ਇਤਿਹਾਸ

ਅੱਜ ਪ੍ਰਕਾਸ਼ ਪੁਰਬ ਤੇ ਵਿਸ਼ੇਸ਼ – ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ

By ਪ੍ਰੋ. ਪੂਰਨ ਸਿੰਘ

August 02, 2021

ਸ੍ਰੀ ਗੁਰੂ ਹਰਿ ਰਾਇ ਜੀ ਦੇ ਛੋਟੇ ਸਪੁੱਤਰ, ਬਾਲ ਹਰਿ ਕ੍ਰਿਸ਼ਨ ਜੀ ਵਿਚ ਉਹ ਸਾਰੇ ਰਹੱਸਮਈ ਚਿੰਨ ਪ੍ਰਗਟ ਹੋ ਚੁੱਕੇ ਸਨ ਜਿਹਨਾਂ ਰਾਹੀਂ ਸੱਚੇ ਗੁਰੂ ਦੀ ਪਛਾਣ ਕੀਤੀ ਜਾਂਦੀ ਸੀ। ਸ੍ਰੀ ਹਰਿ ਕ੍ਰਿਸ਼ਨ ਜੀ ਦੇ ਦਰਸ਼ਨ ਕਰਨ ਨਾਲ ਹੀ ਰੋਗੀਆਂ ਦੇ ਰੋਗ ਕਟੇ ਜਾਂਦੇ ਸਨ ਅਤੇ ਦੁਖੀਆਂ ਨੂੰ ਸੁੱਖ ਅਰਾਮ ਮਿਲਦਾ ਸੀ। ਗੁਰੂ ਹਰਿ ਰਾਏ ਜੀ ਨੇ ਇਸ ਬਾਲ ਨੂੰ ਗੁਰੂ ਨਾਨਕ ਸਮਾਨ ਪ੍ਰਣਾਮ ਕੀਤਾ ਅਤੇ ਮਾਤਲੋਕ ਤੋਂ ਪਿਆਨਾ ਕਰ ਗਏ।

ਰਾਮ ਰਾਇ, ਬਾਲ ਗੁਰੂ ਵਿਰੁੱਧ ਦਿੱਲੀ ਦਾ ਸ਼ਾਹੀ ਦਰਬਾਰ ਵਿਚ ਸ਼ਾਜਿਸ਼ਾਂ ਕਰਨ ਲੱਗ ਪਿਆ। ਛੇਕੜ, ਉਹ ਗੁਰੂ ਜੀ ਨੂੰ ਦਿੱਲੀ ਬੁਲਾਉਣ ਲਈ ਸਫਲ ਹੋ ਗਿਆ। ਆਪਣੇ ਪਿਤਾ ਸਮਾਨ ਗੁਰੂ ਹਰਿ ਕ੍ਰਿਸ਼ਨ ਜੀ ਵੀ ਔਰੰਗਜ਼ੇਬ ਨੂੰ ਮਿਲਣ ਦੇ ਵਿਰੁੱਧ ਸਨ। ਦਿੱਲੀ ਵਿੱਚ ਭਾਵੇਂ ਉਹਨਾਂ ਨੂੰ ਅਜਿਹਾ ਕਰਨ ਲਈ ਵਾਰ ਵਾਰ ਆਖਿਆ ਗਿਆ ਪਰ ਉਹ ਸਦਾ ਨਾ ਮਿਲਣ ਉੱਤੇ ਹੀ ਦ੍ਰਿੜ ਰਹੇ। ਅਖੀਰ ਉਹ ਦਿੱਲੀ ਵਿੱਚ ਹੀ ਬੀਮਾਰ ਹੋ ਗਏ। ਸਾਡੇ ਸਿੱਖਾਂ ਲਈ ਗੁਰੂ ਹਰਿ ਕ੍ਰਿਸ਼ਨ ਜੀ ਦੀ ਇਹ ਬਿਮਾਰੀ ਇਕ ਤਰ੍ਹਾਂ ਦੇ ਕੁਦਰਤੀ ਰੋਸ ਮਾਤਰ ਹੈ।

ਜਦੋਂ ਸ੍ਰੀ ਹਰਿ ਕ੍ਰਿਸ਼ਨ ਜੀ ਗੁਰੂ ਨਾਨਕ ਦੀ ਗੱਦੀ ਤੇਂ ਬਿਰਾਜਮਾਨ ਹੋਏ ਤਾਂ ਇਹ ਆਖਿਆ ਜਾਂਦਾ ਹੈ ਕਿ ਉਹ ਕੇਵਲ ਬਾਲ ਹੀ ਸਨ ਉਹਨਾਂ ਦੀ ਪ੍ਰਭਿਤਾ ਦਾ ਸੁਤੰਤਰ ਵਿਅਕਤੀਤਵ ਨੂੰ ਕਿਵੇਂ ਪਰਵਾਨ ਕੀਤਾ ਜਾਵੇ? ਕੀ ਉਹ ਨਹੀਂ ਜਾਣਦੇ ਸਨ ਕਿ ਸਾਡੇ ਇਤਿਹਾਸ ਵਿੱਚ ਥੋੜਾ ਚਿਰ ਪਿੱਛੋਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਨੌ ਸਾਲ ਦੀ ਆਯੂ ਵਿੱਚ ਇਸੇ ਗੁਰ ਗੱਦੀ ਨੂੰ ਸੰਭਾਲ ਕੇ ਸਮੂਹ ਲੋਕਾਂ ਦੀ ਅਲ਼ੌਕਿਕ ਢੰਗ ਨਾਲ ਨਵ-ਸਿਰਜਣਾ ਕਰ ਦਿੱਤੀ ਸੀ?

ਜਦੋਂ ਹਰਿ ਕ੍ਰਿਸ਼ਨ ਜੀ ਦਿੱਲੀ ਵਿੱਚ ਬਿਮਾਰ ਪਏ ਸਨ ਤਾਂ ਉਹਨਾਂ ਦੀ ਮਹਾਨ ਮਾਤਾ ਜੀ ਨੇ ਜਾਣ ਲਿਆ ਕਿ ਉਹ ਆਪਣੇ ਅਕਾਲ ਚਲਾਣੇ ਬਾਰੇ ਸੋਚ ਰਹੇ ਹਨ। “ਪੁੱਤਰ ਜੀ ਤੁਸੀਂ ਕਿੳਂ ਸੰਸਾਰ ਵੱਲੋਂ ਏਡੀ ਛੇਤੀ ਉਪਰਾਮ ਹੋ ਰਹੇ ਹੋ’ ਮਾਤਾ ਜੀ ਨੇ ਪੁੱਛਿਆ। ਗੁਰੂ ਜੀ ਨੇ ਉੱਤਰ ਦਿੱਤਾ ‘ਮਾਤਾ ਜੀ ਮੇਰੇ ਬਾਰੇ ਚਿੰਤਾ ਨਾ ਕਰੋ ਮੇਰੀ ਰੱਖਿਆ ਪ੍ਰਭੂ ਦੀ ਰਜ਼ਾ ਵਿੱਚ ਚੱਲਣ ਵਿੱਚ ਹੀ ਹੈ। ਮੈਂ ਜਿੱਥੇ ਪ੍ਰਭੂ-ਪ੍ਰੀਤਮ ਚਾਹੇ ਅਤੇ ਜਦੋਂ ਚਾਹੇ ਸੁਰੱਖਿਅਤ ਹਾਂ। ਮਾਤਾ ਜੀ ਚਿੰਤਾਤੁਰ ਨਾ ਹੋਵੋ। ਜਵਾਨੀ ਤੇ ਬੁਢੇਪਾ ਕੋਈ ਅਰਥ ਨਹੀਂ ਰੱਖਦੇ

ਮਾਤਾ ਜੀ ਜੋ ਵਾਹਿਗੁਰੂ ਕਰਦਾ ਹੈ ਭਲਾ ਹੀ ਕਰਦਾ ਹੈ। ਇਸ ਨੂੰ ਜਾਣਨਾ ਚਾਹੀਏ। ਕੀ ਗੁਰੂ ਨਾਨਕ ਦੇਵ ਜੀ ਨਹੀਂ ਫੁਰਮਾਉਂਦੇ :

ਜੋ ਤਿਸ ਭਾਵੇ ਨਾਨਕਾ ਸਾਈ ਗਲ ਚੰਗੀ।’

ਉਸ ਸਮੇਂ ਗੁਰੂ ਪਰਿਵਾਰ ਵਿੱਚ ਸਾੜੇ ਤੇ ਕੀਨੇ ਦੀ ਅੱਗ ਪੂਰੀ ਤਰ੍ਹਾਂ ਭੜਕ ਚੁੱਕੀ ਸੀ ਅਤੇ ਗੁਰੂ ਵੰਸ਼ ਦੇ ਬਹੁਤ ਸਾਰੇ ਵਿਅਕਤੀ ਆਪਣੇ ਆਪ ਨੂੰ ਗੁਰੂ ਰੂਪ ਵਿੱਚ ਪ੍ਰਗਟ ਕਰਨ ਦੇ ਇਛੁੱਕ ਬਣ ਗਏ ਸਨ। ਗੁਰੂ ਹਰਿ ਕ੍ਰਿਸ਼ਨ ਜੀ ਭਾਵੇਂ ਬੜੇ ਬੀਮਾਰ ਸਨ ਫਿਰ ਵੀ ਉਹਨਾਂ ਨੇ ਪੰਜ ਪੈਸੇ ਤੇ ਨਰੇਲ ਮੰਗਵਾਏ ਤੇ ਬਾਬਾ ਬਕਾਲਾ ਕਹਿ ਕੇ ਪ੍ਰਣਾਮ ਕੀਤਾ।ਬਾਲ ਗੁਰੂ ਨੇ ਆਪਣੀ ਅਧਿਆਤਮਕ ਜ਼ਿੰਮੇਵਾਰੀ ਨੂੰ ਅਨੁਭਵ ਕੀਤਾ ਸੀ ਤੇ ਉਸ ਅਸਥਾਨ ਦਾ ਨਾਂ ਲਿਆ ਸੀ ਜਿੱਥੋਂ ਸਿੱਖ ਸੰਗਤ ਦੇ ਕਲਿਆਣ ਲਈ ਮੁੜ ਗੁਰੂ ਨਾਨਕ ਜੀ ਦੇ ਪ੍ਰਗਟ ਹੋਣਾ ਸੀ। ਕੋਈ ਹੋਰ ਅਜਿਹੀ ਦਿਭ ਦ੍ਰਿਸ਼ਟੀ ਨਾ ਤਾਂ ਰੱਖ ਸਕਦਾ ਸੀ, ਨਾ ਹੀ ਗੁਰੂ ਹਰਿ ਕ੍ਰਿਸ਼ਨ ਸਮਾਨ ਅਜਿਹੀ ਅਧਿਆਤਮਕ ਤੇ ਰੱਬੀ ਦ੍ਰਿਸ਼ਟੀ ਦਾ ਸੁਆਮੀ ਹੋ ਸਕਦਾ ਸੀ।

ਗੁਰੂ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ ॥