ਲੁਧਿਆਣਾ/ਪਟਿਆਲਾ: ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀਆਂ ਦੀਆਂ ਫਿਲਮਾਂ ਦੀ ਮਨਾਹੀ ਬਾਰੇ ਸਿਧਾਂਤਕ ਪੱਖ ਪੇਸ਼ ਕਰਦੀ ਨਵੀਂ ਕਿਤਾਬ “ਖਾਲਸਾ ਬੁੱਤ ਨਾ ਮਾਨੈ ਕੋਇ” ਬੀਤੇ ਕੱਲ੍ਹ ਭਾਈ ਦਲਜੀਤ ਸਿੰਘ, ਭਾਈ ਮਨਧੀਰ ਸਿੰਘ ਭਾਈ ਪਲਵਿੰਦਰ ਸਿੰਘ, ਬਿਬੇਕਗੜ੍ਹ ਪ੍ਰਕਾਸ਼ਨ ਤੋਂ ਅਮਰਿੰਦਰ ਸਿੰਘ ਅਤੇ ਰਣਜੀਤ ਸਿੰਘ ਵੱਲੋਂ ਜਾਰੀ ਕੀਤੀ ਗਈ। ਇਸ ਕਿਤਾਬ ਨੂੰ ਜਾਰੀ ਕਰਨ ਮੌਕੇ ਇਸ ਕਿਤਾਬ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਵੀ ਹਾਜਰ ਸਨ। ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੋਜਾਰਥੀ ਰਵਿੰਦਰਪਾਲ ਸਿੰਘ ਅਤੇ ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਗਾਜ਼ੀ ਨੇ ਇਹ ਕਿਤਾਬ ਸਾਂਝੇ ਰੂਪ ਵਿੱਚ ਸੰਪਾਦਿਤ ਕੀਤੀ ਹੈ।
ਇਸ ਕਿਤਾਬ ਵਿੱਚ ਗੁਰੂ ਸਾਹਿਬ, ਗੁਰੂ ਸਾਹਿਬ ਦੇ ਮਾਤਾ ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬ ਦੇ ਸੰਗੀ ਗੁਰਸਿੱਖਾਂ ਅਤੇ ਸ਼ਹੀਦਾਂ ਦਾ ਸਵਾਂਗ ਰਚਦੀਆਂ ਫਿਲਮਾਂ ਦੀ ਮਨਾਹੀ ਬਾਰੇ ਸਿਧਾਂਤਕ ਪੱਖ ਪੇਸ਼ ਕਰਦੀਆਂ ਲਿਖਤਾਂ ਛਾਪੀਆਂ ਗਈਆਂ ਹਨ।
ਕਿਤਾਬ ਦੇ ਸੰਪਾਦਕਾਂ ਰਵਿੰਦਰਪਾਲ ਸਿੰਘ ਅਤੇ ਪਰਮਜੀਤ ਸਿੰਘ ਗਾਜ਼ੀ ਨੇ ਕਿਹਾ ਕਿ ਇਨ੍ਹਾਂ ਫਿਲਮਾਂ ਦਾ ਮਸਲਾ ਸਾਲ 2005 ਤੋਂ ਹੀ ਸਮੇਂ-ਸਮੇਂ ਸਿਰ ਉਠਾ ਰਿਹਾ ਹੈ ਅਤੇ ਇਹਨਾਂ ਸਵਾਂਗਾਂ ਦੀ ਮਨਾਹੀ ਬਾਰੇ ਸਿਧਾਂਤਕ ਪੱਖ ਕਈ ਸਿੱਖ ਚਿੰਤਕ ਅਤੇ ਵਿਚਾਰਵਾਨਾਂ ਵੱਲੋਂ ਆਪਣੀਆਂ ਲਿਖਤਾਂ ਵਿੱਚ ਪੇਸ਼ ਕੀਤਾ ਜਾਂਦਾ ਰਿਹਾ ਹੈ। ਅਸੀਂ ਇਸ ਪੱਖ ਨੂੰ ਬੱਝਵੇਂ ਰੂਪ ਵਿਚ ਇਕ ਥਾਂ ਪੇਸ਼ ਕਰਨ ਲਈ ਇਹ ਕਿਤਾਬ ਸੰਪਾਦਿਤ ਕੀਤੀ ਹੈ।
ਬਿਬੇਕਗੜ੍ਹ ਪ੍ਰਕਾਸ਼ਨ ਤੋਂ ਅਮਰਿੰਦਰ ਸਿੰਘ ਅਤੇ ਰਣਜੀਤ ਸਿੰਘ ਨੇ ਕਿਹਾ ਕਿ ਇਹ ਕਿਤਾਬ ਦੀ ਭੂਮਿਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਅਧਿਆਪਕ ਡਾ. ਸਿਕੰਦਰ ਸਿੰਘ ਵੱਲੋਂ ਲਿਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਕਿਤਾਬ ਬਿਬੇਕਗੜ੍ਹ ਪ੍ਰਕਾਸ਼ਨ ਦੀ ਵੈਬਸਾਈਟ https://www.bibekgarhpublication.com ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾਈ ਜਾ ਸਕਦੀ ਹੈ।
ਇਹ ਕਿਤਾਬ ਤੁਸੀਂ ਸਿੱਖ ਸਿਆਸਤ ਰਾਹੀਂ ਵੀ ਦੁਨੀਆਂ ਭਰ ਵਿਚ ਕਿਤੇ ਵੀ ਹਾਸਲ ਕਰ ਸਕਦੇ ਹੋ। ਕਿਤਾਬ ਹਾਸਲ ਕਰਨ ਲਈ ਇਹ ਤੰਦ ਛੂਹ ਕੇ ਸੁਨੇਹਾ ਭੇਜ ਦਿਓ ਜੀ – https://wa.me/c/918968225990/ .