ਖਬਰਨਾਮਾ

ਪੰਜਾਬ ਸਰਕਾਰ ਦੇ ਹੁਕਮਾਂ ਅਤੇ ਆਪਣੇ ਮਨੋਰਥ ਨੂੰ ਟਿੱਚ ਜਾਣਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ

By ਗੋਸਟਿ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ

January 31, 2023

ਚੰਡੀਗੜ੍ਹ :-  ਪੰਜਾਬੀ ਯੂਨੀਵਰਸਿਟੀ, ਪਟਿਆਲਾ ਪੰਜਾਬੀ ਭਾਖਾ, ਸੱਭਿਆਚਾਰ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਵਾਸਤੇ ਹੋਂਦ ਵਿੱਚ ਆਈ ਸੀ। ਇਸ ਅਦਾਰੇ ਦਾ ਮੁੱਖ ਮਨੋਰਥ ਪੰਜਾਬੀ ਭਾਖਾ ਨੂੰ ਸੰਚਾਰ ਦੇ ਮਾਧਿਅਮ ਵਜੋਂ ਸਥਾਪਤ ਕਰਨਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਯੂਨੀਵਰਸਿਟੀ ਆਪਣੇ ਮੂਲ ਉਦੇਸ਼ ਤੋਂ ਦੂਰ ਹੁੰਦੀ ਨਜਰ ਆ ਰਹੀ ਹੈ ਜਾਂ ਇਹ ਕਹਿ ਲਓ ਕਿ ਯੂਨੀਵਰਸਿਟੀ ਨੂੰ ਅੰਗਰੇਜੀ ਭਾਸ਼ਾ ਦੀ ਪਿਉਂਦ ਚੜਦੀ ਨਜਰ ਆ ਰਹੀ ਹੈ। ਇਸ ਦੀ ਇੱਕ ਪਰਤੱਖ ਮਿਸਾਲ ਯੂਨੀਵਰਸਿਟੀ ਵੱਲੋਂ ਬਣਾਏ ਜਾਂਦੇ ਵਿਦਿਆਰਥੀਆ ਦੇ ਸ਼ਨਾਖਤ ਕਾਡ ਹਨ ਜਿਸ ਉੱਪਰ ਪੰਜਾਬੀ ਯੂਨੀਵਰਸਿਟੀ ਦਾ ਨਾਂ ਤਾਂ ਪੰਜਾਬੀ ਵਿੱਚ ਲਿਖਿਆ ਹੈ ਪਰ ਵਿਦਿਆਰਥੀ ਦੀ ਸਾਰੀ ਜਾਣਕਾਰੀ ( ਵਿਦਿਆਰਥੀ ਦਾ ਨਾਂ , ਜਮਾਤ, ਰੋਲ ਨੰਬਰ, ਮਹਿਕਮਾ, ਜਨਮ ਮਿਤੀ, ਮਾਂ/ਪਿਉ ਦਾ ਨਾਂ ਅਤੇ ਪਤਾ )ਸਭ ਅੰਗਰੇਜੀ ਭਾਖਾ ਵਿੱਚ ਲਿਖੀ ਹੋਈ ਹੈ ਜਿਸਤੋਂ ਇਹ ਗੱਲ ਸਾਫ ਹੁੰਦੀ ਹੈ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਕਿੰਨਾ ਕੁ ਯੋਗਦਾਨ ਪਾ ਰਹੀ ਹੈ। ਜੇਕਰ ਪੰਜਾਬੀ ਯੂਨੀਵਰਸਿਟੀ ਦੇ ਪੁਰਾਣੇ ਸ਼ਨਾਖਤੀ ਕਾਰਡਾਂ ਦੀ ਗੱਲ ਕਰੀਏ ਤਾਂ ਉਸ ਵਿੱਚ ਪੰਜਾਬੀ ਅਤੇ ਅੰਗਰੇਜੀ ਦੋਵੇਂ ਬੋਲੀਆਂ ਵਿੱਚ ਵਿਦਿਆਰਥੀ ਦੀ ਜਾਣਕਾਰੀ ਲਿਖੀ ਹੋਈ ਮਿਲਦੀ ਸੀ ਙ ਉਸ ਵਿੱਚ ਵਿਦਿਆਰਥੀ ਦੀ ਮਰਜੀ ਹੁੰਦੀ ਸੀ ਕਿ ਕਿਸ ਬੋਲੀ ਨੂੰ ਪਹਿਲ ਦੇਣੀ ਹੈ ਪਰ ਹੁਣ ਜਦੋਂ ਤੋਂ ਪੰਜਾਬੀ ਯੂਨੀਵਰਸਿਟੀ ਦਾ ਦਾਖਲਾ ਸੈੱਲ ਆਪ ਇਹ ਸ਼ਨਾਖਤੀ ਕਾਰਡ ਬਣਾਕੇ ਵਿਦਿਆਰਥੀਆਂ ਨੂੰ ਦੇ ਰਿਹਾ ਹੈ ਤਾਂ ਉਸਨੇ ਪੰਜਾਬੀ ਭਾਖਾ ਨੂੰ ਵਿਸਾਰ ਹੀ ਦਿੱਤਾ ਹੈ।

ਇਹ ਸਭ ਕੁਝ ਓਦੋਂ ਵਾਪਰ ਰਿਹਾ ਹੈ ਜਦੋਂ ਪੰਜਾਬ ਦਾ ਸੂਬੇਦਾਰ ਕੁਝ ਸਮਾਂ ਪਹਿਲਾਂ ਇਹ ਦਾਅਵਾ ਕਰ ਚੁੱਕਾ ਹੈ ਕਿ 21 ਫਰਵਰੀ 2023( ਕੌਮਾਤਰੀ ਮਾਂ ਬੋਲੀ ਦਿਹਾੜੇ ) ਤੱਕ ਪੰਜਾਬ ਵਿੱਚ ਸਾਰੇ ਪਾਸੇ ਪੰਜਾਬੀ ਬੋਲੀ ਹੀ ਨਜਰ ਆਵੇਗੀ ਪਰ ਪੰਜਾਬ ਸਰਕਾਰ ਦੀ ਇਹ ਪੰਜਾਬੀ ਯੂਨੀਵਰਸਿਟੀ ਜਿਸਦਾ ਇਹ ਉਦੇਸ਼ ਤੇ ਫਰਜ ਸੀ ਕਿ ਪੰਜਾਬੀ ਬੋਲੀ ਦੀ ਗੱਲ ਨੂੰ ਯੂਨੀਵਰਸਿਟੀ ਦੀ ਚਾਰ ਦੁਆਰੀ ਤੋਂ ਬਾਹਰ ਲੈਕੇ ਜਾਣਾ ਸੀ ਪਰ ਉਹ ਇਸ ਚਾਰ ਦੁਆਰੀ ਦੇ ਅੰਦਰ ਪੜਨ ਆਏ ਵਿਦਿਆਰਥੀਆਂ ਦੇ ਸ਼ਨਾਖਤੀ ਕਾਰਡ ਵੀ ਪੰਜਾਬੀ ਭਾਖਾ ਵਿੱਚ ਨਹੀਂ ਬਣਾ ਸਕੀ ਉਸ ਤੋਂ ਹੋਰ ਕੀ ਆਸ ਕੀਤੀ ਜਾ ਸਕਦੀ। ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਿਸੇ ਵੀ ਅਦਾਰੇ (ਸਰਕਾਰੀ/ਗੈਰ ਸਰਕਾਰੀ) ਦਾ ਸ਼ਨਾਖਤੀ ਕਾਰਡ ਹੀ ਮੁੱਢਲਾ ਪਛਾਣ ਚਿੰਨ ਹੁੰਦਾ ਹੈ ਜੇਕਰ ਉਹ ਮਾਂ ਬੋਲੀ ਵਿੱਚ ਨਹੀਂ ਤਾਂ ਬਾਕੀ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।