ਇਤਿਹਾਸ

ਇਤਿਹਾਸ ਨੂੰ ਖੁਦ ਨੂੰ ਦਹੁਰਾਉਂਦਿਆਂ ਅਸੀਂ ਆਪਣੀ ਅੱਖੀਂ ਵੇਖ ਰਹੇ ਹਾਂ

By ਪਰਮਜੀਤ ਸਿੰਘ ਗਾਜ਼ੀ

November 27, 2020

ਅਸੀਂ ਅਕਸਰ ਕਹਿੰਦੇ ਸੁਣਦੇ ਹਾਂ ਕਿ ੧੮ਵੀਂ ਸਦੀ ਦਾ ਸਮਾਂ ਸਿੱਖਾਂ ਲਈ ਔਕੜਾਂ ਭਰਿਆ ਸੀ ਪਰ ਉਹੀ ਸਮਾਂ ਸਿੱਖਾਂ ਦੇ ਇਤਿਹਾਸ ਦਾ ਸ਼ਾਨਾਂਮੱਤਾ ਦੌਰ ਵੀ ਸੀ। ਹਕੂਮਤ ਸਿੰਘ ਦੀ ਵੈਰੀ, ਵੇਖਦਿਆਂ ਹੀ ਸਿੱਖ ਨੂੰ ਕਤਲ ਕਰ ਦੇਣ ਦੇ ਫੁਰਮਾਨ, ਸਿੱਖਾਂ ਦੇ ਸਿਰ ਬਦਲੇ ਇਨਾਮ, ਸਿੰਘ ਕਈ ਕਈ ਦਿਨ ਭੁੱਖਣ-ਭਾਣੇ ਰਹਿੰਦੇ ਪਰ ਫਿਰ ਵੀ ਜਦੋਂ ਕਦੇ ਮੌਕਾ ਮਿਲਣ ਤੇ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਹਰ ਕਿਸੇ ਲੋੜਵੰਦ ਲਈ ਹੋਕਰਾ ਦਿੰਦੇ।

ਅੱਜ ਦੇ ਸਮੇਂ ਤੱਕ ਸਿੱਖਾਂ ਚ ਬਹੁਤ ਤਬਦੀਲੀ ਆ ਗਈ ਹੈ ਪਰ ਫਿਰ ਵੀ ਸਿੱਖਾਂ ਵਿੱਚ ਆਪਣੇ ਅਸਲ ਆਪੇ ਦੇ ਨਕਸ਼ ਕਾਇਮ ਹਨ।

ਪੰਜਾਬ ਦੇ ਕਿਰਸਾਨਾਂ ਨੇ ਬੀਤੇ ਦਿਨ ਦਿੱਲੀ ਵੱਲ ਕੂਚ ਕੀਤਾ ਤਾਂ ਦਿੱਲੀ ਦੇ ਸੂਬੇਦਾਰਾਂ ਅਤੇ ਕਰਿੰਦਿਆਂ ਨੇ ਉਹਨਾਂ ਦੇ ਰਾਹ ਵਿੱਚ ਹਰ ਔਕੜ ਖੜ੍ਹੀ ਕੀਤੀ। ਇਹ ਵਹੀਰ ਦਾ ਵੇਗ ਤੇ ਸਿਰੜ ਇੰਨਾ ਜੋਰਾਵਰ ਸੀ ਕਿ ਦਿੱਲੀ ਦੇ ਅੜਿੱਕੇ ਆਖਿਰ ਇਸ ਨੂੰ ਰਾਹ ਦੇ ਗਏ। ਜਿੱਥੇ ਦਿੱਲੀ ਦੇ ਕਰਿੰਦਿਆਂ ਕਈ ਥਾਈਂ ਪੰਜਾਬ ਦੇ ਜਾਇਆਂ ਦੇ ਇਹਨਾਂ ਜਥਿਆਂ ਉੱਤੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਓਥੇ ਪੰਜਾਬ ਦੇ ਵਿਰਸੇ ਦੇ ਵਾਰਿਸਾਂ ਨੇ ਦਿੱਲੀ ਦੇ ਲੋੜਵੰਦ ਕਰਿੰਦਿਆਂ ਨੂੰ ਪਾਣੀ ਪਿਆਇਆ ਤੇ ਲੰਗਰ ਸ਼ਕਾਇਆ।

ਅਖੀਰ ਅੱਜ ਇਹ ਕਾਫਿਲਾ ਆਪਣੇ ਐਲਾਨ ਮੁਤਾਬਿਕ ਦਿੱਲੀ ਦਾਖਿਲ ਹੋ ਗਿਆ।

ਇਹ ਪ੍ਰਤੱਖ ਕਲਾ ਵਾਪਰੀ ਹੈ ਤੇ ਇਤਿਹਾਸ ਨੂੰ ਖੁਦ ਨੂੰ ਦਹੁਰਾਉਂਦਿਆਂ ਅਸੀਂ ਆਪਣੀ ਅੱਖੀਂ ਵੇਖ ਰਹੇ ਹਾਂ।