ਹੋਲੇ ਤੋਂ ਅਗਲੇ ਦਿਨ ਖਾਲਸਾ ਦਲ ਦੇ ਦੋ ਹਿਸੇ ਕੀਤੇ ਗਏ। ਇਕ ਹਿਸਾ ਤਾਂ ਹੋਲਗੜ੍ਹ ਉਤੇ ਕਬਜ਼ਾ ਕਰ ਮੋਰਚੇ ਲਾ ਕੇ ਬੈਠ ਗਿਆ ਤੇ ਦੂਸਰਾ ਹਿਸਾ ਉਹਨਾਂ ਉਤੇ ਧਾਵੀ ਹੋ ਕੇ ਚੜ੍ਹਿਆ। ਇਸ ਦੀ ਅਗਵਾਈ ਗੁਰੂ ਜੀ ਆਪ ਕਰ ਰਹੇ ਸਨ। ਅਗੇ ਨਿਸ਼ਾਨ ਸਾਹਿਬ ਲਾਏ ਗਏ। ਵਿਉਂਤ ਦਰਸਾਈ ਗਈ ਕਿ ਸਮਝੋ ਹੋਲਗੜ੍ਹ ਇਕ ਕਿਲ੍ਹਾ ਹੈ ਜੋ ਵੈਰੀ ਦੇ ਹਥ ਹੈ। ਅਸਾਂ ਅਜ ਹੱਲਾ ਕਰਕੇ ਪੈਣਾ ਹੈ। ਅਗੋਂ ਓਹ ਤਿਆਰ ਬਰ ਤਿਆਰ ਹਨ ਕਿ ਸਾਨੂੰ ਕਬਜ਼ਾ ਨਾ ਕਰਨ ਦੇਣ। ਗੋਲੀ ਨਾਲ ਮਾਰ ਦੇਣ ਦਾ ਹੁਕਮ ਬੰਦ ਸੀ, ਕਿਉਂਕਿ ਦੋਵੇਂ ਪਾਸੇ ਖਾਲਸਾ ਸੀ। ਇਹ ਤਾਂ ਖਾਲਸੇ ਨੇ ਆਪੋ ਵਿਚ ਮਸ਼ਕ ਕਰਨੀ ਸੀ ਤੇ ਗੁਰੂ ਸਾਹਿਬ ਨੇ ਇਸ ਨਕਲੀ ਯੁੱਧ ਰਾਹੀਂ ਜਾਚ ਸਿਖਾਉਣੀ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਾਜਨਾ ਨਾਲ ਸਿਖ ਧਰਮ ਨੂੰ ਅੰਤਿਮ ਤੇ ਸੰਪੂਰਨ ਸਰੂਪ ਪ੍ਰਦਾਨ ਕਰਕੇ ਕੁਝ ਵਿਸ਼ੇਸ਼ ਉਤਸਵ ਪ੍ਰਦਾਨ ਕੀਤੇ ਜਿਹੜੇ ਸਿਖ ਧਰਮ ਦੇ ਮੀਰੀ-ਪੀਰੀ ਦੇ ਸਿਧਾਂਤ ਦੇ ਜਾਮਨ ਹਨ ਅਤੇ ਸਿਖੀ ਦੀ ਵਿਲਖਣਤਾ ਦੇ ਹਵਾਲੇ ਨਾਲ ਸਿਖ ਸਭਿਆਚਾਰ ਦੇ ਵਿਗਾਸ ਨੂੰ ਵੀ ਪ੍ਰਗਟਾਉਂਦੇ ਹਨ। ‘ਸਭਿਆਚਾਰਕ ਵਿਗਾਸ’ ਰੂਹਾਨੀਅਤ ਦੀ ਚੜ੍ਹਦੀਕਲਾ ਦੇ ਖੂਬਸੂਰਤ ਅਮੂਰਤ ਵਰਤਾਰੇ ਦਾ ਲਖਾਇਕ ਹੈ। ਹੋਲਾ ਮਹੱਲਾ ਅਜਿਹਾ ਹੀ ਇਕ ਸਿਖ ਉਤਸਵ ਹੈ। ਹੋਲਾ-ਮਹੱਲਾ ਮਨਾਉਣ ਦੀ ਰਵਾਇਤ ਅਨੁਸਾਰ ਚੇਤ ਵਦੀ 1 ਨੂੰ ਤਖ਼ਤ ਸ੍ਰੀ ਕੇਸਗੜ੍ਹ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਸਿੱਖ ਸੰਗਤਾਂ ਉਚੇਚੇ ਤੌਰ ’ਤੇ ਨਿਹੰਗ ਸਿੰਘ ਇਕੱਤਰ ਹੋ ਕੇ ਇਹ ਉਤਸਵ ਮਨਾਉਂਦੇ ਹਨ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ । ਇਹ ਉਤਸਵ ਹਰ ਸਿਖ ਦੇ ਪੂਰਾ ਸਿਪਾਹੀ ਅਤੇ ਸ਼ਸਤ੍ਰ ਵਿਦਿਆ ਤੋਂ ਜਾਣੂ ਹੋਣ ਦੇ ਫਰਜ਼ ਨੂੰ ਚੇਤੇ ਕਰਵਾਉਂਦਾ ਹੈ।
ਭਾਰਤੀ ਮਿਥਿਹਾਸ ਵਿਚਲੇ ਹਰਨਾਖਸ਼ ਦੀ ਭੈਣ ਹੋਲਿਕਾ ਦੇ ਨਾਂ ’ਤੇ ਪ੍ਰਚਲਿਤ ‘ਹੋਲੀ’ ਦਾ ਤਿਉਹਾਰ, ਇਕ ਦੂਸਰੇ ’ਤੇ ਰੰਗ ਸੁਟ ਕੇ ਮਨਾਇਆ ਜਾਂਦਾ ਹੈ। ਪੁਰਾਣਾਂ ਵਿਚ ਹੋਲੀ ਦੀ ਕਥਾ ਇਸ ਤਰ੍ਹਾਂ ਮਿਲਦੀ ਹੈ ਕਿ ਪ੍ਰਹਿਲਾਦ ਭਗਤ ਦੀ ਭੂਆ ਢੁੰਡਾ (ਹੋਲਿਕਾ) ਸ਼ਿਵ ਦੇ ਵਰਦਾਨ ਕਰਕੇ ਭਸਮ ਨਹੀਂ ਹੋ ਸਕਦੀ ਸੀ। ਹਿਰਨਯਕਸ਼ਪ ਨੇ ਪ੍ਰਹਲਾਦ ਨੂੰ ਢੁੰਡਾ ਦੀ ਗੋਦੀ ਬੈਠਾ ਕੇ ਕਾਠ ਦੇ ਢੇਰ ਨੂੰ ਅਗ ਲਾ ਦਿਤੀ, ਕਰਤਾਰ ਦੀ ਕਿਰਪਾ ਨਾਲ ਪ੍ਰਹਲਾਦ ਬਚ ਗਿਆ ਅਤੇ ਢੁੰਡਾ ਸੜ ਗਈ । ਹਿੰਦੂ ਪੂਰਨਮਾਸ਼ੀ ਵਾਲੇ ਦਿਨ ਦੁਸ਼ਟਾਤਮਾ ਢੁੰਡਾ ਦੀ ਚਿਤਾ ਦੀ ਨਕਲ ਬਣਾ ਕੇ ਸਾੜਦੇ ਅਤੇ ਉਸ ਦੀ ਸੁਆਹ ਉਡਾਉਂਦੇ ਹਨ। ਫਗਣ ਸੁਦੀ 11 ਤੋਂ 15 ਤਕ ਲੋਕ ਫਾਗ (ਹੋਲੀ) ਖੇਡਦੇ ਅਤੇ ਅਰ ਊਧਮ ਮਚਾਉਂਦੇ ਹਨ । ਗੁਰਮਤਿ ਵਿਚ ਅਜਿਹੇ ਅਭਿਆਸ ਦੀ ਪ੍ਰਵਾਨਗੀ ਨਹੀਂ ।
ਗੁਰਬਾਣੀ ਵਿਚ ਹੋਲੀ ਲਈ ‘ਫਾਗ’ ਸ਼ਬਦ ਵੀ ਵਰਤਿਆ ਗਿਆ ਹੈ । ਗੁਰੂ ਸਾਹਿਬਾਨ ਨੇ ਇਸ ਰੀਤੀ ਦਾ ਨਿਸ਼ੇਧ ਕਰਕੇ ਉਤਮ ਫਾਗ ਦਾ ਉਪਦੇਸ਼ ਦਿਤਾ ਹੈ । ਗੁਰਬਾਣੀ ਦਾ ਨਿਮਨ ਲਿਖਤ ਮਹਾਂਵਾਕ ਭਾਵੇਂ ਆਤਮਕ ਪ੍ਰਸੰਗ ਵਿਚ ਸਤਸੰਗੀਆਂ ਦੇ ਨਾਮ ਰੰਗ ਵਿਚ ਰੰਗੇ ਜਾਣ ਵਾਲੀ ਉਤਮ ਹੋਲੀ ਦਾ ਉਪਦੇਸ਼ ਦ੍ਰਿੜ ਕਰਵਾਉਂਦਾ ਹੈ, ਲੇਕਿਨ ਹੋਲੀ ਦੇ ਵਿਗੜੇ ਰੂਪ ਨੂੰ ਰਦ ਕਰਦਿਆਂ ਗੁਰਮਤਿ ਦੀ ਨਿਵੇਕਲੀ ਹੋਲੀ ਜਾਂ ਫਾਗ ਦੇ ਦਰਸ਼ਨ ਕਰਵਾਉਂਦਾ ਹੈ:
ਆਜੁ ਹਮਾਰੈ ਬਨੇ ਫਾਗ॥ ਪ੍ਰਭ ਸੰਗੀ ਮਿਲਿ ਖੇਲਨ ਲਾਗ॥ ਹੋਲੀ ਕੀਨੀ ਸੰਤ ਸੇਵ॥ ਰੰਗੁ ਲਾਗਾ ਅਤਿ ਲਾਲ ਦੇਵ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ – 1180)
ਹੋਲੀ ਇਕ ਮੌਸਮੀ ਤਿਉਹਾਰ ਹੈ । ਜਦੋਂ ਸਿਆਲ ਬੀਤਦਾ ਹੈ ਤੇ ਗੁਲਾਬੀ ਰੁਤ ਹੁੰਦੀ ਹੈ ਤਾਂ ਹਰ ਦੇਸ਼ ਵਿਚ ਖੁਸ਼ੀ ਤੇ ਅਨੰਦ ਦੇ ਆਪੋ ਆਪਣੇ ਰਿਵਾਜ ਹੁੰਦੇ ਹਨ । ਭਾਰਤ ਵਿਚ ਹੋਲੀ ਕੰਮਾਂ ਤੋਂ ਵੇਹਲੇ ਰਹਿ ਕੇ ਖੁਸ਼ੀ ਮਨਾਉਣ ਦਾ ਇਕ ਢੰਗ ਵੀ ਸੀ, ਜੋ ਵਿਗੜਦੀ ਵਿਗੜਦੀ ਮਿਟੀ ਸੁਆਹ ਉਡਾਉਣ ਤਕ ਚਲੀ ਗਈ । ਸੋ ਸਿਖਾਂ ਵਿਚ ਇਹ ਤਿਉਹਾਰ ਮੂਲੋਂ ਹੀ ਨਿਵੇਕਲੇ ਤੇ ਵਿਲਖਣ ਰੂਪ ਵਿਚ ‘ਹੋਲਾ’ ਦੇ ਰੂਪ ਵਿਚ ਮਨਾਇਆ ਜਾਣ ਲਗਿਆ । ਬਾਬਾ ਸੁਮੇਰ ਸਿੰਘ ਪਟਨਾ ਸਾਹਿਬ ਇਸ ਦੀ ਵਿਲਖਣਤਾ ਨੂੰ ਬਿਆਨ ਕਰਦੇ ਹਨ:
ਔਰਨ ਕੀ ਹੋਲੀ ਮਮ ਹੋਲਾ॥ ਕਹਯੋ ਕ੍ਰਿਪਾ ਨਿਧ ਬਚਨ ਅਮੋਲਾ॥ (ਗੁਰੂ ਪਦ ਪ੍ਰੇਮ ਪ੍ਰਕਾਸ਼)
ਗੁਰਸਿਖਾਂ ਵਿਚ ਇਹ ਕੀਰਤਨ, ਸੰਤ ਸੇਵਾ, ਪ੍ਰਸ਼ਾਦ, ਗੁਰ-ਦਰਸ਼ਨ ਆਦਿ ਰੰਗਾਂ ਵਿਚ ਹੁੰਦੀ ਸੀ। ਆਮ ਤੌਰ ’ਤੇ ਸੋਹਣੇ ਤਰੀਕੇ ਦੀ ਹੋਲੀ ਵੀ ਸਿਖ ਖੇਡਿਆ ਕਰਦੇ ਸਨ। ਗੁਰੂ ਦਰਬਾਰਾਂ ਵਿਚ ਅਤਰ, ਗੁਲਾਬ ਆਦਿ ਦਾ ਵਰਤਾਉ ਵੀ ਹੁੰਦਾ ਸੀ । ਸੰਮਤ 1757 (1700 ਈ.) ਦੀ ਜਦੋਂ ਹੋਲੀ ਤਾਂ ਗੁਰੂ ਦਸਮੇਸ ਪਿਤਾ ਜੀ ਦੀ ਹਜ਼ੂਰੀ ਵਿਚ ਪਹਲੋਂ ਤਿਆਰੀ ਆਰੰਭੀ ਗਈ। ਹੋਲਗੜ੍ਹ ਇਕ ਨਵਾਂ ਸਥਾਨ ਰਚਿਆ ਗਿਆ। ਹੋਲੇ ਤੋਂ ਅਗਲੇ ਦਿਨ ਖਾਲਸਾ ਦਲ ਦੇ ਦੋ ਹਿਸੇ ਕੀਤੇ ਗਏ। ਇਕ ਹਿਸਾ ਤਾਂ ਹੋਲਗੜ੍ਹ ਉਤੇ ਕਬਜ਼ਾ ਕਰ ਮੋਰਚੇ ਲਾ ਕੇ ਬੈਠ ਗਿਆ ਤੇ ਦੂਸਰਾ ਹਿਸਾ ਉਹਨਾਂ ਉਤੇ ਧਾਵੀ ਹੋ ਕੇ ਚੜ੍ਹਿਆ। ਇਸ ਦੀ ਅਗਵਾਈ ਗੁਰੂ ਜੀ ਆਪ ਕਰ ਰਹੇ ਸਨ। ਅਗੇ ਨਿਸ਼ਾਨ ਸਾਹਿਬ ਲਾਏ ਗਏ। ਵਿਉਂਤ ਦਰਸਾਈ ਗਈ ਕਿ ਸਮਝੋ ਹੋਲਗੜ੍ਹ ਇਕ ਕਿਲ੍ਹਾ ਹੈ ਜੋ ਵੈਰੀ ਦੇ ਹਥ ਹੈ। ਅਸਾਂ ਅਜ ਹੱਲਾ ਕਰਕੇ ਪੈਣਾ ਹੈ। ਅਗੋਂ ਓਹ ਤਿਆਰ ਬਰ ਤਿਆਰ ਹਨ ਕਿ ਸਾਨੂੰ ਕਬਜ਼ਾ ਨਾ ਕਰਨ ਦੇਣ। ਗੋਲੀ ਨਾਲ ਮਾਰ ਦੇਣ ਦਾ ਹੁਕਮ ਬੰਦ ਸੀ, ਕਿਉਂਕਿ ਦੋਵੇਂ ਪਾਸੇ ਖਾਲਸਾ ਸੀ। ਇਹ ਤਾਂ ਖਾਲਸੇ ਨੇ ਆਪੋ ਵਿਚ ਮਸ਼ਕ ਕਰਨੀ ਸੀ ਤੇ ਗੁਰੂ ਸਾਹਿਬ ਨੇ ਇਸ ਨਕਲੀ ਯੁਧ ਰਾਹੀਂ ਜਾਚ ਸਿਖਾਉਣੀ ਸੀ। ਸੋ ਗੁਰੂ ਜੀ ਨਿਸ਼ਾਨਾਂ ਦੀ ਤਾਬਿਆ ਸਾਰੇ ਦਲ ਨੂੰ ਨਾਲ ਲੈ ਕੇ ਅਗੇ ਵਧੇ ਅਤੇ ਹੋਲਗੜ੍ਹ ’ਤੇ ਜਾ ਬਿਰਾਜੇ । ਕਾਫੀ ਸਮਾਂ (ਡੇਢ ਪਹਿਰ) ਦੁਵਲੀ ਘਮਸਾਨ ਪਿਆ ਰਿਹਾ। ਰੋਕਣ ਵਾਲੇ ਦਲ ਦੇ ਸਫੈਦ ਕਪੜੇ ਸਨ ਅਤੇ ਸਤਿਗੁਰਾਂ ਦੇ ਦਲ ਦੇ ਹਲਕੇ ਕੇਸਰ ਰੰਗ ਦੇ ਕਪੜੇ ਸਨ। ਇਤਨਾ ਕੁ ਫਰਕ ਹੁੰਦਾ ਸੀ। ਕਾਫੀ ਸਮੇਂ ਦੀ ਦੁਵਲੀ ਜਦੋ ਜਹਿਦ ਮਗਰੋਂ ਹੋਲਗੜ੍ਹ ਵਾਲੇ ਹਾਰ ਗਏ ਤੇ ਸਤਿਗੁਰੂ ਜੀ ਜੈਕਾਰੇ ਗਜਾਂਦੇ ਅੰਦਰ ਆ ਵੜੇ। ਧਾਵਾ ਕਾਮਯਾਬ ਹੋਇਆ ਤੇ ਸਾਰੀ ਫੌਜ ਇਕਮਿਕ ਹੋ ਗਈ। ਉਸੇ ਥਾਵੇਂ ਦੀਵਾਨ ਸਜਿਆ। ਫਿਰ ਅਤਰ, ਅੰਬੀਰ ਕੇਸਰ ਅਤੇ ਗੁਲਾਬ ਉਡੇ। ਸਚੇ ਪਾਤਸ਼ਾਹ ਕੇਸਰੀ ਰੰਗ ਦੀਆਂ ਪਿਚਕਾਰੀਆਂ ਚਲਾਉਂਦੇ ਰਹੇ। ਗੁਲਾਬ ਆਪਣੇ ਹਥੀ ਉਡਾਇਆ। ਅਜ ਕੜਾਹ ਪ੍ਰਾਸਦ ਨਹੀਂ ਵਰਤਾਇਆ। ਇਸ ਤਰ੍ਹਾਂ ਇਸ ਹੱਲੇ ਜਾਂ ਹੋਲੇ ਦਾ ਨਾਂ ਹੋਲਾ ਮਹੱਲਾ ਟਿਕ ਗਿਆ। ਇਹ ਬੋਲਾ ‘ਮਾਯ ਹਲਾ’ ਸਤਿਗੁਰਾਂ ਨੇ ਆਪ ਰਚਿਆ ਸੀ। ਜਿਸ ਦਾ ਮਤਲਬ ਸੀ ਬਣਾਉਟੀ ਹਮਲਾ। ਪਹਿਲਾ ਮਾਯ ਹਲਾ ਸਤਿਗੁਰਾਂ ਨੇ ਹੋਲੇ ’ਤੇ ਮੁਕਰਰ ਕੀਤਾ। ਇਹ ਮਾਯ ਹਲਾ ਬੋਲਚਾਲ ਵਿਚ ‘ਮਹੱਲਾ’ ਬਣ ਗਿਆ। ਮਹਾਨ ਕੋਸ਼ ਅਨੁਸਾਰ ‘ਹੋਲੇ’ ਦਾ ਅਰਥ ਹੱਲਾ ਅਤੇ ਹੱਲੇ ਦੀ ਥਾਂ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਨੂੰ ਸ਼ਸਤ੍ਰ ਅਤੇ ਯੁਧ ਵਿਦਿਆ ਵਿਚ ਨਿਪੁੰਨ ਕਰਨ ਹਿਤ ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ ਮੁਖੀ ਸਿੰਘਾਂ ਦੀ ਅਗਵਾਈ ਹੇਠ ਇਕ ਖ਼ਾਸ ਥਾਂ ’ਤੇ ਕਬਜ਼ਾ ਕਰਨਾ। ਗੁਰੂ ਸਾਹਿਬ ਇਸ ਨਕਲੀ ਜੰਗ ਦੇ ਜੌਹਰ ਦੇਖਦੇ ਸਨ ਤੇ ਦੋਹਾਂ ਦਲਾਂ ਨੂੰ ਸਿਖਿਆ ਦਿੰਦੇ ਸਨ । ਜਿਹੜਾਂ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿਚ ਸਿਰੋਪਾ ਬਖ਼ਸ਼ਦੇ ਸਨ । (ਮਹਾਨ ਕੋਸ਼, ਪੰਨਾ 283)
ਅੱਜ ਤਕ ਖਾਲਸਾ ਪੰਥ ਵਿਚ ‘ਮਹੱਲੇ’ ਦਾ ਰਿਵਾਜ਼ ਹੈ ਜਿਸ ਤਹਿਤ ਖਾਲਸਾ ਨਿਸ਼ਾਨਾਂ ਦੀ ਤਾਬਿਆ ਇਕ ਗੁਰ ਅਸਥਾਨ ਤੋਂ ਦੂਜੇ ਤਕ ਜਾਂ ਮੁੜ ਓਸੇ ਟਿਕਾਣੇ ਤਕ ਚੜ੍ਹ ਕੇ ਜਾਂਦਾ ਹੈ । ਹੁਣ ਇਹ ਨਿਰੋਲ ਧਾਰਮਿਕ ਰੂਪ ਵਿਚ ਹੈ । ਸ਼ਬਦ ਗਾਏ ਜਾਂਦੇ ਹਨ, ਸੰਗਤਾਂ ਪ੍ਰਸ਼ਾਦ ਭੇਟ ਕਰਦੀਆਂ ਅਤੇ ਟਿਕਾਣੇ ਅਪੜਕੇ ਭੋਗ ਪਾਇਆ ਜਾਂਦਾ ਹੈ । ਸ੍ਰੀ ਅੰਮ੍ਰਿਤਸਰ ਵਿਚ ਹੋਲੇ ਦੇ ਤਿਉਹਾਰ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਹੱਲਾ ਹੁਣ ਤਕ ਨਿਸ਼ਾਨਾਂ ਦੀ ਤਾਬਿਆ ਧੌਂਸਿਆਂ ਨਾਲ ਚੜ੍ਹਦਾ ਹੈ।
ਅਜੋਕੇ ਸਮੇਂ ਵੀ ਹੋਲੇ-ਮਹੱਲੇ ਦੇ ਉਤਸਵ ’ਤੇ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਖ਼ਾਲਸਾਈ ਕਰਤਵ ਦਿਖਾਉਂਦੇ ਹਨ। ਸ਼ਸਤ੍ਰਾਂ ਦਾ ਅਭਿਆਸ, ਘੋੜ ਦੌੜ, ਗਤਕਾਬਾਜ਼ੀ, ਨੇਜਾਬਾਜ਼ੀ, ਤੀਰ ਅੰਦਾਜ਼ੀ ਅਤੇ ਚਾਂਦ ਮਾਰੀ ਦੇ ਕਰਤਵ ਇਸ ਤਿਉਹਾਰ ਦੇ ਅੰਗ ਹਨ । ਹੋਲੇ-ਮਹੱਲੇ ’ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ) ਵਿਖੇ ਨਿਹੰਗ-ਸਿੰਘ ਸਿਖ ਸੰਗਤਾਂ ਦੀ ਵਿਸ਼ੇਸ਼ ਖਿਚ ਦਾ ਕੇਂਦਰ ਹੁੰਦੇ ਹਨ। ਹੋਲੇ-ਮਹੱਲੇ ਦੀ ਮਹਾਨਤਾ ਦਾ ਅੰਦਾਜ਼ਾ ਇਸ ਤਥ ਤੋਂ ਵੀ ਲਗਦਾ ਹੈ ਕਿ ਜਦ 1889 ਈ. ਵਿਚ ਖ਼ਾਲਸਾ ਦੀਵਾਨ ਲਾਹੌਰ ਨੇ ਪੰਜ ਸਿਖ ਜਨਤਕ ਛੁਟੀਆਂ ਦੀ ਮੰਗ ਕੀਤੀ ਸੀ ਤਾਂ, ਸਰਕਾਰ ਨੇ ਦੋ ਛੁਟੀਆਂ ਨੂੰ ਹੀ ਮਾਨਤਾ ਦਿਤੀ, ਇਕ ਹੋਲਾ-ਮਹੱਲੇ ਦੀ ਅਤੇ ਦੂਸਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀ।
ਹੋਲੇ-ਮਹੱਲੇ ਦਾ ਉਤਸਵ ਨਿਹੰਗ ਸਿੰਘਾਂ ਨਾਲ ਹੀ ਜ਼ੋਬਨ ਦਿਖਾਉਂਦਾ ਹੈ। ਦਰਅਸਲ ਨਿਹੰਗ ਸਿੰਘ ਹੀ ਇਸ ਉਤਸਵ ਦੇ ਨਾਇਕ ਹਨ। ‘ਆਏ ਨੀ ਨਿਹੰਗ ਬੂਹਾ ਖੋਲ੍ਹ ਦੇ ਨਿਸੰਗ’ ਦੇ ਬੋਲਾਂ ਤੋਂ ਨਿਹੰਗ ਸਿੰਘਾਂ ਦੇ ਸ਼ੁਧ ਚਰਿਤਰ ਦੇ ਭਾਵਾਂ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਇਹ Law of Property (ਜਾਇਦਾਦ ਦੇ ਕਬਜ਼ੇ ਦੇ ਅਸੂਲ) ਦੇ ਪਾਬੰਦ ਨਹੀਂ ਸਨ। ਇਹਨਾਂ ਅਨੁਸਾਰ ਸਭ ਕੁਝ ਵਾਹਿਗੁਰੂ ਦਾ ਹੈ ਅਤੇ ਮਲਕੀਅਤ ਦੇ ਦਾਅਵੇ ਨੂੰ ਮਨੁਖ ਦੀ ਭੁਲ ਮੰਨਦੇ ਸਨ । ਇਹਨਾਂ ਦੀ ਧਾਰਨਾ ਸੀ ਕਿ ਜਿਵੇਂ ਹਵਾ ਤੇ ਪਾਣੀ ਸਭ ਦਾ ਸਾਂਝਾ ਹੈ, ਉਸੇ ਤਰ੍ਹਾਂ ਜ਼ਮੀਨ ਅਤੇ ਇਸ ਦੀ ਉਤਪਤੀ ਸਭ ਦੀ ਸਾਂਝੀ ਹੈ। ਇਸ ਧਾਰਨਾ ਨੂੰ ਉਹ ਆਪਾ ਲੁਟਾਉਣ ਦੇ ਅਮਲ ਰਾਹੀ ਬੋਧ ਕਰਵਾਉਂਦੇ ਸਨ। ਨਿਹੰਗ ਸਿੰਘਾਂ ਦੇ ਉਚੇ ਆਚਰਨ ਨੂੰ ਪੇਸ਼ ਕਰਦੇ ਉਕਤ ਬੋਲੇ ਦੀ ਘਾੜਤ ਇਉਂ ਹੋਈ ਕਿ ਜਦ ਉਹ ਕਿਸੇ ਸਫ਼ਰ ਵਿਚ ਜਾਂਦੇ, ਰਸਤ ਪਾਣੀ ਨਾ ਲੈਂਦੇ ਤਦ ਕਿਸੇ ਨਗਰ ਵਿਚ ਚਲੇ ਜਾਂਦੇ। ਘਰਾਂ ਵਾਲਿਆਂ ਨੂੰ ਜਦ ਪਤਾ ਲਗਦਾ ਕਿ ਨਿਹੰਗ ਸਿੰਘ ਆਏ ਹਨ, ਤਾਂ ਉਨ੍ਹਾਂ ਨੇ ਘਰਾਂ ਦੇ ਬੂਹੇ ਖੋਲ੍ਹਕੇ ਹਥ ਜੋੜਕੇ ਬਾਹਰ ਖੜ੍ਹ ਜਾਣਾ ਤੇ ਫ਼ਤਹਿ ਗਜਾਉਣੀ। ਨਿਹੰਗ ਸਿੰਘਾਂ ਅੰਦਰ ਲੰਘ ਜਾਣਾ ਤੇ ਜਥੇ ਲਈ ਕੇਵਲ ਇਕ ਡੰਗ ਦਾ ਲੋੜ ਅਨੁਸਾਰ ਪ੍ਰਸ਼ਾਦਾ ਗ੍ਰਹਿਣ ਕਰਨਾ ਤੇ ਜਥੇ ਨੂੰ ਛਕਾ ਕੇ ਅਗੇ ਕੂਚ ਕਰ ਦੇਣੀ। ਘਰ ਵਿਚ ਹੋਰ ਕੀ ਹੈ, ਉਨ੍ਹਾਂ ਤਕਣਾਂ ਨਹੀਂ ਸੀ। ਉਹਨਾਂ ਦੇ ਆਚਰਨ ਦੀ ਇਸ ਕਵਾਇਦ ਦਾ ਸਚਾ ਵਰਤਾਰਾ ਤੇ ਪਕਿਆਈ ਲੋਕਾਂ ਦੇ ਦਿਲਾਂ ’ਤੇ ਸਿਕਾ ਜਮਾ ਚੁਕੇ ਸਨ, ਤਾਂ ਇਹ ਬੋਲ ਅਖਾਣ ਰੂਪ ਵਿਚ ਚੜ੍ਹੇ ।
ਹੋਲੇ-ਮਹੱਲੇ ਦੇ ਅਵਸਰ ’ਤੇ ਉਕਤ ਜੀਵਨ ਜਾਚ ਦੇ ਧਾਰਨੀ ਨਿਹੰਗ ਸਿੰਘਾਂ ਦੀ ਸ਼ਮੂਲੀਅਤ ਇਸ ਵਿਰਾਸਤੀ ਉਤਸਵ ਨੂੰ ਸ਼ੁਧ ਤੇ ਅਮੀਰ ਰੂਪ ਵਿਚ ਕਾਇਮ ਰਖ ਰਹੀ ਹੈ । ਸੰਪੂਰਨ ਖ਼ਾਲਸਾਈ ਬਾਣੇ ਵਿਚ ਸਜੇ ਨਿਹੰਗ ਸਿੰਘ ਜੰਗੀ ਜੌਹਰ ਦਿਖਾਉਂਦੇ ਸਮੁਚੀ ਸੰਗਤ ਲਈ ਚਾਨਣ ਮੁਨਾਰਾ ਬਣਦੇ ਹਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਰੰਭੀ ਗਈ ਇਸ ਜੰਗਜੂ ਰੀਤੀ ਨੂੰ ਬਾਦਸਤੂਰ ਜਾਰੀ ਰਖ ਰਹੇ ਹਨ।