ਨਜ਼ਰੀਆ

ਸ੍ਰੀ ਹਰਿਮੰਦਰ ਸਾਹਿਬ ਵਿਖੇ ਬਣਾਈਆਂ ਜਾਂਦੀਆਂ ਤਸਵੀਰਾਂ ਤੇ ਰੀਲਾਂ ਦਾ ਮਸਲਾ…

By ਪਰਮਜੀਤ ਸਿੰਘ ਗਾਜ਼ੀ

August 12, 2023

ਬੀਤੇ ਦਿਨੀਂ ਇਕ ਪੰਥ ਦਰਦੀ ਵੀਰ ਨੇ ਗੱਲ ਕੀਤੀ ਤੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਖੇ ਤਸਵੀਰਬਾਜ਼ੀ ਤੇ ਦ੍ਰਿਸ਼ਸਾਜੀ (ਖਾਸ ਕਰ ਮੋਬਾਈਲ ਫੋਨਾਂ ਦੀ ਵਰਤੋਂ ਕਰਕੇ ਬਣਾਈਆਂ ਜਾਂਦੀਆਂ ਰੀਲਾਂ ਵਗੈਰਾ) ਕਈ ਤਰ੍ਹਾਂ ਦੇ ਵਾਦ-ਵਿਵਾਦ ਤੇ ਇਸ ਪਾਵਨ ਸਸਥਾਨ ਦੇ ਅਦਬ ਵਿਚ ਖਲਲ ਪਾਉਣ ਵਾਲੀਆਂ ਘਟਨਾਵਾਂ ਦਾ ਕਾਰਨ ਬਣ ਰਹੀਆਂ ਹਨ। ਉਹਨਾ ਕਿਹਾ ਕਿ ਇਸ ਤੁਸੀਂ ਬਾਰੇ ਕੁਝ ਕਹੋ।

ਮੈਂ ਸਾਲ 2005 ਵਿਚ ਪੰਜਾਬੀ ਯੂਨੀਵਰਿਸਟੀ ਪਟਿਆਲਾ ਵਿਖੇ ਕਾਨੂੰਨ ਦੀ ਪੜ੍ਹਾਈ ਕਰਦੇ ਸਮੇਂ ਨਨਕਾਣਾ ਸਾਹਿਬ ਗਿਆ ਸਾਂ। ਉਸ ਵੇਲੇ ਦੀ ਇਕ ਵੀ ਤਸਵੀਰ ਮੇਰੇ ਕੋਲ ਨਹੀਂ ਹੈ ਪਰ ਅੱਜ ਵੀ ਉਸ ਯਾਤਰਾ ਦੇ ਦ੍ਰਿਸ਼ ਤੇ ਯਾਦਾਂ ਸਾਹਮਣੇ ਵਾਪਰ ਰਹੇ ਵਾਙ ਮੇਰੇ ਜ਼ਿਹਨ ਵਿਚ ਚਿਤਰੇ ਹੋਏ ਹਨ। ਇਹ ਯਾਦ ਮਨ ਵਿਚ ਇੰਝ ਟਿਕੀ ਹੈ ਕਿ ਜੇ ਮੈਂ ਉਹ ਕਦੇ ਬਿਆਨ ਕਰਾਂ ਤਾਂ  ਸ਼ਾਇਦ ਤਸਵੀਰ ਵੇਖਣ ਤੋਂ ਵੱਧ ਭਾਵ ਸੁਣਨ ਵਾਲੇ ਤੱਕ ਪਹੁੰਚਾ ਸਕਾਂ। ਇਹ ਇਕ ਨਿਜੀ ਤਜ਼ਰਬਾ ਹੈ ਕਿ ਜਿੰਦਗੀ ਵਿਚ ਜੋ ਗੱਲਾਂ ਅਹਿਮ ਹੁੰਦੀਆਂ ਹਨ ਉਹ ਤੁਹਾਡੇ ਅਹਿਸਾਸਾਂ ਰਾਹੀਂ ਯਾਦਾਂ ਵਿਚ ਟਿਕਦਿਆਂ ਹਨ। ਬਾਹਰੀ ਖਿੰਡਾਓ ਯਾਦਾਂ ਨੂੰ ਪੇਤਲਾ ਕਰਦਾ ਹੈ ਖਾਸ ਕਰਕੇ ਜਦੋਂ ਉਸ ਨਾਲ ਦੁਨਿਆਵੀ ਵਿਖਾਵੇਬਾਜ਼ੀ ਜੁੜ ਜਾਵੇ।

ਇਹ ਗੱਲ ਸਹੀ ਹੈ ਬਹੁਤ ਸਾਰੇ ਲੋਕਾਂ ਦੀ ਸ਼ਰਧਾ ਹੋਵੇਗੀ ਕਿ ਉਹ ਦਰਬਾਰ ਸਾਹਿਬ ਯਾਤਰਾ ਦੀ ਤਸਵੀਰ ਯਾਦ ਵੱਜੋਂ ਸਾਂਭਣ। ਪਰ ਅੱਜ ਕੱਲ੍ਹ ਕਈ ਅਜਿਹੇ ਹਨ ਜਿਹਨਾ ਦੇ ਵਿਹਾਰ ਨਾਲ ਜਿਸ ਨਾਲ ਇਸ ਪਵਿੱਤਰ ਅਸਥਾਨ ਦੇ ਅਦਬ ਵਿਚ ਖਲਲ ਪੈਂਦਾ ਹੈ।

ਪੰਜਾਬ ਵਿਚ ਹੀ ਕਈ ਡੇਰੇ ਅਜਿਹੇ ਹਨ ਜਿੱਥੇ ਕਿਸੇ ਨੂੰ ਵੀ ਫੋਨ ਜਾਂ ਕੈਮਰੇ ਸਮੇਤ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ ਪਰ ਸ਼ਰਧਾ ਤਾਂ ਲੋਕ ਓਥੇ ਵੀ ਰੱਖਦੇ ਹਨ। ਇਸ ਮਿਸਾਲ ਦਾ ਅਰਥ ਕਿਸੇ ਡੇਰੇ ਦੀ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਨਾਲ ਤੁਲਨਾ ਕਰਨਾ ਹਰਗਿਜ਼ ਨਹੀਂ ਹੈ ਬਲਕਿ ਸਿਰਫ ਇਹ ਦਰਸਾਉਣਾ ਹੈ ਕਿ ਸ਼ਰਧਾ ਦਾ ਤਸਵੀਰਬਾਜ਼ੀ ਤੇ ਦ੍ਰਿਸ਼ਸਾਜੀ ਨਾਲ ਕੋਈ ਬਹੁਤਾ ਵਾਹ ਨਹੀਂ ਹੈ। ਨਿੱਕੇ-ਨਿੱਕੇ ਦੁਨਿਆਵੀ ਅਫਸਰਾਂ ਦੇ ਦਫਤਰਾਂ ਤੇ ਅਦਾਲਤਾਂ ਵਿਚ ਫੋਨ ਜਾਂ ਕੈਮਰੇ ਦੀ ਮਨਾਹੀ ਹੁੰਦੀ ਹੈ ਤੇ ਸਭ ਮੰਨਦੇ ਵੀ ਹਨ ਤਾਂ ਦੀਨ-ਦੁਨੀ ਤੇ ਪਾਤਿਸ਼ਾਹ ਦੇ ਦਰਬਾਰ ਵਿਚ ਅਸੀਂ ਇੰਨ੍ਹੀ ਖੁੱਲ੍ਹ ਕਿਉਂ ਭਾਲਦੇ ਹਾਂ?

ਪ੍ਰਬੰਧਕੀ ਕਮੇਟੀ ਨੂੰ ਸਿੱਖ ਸੰਸਥਾਵਾਂ, ਸੰਪਰਦਾਵਾਂ ਤੇ ਸਖਸ਼ੀਅਤਾਂ ਨਾਲ ਰਾਏ ਮਸ਼ਵਰਾ ਕਰਕੇ ਇਸ ਬਾਰੇ ਫੈਸਲਾ ਲੈਣਾ ਚਾਹੀਦਾ ਹੈ।

ਮੇਰੀ ਨਿਜੀ ਰਾਏ ਹੈ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੀ ਪਰਿਕਰਮਾ ਦੇ ਅੰਦਰ ਸ਼ਰਧਾਲੂਆਂ ਨੂੰ ਫੋਨ ਅਤੇ ਕੈਮਰੇ ਲਿਜਾਣ ਦੀ ਮਨਾਹੀ ਕੀਤੀ ਜਾ ਸਕਦੀ ਹੈ। ਸ਼ਰਧਾਲੂ ਯਾਦਗਾਰੀ ਤਸਵੀਰਾਂ ਬਾਹਰ ਬਣੇ ਦਰਵਾਜ਼ਿਆਂ ਕੋਲ ਵੀ ਕਰਵਾ ਸਕਦੇ ਹਨ। ਪੰਥਕ ਸਮਾਗਮਾਂ ਬਾਬਤ ਜਿੰਮੇਵਾਰ ਸੰਸਥਾਵਾਂ ਜਾਂ ਸਖਸ਼ੀਅਤਾਂ ਜਾਂ ਜਿੰਮੇਵਾਰ ਖਬਰਖਾਨੇ ਨੂੰ ਸ਼ਰਧਾ ਤੇ ਸਤਿਕਾਰ ਦਾ ਖਿਆਲ ਰੱਖ ਕੇ ਕੀਤੀ ਜਾਣ ਵਾਲੀ ਤਸਵੀਰਬਾਜ਼ੀ ਤੇ ਦ੍ਰਿਸ਼ਸਾਜੀ ਦੀ ਲੋੜੀਂਦੀ ਖੁੱਲ੍ਹ ਦਿੱਤੀ ਜਾ ਸਕਦੀ ਹੈ।