਨ੍ਹਾਂ ਨੂੰ ਮੁਕਾਬਲਾ ਚਾਹੇ ਅਸਲੀ, ਚਾਹੇ ਨਕਲੀ ’ਚ ਮਾਰਨ ਦੀ ਸੀ।

ਮੈਂ ਇੱਕ ਉਦਾਹਰਣ ਦੇ ਸਕਦਾ ਹਾਂ ਕਿ ਜੇ ਸਰਕਾਰ ਨੇ ਆਤਮ ਸਮਰਪਣ ਹੀ ਕਰਵਾਉਣਾ ਹੋਵੇ ਤਾਂ ਉਹ ਕਰਵਾਉਣ ਲਈ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ । ਜਦੋਂ ਮਈ 1988 ਦੇ ਵਿੱਚ ਸ੍ਰੀ ਦਰਬਾਰ ਸਾਹਿਬ ‘ਬਲੈਕ ਥੰਡਰ’ ਫ਼ੌਜੀ ਹਮਲਾ ਹੋਇਆ ਤਾਂ ਅੰਦਰ ਜਿਹੜੇ ਬੰਦੇ ਸਨ ਉਹਨਾਂ ਵਿੱਚੋਂ ਥੋੜ੍ਹਿਆਂ ਨੂੰ ਛੱਡ ਕੇ ਬਹੁਤਾ ਹਿੱਸਾ ਜਿਹੜਾ ਕਮਜੋਰ ਸੀ ਤੇ ਕਿਰਦਾਰ ਦੇ ਤੌਰ ’ਤੇ ਥੋੜ੍ਹਾ ਹੋਛਾ ਵੀ ਸੀ, ਉਹ ਸਰਕਾਰ ਨੇ ਆਪ ਹੀ ਅੰਦਰ ਜਾਣ ਦਿੱਤਾ ਸੀ । ਸੋ ਸਰਕਾਰ ਨੇ ਇਹ ਮਿਥਿਆ ਹੋਇਆ ਸੀ ਕਿ ਇਹਨਾ ਨੂੰ ਜਿਉਂਦੇ ਹੀ ਫੜ੍ਹਨਾ ਹੈ ਇਸ ਲਈ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਲੜਾਕੂਆਂ ਦੀ ਕਾਫ਼ੀ ਗਿਣਤੀ ਅਤੇ ਇੰਨਾ ਸੰਜੀਦਾ ਮਸਲਾ ਹੋਣ ਦੇ ਬਾਵਜੂਦ ਦੋ-ਤਿੰਨ ਦਿਨ ਲਾ ਕੇ, ਲੰਬੀ ਦੂਰੀ ਤੋਂ ਮਾਰ ਕਰਨ ਵਾਲੇ ਹਥਿਆਰ (ਸਨਾਈਪਰ ਬੰਦੂਕਾਂ) ਵਰਤ ਕੇ, ਓਹਨਾ ਤੋਂ ਆਤਮ ਸਮਰਪਣ ਕਰਵਾ ਲਿਆ ਸੀ।

ਮੈਂ ਇਹ ਉਦਾਹਰਣ ਇਸ ਕਰਕੇ ਦਿੱਤੀ ਹੈ ਕਿ ਜੇ ਸਰਕਾਰ ਦੀ ਨੀਤੀ ਆਤਮ ਸਮਰਪਣ ਕਰਵਾਉਣ ਦੀ ਹੋਵੇ ਤਾਂ ਉਹ ਸਦਾ ਤਾਂ ਨਹੀਂ ਪਰ ਬਹੁਤੀ ਵਾਰ ਆਤਮ ਸਮਰਪਣ ਕਰਵਾਉਣ ਵਿਚ ਸਫਲ ਹੋ ਜਾਂਦੀ ਹੈ । ਸੋ ਜਿਸ ਘਟਨਾ ਬਾਰੇ ਤੁਸੀਂ ਸਵਾਲ ਪੁੱਛਿਆ ਹੈ ਮੇਰੇ ਖਿਆਲ ’ਚ ਇਥੇ ਸਰਕਾਰ ਦੀ ਨੀਤੀ ਆਤਮ ਸਮਰਪਣ ਕਰਵਾਉਣ ਦੀ ਨਹੀਂ ਸੀ, ਸਗੋਂ ਮੁਕਾਬਲੇ ਦੀ ਸੀ । ਇਹਦੇ ’ਚੋਂ ਮਿਲ ਰਹੇ ਸੁਨੇਹੇ ਨੂੰ ਸਮਝਣ ਦੀ ਆਪਾਂ ਨੂੰ ਲੋੜ ਹੈ।

ਸਵਾਲ – ਪੰਜਾਬ ਵਿੱਚ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ’ਚ ਸੂਬਾ ਸਰਕਾਰ ਜਾਂ ਕੇਂਦਰ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ?

ਜਵਾਬ – ਪੰਜਾਬ ਦੇ ਵਿੱਚ ਇਹ ਜਿਹੜੀਆਂ ਪਿਛਲੇ ਦੋ-ਤਿੰਨ ਮਹੀਨੇ ਦੀਆਂ ਘਟਨਾਵਾਂ ਘਟੀਆਂ ਹਨ, ਉਹਦੇ ਤੋਂ ਏਨੀ ਕੁ ਗੱਲ ਦੁਬਾਰਾ ਸਮਝ ਆਈ ਹੈ ਕਿ ਪੰਜਾਬ ਦੀ ਸੂਬੇਦਾਰੀ ਉਤੇ ਕਾਬਜ ਰਾਜਨੀਤਕ ਧਿਰ ਦੀ ਸਿਵਲ ਤੇ ਪੁਲਿਸ ਨਿਜਾਮ (ਸ਼ਾਸਨ) ਨੂੰ ਕੰਟਰੋਲ ਕਰਨ ਦੇ ਵਿੱਚ ਸਮਰੱਥਾ ਘੱਟਦੀ ਜਾ ਰਹੀ ਹੈ । ਜਿਸ ਤਰ੍ਹਾਂ ਅੱਸੀਵਿਆਂ ਦੇ ਵਿੱਚ ਹੋਇਆ ਸੀ ਕਿ ਸਾਰੀ ਅਫਸਰਸ਼ਾਹੀ ਆਪਣੇ ਹਿਸਾਬ ਦੇ ਨਾਲ ਨੀਤੀ ਲਾਗੂ ਕਰ ਰਹੀ ਸੀ, ਇਹ ਵੀ ਲਗਭਗ ਉਵੇਂ ਹੀ ਹੈ । ਪਿਛਲੇ ਦੋ-ਤਿੰਨ ਮਹੀਨੇ ਤੋਂ ਇਹੀ ਗੱਲ ਵਧੇਰੇ ਸਪੱਸ਼ਟਤਾ ਨਾਲ ਸਮਝ ਆਈ ਹੈ ਕਿ ਜੋ ਅਫਸਰਸ਼ਾਹੀ ਨੂੰ ਠੀਕ ਲੱਗਦਾ ਹੈ ਪੰਜਾਬ ’ਚ ਉਹ ਹੀ ਹੋਣਾ ਹੈ ਤੇ ਪੰਜਾਬ ਦੀ ਅਫਸਰਸ਼ਾਹੀ ਇੱਕ ਅਜਿਹੀ ਵੰਡ ਦੇ ਵਿੱਚ ਵੰਡੀ ਹੋਈ ਹੈ ਜਿਸਦਾ ਸਭ ਤੋਂ ਤਾਕਤਵਰ ਹਿੱਸਾ ਦਿੱਲੀ ਹੈ । ਜੋ ਦਿੱਲੀ ਵਾਲਿਆਂ ਨੂੰ ਠੀਕ ਲੱਗਦਾ ਹੈ ਉਸ ਹਿਸਾਬ ਨਾਲ ਇਸ ਨੇ ਚੱਲਣਾ ਹੈ।

ਹੁਣ ਵੀ ਜੇਕਰ ਵੇਖੀਏ ਤਾਂ ਸਿੱਧੂ ਮੂਸੇਵਾਲੇ ਦੇ ਮਾਮਲੇ ਵਿੱਚ ਸਾਰੀ ਜਾਂਚ ਦਿੱਲੀ ਸਪੈਸ਼ਲ ਸੈੱਲ ਨੇ ਹੀ ਕੀਤੀ । ਉਹਨਾਂ ਨੇ ਹੀ ਗ੍ਰਿਫਤਾਰੀਆਂ ਕੀਤੀਆਂ, ਜਿੰਨ੍ਹਾਂ ਦੇ ਮੁਕਾਬਲੇ ਹੋਏ ਉਹ ਵੀ ਉਹਨਾਂ ਨੇ ਹੀ ਸੰਕੇਤ ਦਿੱਤੇ । ਹਾਲਾਂਕਿ ਕੇਸ ਦੀ ਤਫ਼ਤੀਸ਼ ਦਿੱਲੀ ਪੁਲਿਸ ਕੋਲ ਨਹੀਂ ਸੀ, ਫਿਰ ਵੀ ਹਰ ਇਕ ਬੰਦਾ ਜਿਹੜਾ ਫੜਿਆ ਗਿਆ ਉਹਨਾਂ ਨੇ ਅੱਠ-ਅੱਠ, ਦਸ-ਦਸ ਦਿਨ ਆਪਣੀ ਸਾਰੀ ਪੜਤਾਲ ਕਰਕੇ, ਉਨ੍ਹਾਂ ’ਚੋ ਜੂਸ ਕੱਢ ਕੇ, ਫੋਕੇ ਕਰਕੇ ਪੰਜਾਬ ਪੁਲਿਸ ਨੂੰ ਦਿੱਤੇ । ਇਹ ਸਭ ਕੁਝ ਅੱਸੀਵਿਆਂ ਤੇ ਨੱਬੇਵਿਆਂ ਦੀ ਤਰਜ ’ਤੇ ਹੀ ਹੋ ਰਿਹਾ ਹੈ।

ਸਵਾਲ- ਪੰਜਾਬ ਦੇ ਵਿਚ ਹੋਈਆਂ ਰਾਜਨੀਤਕ ਘਟਨਾਵਾਂ ਖਾਸ ਕਰ ਨੌਜਵਾਨਾਂ ਵਿਚਲੇ ਉਭਾਰ ਨੂੰ ਮੁੱਖ ਰੱਖਦਿਆਂ ਇਹਦੇ ਵਿੱਚ ਪੰਜਾਬ ਲਈ ਕੀ ਸੁਨੇਹਾ ਹੈ?

ਜਵਾਬ – ਬੀਤੇ ਦਿਨਾਂ ਵਿੱਚ ਵਾਪਰੀਆਂ ਘਟਨਾਵਾਂ ਗੰਭੀਰ ਮਰਜ਼ ਦੇ ਲੱਛਣ ਹਨ । ਪੰਜਾਬ ਦੀ ਸਿਰਮੌਰ ਰਾਜਸੀ ਸੰਸਥਾ(ਵਿਧਾਨ ਸਭਾ) ਕੋਲੋਂ ਪੰਜਾਬ ਦੀ ਤਰੱਕੀ, ਵਿਵਾਦਤ ਮਸਲਿਆਂ ਨੂੰ ਹੱਲ ਕਰਨ, ਪੰਜਾਬੀਆਂ ਦੀ ਆਸ ਉਮੰਗਾਂ ਨੂੰ ਪੂਰਾ ਕਰਨ ਅਤੇ ਹੋਰ ਅੰਦਰੂਨੀ ਮਾਮਲਿਆਂ ਨੂੰ ਨਜਿੱਠਣ ਲਈ ਲੋੜੀਂਦੀ ਖੁਦਮੁਖਤਿਆਰੀ ਦੀ ਅਣਹੋਂਦ ਅਤੇ ਬੌਣੇ ਕਿਰਦਾਰ ਦੇ ਆਗੂਆਂ ਕਾਰਨ ਪੰਜਾਬ ਨਾਲ ਸੰਬੰਧਤ ਮਸਲੇ ਸੁਲਝਣ ਦੀ ਵਜਾਏ ਹੋਰ ਪੇਚੀਦਾ ਹੋ ਗਏ ਹਨ ਜਿਸ ਕਾਰਨ ਪੰਜਾਬ ਦੀਆਂ ਲਗਭਗ ਸਾਰੀਆਂ ਰਵਾਇਤੀ ਪਾਰਟੀਆਂ ਦੀ ਵਿਸ਼ਵਾਸਯੋਗਤਾ ਨੂੰ ਕਾਫ਼ੀ ਢਾਹ ਲੱਗ ਚੁੱਕੀ ਹੈ । ਸਿੱਟੇ ਵਜੋਂ ਪੰਜਾਬ ਵਿੱਚ ਰਾਜਸੀ ਖਲਾਅ ਬਣ ਰਿਹਾ ਹੈ । ਜਿਸ ਕਾਰਨ ਕੋਈ ਸਧਾਰਨ ਘਟਨਾ ਵੀ ਬੜੇ ਘਮਸਾਨ ਦਾ ਕਾਰਨ ਬਣ ਰਹੀ ਹੈ । ਸਮਾਜ ਦੀਆਂ ਵੱਖ-ਵੱਖ ਧਿਰਾਂ ਆਪਣੇ ਵਿੱਤ ਮੁਤਾਬਕ ਜੂਝ ਰਹੀਆਂ ਹਨ।

ਗੁਰੂ ਖਾਲਸਾ ਪੰਥ ਦੀਆਂ ਸੰਸਥਾਵਾਂ ਜਿਨ੍ਹਾ ਦੀ ਭੂਮਿਕਾ ਇਸ ਖਿੱਤੇ ਦੇ ਸੰਕਟਾਂ ਤੇ ਦੁਰਜਨਾਂ ਨੂੰ ਖਤਮ ਕਰਨ ਦੇ ਜੰਗ ਵਿੱਚ ਧੁਰੇ ਵਾਲੇ ਚਾਹੀਦੀ ਹੈ ਉਹ ਵੀ ਆਪਣੀ ਵਿਸ਼ਵਾਸ-ਯੋਗਤਾ ਕਾਫ਼ੀ ਹੱਦ ਤੱਕ ਗਵਾ ਚੁਕੀਆਂ ਹਨ । ਇਸ ਲਈ ਰਾਜਸੀ ਖਲਾਅ ਜ਼ਿਆਦਾ ਗੰਭੀਰ ਰੂਪ ਅਖਤਿਆਰ ਕਰ ਰਿਹਾ ਹੈ।

ਹੁਣ ਸਥਿਤੀ ਸੰਸਥਾਵਾਂ ਤੇ ਜਥੇਬੰਦੀਆਂ ਦੇ ਸੁਧਾਰ ਦੇ ਹਾਲਤ ਤੋਂ ਟੱਪ ਗਈ ਹੈ । ਹੁਣ ਮੌਜੂਦਾ ਜਥੇਬੰਦੀਆਂ ਨੂੰ ਸੋਧ ਕੇ ਪੰਥਕ ਜਥੇਬੰਦੀ ਨੂੰ ਆਪਣੀ ਪੰਥਕ ਰਵਾਇਤ ਅਨੁਸਾਰ ਪੁਨਰਸੁਰਜੀਤ ਕਰਨ ਦੀ ਲੋੜ ਹੈ । ਇਸ ਸਥਿਤੀ ਵਿੱਚ ਨਿਕਲਣ ਲਈ ਨੌਜਵਾਨਾਂ ਨੂੰ ਇਹ ਹੀ ਬੇਨਤੀ ਹੈ ਕਿ ਆਓ ਆਪਾ ਗੁਰਬਾਣੀ, ਗੁਰ ਸੰਗਤਿ ਅਤੇ ਪੰਥਕ ਰਵਾਇਤ ਨਾਲ ਜੁੜੀਏ ।