ਭਾਈ ਵੀਰ ਸਿੰਘ ਸਿੱਖ ਸੁਰਤਿ ਦੀ ਪਰਵਾਜ਼ ਦੀ ਇਕ ਮੌਲਿਕ ਪ੍ਰਤੀਭਾ ਹੈ। ਵੀਹਵੀਂ ਸਦੀ ਵਿਚ ਭਾਈ ਵੀਰ ਸਿੰਘ ਦਾ ਯੋਗਦਾਨ ਅਮੁੱਲ ਹੈ। ਉਨ੍ਹਾਂ ਦੀਆਂ ਲਿਖਤਾਂ ਪ੍ਰਜਵਲਿਤ ਸਿੱਖ ਸੁਰਤਿ ਦੇ ਧਿਆਨੀ ਮੰਡਲਾਂ ਵਿਚੋਂ ਕਲਮ ਰਾਹੀਂ ਰੂਪਮਾਨ ਹੁੰਦੀਆਂ ਹਨ। ਗੁਰ-ਇਤਿਹਾਸ ਨੂੰ ਲਿਖਣ ਸਮੇਂ ਭਾਈ ਸਾਹਿਬ ਨੇ ਗੁਰੂ ਸਾਹਿਬ ਦੀ ਇਲਾਹੀ ਜੋਤ ਨੂੰ ਕਿਰਿਆਸ਼ੀਲ ਜਾਂ ਰੂਪਮਾਨ ਹੁੰਦਿਆਂ ਵਿਖਾਇਆ, ਜਿਸ ਵਿਚੋਂ ਫਿਰ ਬਾਹਰੀ ਜਾਂ ਤਾਰੀਖੀ-ਇਤਿਹਾਸ ਜਨਮ ਲੈਂਦਾ ਹੈ। ਭਾਈ ਵੀਰ ਸਿੰਘ ਚੇਤਨਾ ਨੂੰ ਇਤਿਹਾਸ ਦੇ ਆਧੁਨਿਕ ਤਾਰੀਖੀ ਪ੍ਰਭਾਵਾਂ ਤੋਂ ਮੁਕਤ ਕਰਵਾਉਂਦੇ ਹਨ ਅਤੇ ਗੁਰੂ ਦੇ ਜੋਤ ਸਵਰੂਪ ਨੂੰ ਇਤਿਹਾਸ ਵਿਚ ਪ੍ਰਕਾਸ਼ਮਾਨ ਕਰਵਾਉਂਦੇ ਹਨ ਅਤੇ ਉੱਚ ਅਦਰਸ਼ਾਂ ਨੂੰ ਅਮਲਾਂ ਵਿਚ ਪ੍ਰਗਟ ਹੁੰਦਿਆਂ ਵਿਖਾਉਂਦੇ ਹਨ। ਉਨ੍ਹਾਂ ਦੀ ਮੁੱਢਲੀ ਵਿਲੱਖਣਤਾ ਇਸ ਗੱਲ ਵਿਚ ਹੈ ਕਿ ਉਨ੍ਹਾਂ ਨੇ ਆਪਣੇ ਇਤਿਹਾਸ ਜਾਂ ਹੋਰ ਲਿਖਤਾਂ ਨੂੰ ਇਕ ਨਵੇਂ ਮੌਲਿਕ ਅੰਦਾਜ਼ ਵਿਚ ਰਚਿਆ ਜਿਸ ਵਿਚ ਨਵੀਂ ਵਾਰਤਕ ਦਾ ਮੁੱਖ ਯੋਗਦਾਨ ਸੀ, ਪਰ ਵਿਸ਼ੇ ਪੱਖੋਂ ਭਾਈ ਸਾਹਿਬ ਦਾ ਕਾਰਜ ਰਵਾਇਤ ਨਾਲ ਜਾ ਜੁੜਦਾ ਹੈ।
ਭਾਈ ਵੀਰ ਸਿੰਘ ਇਕ ਯੁੱਗ ਪੁਰਸ਼ ਸਨ, ਜਿੰਨਾ ਅੰਦਰ ਇਕ ਯੁੱਗ ਜਿੰਨਾ ਗਿਆਨ ਸਮਾਇਆ ਹੋਇਆ ਸੀ। ਗੁਰ ਇਤਿਹਾਸ ਲਿਖਣ ਦੇ ਨਾਲ-ਨਾਲ ਉਨ੍ਹਾਂ ਨਾਵਲਾਂ ਦੀ ਸਿਰਜਣਾ ਰਾਹੀਂ ਗੁਰਬਾਣੀ ਦੀਆਂ ਕਦਰਾਂ ਕੀਮਤਾਂ ਨੂੰ ਆਮ ਜ਼ਿੰਦਗੀ ਵਿਚ ਜਿਊਦਿਆਂ ਵਿਖਾਇਆ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਚਾਰ ਨਾਵਲ ਦਿੰਦਿਆਂ ਪੰਜਾਬੀ ਨਾਵਲ ਜਗਤ ਦਾ ਮੁੱਢ ਬੰਨਿਆ ਅਤੇ ਪੰਜਾਬੀ ਸਾਹਿਤ ਵਿਚ ਆਪਣਾ ਮੌਲਿਕ ਅਤੇ ਪਲੇਠਾ ਯੋਗਦਾਨ ਪਾਇਆ। ਭਾਈ ਵੀਰ ਸਿੰਘ ਦੁਆਰਾ ਰਚਿਤ ਇਹ ਚਾਰ ਨਾਵਲ ਗੁਰਮਤਿ ਸਿਧਾਤਾਂ ਦੀ ਸਪਸ਼ਟਤਾ ਲਿਆਉਣ ਲਈ ਸਰਲ ਵਾਰਤਾਲਾਪ ਹੈ। ਇਨ੍ਹਾਂ ਨਾਵਲਾਂ ਵਿਚ ਸਿੱਖ ਕਿਰਦਾਰਾਂ ਦੀ ਪਾਤਰਤਾ ਨੂੰ ਅਜਿਹੇ ਉੱਚੇ ਵਜਦ ਵਿਚ ਵਿਖਾਇਆ ਗਿਆ ਹੈ ਕਿ ਜਿਨ੍ਹਾਂ ਦੇ ਉੱਚੇ ਅਮਲ ਨੂੰ ਨਿਹਾਰਦਿਆਂ ਪਾਠਕ ਆਪਣੇ ਜੀਵਨ ਨੂੰ ਸਵਾਰਨ ਬਾਰੇ ਯਤਨ ਕਰਦਾ ਹੈ। ਭਾਈ ਸਾਹਿਬ ਦੀਆਂ ਲਿਖਤਾਂ ਆਪਣੀ ਸਰਲਤਾ ਦੇ ਨਾਲ ਨਾਲ ਦਰਸ਼ਨ ਦਾ ਗੂੜ-ਗਿਆਨ ਵਾਲਾ ਅਨੁਭਵ ਸਮੋਈ ਇਕੱਠਿਆਂ ਹੀ ਚੱਲਦੀਆਂ ਹਨ।
ਭਾਈ ਵੀਰ ਸਿੰਘ ਦੀਆਂ ਲਿਖਤਾਂ ਪਾਠਕ ਨੂੰ ਧੁਰ ਅੰਦਰ ਤੋਂ ਖਿਚਦੀਆਂ ਹਨ ਅਤੇ ਉਸ ਨੂੰ ਆਪਣੇ ਕੇਂਦਰ ਵੱਲ ਜਾਣ ਲਈ ਲਗਾਤਾਰ ਪ੍ਰੇਰਦੀਆਂ ਹਨ। ਭਾਈ ਵੀਰ ਸਿੰਘ ਦਾ ਯੋਗਦਾਨ ਉਸ ਸਮੇਂ ਹੈ, ਜਦੋਂ ਪੂਰਬੀ ਜਗਤ, ਵਿਚ ਜਿਸਨੂੰ ਅਧਿਆਤਮਕਤਾ ਦਾ ਗੜ੍ਹ ਮੰਨਿਆ ਜਾਦਾ ਸੀ, ਉੱਤੇ ਪੱਛਮੀ ਤਾਰਕਿਕ ਫਲਸਫੇ ਅਤੇ ਉਸਤੋਂ ਪ੍ਰੇਰਿਤ ਕਦਰਾਂ ਕੀਮਤਾਂ ਦਾ ਅਸਰ ਰਸੂਖ ਬਹੁਤ ਹੀ ਜਿਆਦਾ ਵਧ ਰਿਹਾ ਸੀ। ਉਸ ਸਮੇਂ ਵਿਚ ਭਾਈ ਵੀਰ ਸਿੰਘ ਅਤੇ ਪ੍ਰੋ. ਪੂਰਨ ਸਿੰਘ ਦੀਆਂ ਲਿਖਤਾਂ ਇਸ ਤਰਾਂ ਸਨ ਜਿਵੇਂ ਕਾਦਰਯਾਰ ਦੇ ਖੂਹ ਵਿਚ ਡਿੱਗੇ ਪੂਰਨ ਲਈ ਜੋਗੀ ਦਾ ਧਰਵਾਸ ਬਣ ਆਉਣਾ ਸੀ। ਸੋ ਭਾਈ ਵੀਰ ਸਿੰਘ ਦੀਆਂ ਲਿਖਤਾਂ ਰਾਹੀਂ ਗੁਰਮਤਿ ਚੇਤਨਾ ਮੁੜ ਪੱਸਰ ਰਹੀ ਸੀ। ਅਜਿਹੇ ਦੌਰ ਵਿਚ ਜਦੋਂ ਤਾਰਕਿਕ ਖਿਆਲ ਤੇਜੀ ਨਾਲ ਫੈਲ ਰਿਹਾ ਸੀ ਜਿਸ ਵਿਚ ਅੰਗਰੇਜ਼ ਵਿਦਵਾਨ ਅਤੇ ਆਰਿਆ ਸਮਾਜੀ ਲਗਾਤਾਰ ਕੰਮ ਕਰ ਰਹੇ ਸਨ ਅਤੇ ਗੁਰ ਇਤਿਹਾਸ ਦੀ ਬਚਿਤ੍ਰਤਾ ਦੇ ਰੂਹਾਨੀ ਪੱਖਾਂ ਉੱਤੇ ਆਪਣੇ ਗਿਣਤੀਆਂ ਮਿਣਤੀਆਂ ਦੇ ਤਾਰਕਿਕ ਵਾਰ ਕਰ ਰਹੇ ਸਨ। ਸੋ ਅਜੇਹੇ ਸਮੇਂ ਭਾਈ ਵੀਰ ਸਿੰਘ ਨੇ ਚਮਤਕਾਰਾਂ ਦੀ ਰਚਨਾ ਕਰਕੇ ਗੁਰੂ-ਜੋਤ ਵਿਚੋਂ ਚਮਤਕਾਰੀ ਇਤਿਹਾਸ ਸਿਰਜਦਾ ਵਿਖਾਇਆ। ਭਾਈ ਵੀਰ ਸਿੰਘ ਦਾ ਵਾਰਤਕ ਲਿਖਣ ਦਾ ਅੰਦਾਜ ਅਤੇ ਭਾਸ਼ਾ ਮੌਲਿਕ ਹੈ, ਜਿਸ ਨੂੰ ਡਾ. ਗੁਰਤਰਨ ਸਿੰਘ ਯਕੀਨ ਦੀ ਭਾਸ਼ਾ ਆਖਦੇ ਹਨ: “ਭਾਈ ਵੀਰ ਸਿੰਘ ਦੀ ਭਾਸ਼ਾ ਗੁਰੂ ਦੇ ਸਿਦਕ , ਯਕੀਨ ਅਤੇ ਅਨੁਭਵ ਨਾਲ ਇਕ ਸੁਰ ਹੋਣ ਕਰਕੇ ਅਸੀਂ ਇਸ ਭਾਸ਼ਾ ਨੂੰ ਮਹਾਨ ਕਵੀ ਡਾਟੇ ਦੇ ਅਰਥਾਂ ਵਿਚ ਯਕੀਨ ਦੀ ਭਾਸ਼ਾ (the language of faith) ਆਖਾਗੇ” – ਅਨੁਭਵ ਸੁਰਤੀਆਂ, ਪੰਨਾ 23)। ਉਨ੍ਹਾਂ ਦੀਆਂ ਲਿਖਤਾਂ ਵਿਚ ਯਕੀਨ ਦੀ ਬੇਮਿਸਾਲ ਪਰਿਪੱਕਤਾ ਭਾਈ ਵੀਰ ਸਿੰਘ ਨੂੰ ਧਿਆਨੀ-ਕਵੀ ਬਣਾਉਂਦੀ ਹੈ। ਇਸੇ ਕਾਰਨ ਉਨ੍ਹਾਂ ਦੀਆ ਲਿਖਤਾਂ ਬੁੱਧੀ ਮੰਡਲ ਤੋਂ ਅਗੇਰੇ ਗੁਰੂ ਸੁਰਤਿ ਵਿਚ ਇਕਾਗਰ ਅਤੇ ਇਕਮਿਕ ਧਿਆਨ ਮੰਡਲ ਤੋਂ ਆਉਦੀਆਂ ਵਿਖਾਈ ਦਿੰਦੀਆਂ ਹਨ, ਜਿਸਨੂੰ ਆਵੇਸ਼ ਵੀ ਆਖਿਆ ਜਾ ਸਕਦਾ ਹੈ। ਇਹ ਹੀ ਮੁੱਖ ਕਾਰਨ ਹੈ ਕਿ ਭਾਈ ਸਾਹਿਬ ਦੀਆਂ ਲਿਖਤਾਂ ਪਾਠਕ ਨੂੰ ਮਿਕਨਾਤੀਸ ਦੀ ਤਰਾਂ ਆਪਣੇ ਵੱਲ ਖਿੱਚਦੀਆਂ ਹਨ ਅਤੇ ਪਾਠਕ ਨੂੰ ਸਿੱਖ ਆਦਰਸ਼ਾਂ ਨਾਲ ਜੁੜਨ ਅਤੇ ਉਨ੍ਹਾਂ ਤੇ ਚੱਲਣ ਲਈ ਪ੍ਰੇਰਦੀਆਂ ਹਨ। ਭਾਈ ਵੀਰ ਸਿੰਘ ਦੀਆਂ ਲਿਖਤਾਂ ਸਿਧਾਂਤਕ ਸਪੱਸ਼ਟਤਾ, ਇਤਿਹਾਸਕ ਵਾਕਫੀਅਤ, ਬੁਲੰਦ ਕਿਰਦਾਰਾਂ ਦੇ ਦਰਸ਼ਨ, ਨਾਮ – ਸਿਮਰਨ ਵਿਚ ਮਨ ਲਗਾਉਣ ਦੀਆਂ ਵਿਧੀਆ, ਕਵਿਤਾਵਾਂ ਵਿਚ ਕੁਦਰਤਿ ਦੇ ਖਾਲਸਾ ਰੂਪ ਦੇ ਦਰਸ਼ਨ ਆਦਿ ਅਨੇਕਾਂ ਚੀਜਾਂ ਦੇ ਦਰਸ਼ਨ ਕਰਵਾਉਦੀਆਂ ਹਨ।
ਖ਼ਾਲਸਾ ਸਮਾਚਾਰ ਅਖਬਾਰ ਵਿਚ ਭਾਈ ਵੀਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਖ਼ਾਲਸਾ ਸਮਾਚਾਰ ਉਸ ਸਮੇਂ ਸਿੱਖਾਂ ਅੰਦਰ ਗੁਰਮਤਿ ਚੇਤਨਾ ਨੂੰ ਮੁੜ ਪ੍ਰਜਵਲਿਤ ਕਰਨ ਦਾ ਯਤਨ ਕਰ ਰਿਹਾ ਸੀ। ਖ਼ਾਲਸਾ ਸਮਾਚਾਰ ਨੇ ਸਿੱਖਾਂ ਦੇ ਨਿਸ਼ਾਨਿਆਂ ਪ੍ਰਤੀ ਕਾਫੀ ਸਪਸ਼ਟਤਾ ਲਿਆਂਦੀ ਅਤੇ ਹਿੰਦੂ ਸਮਾਜ ਦੇ ਵਿਦਵਾਨਾਂ ਵੱਲੋਂ ਸਿੱਖੀ ’ਤੇ ਹੋ ਰਹੇ ਲਗਾਤਾਰ ਸਿਧਾਂਤਿਕ ਹਮਲਿਆਂ ਦਾ ਡੱਟ ਕੇ ਸਾਹਮਣਾ ਕੀਤਾ। ਖ਼ਾਲਸਾ ਸਮਾਚਾਰ ਨੇ ਸਿੱਖ ਚੇਤਨਾ ਨੂੰ ਸਮੇਂ ਦੀ ਚੇਤਨਾ ਦੀ ਜਕੜ ਤੋਂ ਬਾਹਰ ਕੱਢ ਕੇ ਸਿੱਖ ਪਰੰਪਰਾਵਾਂ ਨੂੰ ਮੁੜ ਸੁਰਜੀਤ ਕੀਤਾ। ਭਾਈ ਵੀਰ ਸਿੰਘ ਅਤੇ ਖ਼ਾਲਸਾ ਸਮਾਚਾਰ ਵਲੋਂ ਪੈਦਾ ਕੀਤੀ ਵਿਦਿਅਕ ਚੇਤਨਾ ਸਿੱਖਾਂ ਅੰਦਰ ਰਾਜਨੀਤੀਕ ਕਰਵਟ ਲੈ ਰਹੀ ਸੀ ਜਿਸਦਾ ਅਗਲਾ ਪੜਾਅ ਰਾਜਨੀਤਿਕ ਤਬਦੀਲੀ ਬਣਿਆ। ਇੰਨ੍ਹਾਂ ਭਵਿੱਖਤ ਖਤਰਿਆਂ ਤੋਂ ਡਰਦਿਆਂ ਬ੍ਰਿਟਿਸ਼ ਇੰਡੀਆ ਦੀ ਪੁਲਿਸ ਲਗਾਤਾਰ ਭਾਈ ਵੀਰ ਸਿੰਘ ’ਤੇ ਨਿਗ੍ਹਾ ਰੱਖ ਰਹੀ ਸੀ ਅਤੇ ਉਨਾਂ ਦੀਆਂ ਰਿਪੋਰਟਾਂ ਅਨੁਸਾਰ ਭਾਈ ਵੀਰ ਸਿੰਘ ਸਭ ਤੋਂ ਖਤਰਨਾਕ ਬੰਦਾ ਸੀ ਕਿਉਂਕਿ ਭਾਈ ਵੀਰ ਸਿੰਘ ਕੋਲ ਇਕ ਵੀਜਨ ਅਤੇ ਜੋਰਾਵਰ ਕਲਮ ਹੈ। (Bhai Vir Singh by Dr ganda Singh, page – 101)।
ਭਾਈ ਵੀਰ ਸਿੰਘ ਦੀਆਂ ਲਿਖਤਾਂ ਦੀ ਤਰਾਂ ਹੀ ਉਨ੍ਹਾਂ ਦੀ ਸਖਸ਼ੀਅਤ ਵੀ ਬੇਮਿਸਾਲ ਅਤੇ ਜੋਰਾਵਰ ਖਿੱਚ ਵਾਲੀ ਸੀ। ਇਸ ਗੱਲ ਦੀ ਗਵਾਹੀ ਪ੍ਰੋ. ਪੂਰਨ ਸਿੰਘ ਜੋ ਕਿ ਸਿੱਖ ਸੁਰਤਿ ਦੇ ਦਾਨਿਸ਼ਵਰਾ ਵਿਚੋਂ ਸਨ, ਦਿੰਦੇ ਹਨ। ਮੁਢਲੇ ਰੂਪ ਵਿਚ ਪ੍ਰੋ. ਪੂਰਨ ਸਿੰਘ ਹੁਰਾ ਦੀ ਪ੍ਰੇਰਨਾ ਵੀ ਭਾਈ ਵੀਰ ਸਿੰਘ ਹੀ ਰਹੇ ਹਨ। ਸੋ ਪ੍ਰੋ. ਪੂਰਨ ਸਿੰਘ ਦੀ ਦ੍ਰਿਸ਼ਟੀ ਅਨੁਸਾਰ ਭਾਈ ਸਾਹਿਬ ਜੀਵਨ ਵਾਲੇ ਪੁਰਸ਼ ਸਨ। ਉਨ੍ਹਾਂ ਦੀਆਂ ਕਵੀਤਾਵਾਂ ਦੀ ਤਰ੍ਹਾਂ ਹੀ, ਉਨ੍ਹਾਂ ਦੇ ਕੋਲ ਬੈਠਣਾ ਵੀ ਖਿਚਦਾ ਸੀ ਅਤੇ ਸਾਡੇ ਹਿੱਰਦਿਆ ਨੂੰ ਇਕ ਖਾਸ ਤਰ੍ਹਾਂ ਦੇ ਅਨੰਦ ਨਾਲ ਭਰ ਦਿੰਦਾ ਸੀ “His touch alone can make a poet. I have seen unlettered men and women glowing with poetry when sitting near him. I wander round his room, sit here and stand there, do nothing, think nothing, just wonder and admire, taking tea with him, or enjoying a morning meal in his company, gaze at him as he bathes, as he eats and talks, as he listens to the conversation of those around him; and when I come away I invariably find myself full of a divine glow; my consciousness has grown iridescent, full of God, his mercy and his love” (Bhai Vir Singh by Prof. Puran Singh, page -28)। ਪ੍ਰੋ. ਸਾਹਿਬ ਦੀ ਗਵਾਹੀ ਇਹ ਦਰਸਾਉਦੀ ਹੈ ਕਿ ਭਾਈ ਸਾਹਿਬ ਦਾ ਜੀਵਨ ਇਕ ਫੁੱਲ ਦੀ ਨਿਆਈਂ ਸੀ। ਜਿਵੇਂ ਫੁੱਲ ਆਪਣੇ ਪੂਰਨ ਖੇੜੇ ਵਿਚ ਅਡੋਲ ਖਿੜਿਆ ਹੋਇਆ ਹੋਵੇ ਅਤੇ ਭਵਰਿਆਂ ਰੂਪੀ ਲੋਕ ਉਨ੍ਹਾਂ ਵੱਲ ਬਿਨਾ ਅਰਥ ਖਿੱਚੇ ਚਲੇ ਆਉਂਦੇ ਹੋਣ। ਅਜਿਹਾ ਦਿਲਕਸ਼ ਨਜਾਰਾ ਪਾਠਕ ਟਿਕਾਅ ਨਾਲ ਪੜ੍ਹ ਕੇ ਉਨ੍ਹਾਂ ਦੀਆਂ ਲਿਖਤਾਂ ਵਿਚ ਅਜੇ ਵੀ ਵੇਖ ਅਤੇ ਮਾਣ ਸਕਦੇ ਹਨ।