ਨਜ਼ਰੀਆ

ਅੱਜ ਕਿਤਾਬ ਦੇ ਜਾਰੀ ਹੋਣ ਦੇ ਦਿਹਾੜੇ ਮੌਕੇ….

By ਰਾਜਪਾਲ ਸਿੰਘ ਸੰਧੂ

June 09, 2022

ਕਈ ਵਾਰ ਇਤਿਹਾਸ ਵੀ ਵਿਅਕਤੀਗਤ ਹੋ ਜਾਇਆ ਕਰਦੇ ਹਨ ਅਤੇ ਕਈ ਵਾਰ ਵਿਅਕਤੀ ਵੀ ਇਤਿਹਾਸ ਹੋ ਜਾਇਆ ਕਰਦੇ ਹਨ। ਉਪਰੋਕਤ ਸਤਰ ਦਾ ਪਹਿਲਾ ਹਿੱਸਾ ਇਤਿਹਾਸ ਦੀ ਮਕਾਨਕੀ ਵਿਆਖਿਆ ਦਾ ਇਸ਼ਾਰਾ ਕਰਦਾ ਪਿਆ, ਜਿੱਥੇ ਇਤਿਹਾਸ ਦੀ ਤੋਰ ਮਹਿਜ਼ ਘਟਨਾਵਾਂ ਦਾ ਸੂਚੀਬੱਧ ਵੇਰਵਾ, ਉਨ੍ਹਾਂ ਘਟਨਾਵਾਂ ਦੇ ਸਤੱਈ ਸੰਬੰਧ ਅਤੇ ਸਾਜ਼ਸ਼ੀ ਕਿਸਮ ਦੀਆਂ ਕੰਨਸੋਆਂ ਤੋਂ ਵਧੀਕ ਕੁੱਝ ਵੀ ਨਹੀਂ ਹੁੰਦੀ। ਜਦਕਿ ਇਸ ਸਤਰ ਦਾ ਦੂਸਰਾ ਹਿੱਸਾ ਇਤਿਹਾਸ ਦੀ ਅਲਬੇਲੀ ਸ਼ਾਨ ਦੀ ਦੱਸ ਪਾਉਂਦਾ ਹੈ, ਜਿੱਥੇ ਸਰੀਰਾਂ ਤੇ ਮਨਾਂ ਦੇ ਵਿਅਕਤੀਗਤ ਅਮਲ ਕੋਈ ਹਲਕੇ ਪੱਧਰ ਦੇ ਬਿਆਨ ਦਰਜ ਨਹੀਂ ਕਰਵਾਉਂਦੇ ਤੇ ਨਾ ਹੀ ਦੁਨਿਆਵੀ ਸੁਹਜ-ਸਵਾਦਾਂ ਦੇ ਗੁਲਾਮ ਹੁੰਦੇ ਹਨ। ਇਹਨਾਂ ਅਮਲਾਂ ਦੀ ਘਾੜਤ ਕਿਸੇ ਲਕੀਰੀ ਇਤਿਹਾਸ ਦੇ ਸਾਂਭਣਯੋਗ ਨਹੀਂ ਹੁੰਦੀ ਸਗੋਂ ‘ਸਾਖੀ ਸਾਹਿਤ’ ਇਨ੍ਹਾਂ ਇਤਿਹਾਸਿਕ ਪਲਾਂ ਦੀ ਸਹੀ ਠਾਹਰ ਹੁੰਦਾ। ਤਦੇ ਸਿੱਖ ਇਤਿਹਾਸ ਦਾ ਪਹਿਲਾ ਜ਼ਾਮਨ ਗੁਰੂ ਕੀਆਂ ਸਾਖੀਆਂ ਬਣੀਆਂ। ਸਮੇਂ ਦੇ ਇਸ ਲੰਮੇ ਕਾਲ ਖੰਡ ਅੰਦਰ ਸਿੱਖਾਂ ਨੇ ਜਦ ਇਲਾਹੀ ਸ਼ਾਨ ਨਾਲ ਉਡਾਰੀ ਭਰੀ ਤਾਂ ਇਸ ‘ਉਡਾਰੀ’ ਦੀ ਰਮਜ਼ ਸਾਖੀਆਂ ਨੇ ਹੀ ਫੜ੍ਹੀ ਅਤੇ ਅਗਾਂਹ ਨੂੰ ਵੀ ਸਾਖੀਆਂ ਨੇ ਹੀ ਇਹ ਕਾਰਜ ਨੇਪਰੇ ਚਾੜ੍ਹਨਾ।

ਕਿਤਾਬ ਮੰਗਵਾਉਣ ਲਈ ਸੁਨੇਹਾ ਭੇਜੋ

ਜਦ ਭਾਈ ਦਲਜੀਤ ਸਿੰਘ ਹੋਰਾਂ ਨੇ ਸਾਡਿਆਂ ਸਮਿਆਂ ਦੇ ਸ਼ਾਨਾਂਮੱਤੇ ਸਿੱਖ ਸੰਘਰਸ਼ ਦੀ ਬਾਤ ਆਪਣੀਆਂ ਯਾਦਾਂ ਥਾਣੀ ਪਾਉਣੀ ਚਾਹੀ ਤਾਂ ਉਨ੍ਹਾਂ ਦੁਆਰਾ ਸੁੱਚੇ ਪਲਾਂ ਨੂੰ ਦਿੱਤੇ ਕਿਤਾਬੀ ਰੂਪ ਦਾ ਇਹ ਨਾਮ “ਖਾੜਕੂ ਸੰਘਰਸ਼ ਦੀ ਸਾਖੀ” ਬਿਲਕੁਲ ਢੁਕਵਾਂ ਲੱਗਿਆ। ਇਨ੍ਹਾਂ ਪਲਾਂ ਨੂੰ ਸਾਂਭਣ ਦਾ ਤਰੱਦਦ ਸਰਕਾਰ ਤੇ ਸਿੱਖ ਪੱਖ ਦੋਹਾਂ ਵੱਲੋਂ ਹੋਇਆ। ਲੱਗਭੱਗ ਇਕ ਦੋ ਸਿੱਖਾਂ ਦੀਆਂ ਲਿਖਤਾਂ ਛੱਡ ਬਾਕੀ ਸਾਰੇ ਦਾ ਸਾਰਾ ਕੰਮ ਘਟਨਾਵਾਂ ਦਾ ਜੋੜ-ਮੇਲ ਅਤੇ ਇਹਦੇ ਵਿੱਚੋਂ ਕੱਢੇ ਮਨਚਾਹੇ ਨਤੀਜੇ ਹੀ ਹਨ। ਕਿਸੇ ਵੀ ਲਿਖਤ ਨੇ ਉਹ ਸਮਝ ਸਾਡੇ ਸਾਹਮਣੇ ਨਾ ਰੱਖੀ ਜਿਸ ਕੋਲ ਇਨ੍ਹਾਂ ਸਮਿਆਂ ਨੂੰ ਪੜਚੋਲਣ ਦੀ ਕੋਈ ਡੂੰਘੀ ਨੀਝ ਹੋਵੇ। ਉਹੀ ਹਲਕੇ ਪੱਧਰ ਦੀ ਬਿਰਤਾਂਤ ਸਿਰਜਣਾ ਲਗਾਤਾਰ ਚੱਲਦੀ ਰਹੀ।

ਪਰ ਇਸ ਲਿਖਤ ਦੇ ਆਉਣ ਨਾਲ ਇਕ ਸੁਖਾਵਾਂ ਤੇ ਢੁਕਵਾਂ ਮੋੜ ਸਾਡੇ ਸਾਹਮਣੇ ਹਾਜ਼ਿਰ ਹੋਇਆ। ਇਸ ਲਿਖਤ ਦਾ ਮੁਕੰਮਲ ਪਾਠ ਤੁਹਾਨੂੰ ਇਕ ਵਿਲੱਖਣ ਪਰ ਸਿੱਖ ਨੁਕਤਾ ਨਿਗਾਹ ਤੋਂ ਮੌਲਿਕ ਇਤਿਹਾਸਿਕ ਸੂਝ ਦੇ ਸਨਮੁੱਖ ਖੜ੍ਹਾ ਕਰ ਦਏਗਾ। ਇੱਥੋਂ ਖੜ੍ਹ ਕੇ ਤੁਸੀਂ ਇਤਿਹਾਸ ਦੇ ਆਰ ਪਾਰ ਅਤੇ ਸਿੱਖ ਸੰਵੇਦਨਾ ਦੀਆਂ ਅਰਦਾਸ ਪਰੁਚੀਆਂ ਡੂੰਘਾਣਾਂ ਦੇ ਦਰਸ਼ਨ ਕਰੋਗੇ ਵੀ ਅਤੇ ਮਹਿਸੂਸ ਵੀ ਕਰੋਗੇ। ਵੱਡੀ ਗੱਲ ਇਹ ਹੈ ਕਿ ਇਸ ਕਿਤਾਬ ਦੇ ਕਰਤਾ (ਭਾਈ ਦਲਜੀਤ ਸਿੰਘ) ਖੁਦ ਇਸ ਖਾੜਕੂ ਸੰਘਰਸ਼ ਦੇ ਰਾਹਾਂ ਦੇ ਪਾਂਧੀ ਰਹੇ ਹਨ, ਸੋ ਭਲਾਂ ਇਹਨਾਂ ਪਲਾਂ ਦੀ ਸੂਖਮਤਾ ਨੂੰ ਉਨ੍ਹਾਂ ਤੋਂ ਬਿਨਾ ਹੋਰ ਕੌਣ ਐਨੀ ਖ਼ੂਬਸੂਰਤੀ ਨਾਲ ਸਾਂਭ ਸਕਦਾ ਸੀ। ਇਸ ਤਰਾਂ ਦੀਆਂ ਸਾਖੀਆਂ ਦੀ ਇੱਕ ਅਮੁੱਕ ਲੜੀ ਅਜੇ ਸ਼ਬਦਾਂ ਵਿੱਚ ਪਲਟਣ ਖੁਣੋ ਪਈ ਐ, ਆਸ ਹੈ ਇਹ ਲੜੀ ਜਾਰੀ ਰਹੇਗੀ…..