ਸਿੱਖ ਖਬਰਾਂ

ਕੈਨੇਡਾ ਦੇ ਸਿਨੇਮਿਆਂ ਵਿੱਚ ਨਹੀਂ ਲੱਗੇਗੀ ਵਿਵਾਦਤ ਫਿਲਮ ਦਾਸਤਾਨ-ਏ-ਸਰਹੰਦ; ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਜਾਰੀ

By ਸਿੱਖ ਪੱਖ ਜਥਾ

November 25, 2022

ਓਨਟਾਰੀਓ/ਪਟਿਆਲਾ: ਕੈਨੇਡਾ ਵਿਚਲੇ ਸਿੱਖ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਉੱਦਮ ਸਦਕਾ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ਵਿਵਾਦਤ ਫਿਲਮ ਦਾਸਤਾਨ-ਏ-ਸਰਹੰਦ ਕਨੇਡਾ ਦੇ ਸਿਨੇਮਿਆਂ ਵੱਲੋਂ ਨਹੀਂ ਚਲਾਈ ਜਾਵੇਗੀ।

ਇਸ ਗੱਲ ਦੀ ਜਾਣਕਾਰੀ ਬੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਭਾਈ ਮੋਨਿੰਦਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਗੁਰੂ ਸਾਹਿਬਾਨ, ਗੁਰੂ ਕੇ ਮਹਿਲ ਅਤੇ ਸਾਹਿਬਜ਼ਾਦਿਆਂ ਦੇ ਸਵਾਂਗ ਰਚਦੀਆਂ ਫਿਲਮਾਂ ਨੂੰ ਰੋਕਣ ਵਾਸਤੇ ਸਿੱਖ ਸੰਗਤਾਂ ਵੱਲੋਂ ਵੱਡੇ ਪੱਧਰ ਉੱਤੇ ਮੁਜਾਹਰੇ ਹੁੰਦੇ ਰਹੇ ਹਨ। ਨਾਨਕ ਸ਼ਾਹ ਫਕੀਰ ਅਤੇ ਮਦਰਹੁੱਡ ਵਰਗੀਆਂ ਫਿਲਮਾਂ ਕੈਨੇਡਾ ਵਿੱਚ ਸੰਗਤ ਵੱਲੋਂ ਖਾਸ ਉਪਰਾਲੇ ਕਰਕੇ ਰੋਕੀਆਂ ਗਈਆਂ ਸਨ।

ਭਾਈ ਮਨਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਅਸੀਂ ਕੈਨੇਡਾ ਦੇ ਸਿਨੇਮਾਘਰਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਇਹ ਫਿਲਮ ਨਾ ਚਲਾਉਣ ਵਾਸਤੇ ਕਿਹਾ ਹੈ। ਜਿਸ ਨੂੰ ਸਹਿਮਤੀ ਦਿੰਦਿਆਂ ਕਨੇਡਾ ਦੇ ਸਿਨੇਮਿਆਂ ਨੇ ਵਿਵਾਦਤ ਫਿਲਮ ਦਾਸਤਾਨ-ਏ-ਸਰਹੰਦ ਨਾ ਚਲਾਉਣ ਦਾ ਐਲਾਨ ਕਰ ਦਿੱਤਾ ਹੈ।

ਦੱਸ ਦੇਈਏ ਕਿ ਪੰਜਾਬ ਵਿਚ ਵੀ ਸੁਹਿਰਦ ਸੰਗਤਾਂ ਵੱਲੋਂ ਇਸ ਵਿਵਾਦਤ ਫਿਲਮ ਨੂੰ ਰੋਕਣ ਵਾਸਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ।

ਸਿੱਖ ਸੰਗਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਨੂੰ ਅਜਿਹੀਆਂ ਫਿਲਮਾਂ ਜਿਨ੍ਹਾਂ ਵਿੱਚ ਗੁਰੂ ਸਾਹਿਬਾਨ, ਗੁਰੂ ਸਾਹਿਬ ਦੇ ਮਾਤਾ-ਪਿਤਾ, ਗੁਰੂ ਕੇ ਮਹਿਲ, ਸਾਹਿਬਜ਼ਾਦੇ, ਗੁਰੂ ਸਾਹਿਬ ਦੇ ਸੰਗੀ ਗੁਰਸਿੱਖਾਂ ਅਤੇ ਸ਼ਹੀਦਾਂ ਦੇ ਸਵਾਂਗ ਰਚੇ ਗਏ ਹੋਣ, ਦੀ ਪੱਕੀ ਮਨਾਹੀ ਕਰਦਾ ਹੁਕਮਨਾਮਾ ਜਾਰੀ ਕਰਨ ਵਾਸਤੇ ਕਿਹਾ ਜਾ ਰਿਹਾ ਹੈ। ਸੰਗਤਾਂ ਵੱਲੋਂ ਪੰਜਾਬ ਸਰਕਾਰ ਨੂੰ ਵੀ ਦਾਸਤਾਨ-ਏ-ਸਰਹੰਦ ਫਿਲਮ ਉਤੇ ਪਾਬੰਦੀ ਲਾਉਣ ਲਈ ਕਿਹਾ ਜਾ ਰਿਹਾ ਹੈ।