ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ …

ਸਿਰਦਾਰ ਕਪੂਰ ਸਿੰਘ ਨੂੰ ਯਾਦ ਕਰਦਿਆਂ …

‘ਅੱਜ ਯਾਦ ਆਇਆ ਮੈਨੂੰ ਉਹ ਸੱਜਣ, ਜਿਹਦੇ ਮਗਰ ਉਲਾਂਭੜਾ ਜੱਗ ਦਾ ਏ।’

ਭਾਈ ਸਾਹਿਬ ਸਿਰਦਾਰ ਕਪੂਰ ਸਿੰਘ ਦਾ ਨਾਂ, ਸਿੱਖ ਇਤਿਹਾਸ ਦੇ ਵਿਦਿਆਰਥੀਆਂ ਅਤੇ ਪੰਥ ਦਰਦੀ ਸਿੱਖਾਂ ਲਈ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਹੈ। 20ਵੀਂ ਸਦੀ ਦਾ ਸਾਊਥ ਏਸ਼ੀਆ ਦਾ ਇਤਿਹਾਸ, ਸਿੱਖ ਕੌਮ ਦੇ ਨੁਕਤਾਨਿਗਾਹ ਤੋਂ ਜਾਗਰੂਕਤਾ, ਕੁਰਬਾਨੀਆਂ, ਬੇਵਕੂਫੀਆਂ, ਗੱਦਾਰੀਆਂ ਅਤੇ ਘੱਲੂਘਾਰਿਆਂ ਦਾ ਇਤਿਹਾਸ ਹੈ। ਸਿਰਦਾਰ ਕਪੂਰ ਸਿੰਘ ਨਾ-ਸਿਰਫ ਇਸ ਸਦੀ ਦੇ ਇਤਿਹਾਸ ਦੇ ‘ਗਵਾਹ’ ਹਨ ਬਲਕਿ ਉਪਰਲੇ ਪੱਧਰ ਦੇ ਇਸ ਦੇ ਪਾਤਰਾਂ ਵਿੱਚ ਵੀ ਸ਼ਾਮਲ ਹਨ। ਭਾਵੇਂ ਕਿ 1947 ਦੇ ਦੌਰ ਵਿੱਚ, ਅਕਾਲੀ ਲੀਡਰਾਂ ਦੀ ਕਮ-ਅਕਲੀ ਦੀ ਵਜ੍ਹਾ ਕਰਕੇ ਸਿਰਦਾਰ ਸਾਹਿਬ ਇੱਕ ‘ਬੇਬੱਸ ਪਾਤਰ’ ਨਜ਼ਰ ਆਉਂਦੇ ਹਨ ਪਰ 1980ਵਿਆਂ ਵਿੱਚ ਉਨ੍ਹਾਂ ਦੀ ਸੋਚ ਨੂੰ, ਪੰਥ ਨੇ ਪੂਰੀ ਤਰ੍ਹਾਂ ਆਪਣੇ ਰਾਜਸੀ ਨਿਸ਼ਾਨੇ ਵਜੋਂ ਅਪਣਾਇਆ। ਸਿਰਦਾਰ ਸਾਹਿਬ ਨੇ ਆਪਣੀ ਸ੍ਵੈ-ਜੀਵਨੀ ਦਾ ਨਾਮ ‘ਸਾਚੀ ਸਾਖੀ’ ਰੱਖਿਆ।

ਸਿਰਦਾਰ ਕਪੂਰ ਸਿੰਘ
ਸਿਰਦਾਰ ਕਪੂਰ ਸਿੰਘ

ਇਸ ਪੁਸਤਕ ਨੂੰ ਖਾਲਿਸਤਾਨੀ ਸੰਘਰਸ਼ ਵਿੱਚ ‘ਕੇਸਰੀ ਪੁਸਤਕ’ ਦਾ ਉਵੇਂ ਹੀ ਰੁਤਬਾ ਹਾਸਲ ਹੋਇਆ ਹੈ, ਜਿਵੇਂ ਕਦੀ ਮਾਓਵਾਦੀ ਕ੍ਰਾਂਤੀ ਵਿੱਚ ‘ਲਾਲ ਕਿਤਾਬ’ ਨੂੰ ਹੋਇਆ ਸੀ। ਸੱਚ ਦੀ ਦਾਸਤਾਨ ’ਤੇ ਅਧਾਰਿਤ ‘ਸਾਚੀ ਸਾਖੀ’ 20ਵੀਂ ਸਦੀ ਦੇ ਪਹਿਲੇ ਅੱਧ (15 ਅਗਸਤ, 1947 ਤੱਕ) ਤੱਕ ਦੇ ਬ੍ਰਿਟਿਸ਼ ਵਰਤਾਰੇ, ਕਾਂਗਰਸ ਦੀ ਹਿੰਦੂਤਵੀ ਸੋਚ, ਕਾਇਦੇ-ਆਜ਼ਮ ਜਿਨਾਹ ਦੀ ਸੈਕੂਲਰ ਸੋਚ ਦਾ ਗਾਂਧੀ – ਨਹਿਰੂ ਦੀ ਫਿਰਕੂ ਸੋਚ ਦੇ ਟਾਕਰੇ ’ਤੇ ‘ਇਸਲਾਮਿਕ ਸੋਚ’ ਵਿੱਚ ਬਦਲਣਾ ਅਤੇ ਕਾਂਗਰਸੀ ਲੀਡਰਸ਼ਿਪ ਦੇ ਸਿੱਖਾਂ ਨਾਲ ਕੀਤੇ ਕੌਲ-ਇਕਰਾਰਾਂ ਦਾ ਜ਼ਿਕਰ ਵੇਰਵੇ ਸਹਿਤ ਕਰਦੀ ਹੈ। ਇਸ ਪਹਿਲੀ ਅੱਧੀ ਸਦੀ ਦੌਰਾਨ ਦੀ ਅਕਾਲੀ ਲੀਡਰਸ਼ਿਪ (ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ ਆਦਿਕ) ਵਲੋਂ, ਸਿੱਖ ਕੌਮ ਦੀ ਮੁਕੰਮਲ ਅਜ਼ਾਦੀ (ਸਿੱਖ ਸਟੇਟ) ਲਈ ਵਾਰ-ਵਾਰ ਗਵਾਏ ਗਏ ਮੌਕਿਆਂ ਦਾ ਵੀ ਇਸ ਵਿੱਚ ਵੇਰਵੇ ਸਹਿਤ ਜ਼ਿਕਰ ਹੈ।

1947 ਦੇ ਦੌਰ ਤੋਂ ਬਾਅਦ, ਹਿੰਦੂ ਲੀਡਰਸ਼ਿਪ ਨੇ ਕਿਵੇਂ ਸਿੱਖ ਕੌਮ ਨੂੰ ਜ਼ਲੀਲ ਕਰਨ ਵਾਲਾ ਵਤੀਰਾ ਸਰਕਾਰੀ ਤੌਰ ’ਤੇ ਅਪਣਾਇਆ, ਉਸ ਦੀ ਵਿਸਤ੍ਰਿਤ ਕਹਾਣੀ ਇਹ ‘ਸਾਚੀ ਸਾਥੀ’, ਲਹੂ ਦੇ ਅੱਥਰੂ ਕੇਰਦਿਆਂ ਸੁਣਾ ਰਹੀ ਹੈ। ਇਹ ‘ਸਾਚੀ ਸਾਖੀ’ ਸ੍ਵੈ-ਜੀਵਨੀ ਵੀ ਹੈ, ਇਤਿਹਾਸ ਵੀ ਹੈ, ਆਪਣਿਆਂ ਤੇ ਗੈਰਾਂ ਦੀ ਬੇ-ਵਫਾਈ ਦਾ ਹੋਕਾ ਵੀ ਦਿੰਦੀ ਹੈ ਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਖਤਰੇ ਤੋਂ ਖਬਰਦਾਰ ਹੋਣ ਅਤੇ ਕੌਮੀ ਹੋਣੀ ਸਿਰਜਣ ਦੀ ਵੰਗਾਰ ਵੀ ਪਾਉਂਦੀ ਹੈ। ਇਹ ਸ੍ਵੈ-ਜੀਵਨੀ ਸਿਰਦਾਰ ਸਾਹਿਬ ਦੀ ਸਿਰਫ ਆਪਣੀ ਕਹਾਣੀ ਨਾ ਹੋ ਕੇ ਸਿੱਖ ਕੌਮ ਦੀ ‘ਕਿਉਂ ਕੀਤੋ ਵੇਸਾਹੁ’ ਦੀ ਤ੍ਰਾਸਦੀ ਦਾ ਬਿਆਨ ਵੀ ਹੈ। ਸਿਰਦਾਰ ਸਾਹਿਬ ਨੇ ਇਸ ਪੁਸਤਕ ਦੇ ਪਹਿਲੇ ਸਫੇ ’ਤੇ, ਗੁਰਬਾਣੀ ਦੀ ਇਹ ਤੁੱਕ ਅੰਕਿਤ ਕੀਤੀ –

‘ਸੰਤਨ ਕੀ ਸੁਣ ਸਾਚੀ ਸਾਖੀ,
ਸੋ ਬੋਲਹਿਂ ਜੋ ਪੇਖਹਿਂ ਆਂਖੀ।’

ਸਿਰਦਾਰ ਕਪੂਰ ਸਿੰਘ ਸਚਮੁੱਚ ਹੀ ਇੱਕ ‘ਸੰਤ ਬਿਰਤੀ, ਦਰਵੇਸ਼, ਸਿੱਖ ਸੋਚਵਾਨ ਸਨ, ਜਿਹੜੇ ਕਿਸੇ ਨਾਢੂ ਖਾਨ ਦੇ ਸਾਹਮਣੇ ਨਾ ਕਦੇ ਝੁਕੇ, ਨਾ ਹੀ ਕਦੇ ਕਿਸੇ ਦੀ ਈਨ ਮੰਨੀ। ਸਿੱਖ ਦੇ ਸੰਤ-ਸਿਪਾਹੀ ਦੇ ਕਿਰਦਾਰ ਨੂੰ ਅਖੀਰਲੇ ਸਾਹ ਤੱਕ ਨਿਭਾਉਂਦਿਆਂ, ਉਨ੍ਹਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਪੰਥਕ ਅਜ਼ਾਦੀ ਦੇ ਰਸਤੇ ’ਤੇ ਤੁਰਨ ਲਈ ‘ਵਿਚਾਰਧਾਰਕ ਅਧਾਰ’ ਪ੍ਰਦਾਨ ਕੀਤਾ।

ਸਿਰਦਾਰ ਕਪੂਰ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (ਫਾਈਲ ਫੋਟੋ)
ਸਿਰਦਾਰ ਕਪੂਰ ਸਿੰਘ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ (ਫਾਈਲ ਫੋਟੋ)

2 ਮਾਰਚ, 1909 ਨੂੰ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੱਕ ਵਿੱਚ, ਸਰਦਾਰ ਦੀਦਾਰ ਸਿੰਘ ਦੇ ਘਰ ਉਨ੍ਹਾਂ ਦਾ ਜਨਮ ਹੋਇਆ। ਉਨ੍ਹਾਂ ਨੇ ਸਰਕਾਰੀ ਕਾਲਜ ਲਾਹੌਰ ਤੋਂ ਐਮ. ਏ. ਦੀ ਡਿਗਰੀ ‘ਫਸਟ’ ਰਹਿ ਕੇ ਹਾਸਲ ਕੀਤੀ ਅਤੇ ਫਿਰ ਉਚੇਰੀ ਸਿੱਖਿਆ ਲਈ ਕੈਂਬਰਿਜ ਯੂਨੀਵਰਸਿਟੀ, ਲੰਡਨ ਵਿੱਚ ਜਾ ਦਾਖਲ ਹੋਏ। ਉਹ ਫਿਲਾਸਫੀ ਦੇ ਧਨੰਤਰ ਵਿਦਵਾਨ ਤਾਂ ਬਣੇ ਹੀ, ਪਰ ਸੰਸਕ੍ਰਿਤ, ਅਰਬੀ, ਫਾਰਸੀ ਜ਼ੁਬਾਨਾਂ ’ਤੇ ਵੀ ਉਨ੍ਹਾਂ ਨੂੰ ਪੂਰੀ ਮੁਹਾਰਤ ਹਾਸਲ ਸੀ। ਉਨ੍ਹਾਂ ਦੀ ਅੰਗਰੇਜ਼ੀ ਲਿਖਤ, ਬਿਨਾਂ ਡਿਕਸ਼ਨਰੀ ਦੇ ਸਹਾਰੇ ਦੇ ਸਮਝੀ ਨਹੀਂ ਜਾ ਸਕਦੀ। ਉਸ ਵੇਲੇ ਕੈਂਬਰਿਜ ਯੂਨੀਵਰਸਿਟੀ ਦਾ ਪ੍ਰੋਫੈਸਰ, ਜਗਤ ਪ੍ਰਸਿੱਧ ਫਿਲਾਸਫਰ ਬਰਟਰਨਡ ਰੱਸਲ, ਸਿਰਦਾਰ ਕਪੂਰ ਸਿੰਘ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ, ਉਨ੍ਹਾਂ ਨੂੰ ਕੈਂਬਰਿਜ ਯੂਨੀਵਰਸਿਟੀ ਵਿੱਚ ‘ਅਧਿਆਪਕ’ ਬਣਾਉਣ ਦੀ ਪੇਸ਼ਕਸ਼ ਕੀਤੀ। ਪਰ ਸਿਰਦਾਰ ਸਾਹਿਬ ਨੇ ਇਸ ਦੌਰਾਨ ਆਈ.ਸੀ.ਐਸ. ਦਾ ਇਮਤਿਹਾਨ ਪਾਸ ਕਰ ਲਿਆ ਅਤੇ ਉਨ੍ਹਾਂ ਨੇ ਪੰਜਾਬ ਪਰਤ ਕੇ, ਆਪਣੇ ਲੋਕਾਂ ਵਿੱਚ ਵਿਚਰਨ ਨੂੰ ਹੀ ਪਹਿਲ ਦਿੱਤੀ।

ਉਨ੍ਹਾਂ ਨੇ ‘ਡਿਪਟੀ ਕਮਿਸ਼ਨਰ’ ਦੀ ਸੇਵਾ ਨੂੰ ਬੜੀ ਇਮਾਨਦਾਰੀ ਨਾਲ ਨਿਭਾਇਆ। 1940ਵਿਆਂ ਦੇ ਦੌਰ ਵਿੱਚ ਉਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਵਲੋਂ ਸਮੇਂ-ਸਮੇਂ ਅਕਾਲੀ ਲੀਡਰਾਂ ਨੂੰ, ਸਿੱਖ ਕੌਮ ਲਈ ਕੁਝ ਕਰ ਸਕਣ ਦੇ ਸੁਨੇਹੇ ਪਹੁੰਚਾਏ ਪਰ ਅਕਾਲੀ ਲੀਡਰ ਆਪਣੀ ‘ਗਫਲਤ’ ਦੀ ਨੀਂਦੇ ਸੁੱਤੇ ਰਹੇ। 1947 ਦੀ ਵੰਡ ਵੇਲੇ, ਸਿਰਦਾਰ ਸਾਹਿਬ ਪੰਜਾਬ ਦੇ ਜ਼ਿਲ੍ਹਾ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ। 10 ਅਕਤੂਬਰ, 1947 ਨੂੰ, ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਵਲੋਂ ਸਿੱਖ ਕੌਮ ਨੂੰ ‘ਜ਼ਰਾਇਮ ਪੇਸ਼ਾ’ ਐਲਾਨਣ ਵਾਲਾ ਸਰਕੂਲਰ ਜਾਰੀ ਕੀਤਾ ਗਿਆ। ਇਸ ਦਾ ਸਿਰਦਾਰ ਕਪੂਰ ਸਾਹਿਬ ਨੇ ਡੱਟ ਕੇ ਵਿਰੋਧ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾ ਕੇ ਨੌਕਰੀ ਤੋਂ ਕੱਢ ਦਿੱਤਾ ਗਿਆ। ਪ੍ਰਧਾਨ ਮੰਤਰੀ ਪੰਡਿਤ ਨਹਿਰੂ ਨੇ, ਫਿਰਕੂ ਰੋਲ ਅਦਾ ਕਰਦਿਆਂ ਇਹ ਕਾਰਾ ਕਰਵਾਇਆ। ਸਿਰਦਾਰ ਸਾਹਿਬ ਨੇ, ਇਸ ਗੈਰ-ਕਾਨੂੰਨੀ ਕਾਰਵਾਈ ਦੇ ਖਿਲਾਫ ਹਾਈਕੋਰਟ, ਸੁਪਰੀਮ ਕੋਰਟ ਤੱਕ ਲੜਾਈ ਲੜੀ ਪਰ ਪੰਡਿਤ ਨਹਿਰੂ ਨੇ ਕੋਈ ਪੇਸ਼ ਨਾ ਜਾਣ ਦਿੱਤੀ। 1947 ਤੋਂ ਬਾਅਦ ਦੀ ਸਿੱਖਾਂ ਦੀ ਦਸ਼ਾ ਸਬੰਧੀ ਸਿਰਦਾਰ ਸਾਹਿਬ ਨੇ ‘ਸਾਚੀ ਸਾਖੀ’ ਵਿੱਚ ਐਲਾਨਿਆ –

‘ਮੁਲਕ ਹਿੰਦੂ ਕਾ, ਰਾਜ ਤਿਕੜੀ ਕਾ
ਗੁਰੂ ਰਾਖਾ ਭਾਈ, ਸਿਖੜੇ ਕਾ।’

ਇੱਥੇ ਤਿਕੜੀ ਤੋਂ ਮਤਲਬ ਪੰਡਤ ਨਹਿਰੂ-ਪ੍ਰਧਾਨ ਮੰਤਰੀ, ਪਟੇਲ-ਗ੍ਰਹਿ ਮੰਤਰੀ ਅਤੇ ਗੋਪੀ ਚੰਗ ਭਾਰਗਵ-ਗਵਰਨਰ ਪੰਜਾਬ ਹੈ।

ਸਿਰਦਾਰ ਸਾਹਿਬ, ਨੂੰ ‘ਅਣਖੀ ਸਿੱਖ’ ਹੋਣ ਦੀ ਸਜ਼ਾ, ਉਨ੍ਹਾਂ ਨੂੰ ਨੌਕਰੀਓਂ ਕੱਢ ਕੇ, ‘ਹਿੰਦੂ ਰਾਜਿਆਂ’ ਨੇ ਦਿੱਤੀ। ਇਸ ਧੱਕੇਸ਼ਾਹੀ ਵਿਰੁੱਧ, ਸਿਰਦਾਰ ਸਾਹਿਬ ਨੇ ਪੂਰਾ ਜਿਹਾਦ ਕੀਤਾ। ਉਨ੍ਹਾਂ ਨੇ 1962 ਦੀਆਂ ਚੋਣਾਂ ਵਿੱਚ ਲੁਧਿਆਣਾ ਪਾਰਲੀਮਾਨੀ ਹਲਕੇ ਤੋਂ ਚੋਣ ਜਿੱਤੀ ਅਤੇ ਪਾਰਲੀਮੈਂਟ ਮੈਂਬਰ ਬਣੇ। 1962 ਤੋਂ 1964 ਤੱਕ (27 ਮਈ, 1964 ਨੂੰ ਨਹਿਰੂ ਦੀ ਮੌਤ ਹੋ ਗਈ ਸੀ) ਉਨ੍ਹਾਂ ਨੇ ਪਾਰਲੀਮੈਂਟ ਵਿੱਚ ਕਈ ਵਾਰ ਨਹਿਰੂ ਨੂੰ ਵੰਗਾਰਿਆ। ਖਾਸ ਕਰ, ਚੀਨ ਦੀ ਲੜਾਈ ਦੌਰਾਨ, ਸਿਰਦਾਰ ਸਾਹਿਬ ਦੀ ਪਾਰਲੀਮੈਂਟ ਵਿੱਚ ਸਪੀਚ ਇੱਕ ਇਤਿਹਾਸਕ ਦਸਤਾਵੇਜ਼ ਹੈ। 1 ਨਵੰਬਰ, 1966 ਨੂੰ ‘ਪੰਜਾਬ ਪੁਨਰਗਠਨ ਐਕਟ’ ਹੇਠ, ਪੰਜਾਬੀ ਸੂਬਾ ਹੋਂਦ ਵਿੱਚ ਆਇਆ। ਇਸ ਬਿੱਲ ਦੌਰਾਨ ਬਹਿਸ ਵਿੱਚ ਸਿਰਦਾਰ ਸਾਹਿਬ ਨੇ, ਇਸ ਬਿੱਲ ਨੂੰ ‘ਗੰਦਾ ਅੰਡਾ’ ਆਖਿਆ, ਜਿਹੜਾ ਕਿ ਸਿੱਖ ਕੌਮ ਨਾਲ ਅੱਗੋਂ ਘੋਰ ਅਨਿਆਂ ਦਾ ਕਾਰਨ ਬਣਿਆ ਹੈ। ਗ੍ਰਹਿ ਮੰਤਰੀ ਗੁਲਜ਼ਾਰੀ ਲਾਲ ਨੰਦਾ ਦੀ ਕਮਾਂਡ ਹੇਠ ਇਹ ਬਿੱਲ ਐਕਟ ਬਣਿਆ। ਉਦੋਂ ਸਿਰਦਾਰ ਕਪੂਰ ਸਿੰਘ, ਮਾਸਟਰ ਤਾਰਾ ਸਿੰਘ ਅਕਾਲੀ ਦਲ ਵਿੱਚ ਸਨ।

ਪਰ ਬਹੁਗਿਣਤੀ ਸਿੱਖ ਕੌਮ ਤੇ ਮੈਂਬਰ ਸੰਤ ਫਤਿਹ ਸਿੰਘ ਦੇ ਨਾਲ ਸਨ, ਜਿਸ ਨੇ ਇਸ ਬਿੱਲ ਦਾ ਸਵਾਗਤ ਕੀਤਾ ਅਤੇ ਆਪ ਇੰਗਲੈਂਡ ਦੀ ਸੈਰ ਕਰਨ ਤੁਰ ਗਿਆ। ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78, 79 ਅਤੇ 80 ਪੰਜਾਬ ਦੇ ਪਾਣੀਆਂ ਤੇ ਗੈਰ-ਸੰਵਿਧਾਨਕ ਤਰੀਕੇ ਨਾਲ ‘ਭਾਖੜਾ ਬਿਆਸ ਮੈਨੇਜਮੈਂਟ ਬੋਰਡ’ ਦਾ ਕੰਟਰੋਲ ਅਸਥਾਪਤ ਕਰਦੀਆਂ ਹਨ ਅਤੇ ਇਸ ਤਰ੍ਹਾਂ ਨਾਨ-ਰਾਇਪੇਰੀਅਨ ਸਟੇਟਾਂ (ਰਾਜਸਥਾਨ, ਹਰਿਆਣਾ ਆਦਿਕ) ਪੰਜਾਬ ਦੇ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਲੁੱਟ ਰਹੀਆਂ ਹਨ।

1969 ਵਿੱਚ ਸਿਰਦਾਰ ਕਪੂਰ ਸਿੰਘ, ਸਮਰਾਲਾ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਪਰ ਉਨ੍ਹਾਂ ਨੂੰ ਅਕਾਲੀਆਂ ਨੇ ‘ਵਜ਼ਾਰਤ’ ’ਚ ਅਹੁਦਾ ਨਾ ਦਿੱਤਾ। 1967 ਵਿੱਚ ਮਾਸਟਰ ਤਾਰਾ ਸਿੰਘ ਦੀ ਮੌਤ ਤੋਂ ਬਾਅਦ, ਦੋਵੇਂ ਅਕਾਲੀ ਦਲਾਂ (ਮਾਸਟਰ ਤੇ ਸੰਤ ਦਲ) ਦਾ ਏਕਾ ਹੋ ਗਿਆ ਸੀ ਅਤੇ ਸਿਰਦਾਰ ਕਪੂਰ ਸਿੰਘ ਨੇ ਨਾ-ਸਿਰਫ ਸਮਝੌਤਾ ਦਸਤਾਵੇਜ਼ ਹੀ ਲਿਖਿਆ ਸੀ ਬਲਕਿ ਉਨ੍ਹਾਂ ਨੂੰ ਅਕਾਲੀ ਦਲ ਦਾ ਸੀਨੀਅਰ ਮੀਤ-ਪ੍ਰਧਾਨ ਵੀ ਬਣਾਇਆ ਗਿਆ ਸੀ। ਇਸ ਸਮਝੌਤਾ ਦਸਤਾਵੇਜ਼ ਵਿੱਚ ਪੰਥ ਦਾ ਰਾਜਸੀ ਨਿਸ਼ਾਨਾ ‘ਖਾਲਸਾ ਜੀ ਕੇ ਬੋਲਬਾਲੇ’ ਮਿੱਥਿਆ ਗਿਆ ਸੀ। ਜਦੋਂ ਸਿਰਦਾਰ ਕਪੂਰ ਸਿੰਘ ਨੇ, ਅਕਾਲੀ ਲੀਡਰਾਂ ਨੂੰ ਇਹ ਸਮਝੌਤਾ ਯਾਦ ਕਰਵਾਇਆ ਤਾਂ ਪਾਰਟੀ ਵਿਰੋਧੀ ਕਾਰਵਾਈ ਦਾ ਦੋਸ਼ ਲਾ ਕੇ, ਉਨ੍ਹਾਂ ਨੂੰ ਅਕਾਲੀ ਪਾਰਟੀ ’ਚੋਂ ਕੱਢ ਦਿੱਤਾ ਗਿਆ। ਸਿਰਦਾਰ ਦਰਸ਼ਨ ਸਿੰਘ ਫੇਰੂਮਾਨ ਵਲੋਂ ‘ਸਿੱਖ ਹੋਮਲੈਂਡ’ ਦੇ ਮੁੱਦੇ ’ਤੇ ਮਰਨ ਵਰਤ ਰੱਖ ਕੇ ‘ਸ਼ਹੀਦੀ’ ਪਾਉਣ ਦੇ ਮੌਕੇ, ਸਿਰਦਾਰ ਸਾਹਿਬ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਕੀਤਾ ਗਿਆ ਭਾਸ਼ਣ ਵੀ ਇੱਕ ਯਾਦਗਾਰੀ ਭਾਸ਼ਣ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਕਿਹਾ -‘ਮੈਂ ਇਸ ਸ਼ਹੀਦ ਮਰਦ, ਸਿੰਘਾਊ ਜਜ਼ਬੇ ਨਾਲ ਭਰਪੂਰ ਇਸ ਸਿੱਖ ਨੂੰ ਅੱਜ ਇਥੇ ਨਮਸਕਾਰ ਕਰਦਾ ਹਾਂ ਕਿਉਂ ਜੋ ਉਹ ਸਿੱਖ ਹੋਮਲੈਂਡ ਦਾ ਪਹਿਲਾ ਸ਼ਹੀਦ ਹੈ…।’ ਇਸ ਤੋਂ ਪਹਿਲਾਂ 14 ਜੁਲਾਈ, 1965 ਨੂੰ ਲੁਧਿਆਣੇ ਵਿੱਚ ਹੋਈ ‘ਨਲਵਾ ਅਕਾਲੀ ਕਾਨਫਰੰਸ’ ਮੌਕੇ ਪਾਸ ਕੀਤਾ ਗਿਆ ‘ਸਿੱਖ ਹੋਮਲੈਂਡ ਦਾ ਮਤਾ’ ਸਿਰਦਾਰ ਕਪੂਰ ਸਿੰਘ ਦੀ ਲਿਖਤ ਹੀ ਸੀ।

1973 ਵਿੱਚ, ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਪਾਸ ਕੀਤਾ ਗਿਆ ‘ਅਨੰਦਪੁਰ ਸਾਹਿਬ ਦਾ ਮਤਾ’ ਵੀ ਸਿਰਦਾਰ ਕਪੂਰ ਸਿੰਘ ਦੀ ਪੂਰੀ ਮੋਹਰ ਛਾਪ ਕਬੂਲਦਾ ਹੈ। 13 ਅਪ੍ਰੈਲ, 1978 ਨੂੰ ਸ੍ਰੀ ਅੰਮ੍ਰਿਤਸਰ ਵਿੱਚ ਨਰਕਧਾਰੀਆਂ ਵਲੋਂ ਸਿੱਖਾਂ ਦੇ ਖੂਨ ਨਾਲ ਖੇਡੀ ਗਈ ਹੋਲੀ ਦੇ ਜਵਾਬ ਵਿੱਚ 10 ਜੂਨ, 1978 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਰਕਧਾਰੀਆਂ ਦੇ ਖਿਲਾਫ ਜਾਰੀ ਕੀਤਾ ਗਿਆ ਹੁਕਮਨਾਮਾ ਅਤੇ ਇਸ ਸਬੰਧੀ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵਲੋਂ ਜਾਰੀ ਵਾਈਟ ਪੇਪਰ (ਦੇਅ ਮੈਸੇਕਰ ਸਿੱਖਜ਼ – ਵਾਈਟ ਪੇਪਰ ਬਾਈ ਸਿੱਖ ਰੀਲੀਜੀਅਸ ਪਾਰਲੀਮੈਂਟ) ਦੀ ਸ਼ਬਦਾਵਲੀ ਵੀ ਸਿਰਦਾਰ ਸਾਹਿਬ ਦੀ ਹੀ ਦੇਣ ਸੀ।

ਸਿਰਦਾਰ ਕਪੂਰ ਸਿੰਘ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਕਈ ਪੁਸਤਕਾਂ ਲਿਖਣ ਤੋਂ ਇਲਾਵਾ ਸਮੇਂ-ਸਮੇਂ ਪ੍ਰਮੁੱਖ ਰਸਾਲਿਆਂ, ਅਖਬਾਰਾਂ ਲਈ ਲੇਖ ਵੀ ਲਿਖੇ। ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ਵਿੱਚ ਪ੍ਰਾਸ਼ਰ-ਪ੍ਰਸ਼ਨਾ, ਹਸ਼ੀਸ਼ (ਕਵਿਤਾਵਾਂ), ਸਪਤ-ਸਿੰ੍ਰਗ, ਬਹ-ਵਿਸਥਾਰ, ਪੁੰਡਰੀਕ, ਮਨਸੂਰ ਅੱਲ-ਹਲਾਜ, ਸਿਖਇਜ਼ਮ ਫਾਰ ਮਾਡਰਨ ਮੈਨ, ਮੀ ਜੂਡੀਸ, ਸੇਕਰਡ ਰਾਈਟਿੰਗਜ਼ ਆਫ ਦੀ ਸਿਖਜ਼ (ਜਿਸ ਨੂੰ ਯੂਨਾਇਟਿਡ ਨੇਸ਼ਨਜ਼ ਦੀ ਸੰਸਥਾ ਯੂਨੈਸਕੋ ਵਲੋਂ ਪ੍ਰਕਾਸ਼ਿਤ ਕੀਤਾ ਗਿਆ), ਕੰਟਰੀਬਿਊਸ਼ਨਜ਼ ਆਫ ਗੁਰੂ ਨਾਨਕ, ਦੀ ਆਵਰ ਆਫ ਸਵੋਰਡ, ਗੁਰੂ ਅਰਜਨ ਐਂਡ ਹਿਜ਼ ਸੁਖਮਨੀ ਆਦਿ ਸ਼ਾਮਲ ਹਨ।

1978 ਤੋਂ ਬਾਅਦ, ਚੰਡੀਗੜ੍ਹ ਵਿੱਚ ਹੋਏ ਵੱਖ-ਵੱਖ ਸੈਮੀਨਾਰਾਂ, ਜਿਨ੍ਹਾਂ ਦਾ ਵਿਸ਼ਾ ਸੀ – ‘ਖਾਲਿਸਤਾਨ, ਕਿਉਂ ਨਹੀਂ’ (ਖਾਲਿਸਤਾਨ-ਵਾਈ ਨਾਟ) ਵਿੱਚ ਸਿਰਦਾਰ ਕਪੂਰ ਸਿੰਘ ਨੇ, ਪੰਥ ਦੀ ਆਜ਼ਾਦੀ ਲਈ ਨੌਜਵਾਨਾਂ ਨੂੰ ‘ਕੁਝ ਕਰ ਗੁਜ਼ਰਨ’ ਦਾ ਸੱਦਾ ਦਿੱਤਾ। ਦਲ ਖਾਲਸਾ ਦੇ ਮੁਖੀ ਸਰਦਾਰ ਗਜਿੰਦਰ ਸਿੰਘ ਵਰਗੇ ਨੌਜਵਾਨ, ਮਜ਼ਬੂਤੀ ਨਾਲ ਅਜ਼ਾਦੀ ਦੇ ਰਸਤੇ ’ਤੇ ਕੇਸਰੀ ਨਿਸ਼ਾਨ ਲੈ ਕੇ ਅੱਗੇ ਵਧੇ। 1980ਵਿਆਂ ਵਿੱਚ, ਭਾਈ ਅਮਰੀਕ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਯਤਨਾਂ ਨਾਲ, ਸਿਰਦਾਰ ਕਪੂਰ ਸਿੰਘ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਮੇਲ ਹੋਇਆ ਭਾਵੇਂ ਕਿ ਉਦੋਂ ਸਿਰਦਾਰ ਸਾਹਿਬ ਦੀ ਸਿਹਤ, ਖਰਾਬੀ ਦੇ ਰਸਤੇ ’ਤੇ ਪੈ ਚੁੱਕੀ ਸੀ। ਸਿਰਦਾਰ ਕਪੂਰ ਸਿੰਘ ਨੇ ਜਿੱਥੇ ਸੰਤਾਂ ਦੀ ਇਮਾਨਦਾਰੀ ਤੇ ਸਿਰੜ ਦੀ ਤਾਰੀਫ਼ ਕੀਤੀ, ਉ¤ਥੇ ਅਕਾਲੀਆਂ ਦੀ ਬਦਨੀਤੀ ਤੋਂ ਉਨ੍ਹਾਂ ਨੂੰ ਖ਼ਬਰਦਾਰ ਵੀ ਕੀਤਾ। 1980ਵਿਆਂ ਦੇ ਸਿੱਖ ਜੋਸ਼ ਤੇ ਉਭਾਰ ਤੋਂ ਸਿਰਦਾਰ ਸਾਹਿਬ ਬਾਗੋਬਾਗ ਹੋਏ, ਕਿਹਾ ਕਰਦੇ ਸਨ – ‘ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ, ਗੁਰੂ ਬਹੁੜੀ ਕਰੇਗਾ। ਪਰ ਇਨ੍ਹਾਂ ਅਕਾਲੀ ਲੀਡਰਾਂ ਤੋਂ ਪਹਿਲਾਂ ਪੰਥ ਦਾ ਖਹਿੜਾ ਛੁਡਾਓ।’

ਜੂਨ-1984 ਤੇ ਨਵੰਬਰ-1984 ਦੇ ਘੱਲੂਘਾਰਿਆਂ ਦੀ ਪੀੜ ਨੂੰ ਸਿਰਦਾਰ ਸਾਹਿਬ ਨੇ ਬੜੀ ਸ਼ਿੱਦਤ ਤੇ ਬੇਚੈਨੀ ਨਾਲ ਹੰਢਾਇਆ। ਭਾਵੁਕ ਹੁੰਦਿਆਂ ਉਨ੍ਹਾਂ ਦੀ ਅੱਖਾਂ ’ਚੋਂ ਹੰਝੂ ਤ੍ਰਿਪ-ਤ੍ਰਿਪ ਵਗਦੇ ਸਨ। ਉਹ ਜੋਸ਼ ਅਤੇ ਜਜ਼ਬੇ ਦੇ ਆਵੇਸ਼ ਵਿੱਚ, ਬਿਮਾਰ ਹਾਲਤ ਵਿੱਚ ਮੰਜੀ ’ਤੇ ਬੈਠੇ, ਮੁਲਾਕਾਤ ਲਈ ਆਉਣ ਵਾਲਿਆਂ ਨੂੰ ਕਹਿੰਦੇ ਸਨ – ‘ਜੇ ਇਤਿਹਾਸ ਵਿੱਚ ਇਹ ਵਰਨਣ ਆਏ ਕਿ ਇੱਕ ਛੋਟੀ ਜਿਹੀ ਸਿੱਖ ਕੌਮ ਸੀ, ਜਿਹੜੀ ਕਿ ਆਪਣੀ ਅਜ਼ਾਦੀ ਲਈ ਲੜਦੀ ਹੋਈ, ਸਾਰੀ ਦੀ ਸਾਰੀ ਕੁਰਬਾਨ ਹੋ ਗਈ, ਉਸ ਦਾ ਹਰ ਬੱਚਾ, ਬੁੱਢਾ, ਮਾਈ-ਭਾਈ ਸਭ ਸ਼ਹੀਦ ਹੋ ਗਏ ਤਾਂ ਇਹ ਬੜੇ ਫਖਰ ਦੀ ਗੱਲ ਹੋਵੇਗੀ। ਪਰ ਹਿੰਦੂਆਂ ਦੀ ਗੁਲਾਮੀ ਹੇਠ ਜਿਉਣਾ ਤਾਂ ਕੁੰਭੀ ਨਰਕ ਵਿੱਚ ਸੁੱਟੇ ਜਾਣ ਦੇ ਬਰਾਬਰ ਹੈ।’

ਸਮੁੱਚੀ ਸਿੱਖ ਕੌਮ ਦਾ ਦਰਦ ਆਪਣੇ ਸੀਨੇ ਵਿੱਚ ਲੈ ਕੇ, ਕੌਮੀ ਅਜ਼ਾਦੀ ਲਈ ਤਾਂਘਦਿਆਂ, 13 ਅਗਸਤ, 1986 ਨੂੰ ਇਹ ਅਣਖੀ ਰੂਹ, ਗੁਰੂ ਚਰਨਾਂ ਵਿੱਚ ਜਾ ਬਿਰਾਜੀ। ਸਿੱਖ ਦੀ ਸਿੱਖੀ ਕੇਸਾਂ-ਸਵਾਸਾਂ ਨਾਲ ਨਿਭੀ। 30 ਮਿਲੀਅਨ ਸਿੱਖ ਕੌਮ, ਕੀ ਆਪਣੇ ਆਪ ਨੂੰ ਪੁੱਛੇਗੀ ਕਿ ‘ਅਜ਼ਾਦੀ’ ਦੇ ਪੈਮਾਨੇ ਅਨੁਸਾਰ ਅੱਜ ਅਸੀਂ ਕਿੱਥੇ ਖੜ੍ਹੇ ਹਾਂ?

ਅਲਾਮਾ ਇਕਬਾਲ ਦਾ ਇਹ ਸ਼ੇਅਰ ਸਿਰਦਾਰ ਕਪੂਰ ਸਿੰਘ ਦੀ ਸ਼ਖਸੀਅਤ ’ਤੇ ਐਨ ਢੁੱਕਦਾ ਹੈ:

“ਹਜ਼ਾਰੋਂ ਸਾਲ ਨਰਗਿਸ, ਅਪਨੀ ਬੇ-ਨੂਰੀ ਪੇ ਰੋਤੀ ਹੈ।
ਬੜੀ ਮੁਸ਼ਕਿਲ ਸੇ ਹੋਤਾ ਹੈ, ਚਮਨ ਮੇ ਦੀਦਾਵਰ ਪੈਦਾ।”

0 0 votes
Article Rating
Subscribe
Notify of
0 ਟਿੱਪਣੀਆਂ
Oldest
Newest Most Voted
Inline Feedbacks
View all comments
0
Would love your thoughts, please comment.x
()
x