ਨਜ਼ਰੀਆ

ਪਾਕਿਸਤਾਨ ‘ਤੇ ਬਾਈਡਨ ਦੀ ਟਿਪਣੀ ਅਤੇ ਸਿੱਖ ਸੰਦਰਭ

By ਡਾ. ਸਿਕੰਦਰ ਸਿੰਘ

October 21, 2022

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਪਾਕਿਸਤਾਨ ਨੂੰ ਪ੍ਰਮਾਣੂ ਹਥਿਆਰ ਸਾਂਭ ਰੱਖਣ ਤੋਂ ਅਯੋਗ ਕਹਿ ਕੇ ਸਭ ਤੋਂ ‘ਦੁਨੀਆ ਦਾ ਖ਼ਤਰਨਾਕ ਰਾਸ਼ਟਰ’ ਕਿਹਾ ਹੈ। ਪਹਿਲੀ ਨਜ਼ਰੇ ਇਹ ਬਿਆਨ ਕਿਸੇ ਭਾਰਤੀ ਰਾਜਨੇਤਾ ਦੇ ਬਿਆਨ ਵਰਗਾ ਜਾਪਿਆ ਪਰ ਦੁਨੀਆ ਦੀ ਸਭ ਤੋਂ ਸਿਖਰਲੀ ਤਾਕਤ ਅਮਰੀਕਾ ਦੇ ਰਾਸ਼ਟਰਪਤੀ ਦਾ ਹੈ। ਅਮਰੀਕਾ ਉਹ ਹੈ ਜਿੱਥੋਂ ਦੁਨੀਆ ਦੀ ਸਿਆਸਤ ਘੁੰਮਦੀ ਹੈ। ਘੱਟੋ ਘੱਟ ਦੱਖਣੀ ਏਸ਼ੀਆ ਦੀ ਸਿਆਸਤ ਵਿੱਚ ਤਾਂ ਬਿਲਕੁਲ ਇਹੀ ਸੱਚ ਹੈ। ਅਮਰੀਕੀ ਰਾਸ਼ਟਰਪਤੀ ਨੇ ਕੇਵਲ ਇਹੀ ਨਹੀਂ ਸਗੋਂ ਨਾਲ ਇਹ ਵੀ ਆਖਿਆ ਕਿ ਹੁਣ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ‘ਦੇਸ਼ ਆਪਣੀਆਂ ਭਾਈਵਾਲੀਆਂ ਬਾਰੇ ਨਵੇਂ ਸਿਰਿਓਂ ਸੋਚ ਰਹੇ ਹਨ, ਸੰਸਾਰ ਅਮਰੀਕਾ ਵੱਲ ਦੇਖ ਰਿਹਾ ਹੈ, ਇਹ ਚੁਟਕਲਾ ਨਹੀਂ ਸਗੋਂ ਅਮਰੀਕਾ ਦੇ ਦੁਸ਼ਮਣ ਵੀ ਅਮਰੀਕਾ ਵੱਲ ਵੇਖ ਰਹੇ ਹਨ। ਬਾਈਡਨ ਨੇ ਕਿਹਾ ਕਿ ਅਮਰੀਕਾ ਕੋਲ ਦੁਨੀਆ ਦੀ ਅਗਵਾਈ ਕਰਨ ਦੀ ਸਮਰੱਥਾ ਹੈ ਜਿਹੜੀ ਪਹਿਲਾਂ ਕਦੇ ਨਹੀਂ ਸੀ। ਕਿਸੇ ਨੇ ਕਦੇ ਇਹ ਸੋਚਿਆ ਸੀ ਕਿ ਅਸੀਂ ਅਜਿਹੀ ਹਾਲਤ ਵਿੱਚ ਪਹੁੰਚ ਜਾਵਾਂਗੇ ਜਿੱਥੇ ਚੀਨ ਆਪਣੀ ਭੂਮਿਕਾ ਪਰਸਪਰ ਰੂਸ, ਭਾਰਤ ਅਤੇ ਪਾਕਿਸਤਾਨ ਨਾਲ ਅੰਕਣ ਲੱਗ ਜਾਵੇਗਾ।’ ਇਸ ਤੋਂ ਬਾਅਦ ਰੂਸ ਚੀਨ ਅਤੇ ਉੱਥੋਂ ਦੇ ਮੂਲ ਮੁੱਖ ਆਗੂਆਂ ਬਾਰੇ ਕੁਝ ਗੱਲਬਾਤ ਤੋਂ ਬਾਅਦ ਉਸ ਨੇ ਪਾਕਿਸਤਾਨ ਬਾਰੇ ਦੁਨੀਆ ਭਰ ਵਿੱਚ ਸਭ ਤੋਂ ਖ਼ਤਰਨਾਕ ਨੇਸ਼ਨ ਬਾਰੇ ਗੱਲ ਆਖੀ। ਬਾਈਡਨ ਦੀ ਸਾਰੀ ਗੱਲਬਾਤ ਦੱਖਣੀ ਏਸ਼ੀਆ ਦੀ ਭੂ-ਸਿਆਸੀ ਵਿਉਂਤਬੰਦੀ ਦੇ ਪ੍ਰਸੰਗ ਵਿੱਚ ਸੀ।

ਹੁਣ ਤਕ ਦੱਖਣੀ ਏਸ਼ੀਆ ਵਿੱਚ ਪਾਕਿਸਤਾਨ ਅਮਰੀਕਾ ਦੇ ਸਭ ਤੋਂ ਨੇੜਲੇ ਭਾਈਵਾਲਾਂ ਵਿੱਚੋਂ ਇਕ ਰਿਹਾ ਹੈ। ਜਿਸ ਪ੍ਰਸੰਗ ਅਰਥਾਤ ਪ੍ਰਮਾਣੂ ਹਥਿਆਰਾਂ ਬਾਰੇ ਗੱਲ ਕਰਦਿਆਂ ਹੋਇਆਂ ਉਸ ਨੇ ਖ਼ਤਰਨਾਕ ਦਾ ਲਕਬ ਦਿੱਤਾ ਉਸ ਵਿੱਚ ਵਧੇਰੇ ਭੂਮਿਕਾ ਅਮਰੀਕਾ ਅਤੇ ਉਸ ਦੇ ਭਾਈਵਾਲ ਖੇਮੇ ਦੀ ਰਹੀ ਹੈ। ੧੯੫੬ ਵਿੱਚ ਪਾਕਿਸਤਾਨ ਪਹਿਲੀ ਵਾਰ ਅਮਰੀਕਾ ਦੇ ਪ੍ਰੋਗਰਾਮ ‘ਐਟਮਜ਼ ਫਾਰ ਪੀਸ’ ਦਾ ਭਾਗੀਦਾਰ ਬਣਿਆ ਸੀ। ੧੯੬੦ ਵਿੱਚ ਪਾਕਿਸਤਾਨ ਨੇ ਪਰਮਾਣੂ ਬਾਬਤ ‘ਜਨੀਵਾ ਪ੍ਰੋਟੋਕੋਲ’ ‘ਤੇ ਵੀ ਸਹੀ ਪਾਈ ਹੋਈ ਹੈ। ੧੯੭੧ ਵਿਚ ਬੰਗਲਾਦੇਸ਼ ਗੁਆਉਣ ਤੋਂ ਬਾਅਦ ਮੁਲਤਾਨ ਬੈਠਕ ਵਿੱਚ ਭੁੱਟੋ ਨੇ ਵਿਗਿਆਨੀਆਂ ਅਤੇ ਇੰਜਨੀਅਰਾਂ ਨਾਲ ਇਸ ਬਾਬਤ ਗੱਲਬਾਤ ਕੀਤੀ ਸੀ। ਇੱਕ ਲੰਮੀ ਕਵਾਇਦ ਜਿਸ ਵਿੱਚ ਪੱਛਮੀ ਦੇਸ਼ਾਂ ਨੇ ਹੀ ਪਾਕਿਸਤਾਨ ਨੂੰ ਸਹਿਯੋਗ ਅਤੇ ਸਮੱਗਰੀ ਦਿੱਤੀ ਸੀ। ੧੯੯੮ ਵਿੱਚ ਪਾਕਿਸਤਾਨ ਨੇ ਪਹਿਲੀ ਵਾਰੀ ਪ੍ਰਮਾਣੂ ਹਥਿਆਰ ਦੀ ਪਰਖ ਕੀਤੀ। ਇੰਟਰਨੈਸ਼ਨਲ ਅਟਾਮਿਕ ਐਨਰਜੀ ਏਜੰਸੀ ਦੇ ਅਧਿਕਾਰੀ ਮੁਨੀਰ ਅਹਿਮਦ ਖਾਨ ਨੇ ਭਾਰਤ ਦੇ ਭਾਭਾ ਅਟਾਮਿਕ ਰਿਸਰਚ ਸੈਂਟਰ ਬਾਰੇ ਭੁੱਟੋ ਨੂੰ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪਰਮਾਣੂ ਹਥਿਆਰ ਬਣਾਉਣ ਬਾਰੇ ਪੱਕਾ ਫ਼ੈਸਲਾ ਕਰ ਲਿਆ ਸੀ।

ਪਾਕਿਸਤਾਨ ਪਰਮਾਣੂ ਅਤੇ ਹੋਰ ਹਥਿਆਰਾਂ ਨੂੰ ਬਣਾਉਣ ਵਰਤਣ ਦੇ ਮਾਮਲੇ ਵਿਚ ਲਗਪਗ ਸਦਾ ਹੀ ਅਮਰੀਕਾ ਨਾਲ ਜੁਡ਼ਿਆ ਰਿਹਾ। ਅਮਰੀਕੀ ਰਾਸ਼ਟਰਪਤੀ ਦੇ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਦੇ ਰਾਜਨੀਤਕ ਆਗੂ, ਡਿਪਲੋਮੈਟ ਸਾਰੇ ਹੀ ਹਰਕਤ ਵਿੱਚ ਆ ਗਏ ਅਤੇ ਉਨ੍ਹਾਂ ਨੇ ਬੜੀ ਹੈਰਾਨੀ ਪ੍ਰਗਟਾਈ। ਪਹਿਲੀ ਵਾਰ ਪ੍ਰਮਾਣੂ ਹਥਿਆਰ ਪਰਖਣ ਵੇਲੇ ਦੇ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੇ ਪਾਕਿਸਤਾਨ ਨੂੰ ਜ਼ਿੰਮੇਵਾਰ ਪਰਮਾਣੂ ਦੇਸ਼ ਆਖਣ ਦੇ ਨਾਲ ਨਾਲ ਇਹ ਵੀ ਕਿਹਾ ਪਾਕਿਸਤਾਨੀ ਪਰਮਾਣੂ ਪ੍ਰੋਗਰਾਮ ਕਿਸੇ ਦੇਸ਼ ਲਈ ਖਤਰਾ ਨਹੀਂ ਸਗੋਂ ਬਾਕੀ ਆਜ਼ਾਦ ਦੇਸ਼ਾਂ ਵਾਂਗ ਪਾਕਿਸਤਾਨ ਦੇ ਖ਼ੁਦਮੁਖਤਿਆਰ, ਪ੍ਰਭੂਸੱਤਾ ਰਾਜ ਅਤੇ ਅੰਦਰੂਨੀ ਏਕਤਾ ਬਣਾਈ ਰੱਖਣ ਲਈ ਜ਼ਰੂਰੀ ਹੱਕ ਹੈ। ੧੯੯੯ ਵਿਚ ਪ੍ਰਮਾਣੂ ਪ੍ਰੋਗਰਾਮ ਦੀ ਪਹਿਲੀ ਵਰ੍ਹੇਗੰਢ ਵੇਲੇ ਵੀ ਨਵਾਜ਼ ਸ਼ਰੀਫ਼ ਨੇ ਆਖਿਆ ਸੀ ਕਿ ਪਾਕਿਸਤਾਨ ਪ੍ਰਮਾਣੂ ਹਥਿਆਰਾਂ ਦੀ ਸਭ ਤੋਂ ਮਜ਼ਬੂਤ ਸੁਰੱਖਿਆ ਵਾਲਾ ਦੇਸ਼ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੋ ਗੱਲਾਂ ਬਾਈਡਨ ਨੂੰ ਪੁੱਛੀਆਂ ਹਨ, ਇਕ, ਉਸ ਨੇ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਬਾਰੇ ਇਹ ਰਾਏ ਕਿਸ ਜਾਣਕਾਰੀ ਦੇ ਆਧਾਰ ਤੇ ਬਣਾਈ ਹੈ, ਦੂਜੀ, ਸੰਸਾਰ ਭਰ ਦੀਆਂ ਜੰਗਾਂ ਵਿੱਚ ਸ਼ਾਮਲ ਤਾਂ ਅਮਰੀਕਾ ਰਿਹਾ ਹੈ ਪਾਕਿਸਤਾਨ ਤਾਂ ਪ੍ਰਮਾਣੂ ਦੇ ਖ਼ਿਲਾਫ਼ ਰਿਹਾ ਹੈ। ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੀ ਸਾਬਕਾ ਰਾਜਦੂਤ ਮਲੀਹਾ ਲੋਧੀ ਨੇ ਆਖਿਆ ਕਿ ਕੌਮਾਂਤਰੀ ਏਜੰਸੀਆਂ ਅਨੇਕਾਂ ਵਾਰੀ ਪਾਕਿਸਤਾਨ ਦੇ ਪ੍ਰਮਾਣੂ ਪ੍ਰਬੰਧ ਦਾ ਮੁਆਇਨਾ ਕਰ ਚੁੱਕੀਆਂ ਹਨ। ਇਸ ਤੇ ਪਾਕਿਸਤਾਨ ਨੇ ਅਮਰੀਕਾ ਦਾ ਰਾਜਦੂਤ ਵੀ ਤਲਬ ਕਰ ਲਿਆ ਹੈ। ਲਗਪਗ ਸਾਰੇ ਹੀ ਨਵੇਂ ਪੁਰਾਣੇ ਰਾਜਨੇਤਾਵਾਂ ਨੇ ਇਸ ‘ਤੇ ਪਾਕਿਸਤਾਨ ਦੇ ਪੱਖ ਵਿਚ ਕੋਈ ਨਾ ਕੋਈ ਗੱਲ ਆਖੀ ਹੈ। ਪਾਕਿਸਤਾਨ ਦੇ ਊਰਜਾ ਮੰਤਰੀ ਨੇ ਤਾਂ ਬਾਈਡਨ ਦੇ ਇਸ ਬਿਆਨ ਨੂੰ ਨਿਰਆਧਾਰ ਆਖਿਆ ਹੈ।

ਸਾਡੇ ਲਈ ਵਿਚਾਰਨ ਵਾਲੀ ਗੱਲ ਇਹ ਹੈ ਕਿ ਅਮਰੀਕਾ ਜੋ ਹੁਣ ਤਕ ਪਾਕਿਸਤਾਨ ਦਾ ਹਰ ਪੱਖ ਤੋਂ ਭਾਈਵਾਲ ਰਿਹਾ ਉਹ ਇਸ ਤਰ੍ਹਾਂ ਕਿਵੇਂ ਪਲਟ ਗਿਆ? ਬਾਈਡਨ ਨੇ ਬੇਸ਼ਕ ਇਹ ਕਿਸੇ ਖ਼ਾਸ ਸਮਾਗਮ ਦੇ ਵਿਚ ਗੱਲ ਆਖੀ ਹੈ ਪਰ ਇਹ ਕੇਵਲ ਬਾਈਡਨ ਦੀ ਨਹੀਂ ਸਗੋਂ ਅਮਰੀਕਾ ਦੀ ਗੱਲ ਹੈ। ਇਹ ਅਮਰੀਕਾ ਨਾਲ ਜੁੜੇ ਹੋਏ ਖੇਮੇ ਦੀ ਗੱਲ ਮੰਨੀ ਜਾ ਸਕਦੀ ਹੈ। ਪਾਕਿਸਤਾਨ ਬਾਰੇ ਏਡੀ ਵੱਡੀ ਗੱਲ ਆਖੇ ਜਾਣ ਦਾ ਇੱਕ ਮਤਲਬ ਤਾਂ ਸਾਫ਼ ਹੈ ਕਿ ਅਮਰੀਕਾ ਪਾਕਿਸਤਾਨ ਨਾਲ ਭਾਈਵਾਲੀ ਵਿਚੋਂ ਨਿਕਲ ਰਿਹਾ ਹੈ। ਬਾਈਡਨ ਨੇ ਇਹ ਗੱਲ ਆਖੀ ਵੀ ਦੇਸ਼ਾਂ ਦੇ ਵਿਚ ਭਾਈਵਾਲੀਆਂ ਬਦਲਣ ਦੇ ਹਵਾਲੇ ਨਾਲ ਹੈ। ਚੀਨ ਅਤੇ ਅਮਰੀਕਾ ਦੇ ਰਿਸ਼ਤਿਆਂ ਦੇ ਪ੍ਰਸੰਗ ਵਿੱਚ ਭਾਰਤ ਅਤੇ ਪਾਕਿਸਤਾਨ ਦੋਵੇਂ ਅਹਿਮ ਦੇਸ਼ ਹਨ। ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਪਾਕਿਸਤਾਨ ਵਿੱਚ ਰਾਜਨੀਤਕ ਧਿਰ ਬਦਲੀ ਹੈ ਜਿਸ ਬਾਰੇ ਵਿਚਾਰਵਾਨ ਇਹੀ ਆਖਦੇ ਹਨ ਕਿ ਅਮਰੀਕਾ ਦੇ ਹੱਥ ਨਾਲ ਬਦਲੀ ਹੈ ਅਰਥਾਤ ਹੁਣ ਜੋ ਵਰਤਮਾਨ ਸਰਕਾਰ ਹੈ ਉਹ ਅਮਰੀਕਾ ਦੀ ਮਰਜੀ ਦੀ ਹੈ ਅਤੇ ਪਾਕਿਸਤਾਨ ਨੇ ਉੱਧਰਲੇ ਇਸ਼ਾਰੇ ਕਰਕੇ ਹੀ ਚੀਨ ਨਾਲ ਬਣ ਰਹੀ ਨਵੀਂ ਸਾਂਝ ਵਾਲੀ ਸੜਕ (ਚੀਨ ਪਾਕਿਸਤਾਨ ਇਕਨੌਮਿਕ ਕੌਰੀਡੋਰ) ਰੱਦ ਕੀਤੀ ਹੈ। ਜੇ ਇਸ ਸਮੇਂ ਵੀ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਦੇ ਖ਼ਿਲਾਫ਼ ਏਡੀ ਗੱਲ ਆਖੀ ਹੈ ਤਾਂ ਇਸਦਾ ਇਕ ਮਤਲਬ ਇਹ ਹੈ ਉਨ੍ਹਾਂ ਨੂੰ ਪਾਕਿਸਤਾਨ ਨਾਲ ਭਾਈਵਾਲੀ ਰੱਖਣ ਵਿਚ ਕੋਈ ਲਾਹਾ ਨਜ਼ਰ ਨਹੀਂ ਆ ਰਿਹਾ। ਪਾਕਿਸਤਾਨੀ ਵਿਦੇਸ਼ ਮੰਤਰੀ ਇਸ ਬਿਆਨ ਨੂੰ ਇਕਰਾਰੇ ਫਰਜ ਦੀ ਘਾਟ ਕਰਕੇ ਪੈਦਾ ਹੋਈ ਗ਼ਲਤਫਹਿਮੀ ਆਖਦਾ ਹੈ ਅਰਥਾਤ ਅਮਰੀਕਾ ਆਪਣੀ ਥਾਂ ਤੋਂ ਪਿੱਛੇ ਹਟ ਗਿਆ ਹੈ। ਕਾਰਨ ਵਜੋਂ ਇੱਕ ਕਿਆਸਅਰਾਈ ਇਹ ਲਾਈ ਜਾ ਸਕਦੀ ਹੈ ਕਿ ਅਮਰੀਕਾ ਭਾਰਤ ਵੱਲ ਵਧੇਰੇ ਝੁਕ ਰਿਹਾ ਹੋਵੇਗਾ। ਅਮਰੀਕੀ ਨੁਕਤਾ ਨਿਗਾਹ ਤੋਂ ਸੋਚਣ ਵਾਲੇ ਲੋਕ ਇਹ ਆਖਦੇ ਹਨ ਕਿ ਪਾਕਿਸਤਾਨ ਦੋਹੀਂ ਪਾਸੀਂ ਖੇਡੀ ਜਾ ਰਿਹਾ ਸੀ, ਉਹ ਤਾਲਿਬਾਨ ਅਤੇ ਅਮਰੀਕਾ ਦੋਵਾਂ ਨਾਲ ਸਬੰਧ ਪਾਲੀ ਜਾ ਰਿਹਾ ਸੀ। ਇਸ ਗੱਲ ਨੂੰ ਹੀ ਮੰਨਿਆ ਜਾ ਸਕਦਾ ਹੈ ਕਿ ਪਾਕਿਸਤਾਨ ਨਾਲੋਂ ਅਮਰੀਕਾ ਨੇ ਭਾਰਤ ਨਾਲ ਲਾਉਣੀ ਵਧੇਰੇ ਠੀਕ ਸਮਝੀ ਹੋਵੇਗੀ ਪਰ ਇਸੇ ਤਰਕ ਨਾਲ ਇਹ ਵੀ ਵੇਖਣਾ ਹੋਵੇਗਾ ਕਿ ਭਾਰਤ ਵੀ ਅਮਰੀਕਾ ਅਤੇ ਰੂਸ-ਚੀਨ ਨਾਲ ਬਰਾਬਰ ਸਬੰਧ ਰੱਖ ਰਿਹਾ ਹੈ। ਦੋ ਬੇੜੀਆਂ ਵਿੱਚ ਪੈਰ ਰੱਖਣ ਵਿੱਚ ਭਾਰਤ ਪਾਕਿਸਤਾਨ ਨਾਲੋਂ ਮੂਹਰੇ, ਵੱਧ ਸਾਫ਼ ਅਤੇ ਨਸ਼ਰ ਹੈ। ਇੱਥੇ ਇਹ ਗੱਲ ਵੇਖੀ ਜਾ ਸਕਦੀ ਹੈ ਕਿ ਕੀ ਭਾਰਤ ਨੇ ਇੱਕ ਬੇੜੀ ਵਿੱਚੋਂ ਪੈਰ ਚੁੱਕ ਲਿਆ ਹੈ! ਇਸ ਪ੍ਰਸੰਗ ਵਿੱਚ ਇੱਕ ਸੰਕੇਤ ਇਹ ਵੀ ਹੈ ਕਿ ਅਮਰੀਕਾ ਨੇ ਚੀਨ ਦੀ ਸੈਮੀ ਕੰਡਕਟਰ ਇੰਡਸਟਰੀ ਬਰਾਬਰ ਭਾਰਤ ਨੂੰ ਖੜ੍ਹਾ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਵੀ ਹੋ ਸਕਦਾ ਹੈ ਕਿ ਵਪਾਰਕ ਰਿਸ਼ਤਿਆਂ ਪਿੱਛੇ ਪੂੰਜੀਵਾਦੀ ਨੁਕਤਾ ਨਿਗਾਹ ਤੋਂ ਭਾਰਤ ਪਾਕਿਸਤਾਨ ਨਾਲੋਂ ਵਧੇਰੇ ਲਾਹੇਵੰਦ ਹੈ, ਇਹ ਵੱਡੀ ਮੰਡੀ ਹੈ ਅਤੇ ਇੱਥੇ ਜਿਸ ਫਲਸਫ਼ੇ ਦੀ ਸੱਤਾ ਹੈ ਉਹ ਕਾਰਪੋਰੇਟ ਪੂੰਜੀਵਾਦ ਦੇ ਵੰਡ ਅਤੇ ਅਡੰਬਰ ਆਧਾਰਤ ਵਰਤਾਰੇ ਨਾਲ ਵਧੇਰੇ ਮਿਲਦਾ ਹੈ। ਏਸ਼ੀਆ ਵਿੱਚ ਪਾਕਿਸਤਾਨ ਦਾ ਪੰਗਾ ਭਾਰਤ ਨਾਲ ਹੀ ਰਿਹਾ ਹੈ ਬਲਕਿ ਪਰਮਾਣੂ ਹਥਿਆਰ ਤਾਂ ਨਿਰੋਲ ਰੂਪ ਦੇ ਵਿੱਚ ਭਾਰਤ ਦੇ ਪ੍ਰਤੀਕਰਮ ਵਜੋਂ ਹੀ ਤਿਆਰ ਕੀਤੇ ਸਨ। ਹੁਣ ਜੇ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਤੇ ਕੋਈ ਉਂਗਲੀ ਉਠਾਈ ਜਾ ਰਹੀ ਹੈ ਤਾਂ ਉਸ ਨੂੰ ਭਾਰਤ ਦੇ ਨਾਲ ਜੋੜ ਕੇ ਵੇਖਿਆ ਹੀ ਜਾਣਾ ਹੈ।

ਦੂਸਰਾ ਕਾਰਨ ਇਹ ਹੋ ਸਕਦਾ ਹੈ ਕਿ ਇਸਲਾਮੀਅਤ ਨਾਲ ਟੱਕਰਨ ਵਾਲੇ ਧਾਰਮਕ-ਰਾਜਨੀਤਕ ਵਿਚਾਰ ਵਿਚ ਇਸਲਾਮ ਨੂੰ ਪਛਾੜਨ ਦੀ ਬੜੀ ਦੇਰ ਤੋਂ ਜੱਦੋਜਹਿਦ ਚੱਲ ਰਹੀ ਹੈ। ਪਰਮਾਣੂ ਹਥਿਆਰ ਦੀ ਮਾਲਕੀ ਵਾਲਾ ਇਕੋ ਇਸਲਾਮੀ ਰਾਸ਼ਟਰ ਪਾਕਿਸਤਾਨ ਹੈ। ਪੱਛਮ ਦੀ ਮਰਜ਼ੀ ਦੇ ਖ਼ਿਲਾਫ਼ ਛੋਟੇ ਵੱਡੇ ਹਥਿਆਰ ਵਰਤਣ ਵਾਲੇ ਲੋਕਾਂ ਵਿੱਚ ਵਧੇਰੇ ਗਿਣਤੀ ਇਸਲਾਮ ਨਾਲ ਜੁੜੇ ਹੋਏ ਬੰਦਿਆਂ ਦੀ ਹੈ। ਦੁਨੀਆ ਭਰ ਵਿਚ ਪਾਕਿਸਤਾਨ ਦੇ ਆਲੋਚਕਾਂ ਵੱਲੋਂ ਇਹ ਬਡ਼ੀ ਵੱਡੀ ਚਰਚਾ ਦਾ ਵਿਸ਼ਾ ਬਣਾਈ ਰੱਖਿਆ ਹੈ ਕਿ ਪਾਕਿਸਤਾਨ ਦੇ ਵਿੱਚ ਪਰਮਾਣੂ ਹਥਿਆਰ ਕਿਸੇ ਵੀ ਵੇਲੇ ਜਿਹਾਦੀ ਜਾਂ ਅਤਿਵਾਦੀ ਤੱਤਾਂ ਦੇ ਹੱਥਾਂ ਵਿੱਚ ਜਾ ਸਕਦੇ ਹਨ। ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਪਿਛਲਾ ਭਾਸ਼ਣ ਇਕ ਤਰੀਕੇ ਨਾਲ ਪੱਛਮ ਤੋਂ ਤੋੜ ਵਿਛੋੜੇ ਅਤੇ ਇਸਲਾਮ ਦੀ ਅਗਵਾਈ ਵੱਲ ਸੰਕੇਤਕ ਸੀ ਜਿਸ ਵਿੱਚ ਭਾਰਤੀ ਪ੍ਰਬੰਧ ਤੇ ਵੀ ਸਖ਼ਤ ਟਿੱਪਣੀਆਂ ਸਨ। ਹੋ ਸਕਦਾ ਪੱਛਮ ਨੂੰ ਪਾਕਿਸਤਾਨ ਵਿੱਚੋਂ ਮੁਸਲਮਾਨ ਲੋਕਾਈ ਦੀ ਸਾਂਝੀ ਅਗਵਾਈ ਦੀ ਕੋਈ ਭਿਣਕ ਪੈ ਰਹੀ ਹੋਵੇ! ਇਮਰਾਨ ਖਾਨ ਦੀ ਸਰਕਾਰ ਵੇਲੇ ਪਾਕਿਸਤਾਨ ਦੇ ਚੀਨ ਨਾਲ ਨਵੇਂ ਬਣ ਰਹੇ ਸਬੰਧ, ਇਮਰਾਨ ਖ਼ਾਨ ਵੱਲੋਂ ਪੱਛਮ ਦੀ ਆਲੋਚਨਾ ਅਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸਲਾਮ ਦੀ ਅਗਵਾਈ ਦੀ ਭਿਣਕ ਪੱਛਮੀ ਰਾਜਨੀਤਕ ਨੁਕਤਾ ਨਿਗਾਹ ਤੋਂ ਫ਼ਿਕਰ ਵਾਲੇ ਹਨ। ਹੁਣ ਪਾਕਿਸਤਾਨ ਵਿਚ ਇਮਰਾਨ ਖ਼ਾਨ ਦੀ ਸਰਕਾਰ ਵੀ ਨਹੀਂ ਅਤੇ ਅਮਰੀਕਾ ਦੀ ਮਰਜ਼ੀ ਦੀ ਸਰਕਾਰ ਹੈ ਇਸਦੇ ਬਾਵਜੂਦ ਵੀ ਇਹ ਬਿਆਨ ਇਸਲਾਮ ਨੂੰ ਹਥਿਆਰ (ਖ਼ਾਸਕਰ ਪ੍ਰਮਾਣੂ) ਦੇ ਹੱਕ ਤੋਂ ਵਿਰਵਾ ਕਰਨ ਵੱਲ ਵੀ ਸੰਕੇਤ ਹੋ ਸਕਦਾ ਹੈ।

ਤੀਸਰਾ, ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਹੁਣ ਅਮਰੀਕਾ ਅਫ਼ਗਾਨਿਸਤਾਨ ਵਿੱਚੋਂ ਨਿਕਲ ਗਿਆ ਹੈ। ਉਸ ਦਾ ਖ਼ਤਰਾ, ਲੋੜ ਅਤੇ ਜੋਖਮ ਪਹਿਲਾਂ ਨਾਲੋਂ ਬਹੁਤ ਘਟ ਗਿਆ ਹੈ। ਪਾਕਿਸਤਾਨ ਦੇ ਕੁਝ ਸੱਜਣ ਇਹ ਆਖਦੇ ਹਨ ਕਿ ਅਮਰੀਕਾ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਅਤੇ ਹੋਰਾਂ ਰਾਸ਼ਟਰਾਂ ਵਿਰੁੱਧ ਜਵਾਬੀ ਧੌਂਸ ਦੇ ਸੰਦ ਵਜੋਂ ਹੀ ਵੇਖਦਾ ਰਿਹਾ ਹੈ। ਅਮਰੀਕਾ ਨੂੰ ਉਸ ਤਰੀਕੇ ਪਹਿਲਾਂ ਵਾਂਗ ਪਾਕਿਸਤਾਨ ਦੀ ਰਾਸ਼ਟਰ ਵਜੋਂ ਭੂਗੋਲਿਕ ਲੋੜ ਨਾ ਰਹੀ ਹੋਵੇ।

ਚੌਥਾ, ਇਹ ਵੀ ਹੋ ਸਕਦਾ ਹੈ ਕਿ ਰੂਸ ਯੂਕਰੇਨ ਜੰਗ ਦੇ ਚਲਦਿਆਂ ਪ੍ਰਮਾਣੂ ਖ਼ਤਰੇ ਦੀ ਸੰਭਾਵਨਾ ਬਹੁਤ ਜ਼ਿਆਦਾ ਵਧੀ ਹੋਈ ਹੈ। ਅੰਦਰੋਂ ਅੰਦਰੀ ਇਹ ਨੀਤੀ ਬਣੀ ਹੋਵੇ ਕਿ ਪ੍ਰਮਾਣੂ ਹਥਿਆਰ ਘਟਾਏ ਜਾਣ। ਸਭ ਤੋਂ ਕਮਜ਼ੋਰ ਪਾਸਿਓਂ ਹੀ ਘਟਾਏ ਜਾਣ ਦੀ ਸ਼ੁਰੂਆਤ ਵੱਲ ਇਹ ਕੋਈ ਪਹਿਲਾ ਕਦਮ ਹੋ ਸਕਦਾ ਹੈ। ਜੇ ਇਹ ਕਾਰਨ ਹੋਇਆ ਤਾਂ ਤੀਜੀ ਦੁਨੀਆ ਦੇ ਹੋਰ ਦੇਸ਼ਾਂ ਵਿੱਚੋਂ ਵੀ ਪ੍ਰਮਾਣੂ ਹਥਿਆਰ ਘਟਾਏ ਜਾਣ ਦੀ ਸੰਭਾਵਨਾ ਹੋਵੇਗੀ। ਇਸ ਵਿੱਚ ਇਸ ਪਾਕਿਸਤਾਨ ਤੋਂ ਬਾਅਦ ਦੂਜਾ ਨੰਬਰ ਭਾਰਤ ਦਾ ਵੀ ਹੋ ਸਕਦਾ ਹੈ। ਪਹਿਲਾਂ ਪਾਕਿਸਤਾਨ ਤੇ ਇਹ ਇਤਰਾਜ਼ ਕੀਤਾ ਜਾਂਦਾ ਹੈ ਕਿ ਪ੍ਰਮਾਣੂ ਹਥਿਆਰ ਕੱਟੜ ਜਾਂ ਅਤਿਵਾਦੀ ਹੱਥਾਂ ਵਿੱਚ ਜਾ ਸਕਦੇ ਹਨ ਇਹੀ ਅਗਲਾ ਇਤਰਾਜ਼ ਭਾਰਤ ਤੇ ਵੀ ਹੋ ਸਕਦਾ ਹੈ ਅਤੇ ਭਾਰਤੀ ਸੱਤਾ ਦੇ ਕਾਰਕਾਂ ਵਿੱਚ ਕੱਟੜਤਾ ਦੀ ਸੰਭਾਵਨਾ ਵੀ ਹੈ।

ਪੰਜਵਾਂ, ਕਾਰਨ ਇਹ ਵੀ ਹੋ ਸਕਦਾ ਹੈ ਕਿ ਪਰਮਾਣੂ ਹਥਿਆਰਾਂ ਦੇ ਰੱਖ ਰਖਾਓ ਸਬੰਧੀ ਕੋਈ ਨਵੀਂ ਨੀਤੀ ਲਿਆਂਦੀ ਜਾਣੀ ਹੈ। ਇਹ ਪ੍ਰਮਾਣੂ ਹਥਿਆਰਾਂ ਦਾ ਖ਼ਤਰਾ ਘਟਾਉਣ ਦੇ ਨਾਲ ਨਾਲ ਪ੍ਰਮਾਣੂ ਹਥਿਆਰਾਂ ਦੀ ਸਾਂਭ ਸੰਭਾਲ ਲਈ ਨਵਾਂ ਸਾਮਾਨ ਵੇਚਣ ਦਾ ਨਿਸ਼ਾਨਾ ਵੀ ਹੋ ਸਕਦਾ ਹੈ।

ਉਪਰੋਕਤ ਸਾਰੇ ਕਾਰਨ ਤਾਂ ਅਨੁਮਾਨਤ ਹਨ ਪਰ ਜੇ ਪਹਿਲਾ ਕਾਰਨ ਅਰਥਾਤ ਪਾਕਿਸਤਾਨ ਦੀ ਥਾਂ ਅਮਰੀਕਾ ਵੱਲੋਂ ਭਾਰਤ ਦੀ ਚੋਣ ਦਾ ਹੋਇਆ ਜਿਸ ਦੀ ਸਭ ਤੋਂ ਵੱਧ ਸੰਭਾਵਨਾ ਵੀ ਹੈ ਤਾਂ ਪੰਜਾਬ ਭੂਗੋਲਿਕ ਤੌਰ ਤੇ ਸਭ ਤੋਂ ਕੇਂਦਰੀ ਧਰਤੀ ਹੋਵੇਗੀ। ਬੇਸ਼ੱਕ ਇਹ ਚੋਣ ਦਾ ਕਾਰਨ ਰਾਜਨੀਤਿਕ ਨਾਲੋਂ ਵਪਾਰਕ ਵਧੇਰੇ ਹੋਊ ਪਰ ਸਿੱਖਾਂ ਉੱਪਰ ਇਸ ਦੇ ਅਸਰ ਰਾਜਨੀਤਕ ਵਧੇਰੇ ਹੋਣਗੇ। ਸਿੱਖ ਅਜੇ ਰਾਜਨੀਤਕ ਤੌਰ ਤੇ ਦੁਨੀਆ ਦੀ ਕਿਸੇ ਵੀ ਤਾਕਤ ਨਾਲ ਬੱਝੇ ਨਹੀਂ ਹੋਏ। ਜੇ ਭੂ-ਸਿਆਸੀ ਹਾਲਾਤ ਦਾ ਕੇਂਦਰ ਪੰਜਾਬ ਬਣਦਾ ਹੈ ਤਾਂ ਇਸ ਪਾਸੇ ਇੱਕ ਪਾਸਾ ਕਰਨਾ ਹੀ ਪੈਣਾ ਹੈ ਜਿਵੇਂ ਭਾਰਤ ਅਤੇ ਪਾਕਿਸਤਾਨ ਕਰ ਰਹੇ ਹਨ। ਇਹ ਇੱਕ ਪਾਸਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਣਾ ਹੈ ਜੇ ਉਸ ਤੋਂ ਉਰੇ ਕਿਸੇ ਧਿਰ ਜਾਂ ਬੰਦੇ ਨੇ ਕਰਨਾ ਚਾਹਿਆ ਤਾਂ ਉਹ ਨੇਪਰੇ ਨਹੀਂ ਚੜ੍ਹਨਾ ਜਾਂ ਗੁਰੂ ਆਸ਼ੇ ਅਨੁਸਾਰ ਨਹੀਂ ਹੋਊ। ਸਿੱਖਾਂ ਦੀ ਤਾਕਤ ਹੀ ਇਹ ਹੈ। ਬੇਸ਼ੱਕ ਉਨ੍ਹਾਂ ਦੀ ਦੀਆਂ ਸਾਰੀਆਂ ਰਾਜਨੀਤਕ ਧਿਰਾਂ ਅਤੇ ਹਸਤੀਆਂ ਦੀ ਵਿਸ਼ਵਾਸਯੋਗਤਾ ਖ਼ਤਮ ਹੋ ਚੁੱਕੀ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਮਾਨਤਾ ਸਿੱਖਾਂ ਤੋਂ ਸਵਾਏ ਹੋਰਾਂ ਵਿੱਚ ਵੀ ਵਧੀ ਹੈ। ਪਿੱਛੇ ਜਿਹੇ ਭਾਰਤੀ ਜਬਰ ਖ਼ਿਲਾਫ਼ ਮੁਸਲਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਫਰਿਆਦ ਲੈ ਕੇ ਆਏ ਅਤੇ ਥੋੜ੍ਹਾ ਸਮਾਂ ਪਹਿਲਾਂ ਇਸਾਈ ਜ਼ਿੰਮੇਵਾਰ ਸਖ਼ਤ ਨਕਲੀ ਈਸਾਈ ਪ੍ਰਚਾਰਕਾਂ ਖ਼ਿਲਾਫ਼ ਸੁਨੇਹਾ ਲੈ ਕੇ ਆਏ। ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿੱਚ ਸਿੱਖਾਂ ਦੀ ਭੂਮਿਕਾ ਕਰਤੇ ਵਜੋਂ ਹੋਵੇਗੀ ਪਰ ਜੇ ਉਹ ਰਾਜਨੀਤਕ ਪਾਰਟੀਆਂ ਜਾਂ ਚੋਣ ਪ੍ਰਬੰਧ ਰਾਹੀਂ ਆਪਣੀ ਹੋਣੀ ਤਲਾਸ਼ਣਗੇ ਤਾਂ ਉਨ੍ਹਾਂ ਦੀ ਭੂਮਿਕਾ ਕਰਮ ਵਜੋਂ ਹੋਵੇਗੀ, ਕਰਤਾ ਕੋਈ ਹੋਰ ਤਾਕਤ ਹੋਵੇਗੀ। ਰਾਜਨੀਤੀ ਵਿੱਚ ਕਰਮ ਸਦਾ ਮੋਹਰੇ ਜਾਂ ਨਿਸ਼ਾਨੇ ਹੀ ਹੁੰਦੇ ਹਨ। ਇਸ ਲਈ ਸਰਬੱਤ ਦੇ ਭਲੇ ਵਾਸਤੇ ਸਿੱਖ ਦੀ ਭੂਮਿਕਾ ਕਰਤੇ ਦੀ ਹੀ ਠੀਕ ਰਹੂ।